Loading Now

ਜ਼ਮੀਨੀ ਹਕੀਕਤਾਂ ਤੋਂ ਕੋਰੀ ਬਿਆਨਬਾਜ਼ੀ

ਜ਼ਮੀਨੀ ਹਕੀਕਤਾਂ ਤੋਂ ਕੋਰੀ ਬਿਆਨਬਾਜ਼ੀ

ਗੱਲਾਂ ਕਰਦਿਆਂ ਇਕ ਵਿਦਵਾਨ ਸੱਜਣ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਮੇਰੇ ਲੇਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਿੱਖਿਆ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ। ਦੂਸਰੇ ਵਿਸ਼ੇ ਉਸ ਤਰ੍ਹਾਂ ਨਹੀਂ ਲਏ ਹੁੰਦੇ। ਇਸ ਵਿਚ ਭੋਰਾ ਵੀ ਸੰਦੇਹ ਨਹੀਂ ਹੈ। ਉਸ ਦੀਆਂ ਗੱਲਾਂ ਸੁਣਦਿਆਂ ਮੈਨੂੰ ਵੀ ਲੱਗਿਆ ਕਿ ਮੇਰਾ ਹਾਲ ਤਾਂ ਖੂਹ ਦੇ ਡੱਡੂ ਵਾਲਾ ਹੈ। ਇਹ ਗੱਲ ਵਾਹਵਾ ਦਿਨ ਮੈਨੂੰ ਸੋਚਣ ਲਈ ਮਜਬੂਰ ਕਰਦੀ ਰਹੀ। ਇਹੋ ਸੋਚ ਵਾਰ-ਵਾਰ ਮੈਨੂੰ ਸਤਾਉਣ ਲੱਗੀ ਕਿ ਮੇਰੀ ਸੋਚ ਦਾ ਘੇਰਾ ਵਸੀਹ ਨਹੀਂ ਹੋਇਆ ਹੈ। ਮੈਂ ਮੁੜ-ਮੁੜ ਕੇ ਸਕੂਲ, ਅਧਿਆਪਕ, ਸਿੱਖਿਆਤੰਤਰ ਨੂੰ ਲੈ ਕੇ ਹੀ ਲਿਖੀ ਜਾਂਦਾ ਹਾਂ। ਬੜੇ ਦਿਨਾਂ ਦੇ ਸੋਚ-ਵਿਚਾਰ ਤੋਂ ਬਾਅਦ ਮੈਨੂੰ ਮੇਰੀਆਂ ਸੋਚਾਂ ਦੀ ਲੜੀ ਮਿਲ ਗਈ।

ਮਹਿਜ਼ ਉੱਨੀ ਸਾਲ ਦੀ ਉਮਰ ਵਿਚ ਮੈਂ ਸਰਕਾਰੀ ਅਧਿਆਪਕ ਲੱਗ ਗਿਆ ਸਾਂ ਅਤੇ ਫਿਰ ਸੱਠ ਸਾਲ ਦੀ ਉਮਰ ਪੂਰੀ ਕਰ ਕੇ 41 ਸਾਲ ਅਧਿਆਪਨ ਕਰਨ ਉਪਰੰਤ ਸੇਵਾ ਮੁਕਤ ਹੋਇਆ। ਦਰਅਸਲ ਸੇਵਾ ਮੁਕਤੀ ਤੋਂ ਬਾਅਦ ਵੀ ਮੈਂ ਸਿੱਖਿਆ ਕਾਰਜਾਂ ਵੱਲੋਂ ਵਿਹਲਾ ਨਹੀਂ ਹੋਇਆ। ਸੇਵਾ ਮੁਕਤ ਹੋਏ ਨੂੰ ਅੱਠ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ ਅਤੇ ਬੜੀ ਵਾਰ ਅਜੇ ਵੀ ਸੁਪਨਮਈ ਦੁਨੀਆ ਵਿਚ ਪਹੁੰਚ ਕੇ ਅਜੇ ਵੀ ਜੀਅ ਕਰਦਾ ਹੈ ਕਿ ਮੈਂ ਅਧਿਆਪਕ ਹੋਵਾਂ ਤਾਂ ਇੰਜ ਕਰਾਂ, ਇੰਜ ਨਾ ਕਰਾਂ। ਅਧਿਆਪਕਾਂ ਨੂੰ ਇੰਜ ਕਰਨਾ ਚਾਹੀਦਾ ਹੈ।’ ਇਸ ਨਾਲੋਂ ਵੀ ਇਕ ਹੋਰ ਬੜਾ ਵੱਡਾ ਕਾਰਨ ਹੈ।

ਅਧਿਆਪਕ ਲੱਗ ਕੇ ਜਿੱਥੇ ਅੰਸ਼ਿਕ ਤੌਰ ’ਤੇ ਮੇਰੇ ਵਿਚ ਸਮਾਜਿਕ ਤਬਦੀਲੀ ਆਈ, ਉੱਥੇ ਹੀ ਆਰਥਿਕ ਤੌਰ ’ਤੇ ਮੈਂ ਜਿਉਂਦਿਆਂ ਵਰਗਾ ਹੋ ਗਿਆ। ਕਈ ਤਰ੍ਹਾਂ ਦੇ ਭੁਲੇਖੇ ਮੈਂ ਆਪਣੇ-ਆਪ ਵਿਚ ਪਾਲ਼ ਲੈਂਦਾ ਹਾਂ। ਖ਼ੈਰ, ਕੁਝ ਵੀ ਹੋਵੇ, ਮੈਂ, ਆਪਣੇ-ਆਪ ਵਿੱਚੋਂ ਅਧਿਆਪਕ ਨੂੰ ਮਨਫ਼ੀ ਨਹੀਂ ਕਰ ਸਕਿਆ ਅਤੇ ਉਮੀਦ ਹੈ ਕਿ ਭਵਿੱਖ ਵਿਚ ਵੀ ਇਹ ਮਨਫ਼ੀ ਨਹੀਂ ਹੋਣਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਹੈ ਕਿ ਮੈਂ ਤੇ ਅਧਿਆਪਨ, ਇਕ-ਮਿੱਕ ਹੋ ਚੁੱਕੇ ਹਾਂ। ਪ੍ਰੰਤੂ ਫਿਰ ਵੀ ਹੋਰ ਕੰਮ ਵੀ ਸਹੇੜ ਲਏ ਹਨ ਅਤੇ ਖ਼ੁਦ ਨੂੰ ਰੁਝੇਵਿਆਂ ਵਿਚ ਰੱਖਿਆ ਹੋਇਆ ਹੈ। ਸੇਵਾ ਮੁਕਤੀ ਤੋਂ ਬਾਅਦ ਖੇਤੀਬਾੜੀ ਨੂੰ ਮੈਂ ਕਸਬ ਦੇ ਤੌਰ ’ਤੇ ਅਪਣਾ ਲਿਆ। ਹੁਣ ਮੈਂ ਅਧਿਆਪਕ ਵੀ ਹਾਂ ਅਤੇ ਕਿਸਾਨ ਵੀ। ਕੁਝ ਜ਼ਮੀਨ ਮੈਂ ਠੇਕੇ ’ਤੇ ਦੇ ਦਿੰਦਾ ਹਾਂ ਅਤੇ ਕੁਝ ’ਤੇ ਆਪ ਖੇਤੀ ਕਰਨ ਦਾ ਝੱਸ ਪੂਰਾ ਕਰਦਾ ਹਾਂ। ਮੈਂ ਕਦੇ ਦੋ ਅਤੇ ਕਦੇ ਤਿੰਨ ਫ਼ਸਲਾਂ ਲੈਣ ਦੀ ਕੋਸ਼ਿਸ਼ ਕਰਦਾ ਹਾਂ। (ਹਾਲਾਂਕਿ ਲੇਖਾ-ਜੋਖਾ ਕਰਦਿਆਂ ਇਸ ਵਿੱਚੋਂ ਕੋਈ ਖੱਟੀ-ਕਮਾਈ ਨਾ ਹੋਣ ਦਾ ਪਤਾ ਲੱਗ ਜਾਂਦਾ ਹੈ।) ਕਣਕ ਅਤੇ ਝੋਨੇ ਨੂੰ ਮੰਡੀ ਵਿਚ ਲਿਆ ਕੇ ਵੇਚਣਾ ਹੁੰਦਾ ਹੈ।

ਇਹ ਦੋਵੇਂ ਫ਼ਸਲਾਂ ਭਾਵੇਂ ਸਰਕਾਰ ਦੁਆਰਾ ਐੱਮਐੱਸਪੀ (ਘੱਟੋ-ਘੱਟ ਖ਼ਰੀਦ ਕੀਮਤ) ’ਤੇ ਖ਼ਰੀਦਣੀਆਂ ਹੁੰਦੀਆਂ ਹਨ ਪਰ ਫਿਰ ਵੀ ਕਿਸਾਨਾਂ ਦੀ ਖੱਜਲ-ਖੁਆਰੀ ਅੰਤਾਂ ਦੀ ਹੁੰਦੀ ਹੀ ਹੈ। ਮੰਡੀ ਵਿਚ ਆ ਕੇ ਕਿਸਾਨ ਦਾ ਆੜ੍ਹਤੀਏ, ਲੇਬਰ (ਲੁਹਾਈ, ਸਫ਼ਾਈ, ਭਰਾਈ ਦਾ ਕੰਮ ਕਰਨ ਵਾਲੇ ਮਜ਼ਦੂਰ), ਸ਼ੈੱਲਰਾਂ ਵਾਲੇ, ਖ਼ਰੀਦ ਕਰਨ ਵਾਲੀਆਂ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਕਾਗਜ਼ੀਂ ਤਾਂ ਮੰਡੀਆਂ ਵਿਚ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਅਮਲੀ ਤੌਰ ’ਤੇ ਅਜਿਹਾ ਕੁਝ ਨਹੀਂ ਹੁੰਦਾ। ਮਿੱਟੀ-ਘੱਟੇ ਨਾਲ ਮੂੰਹ-ਮੱਥਾ ਭਰ ਜਾਂਦਾ ਹੈ, ਝੋਨੇ ਤੇ ਕਣਕ ਦੀ ਕੰਡ ਖ਼ੁਰਕ ਪਈ ਹੋਣ ਦਾ ਭੁਲੇਖਾ ਪਾਉਂਦੀ ਹੈ, ਧੁੱਪ ਅੰਤਾਂ ਦੀ ਚੁਭਣ ਵਾਲੀ ਹੁੰਦੀ ਹੈ, ਬੈਠਣ ਜਾਂ ਪੈਣ ਲਈ ਅਨਾਜ ਦੀਆਂ ਭਰੀਆਂ ਹੋਈਆਂ ਬੋਰੀਆਂ ਮਿਲਦੀਆਂ ਹਨ, ਮੱਛਰ ਅਤੇ ਮਛਰੀ ਚੱਜ ਨਾਲ ਬਹਿਣ-ਪੈਣ ਨਹੀਂ ਦਿੰਦੇ। ਫ਼ਸਲ ਦੇ ਚੋਰੀ ਹੋਣ ਦਾ ਡਰ ਕਿਸਾਨ ਨੂੰ ਥੋੜ੍ਹਾ ਜਿਹਾ ਵੀ ਪਾਸੇ ਹੋਣ ਦਾ ਮੌਕਾ ਨਹੀਂ ਦਿੰਦਾ।

ਆੜ੍ਹਤੀਏ, ਸ਼ੈੱਲਰਾਂ ਵਾਲੇ, ਮਜ਼ਦੂਰਾਂ ਅਤੇ ਇੰਸਪੈਕਟਰਾਂ ਵੱਲ ਆਮ ਕਿਸਾਨ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਦਾ ਹੈ ਜਿਵੇਂ ਊਠ ਦੇ ਬੁੱਲ੍ਹ ਡਿੱਗਣ ਦੀ ਉਮੀਦ ਵਾਲਾ ਵਿਅਕਤੀ ਵੇਖਦਾ ਹੈ। ਸਾਧਾਰਨ ਕਿਸਾਨ ਨੂੰ ਇੱਥੇ ਬੈਠਿਆਂ ਵੇਖ ਕੇ ‘ਜੱਟਾ ਤੇਰੀ ਜੂਨ ਬੁਰੀ’ ਵਾਰ-ਵਾਰ ਗਾਉਣ ਨੂੰ ਚਿੱਤ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਹਾਲਾਤ ਵਿਚ ਵੀ ਮੇਰਾ ਅਧਿਆਪਕੀ ਪਾਸਾ ਆਪਣੇ-ਆਪ ਨੂੰ ਸਾਹਮਣੇ ਲੈ ਆਉਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਦੁਆਰਾ ਪਰਾਲੀ (ਰਹਿੰਦ-ਖੂੰਹਦ) ਨੂੰ ਅੱਗ ਲਾਏ ਜਾਣ ਨੂੰ ਬੁਰਾ ਆਖਿਆ ਜਾਂਦਾ ਹੈ। ਇਹ ਹੈ ਵੀ ਬੁਰੀ ਗੱਲ। ਇਸ ਨਾਲ ਵਾਤਾਵਰਨ ਪਲੀਤ ਹੁੰਦਾ ਹੈ, ਧਰਤੀ ਮਾਂ ਦੀ ਹਿੱਕ ਸਾੜੀ ਜਾਂਦੀ ਹੈ, ਧਰਤੀ ਵਿਚਲੇ ਮਿੱਤਰ ਕੀੜੇ ਸੜ-ਮਰ ਜਾਂਦੇ ਹਨ, ਦਰੱਖ਼ਤਾਂ ’ਤੇ ਬੈਠਣ ਵਾਲੇ ਪੰਛੀ ਵੀ ਸੜ ਮਰਦੇ ਹਨ। ਬਹੁਤ ਵਾਰ ਮਨੁੱਖੀ ਨੁਕਸਾਨ ਵੀ ਹੁੰਦਾ ਹੈ। ਕਿਸਾਨ ਦੀ ਮਜਬੂਰੀ ਇਸ ਕਰਕੇ ਹੈ ਕਿ ਉਸ ਕੋਲ ਪਰਾਲੀ ਸੰਭਾਲਣ ਲਈ ਪੂਰੇ ਸੰਦ ਨਹੀਂ ਹੁੰਦੇ ਹਨ।

ਜਿਹੜੇ ਸੰਦ ਸਰਕਾਰ ਦੁਆਰਾ ਸਬਸਿਡੀ ’ਤੇ ਦਿੱਤੇ ਜਾਣ ਦੇ ਦਮਗਜੇ ਮਾਰੇ ਜਾਂਦੇ ਹਨ, ਉਹ ਛੋਟੇ ਕਿਸਾਨਾਂ ਨੂੰ ਮਿਲਦੇ ਵੀ ਨਹੀਂ ਹਨ ਅਤੇ ਉਹ ਇਨ੍ਹਾਂ ਸੰਦਾਂ ਦੀ ਵਰਤੋਂ ਵੀ ਨਹੀਂ ਕਰ ਸਕਦਾ। ਸਰਕਾਰ ਦੁਆਰਾ ਸਮਝਾਏ-ਬੁਝਾਏ ਜਾਣ ਤੋਂ ਬਿਨਾਂ ਡਰਾਵੇ ਵੀ ਦਿੱਤੇ ਜਾਂਦੇ ਹਨ। ਪੁਲਿਸ ਵਾਲੇ ਤੇ ਹੋਰਨਾਂ ਮਹਿਕਮਿਆਂ ਵਾਲੇ ਲੋਟ ਨਹੀਂ ਆਉਂਦੇ। ਇਸ ਵਾਰ ਵੀ ਇਸੇ ਤਰ੍ਹਾਂ ਹੋਇਆ। ਮੇਰੀ ਤਿੰਨ ਦਿਨ ਮੰਡੀ ਵਿਚ ਠਹਿਰਨ ਸਮੇਂ ਚਾਰ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਹੋਈ। ਕਿਸਾਨੀ ਦੀਆਂ ਹੋਰ ਖੱਜਲ-ਖੁਆਰੀਆਂ ਤੋਂ ਇਲਾਵਾ ਪਰਾਲੀ ਨੂੰ ਸੰਭਾਲਣ ਦੀ ਗੱਲ ਅਕਸਰ ਤੁਰ ਪੈਂਦੀ ਸੀ। ਆਪਣੀ ਉਦਾਹਰਨ ਦੇ ਕੇ ਮੈਂ ਆਪਣੇ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਕਿਸ ਤਰ੍ਹਾਂ ਪਰਾਲੀ ਨੂੰ ਅੱਗ ਲਾਏ ਤੋਂ ਬਿਨਾਂ ਖੇਤ ਵਿਚ ਵਾਹ ਕੇ ਹੀ ਸੰਭਾਲਿਆ ਜਾ ਸਕਦਾ ਹੈ।

ਸੱਤ ਕੁ ਕਿੱਲਿਆਂ ਦੀ ਵਾਹੀ ਕਰਨ ਵਾਲੇ ਨਛੱਤਰ ਸਿੰਘ ਨੇ ਸਿਰ ਦੇ ਵਾਲ ਕਟਵਾਏ ਹੋਏ ਸਨ ਅਤੇ ਦਾੜ੍ਹੀ ਰੱਖੀ ਹੋਈ ਸੀ। ਸਿਰ ’ਤੇ ਡੱਬੀਆਂ ਵਾਲਾ ਸਾਫ਼ਾ ਬੰਿਨ੍ਹਆ ਹੋਇਆ ਸੀ। ਉਸ ਦਾ ਚਿਹਰਾ ਪੀੜਤ ਧਿਰ ਵਰਗਾ ਸੀ। ਜਾਪਦਾ ਸੀ ਕਿ ਉਸ ਨੇ ਹੱਸ ਕੇ ਕਦੇ ਵੇਖਿਆ ਹੀ ਨਹੀਂ ਹੋਣਾ। ‘‘ਮਾਸਟਰ ਜੀ, ਥੋਨੂੰ ਪੈਨਸ਼ਨ ਵੀ ਆਉਂਦੀ ਹੈ, ਤੇ ਥੋਨੂੰ ਗੱਲਾਂ ਆਉਂਦੀਆਂ ਹਨ। ਸਾਡੇ ਵਿਚ ਵੜ ਕੇ ਵੇਖੋ। ਇਸ ਵਾਰ ਝਾੜ ਨਾਲ ਠੇਕਾ ਵੀ ਪੂਰਾ ਨਹੀਂ ਹੋਣਾ, ਉੱਤੋਂ ਸਾਰੇ ਜੱਟ ਦੀ ਧਉੜੀ ਲਾਹੁਣ ਵਾਲੇ ਆ, ਰੇਹ-ਕੰਡੇ ਤੋਂ ਲੈ ਕੇ ਖ਼ੁਸ਼ੀ-ਗ਼ਮੀ ਵੇਲੇ ਫੜੇ ਪੈਸੇ ਰਾਤਾਂ ਨੂੰ ਸੌਣ ਨਹੀਂ ਦਿੰਦੇ।

ਸੁਸਾਇਟੀਆਂ (ਸਹਿਕਾਰੀ ਸੁਸਾਇਟੀਆਂ) ਵਾਲੇ ਅੱਡ ਥਾਣੇਦਾਰ ਬਣੇ ਹੁੰਦੇ ਆ। ਇਹ ਸਾਨੂੰ ਹੀ ਪਤੈ ਕਿ ਕਿਵੇਂ ਗੁਜ਼ਾਰਾ ਕਰ ਰਹੇ ਹਾਂ। ’’ ਇਹ ਅਜੇ ਇਕ ਜਣੇ ਦਾ ਦੁੱਖੜਾ ਹੀ ਹੈ ਅਤੇ ਮੇਰਾ ਅਧਿਆਪਕੀ ਕਾਰਜ ਇੱਥੇ ਆ ਕੇ ਹਾਰ ਮੰਨਣ ਵਾਲਿਆਂ ਵਾਂਗ ਹੋ ਗਿਆ। ਮੈਨੂੰ ਲੱਗਦੈ ਕਿ ਸਰਕਾਰਾਂ ਦੇ ਬਹੁਤੇ ਕੰਮ ਫਾਈਲਾਂ ਵਿਚ ਤੇ ਅਖ਼ਬਾਰੀ ਬਿਆਨਾਂ ਦੇ ਬੋਝ ਥੱਲੇ ਹੀ ਦੱਬ ਕੇ ਰਹਿ ਜਾਂਦੇ ਹਨ। ਜਿੰਨਾ ਚਿਰ ਫਾਈਲਾਂ ਦੇ ਹੁਕਮਾਂ ਨੂੰ ਅਮਲਾਂ ਵਿਚ ਲਿਆਉਣ ਲਈ ਜ਼ਮੀਨੀ ਹਕੀਕਤਾਂ ਵੱਲ ਨਹੀਂ ਮੁੜਿਆ ਜਾਂਦਾ, ਓਨਾ ਚਿਰ ਅਧਿਆਪਕੀ ਕਾਰਜਾਂ ਨੂੰ ਹਾਰ ਹੀ ਮੰਨਣੀ ਪਵੇਗੀ ਭਾਵੇਂ ਇਹ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਵਿਚ ਹੋਣ ਅਤੇ ਭਾਵੇਂ ਆਮ ਜਨਤਾ ਵਿਚ ਹੋਣ।

Share this content:

Post Comment