Loading Now

ਜੁਡੀਸ਼ਲ ਕਮਿਸ਼ਨ ਨੂੰ ਬਜਟ ਪਾਸ ਕਰਨ ਦੀ ਅਪੀਲ

ਜੁਡੀਸ਼ਲ ਕਮਿਸ਼ਨ ਨੂੰ ਬਜਟ ਪਾਸ ਕਰਨ ਦੀ ਅਪੀਲ

ਹਰਿਆਣਾ, 4 ਮਾਰਚ – ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰਨੀ ਦੀ ਅਹਿਮ ਮੀਟਿੰਗ ਕੁਰੂਕਸ਼ੇਤਰ ਸਥਿਤ ਸੰਸਥਾ ਦੇ ਮੁੱਖ ਦਫ਼ਤਰ ਵਿੱਚ ਹੋਈ। ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਕੀਤੇ ਗਏ ਕਾਰਜਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਉਨ੍ਹਾਂ ’ਤੇ ਮਨਜ਼ੂਰੀ ਦੀ ਮੋਹਰ ਲਾਈ ਗਈ।

ਮੀਟਿੰਗ ਦੌਰਾਨ ਜਥੇਦਾਰ ਝੀਂਡਾ ਨੇ ਕਮੇਟੀ ਮੈਂਬਰਾਂ ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਕੁਲਦੀਪ ਸਿੰਘ ਫੱਗੂ, ਬਲਵਿੰਦਰ ਸਿੰਘ ਖਾਲਸਾ ਅਤੇ ਮੋਹਨਜੀਤ ਸਿੰਘ ਪਾਣੀਪਤ ਨਾਲ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਡੂੰਘੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕਾਰਜਕਾਰਨੀ ਕਮੇਟੀ ਨੇ ਪਿਛਲੇ ਸਾਰੇ ਫੈਸਲਿਆਂ ਅਤੇ ਕੰਮਾਂ ਦੀ ਪ੍ਰੋੜ੍ਹਤਾ ਕੀਤੀ ਹੈ। ਜਥੇਦਾਰ ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦਾ ਬਜਟ ਜਲਦ ਪਾਸ ਕਰੇ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਬਜਟ ਪਾਸ ਨਾ ਹੋਣ ਕਾਰਨ ਹਰਿਆਣਾ ਕਮੇਟੀ ਦੇ ਵਿਕਾਸ ਕਾਰਜ ਅਤੇ ਰੋਜ਼ਮਰਾ ਦੇ ਕੰਮ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ ਕਮਿਸ਼ਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਇਸ ਮੌਕੇ ਜਨਰਲ ਸਕੱਤਰ ਹਰਜੀਤ ਸਿੰਘ ਰਾਨੀਆ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰਨੀ ਮੈਂਬਰ ਜਥੇਦਾਰ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ, ਕੁਲਦੀਪ ਸਿੰਘ ਮੁਲਤਾਨੀ, ਰੁਪਿੰਦਰ ਸਿੰਘ, ਚੀਫ ਸੈਕਟਰੀ ਜਸਵਿੰਦਰ ਸਿੰਘ ਦੀਨਪੁਰ, ਵਧੀਕ ਸਕੱਤਰ ਰਾਜਪਾਲ ਸਿੰਘ ਦੁਨੀਆਂ ਮਾਜਰਾ, ਨਰਿੰਦਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਅਮਰਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਕਮੇਟੀ ਦੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦਾ ਅਹਿਦ ਲਿਆ।

Share this content:

Post Comment