ਜਲੰਧਰ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ 3 ਮਰੀਜ਼ਾਂ ਦੀ ਮੌਤ
ਜਲੰਧਰ, 28 ਜੁਲਾਈ – ਜਲੰਧਰ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਈਸੀਯੂ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਆਕਸੀਜਨ ਪਲਾਂਟ ਤੋਂ ਸਪਲਾਈ ਵਿੱਚ ਵਿਘਨ ਪੈਣ ਕਾਰਨ ਮੌਤ ਹੋਈ ਹੈ। ਹਾਲਾਂਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਆਕਸੀਜਨ ਸਪਲਾਈ ਬੰਦ ਹੋਣ ਕਾਰਨ ਕੁੱਲ ਪੰਜ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਦੋ ਮਰੀਜ਼ਾਂ ਨੂੰ ਬਚਾ ਲਿਆ ਗਿਆ, ਪਰ ਤਿੰਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਘਟਨਾ ਰਾਤ 9:30 ਵਜੇ ਦੇ ਕਰੀਬ ਸਾਹਮਣੇ ਆਈ। ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਇੱਕ-ਇੱਕ ਕਰਕੇ ਪਹੁੰਚਣੇ ਸ਼ੁਰੂ ਹੋ ਗਏ। ਦੇਰ ਰਾਤ 1:15 ਵਜੇ ਦੇ ਕਰੀਬ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਸਿਵਲ ਹਸਪਤਾਲ ਜਲੰਧਰ ਪਹੁੰਚੇ ਅਤੇ ਇਸ ਨੁਕਸ ਸਬੰਧੀ ਬੰਦ ਕਮਰੇ ਵਿੱਚ ਡਾਕਟਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਇਲਾਵਾ ਦੇਰ ਰਾਤ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ‘ਤੇ ਪਹੁੰਚੇ। ਦੱਸ ਦਈਏ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਾਦਸਾ ਆਕਸੀਜਨ ਮਸ਼ੀਨ ਬੰਦ ਹੋਣ ਕਾਰਨ ਵਾਪਰਿਆ ਹੈ। ਪਰ ਇਨ੍ਹਾਂ ਦਾਅਵਿਆ ਨੂੰ ਡਾਕਟਰਾਂ ਵੱਲੋਂ ਨਕਾਰਿਆ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਇਹ ਮਰੀਜ਼ ਆਈਸੀਯੂ ਵਿੱਚ ਸਨ ਅਤੇ ਗੰਭੀਰ ਸਥਿਤੀ ਵਿੱਚ ਸਨ, ਆਕਸੀਜਨ ਦੀ ਸਪਲਾਈ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤੀ ਗਈ ਸੀ, ਪਰ ਇਸਨੂੰ ਤੁਰੰਤ ਚਾਲੂ ਕਰ ਦਿੱਤਾ ਗਿਆ। ਆਕਸੀਜਨ ਦੀ ਸਪਲਾਈ ਪੂਰੀ ਹੋ ਗਈ ਹੈ। ਦਬਾਅ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਸੀ, ਸ਼ਾਇਦ 1-2 ਮਿੰਟ ਲਈ, ਇਹ ਘਟਨਾ ਰਾਤ 8 ਵਜੇ ਦੇ ਨੇੜੇ ਵਾਪਰੀ। ਮੌਤਾਂ ਇੱਕੋ ਸਮੇਂ ਨਹੀਂ ਹੋਈਆਂ; ਉਹ ਇੱਕ ਤੋਂ ਬਾਅਦ ਇੱਕ, ਇੱਕ 10-15 ਮਿੰਟਾਂ ਦੇ ਅੰਦਰ-ਅੰਦਰ ਹੋਈਆਂ।
Share this content:



Post Comment