ਚੰਬਾ ਕਿਤਨੀ ਕੁ ਦੂਰ
ਬੋਸਟਨ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੈਸਮੀਨ ਨੂੰ ਤਿੰਨ ਸਾਲ ਹੋ ਚੁੱਕੇ ਸਨ। ਇਹ ਉਸ ਦਾ ਚੌਥਾ ਤੇ ਆਖਰੀ ਸਾਲ ਸੀ। ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦਿਆਂ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿਵੇਂ ਬੀਤ ਗਿਆ। ਪੜ੍ਹਾਈ ਕਾਫ਼ੀ ਔਖੀ ਸੀ ਤੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਦਾ ਕਾਫ਼ੀ ਸਮਾਂ ਲਾਇਬ੍ਰੇਰੀ ਦੇ ਸ਼ਾਂਤ ਮਾਹੌਲ ਵਿੱਚ ਪੜ੍ਹਾਈ ਕਰਦਿਆਂ, ਹੋਮਵਰਕ ਦੀਆਂ ਤਰੀਕਾਂ ਜਾਂ ਫਿਰ ਲੈਬ ਵਿੱਚ ਕੰਪਿਊਟਰ ਨਾਲ ਮੱਥਾ ਮਾਰਦਿਆਂ ਹੀ ਬਤੀਤ ਹੁੰਦਾ ਸੀ।
‘‘ਇਹ ਸਾਡਾ ਆਖਰੀ ਸਾਲ ਹੈ। ਸਾਨੂੰ ਥੋੜ੍ਹਾ ਘੁੰਮਣਾ ਫਿਰਨਾ ਵੀ ਚਾਹੀਦਾ ਹੈ। ਮਨੋਰੰਜਨ ਵੀ ਕਰਨਾ ਚਾਹੀਦਾ ਹੈ। ਤੂੰ ਤਾਂ ਬਸ ਕਿਤਾਬੀ ਕੀੜਾ ਹੀ ਬਣੀ ਰਹਿੰਦੀ ਏਂ।’’ ਉਸ ਦੀਆਂ ਸਹੇਲੀਆਂ ਕਹਿੰਦੀਆਂ ਸਨ।
‘‘ਨਹੀਂ, ਚੰਗੇ ਗਰੇਡ ਲੈਣ ਲਈ ਪੜ੍ਹਨਾ ਤਾਂ ਪੈਣਾ ਹੀ ਹੈ ਤਾਂ ਜੋ ਚੰਗੀ ਨੌਕਰੀ ਮਿਲ ਸਕੇ। ਹੁਣ ਏਆਈ ਦੇ ਆਉਣ ਕਰਕੇ ਕੰਪਿਊਟਰ ਸਾਇੰਸ ਦੀਆਂ ਨੌਕਰੀਆਂ ਬਹੁਤ ਖ਼ਤਰੇ ਵਿੱਚ ਹਨ।’’ ਉਸ ਨੇ ਕਿਤਾਬ ਦਾ ਪੰਨਾ ਪਲਟਦਿਆਂ ਆਪਣੀ ਪਿਆਰੀ ਸਹੇਲੀ ਮੀਨਾ ਨੂੰ ਕਿਹਾ।
‘‘ਅਸੀਂ ਵੀ ਤੇਰੇ ਨਾਲ ਦੀ ਬੇੜੀ ’ਚ ਸਵਾਰ ਹਾਂ ਤੇ ਚੰਗੀ ਨੌਕਰੀ ਦੀ ਆਸ ਰੱਖਦੇ ਹਾਂ, ਪਰ ਇਹ ਦਿਨ ਮੁੜ ਕੇ ਨਹੀਂ ਆਉਣੇ!’’ ਮੀਨਾ ਬੋਲੀ।
ਆਪਣੀਆਂ ਸਹੇਲੀਆਂ ਦੇ ਬਹੁਤਾ ਜ਼ੋਰ ਦੇਣ ’ਤੇ ਉਹ ਕਦੇ ਕਦੇ ਉਨ੍ਹਾਂ ਨਾਲ ਬੋਸਟਨ ਡਾਊਨਟਾਊਨ ਘੁੰਮਣ ਚਲੇ ਜਾਂਦੀ ਸੀ। ਉੱਥੇ ਇੱਕ ਬਹੁਤ ਹੀ ਸੋਹਣੀ ਤੇ ਹਰਿਆਲੀ ਪਾਰਕ ਸੀ, ਜਿਸ ਵਿੱਚ ਬੜੀਆਂ ਪਿਆਰੀਆਂ ਸਵੈਨ ਬੋਟਸ (ਹੰਸ ਕਿਸ਼ਤੀਆਂ) ਇੱਕ ਛੋਟੀ ਜਿਹੀ ਵਲ਼ ਖਾਂਦੀ ਹੋਈ ਝੀਲ ਵਿੱਚ ਚੱਲਦੀਆਂ ਸਨ। ਪਾਰਕ ਵਿਚਲੇ ਟੇਢੇ-ਮੇਢੇ ਖ਼ੂਬਸੂਰਤ ਰਸਤੇ ਸੈਰ ਕਰਨ ਲਈ ਬਹੁਤ ਹੀ ਵਧੀਆ ਸਨ। ਉੱਥੇ ਇੱਕ ਫਰੌਗ ਪੌਂਡ ਨਾਮ ਦਾ ਤਲਾਬ ਵੀ ਸੀ ਜੋ ਸਰਦੀਆਂ ਵਿੱਚ ਜੰਮ ਜਾਂਦਾ ਸੀ ਤੇ ਸਕੇਟਿੰਗ ਰਿੰਕ ਲਈ ਵਰਤਿਆ ਜਾਂਦਾ ਸੀ। ਜਿੱਥੇ ਬੱਚੇ ਤੇ ਵੱਡੇ ਬਰਫ਼ ’ਤੇ ਸਕੇਟਿੰਗ ਕਰਦੇ ਸਨ। ਗਰਮੀਆਂ ਦੇ ਮੌਸਮ ਵਿੱਚ ਲੋਕ ਫੁਆਰਿਆਂ ਦੀ ਠੰਢੀ ਫੁਹਾਰ ਦਾ ਅਨੰਦ ਮਾਣਦੇ ਸਨ। ਪਾਰਕ ਵਿੱਚ ਘੁੰਮਣ ਤੋਂ ਬਾਅਦ ਉਹ ਉੱਥੋਂ ਦੀ ਮਸ਼ਹੂਰ ਕੁਇੰਸੀ ਮਾਰਕੀਟ ਵਿੱਚ ਖਾਣ-ਪੀਣ ਚਲੇ ਜਾਂਦੇ ਸਨ। ਉੱਥੇ ਲੋਕਲ ਸੀ-ਫ਼ੂਡ ਤੋਂ ਲੈ ਕੇ ਭਾਂਤ-ਭਾਂਤ ਦੇ ਅੰਤਰਰਾਸ਼ਟਰੀ ਖਾਣਿਆਂ ਦੀਆਂ ਦੁਕਾਨਾਂ ਸਨ। ਉਸ ਨੂੰ ‘ਬੋਬਾ ਟੀ’ ਬਹੁਤ ਮਜ਼ੇਦਾਰ ਲੱਗਦੀ ਸੀ। ਕਦੇ ਕਦੇ ਉਹ ਉੱਥੇ ਗਰਮ-ਗਰਮ ਸਮੋਸੇ ਤੇ ਠੰਢੀ ਮੈਂਗੋ ਲੱਸੀ ਬੜੇ ਸ਼ੌਕ ਨਾਲ ਪੀਂਦੀਆਂ ਸਨ।
ਅਕਸਰ ਮਾਰਕੀਟ ਦੇ ਬਾਹਰ ‘ਸਟਰੀਟ ਪ੍ਰਫਾਰਮਰ’ ਤਰ੍ਹਾਂ-ਤਰ੍ਹਾਂ ਦੇ ਕਰਤੱਬ ਦਿਖਾਉਂਦੇ ਸਨ, ਬਾਜ਼ੀਗਰ ਕਲਾਬਾਜ਼ੀਆਂ ਪਾਉਂਦੇ ਸਨ, ਗਾਉਣ ਵਾਲੇ ਗਿਟਾਰ ਤੇ ਹੋਰ ਸਾਜ਼ਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਉਸ ਦਾ ਮਨ ਵੀ ਕਰਦਾ ਕਿ ਕਾਸ਼ ਉਹ ਵੀ ਉੱਥੇ ਗਾਵੇ! ਉਸ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਉਸ ਨੂੰ ਹੀ ਨਹੀਂ ਉਸ ਦੇ ਪੂਰੇ ਪਰਿਵਾਰ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸਾਰੇ ਹਿੰਦੁਸਤਾਨੀ ਕਲਾਸੀਕਲ ਸੰਗੀਤ ਵੀ ਸਿੱਖਦੇ ਸਨ। ਉਹ ਲੋਕਲ ਗੁਰਦੁਆਰਾ ਸਾਹਿਬ ਵਿੱਚ ਸ਼ਬਦ-ਕੀਰਤਨ ਗਾਉਂਦਿਆਂ ਵੱਡੀ ਹੋਈ ਸੀ। ਇਸ ਦੇ ਨਾਲ ਹੀ ਉਸ ਨੂੰ ਪੰਜਾਬੀ ਲੋਕ ਸੰਗੀਤ ਗਾਉਣਾ ਵੀ ਬਹੁਤ ਚੰਗਾ ਲੱਗਦਾ ਸੀ। ਉਸ ਦੇ ਮੰਮੀ ਬਹੁਤ ਵਧੀਆ ਲੋਕ-ਸੰਗੀਤ ਗਾਉਂਦੇ ਸਨ। ਸੰਗੀਤ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਆਧਾਰ ਸੀ। ਉਸ ਦੇ ਮਾਪੇ ਪੰਜਾਬ ਤੋਂ ਸਨ ਤੇ ਅਮਰੀਕਾ ਵਿਖੇ ਪਰਦੇਸ ਵਿੱਚ ਰਹਿੰਦਿਆਂ, ਸੰਗੀਤ ਉਨ੍ਹਾਂ ਨੂੰ ਪੰਜਾਬ ਨਾਲ ਜੋੜੀ ਰੱਖਦਾ ਸੀ। ਇੱਕ ਪਹਾੜੀ ਲੋਕ ਗੀਤ ਉਸ ਨੂੰ ਬਹੁਤ ਹੀ ਚੰਗਾ ਲੱਗਦਾ ਸੀ, ਜਿਸ ਨੂੰ ਸੁਣ ਕੇ ਉਸ ਦੇ ਦਿਲ ਦੇ ਤਾਰ ਹਿੱਲ ਜਾਂਦੇ ਸਨ। ਅਕਸਰ ਉਹ ਵੀ ਉਸ ਨੂੰ ਗੁਣਗੁਣਾਉਂਦੀ ਸੀ।
ਮਾਏ ਨੀਂ ਮੇਰੀਏ ਸ਼ਿਮਲੇ ਦੀ ਰਾਹੀਂ, ਚੰਬਾ ਕਿਤਨੀ ਕੁ ਦੂਰ!
ਸ਼ਿਮਲੇ ਨ੍ਹੀਂ ਵੱਸਣਾ, ਕਸੌਲੀ ਨ੍ਹੀਂ ਵੱਸਣਾ
ਚੰਬੇ ਤਾਂ ਜਾਣਾ ਜ਼ਰੂਰ। ਹਾਏ! ਚੰਬੇ ਤਾਂ ਜਾਣਾ ਜ਼ਰੂਰ …
ਇਹ ਗੀਤ ਗਾਉਂਦਿਆਂ ਉਸ ਦੇ ਮਨ ਵਿੱਚ ਅਜੀਬ ਜਿਹਾ ਅਹਿਸਾਸ ਤੇ ਦਿਲ ਵਿੱਚ ਇੱਕ ਕਸਕ ਜਿਹੀ ਉੱਠਣ ਲੱਗਦੀ ਸੀ। ਜਿਵੇਂ ਕੋਈ ਉਸ ਨੂੰ ਬੁਲਾ ਰਿਹਾ ਸੀ। ਚੰਬਾ-ਉਹ ਕਿਹਾ ਸੁਹਾਵਣਾ ਦੇਸ ਸੀ? ਕੀ ਕਦੇ ਉਹ ਵੀ ਉੱਥੇ ਜਾ ਸਕੇਗੀ ਤੇ ਬਰਫ਼ ਲੱਦੀਆਂ ਵਾਦੀਆਂ ਦੇਖ ਸਕੇਗੀ?
ਸਮੇਂ ਦਾ ਦਰਿਆ ਕਲ-ਕਲ ਵਹਿ ਰਿਹਾ ਸੀ। ਯੂਨੀਵਰਸਿਟੀ ਦਾ ਸਾਲਾਨਾ ਸੰਗੀਤ ਸੰਮੇਲਨ ਨਜ਼ਦੀਕ ਆ ਰਿਹਾ ਸੀ। ਹਰ ਸਾਲ ਦੀ ਤਰ੍ਹਾਂ ਉਹ ਵੀ ਉਸ ਵਿੱਚ ਹਿੱਸਾ ਲੈਣ ਲਈ ਤਿਆਰੀ ਕਰਨ ਲੱਗੀ। ਇਸ ਵਾਰ ਉਸ ਨੇ ‘ਚੰਬਾ ਕਿਤਨੀ ਕੁ ਦੂਰ’ ਗੀਤ ਹੀ ਗਾਉਣ ਬਾਰੇ ਸੋਚਿਆ ਹੋਇਆ ਸੀ। ਜਿਵੇਂ ਜਿਵੇਂ ਸੰਮੇਲਨ ਦਾ ਸਮਾਂ ਨੇੜੇ ਆ ਰਿਹਾ ਸੀ, ਉਸ ਦਾ ਦਿਲ ਧੱਕ-ਧੱਕ ਕਰ ਰਿਹਾ ਸੀ ਤੇ ਉਹ ਥੋੜ੍ਹਾ ਘਬਰਾ ਵੀ ਰਹੀ ਸੀ।
‘‘ਬੇਟੇ, ਜੰਮ ਕੇ ਤਿਆਰੀ ਕਰੋ। ਉਸਤਾਦ ਜੀ ਕਹਿੰਦੇ ਹਨ ਕਿ ਜੇ ਤੁਸੀਂ ਕੋਈ ਬੰਦਿਸ਼ ਸਟੇਜ ’ਤੇ ਗਾਉਣੀ ਹੈ ਤਾਂ ਉਸ ਦਾ ਘੱਟੋ-ਘੱਟ ਪੰਜਾਹ ਵਾਰ ਰਿਆਜ਼ ਕਰੋ। ਫਿਰ ਜਦੋਂ ਤੁਸੀਂ ਸਟੇਜ ’ਤੇ ਗਾਓਗੇ ਤਾਂ ਤੁਸੀਂ ਘਬਰਾਓਗੇ ਨਹੀਂ ਤੇ ਤੁਹਾਡੇ ਬੋਲ ਨਹੀਂ ਕੰਬਣਗੇ। ਤੁਸੀਂ ਨਿਡਰ ਹੋ ਕੇ ਸਹਿਜੇ ਹੀ ਗਾ ਸਕੋਗੇ।’’ ਉਸ ਦੇ ਮੰਮੀ ਵੀਨਾ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ।
ਉਸ ਨੇ ਬਾਖ਼ੂਬੀ ਤਿਆਰੀ ਕੀਤੀ। ਅੰਤ ਸੰਗੀਤ ਸੰਮੇਲਨ ਦਾ ਦਿਨ ਵੀ ਆ ਗਿਆ। ਕਿਉਂਕਿ ਉਸ ਦੀ ਚੰਗੀ ਤਿਆਰੀ ਸੀ, ਉਸ ਨੇ ਬਹੁਤ ਹੀ ਮਧੁਰ ਤੇ ਭਾਵਪੂਰਨ ਤਰੀਕੇ ਨਾਲ ਗਾਇਆ। ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਸ ਨੇ ਸੁੱਖ ਦਾ ਸਾਹ ਲਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ। ਉਸ ਦੇ ਦੋਸਤਾਂ-ਮਿੱਤਰਾਂ ਤੇ ਹੋਰ ਬਹੁਤ ਸਰੋਤਿਆਂ ਨੇ ਉਸ ਨੂੰ ਵਧੀਆ ਗਾਉਣ ’ਤੇ ਵਧਾਈ ਦਿੱਤੀ। ਉਸ ਦਾ ਦਿਲ ਖ਼ੁਸ਼ੀ ਨਾਲ ਸਰਸ਼ਾਰ ਹੋ ਗਿਆ, ਮਿਹਨਤ ਕਰਨ ਤੋਂ ਬਾਅਦ ਚੰਗੀ ਪੇਸ਼ਕਾਰੀ ਦੇਣ ’ਤੇ ਉਸ ਨੂੰ ਕਾਫ਼ੀ ਤਸੱਲੀ ਹੋਈ।
ਤਾਰੀਫ਼ ਕਰਨ ਵਾਲਿਆਂ ਵਿੱਚ ਇੱਕ ਨਵਾਂ ਚਿਹਰਾ ਵੀ ਨਜ਼ਰ ਆਇਆ। ਉਸ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ, ‘‘ਮੇਰਾ ਨਾਮ ਪਰਿਜਾਤ ਹੈ। ਮੈਂ ਇੱਥੇ ਨਵਾਂ-ਨਵਾਂ ਮਾਸਟਰਜ਼ ਦੀ ਪੜ੍ਹਾਈ ਕਰਨ ਆਇਆ ਹਾਂ। ਇਤਫ਼ਾਕ ਦੀ ਗੱਲ ਹੈ ਕਿ ਜਿਹੜਾ ਤੁਸੀਂ ਗੀਤ ਗਾ ਰਹੇ ਸੀ, ਮੈਂ ਪਿੱਛਿਓਂ ਉਸੇ ਹੀ ਸ਼ਹਿਰ ਤੋਂ ਹਾਂ।’’
ਇਹ ਸੁਣ ਕੇ ਉਹ ਇੱਕੋ ਸਮੇਂ ਹੈਰਾਨ ਤੇ ਖ਼ੁਸ਼ ਹੋਈ। ਪਰਿਜਾਤ ਨੂੰ ਦੇਖਦਿਆਂ ਹੀ ਉਸ ਦੇ ਮਨ ਵਿੱਚ ਅਜੀਬ ਜਿਹੀ ਖਿੱਚ ਉੱਠੀ! ਹਵਾ ਵਿੱਚੋਂ ਸੌਂਦੀ ਜਿਹੀ ਖ਼ੁਸ਼ਬੂ ਆਈ ਤੇ ਉਸ ਦੇ ਦਿਲ ਨੂੰ ਹਿਲੋਰਾ ਦੇ ਗਈ।
‘‘ਤੁਹਾਡਾ ਨਾਮ ਬਹੁਤ ਪਿਆਰਾ ਹੈ, ਫੁੱਲ ਦੇ ਵਾਂਗ ਹੀ।’’ ਪਰਿਜਾਤ ਨੇ ਨਿੰਮੀ ਜਿਹੀ ਆਵਾਜ਼ ਵਿੱਚ ਕਿਹਾ।
‘‘ਤੁਹਾਡਾ ਵੀ, ਮੈਂ ਇਹ ਨਾਮ ਪਹਿਲਾਂ ਕਦੇ ਨਹੀਂ ਸੁਣਿਆ।’’
‘‘ਹਾਂ ਸਵਰਗ ਦਾ ਇੱਕ ਮਿਥਿਹਾਸਿਕ ਰੁੱਖ। ਮਨੋਕਾਮਨਾ ਪੂਰੀਆਂ ਕਰ ਦੇਣ ਵਾਲਾ।’’
‘‘ਵਾਹ! ਕਾਫ਼ੀ ਦਿਲਚਸਪ ਹੈ…!’’
ਉਸ ਦੇ ਦਿਲ ਵਿੱਚ ਕੁਝ ਹੋਇਆ, ਸੂਖਮ ਪਰ ਸਪੱਸ਼ਟ, ਖਿੱਚ ਨਹੀਂ ਪਛਾਣ, ਜਾਪਿਆ ਗੀਤ ਨੇ ਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮਿਲਾ ਦਿੱਤਾ ਹੋਵੇ। ਜਿਵੇਂ ਧੁਰ-ਦੁਰਗਾਹੋਂ ਉਨ੍ਹਾਂ ਦਾ ਮੇਲ ਲਿਖਿਆ ਹੋਇਆ ਸੀ, ਜੈਸਮੀਨ ਤੇ ਪਰਿਜਾਤ ਇੱਕ-ਦੂਜੇ ਵੱਲ ਖਿੱਚੇ ਗਏ।
ਹੁਣ ਉਹ ਅਕਸਰ ਹੀ ਮਿਲਣ ਲੱਗੇ।
ਜੈਸਮੀਨ ਦੀਆਂ ਸਹੇਲੀਆਂ ਹੁਣ ਉਸ ਨੂੰ ਹੋਰ ਵੀ ਤਾਅਨੇ ਮਾਰਨ ਲੱਗੀਆਂ।
‘‘ਪਹਿਲਾਂ ਤੂੰ ਪੜ੍ਹਾਈ ਵਿੱਚ ਰੁੱਝੀ ਰਹਿੰਦੀ ਸੀ ਤੇ ਸਾਡੇ ਨਾਲ ਨਹੀਂ ਸੀ ਘੁੰਮਦੀ ਤੇ ਹੁਣ ਹਰ ਵੇਲੇ ਪਰਿਜਾਤ ਨਾਲ ਰਹਿਣ ਕਰਕੇ ਸਾਡੇ ਤੋਂ ਦੂਰ ਰਹਿੰਦੀ ਏਂ।’’
‘‘ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ।’’ ਉਸ ਨੇ ਝੇਂਪਦਿਆਂ ਕਿਹਾ।
ਪਰ ਉਸ ਦਾ ਕੋਈ ਜ਼ੋਰ ਨਹੀਂ ਸੀ। ਜਵਾਨ ਦਿਲਾਂ ਦੀਆਂ ਧੜਕਣਾਂ ਇੱਕ-ਦੂਜੇ ਲਈ ਧੜਕ ਰਹੀਆਂ ਸਨ। ਉਸ ਨੇ ਪਰਿਜਾਤ ਨੂੰ ਬੋਸਟਨ ਸ਼ਹਿਰ ਘੁਮਾਇਆ, ਪਾਰਕ, ਕੁਇੰਸੀ ਮਾਰਕੀਟ, ਚਾਰਲਸ ਰਿਵਰ, ਡੱਕ-ਟੂਰਜ਼ ਤੇ ਹੋਰ ਬਹੁਤ ਕੁਝ। ਉਹ ਬੋਸਟਨ ਦੇ ਮਸ਼ਹੂਰ ਸਾਇੰਸ ਮਿਊਜ਼ੀਅਮ ਵਿੱਚ ਵੀ ਗਏ। ਪਲੈਨੇਟੋਰੀਅਮ ਵਿੱਚ ਸਿਤਾਰਿਆਂ ਵੱਲ ਦੇਖਦੇ ਹੋਏ ਉਹ ਆਪ ਵੀ ਇੱਕ ਛੱਤ ਥੱਲੇ ਇਕੱਠੇ ਰਹਿਣ ਦੇ ਸੁਪਨੇ ਦੇਖਣ ਲੱਗੇ। ਉਹ ਏਆਈ ਪੜ੍ਹ ਰਹੀ ਸੀ ਤੇ ਪਰਿਜਾਤ ਡੇਟਾ ਸਾਇੰਸ, ਪਰ ਉਹ ਨੈਤਿਕਤਾ ਬਾਰੇ ਗੱਲਬਾਤ ਕਰਦਾ ਕਿ ਕਿਵੇਂ ਏਆਈ ਵੀ ਮਨੁੱਖਾਂ ਵਾਂਗ ਵਿਤਕਰਾ ਕਰਦੀ ਹੈ। ਉਹ ਮੰਨਦੀ ਸੀ, ਪਰ ਤਰਕ ਵੀ ਕਰਦੀ ਸੀ ਕਿ ਏਆਈ ਨੂੰ ਟਰੇਨ ਕਰਨ ਵਾਲੇ ਵੀ ਮਨੁੱਖ ਤੇ ਡੇਟਾ ਵੀ ਉਨ੍ਹਾਂ ਦੀ ਹੀ ਸੀ। ਜਦੋਂ ਤੱਕ ਲੋਕ ਵਿਤਕਰਾ ਕਰਨਗੇ, ਸਿਸਟਮ ਵੀ ਵਿਤਕਰਾ ਕਰੇਗਾ ਹੀ! ਉਹ ਬੜੇ ਇਤਮੀਨਾਨ ਨਾਲ ਉਸ ਦਾ ਤਰਕ ਸੁਣਦਾ ਤੇ ਅਪਲਕ ਉਸ ਨੂੰ ਨਿਹਾਰਦਾ ਰਹਿੰਦਾ।
ਇਸ ਤਰ੍ਹਾਂ ਪਤਾ ਹੀ ਨਹੀਂ ਚੱਲਿਆ ਕਿ ਸਾਲ ਕਿਵੇਂ ਬੀਤ ਗਿਆ। ਇਸ ਦੌਰਾਨ ਉਸ ਨੇ ਪਰਿਜਾਤ ਨੂੰ ਆਪਣੇ ਮੰਮੀ-ਡੈਡੀ ਨਾਲ ਵੀ ਮਿਲਾਇਆ। ਹਾਲਾਂਕਿ ਉਸ ਨੂੰ ਸ਼ਰਮ ਆ ਰਹੀ ਸੀ, ਪਰ ਉਸ ਦੇ ਮਾਪਿਆਂ ਨੇ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ ਤੇ ਹਮੇਸ਼ਾਂ ਦੋਸਤਾਂ ਵਾਂਗ ਆਪਣੇ ਦਿਲ ਦੀ ਗੱਲ ਕਰਨ ਲਈ ਉਤਸ਼ਾਹਿਤ ਕੀਤਾ ਸੀ।
ਇਸ ਦੌਰਾਨ ਇਜ਼ਰਾਈਲ-ਫਲਸਤੀਨ ਦਾ ਯੁੱਧ ਛਿੜ ਗਿਆ। ਪੂਰੇ ਅਮਰੀਕਾ ਵਿੱਚ ਉਸ ਯੁੱਧ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ, ਜਿਸ ਭਿਆਨਕ ਯੁੱਧ ਨੇ ਲੱਖਾਂ ਮਾਸੂਮ ਜਿੰਦਾਂ ਮੌਤ ਦੀ ਭੱਠੀ ਵਿੱਚ ਸੁੱਟ ਦਿੱਤੀਆਂ ਸਨ। ਉਨ੍ਹਾਂ ਦੋਵਾਂ ਨੇ ਵੀ ਵਿਰੋਧ ਮਾਰਚ ਵਿੱਚ ਭਾਗ ਲਿਆ, ਉਹ ਖ਼ੂਨੀ ਯੁੱਧ ਨੂੰ ਇਕਦਮ ਬੰਦ ਤੇ ਅਮਰੀਕਾ ਨੂੰ ਇਜ਼ਰਾਈਲ ਦੀ ਮਦਦ ਨਾ ਕਰਨ ਦੀ ਮੰਗ ਕਰ ਰਹੇ ਸਨ। ਪਰਿਜਾਤ ਵੀ ਬਹੁਤ ਜੋਸ਼ ਨਾਲ ਮਾਰਚ ਦੇ ਅੱਗੇ-ਅੱਗੇ ਸੀ। ਜੈਸਮੀਨ ਨੇ ਉਸ ਦੇ ਅੰਦਰ ਇੱਕ ਅਨੋਖਾ ਜਜ਼ਬਾ ਦੇਖਿਆ-ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਤੇ ਪਿੱਛੇ ਨਾ ਹਟਣ ਦਾ। ਇਹ ਦੇਖ ਕੇ ਪਰਿਜਾਤ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧ ਗਿਆ।
ਫਿਰ ਜਲਦੀ ਹੀ ਉਸ ਦੀ ਗ੍ਰੈਜੂਏਸ਼ਨ ਦਾ ਸਮਾਂ ਆ ਗਿਆ। ਉਸ ਨੇ ਆਨਰਜ਼ ਡਿਗਰੀ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ, ਪਰ ਹਰ ਜਗ੍ਹਾ ਏਆਈ ਦਾ ਬੋਲਬਾਲਾ ਹੋਣ ਕਰਕੇ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲ ਸਕੀ। ਵਿਹਲੇ ਬੈਠਣ ਦੀ ਬਜਾਇ ਉਸ ਨੇ ਯੂਨੀਵਰਸਿਟੀ ਵਿੱਚ ਹੀ ਰਿਸਰਚ ਐਸੋਸੀਏਟ ਦੀ ਪਾਰਟ-ਟਾਈਮ ਤੇ ਕੱਚੀ ਨੌਕਰੀ ਸ਼ੁਰੂ ਕਰ ਦਿੱਤੀ। ਉਹ ਖ਼ੁਸ਼ ਸੀ ਕਿ ਉਹ ਪਰਿਜਾਤ ਦੇ ਕੋਲ ਰਹਿ ਸਕੇਗੀ। ਪਰਿਜਾਤ ਦੀ ਗ੍ਰੈਜੂਏਸ਼ਨ ਨੂੰ ਅਜੇ ਛੇ ਮਹੀਨੇ ਬਾਕੀ ਸਨ।
ਇਸ ਦੌਰਾਨ ਅਮਰੀਕਾ ਦੀ ਸਰਕਾਰ ਵੀ ਬਦਲ ਗਈ। ਨਵੀਂ ਸਰਕਾਰ ਨੇ ਇਮੀਗ੍ਰੇਸ਼ਨ ਦੇ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਕੈਂਸਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਇਜ਼ਰਾਈਲ-ਫਲਸਤੀਨ ਯੁੱਧ ਦੇ ਖਿਲਾਫ਼ ਮਾਰਚਾਂ ਵਿੱਚ ਹਿੱਸਾ ਲਿਆ ਸੀ। ਪਰਿਜਾਤ ਦਾ ਨਾਮ ਵੀ ਉਸ ਵਿੱਚ ਆ ਗਿਆ। ਜੈਸਮੀਨ ਇਹ ਸੁਣ ਕੇ ਬਹੁਤ ਉਦਾਸ ਤੇ ਚਿੰਤਤ ਹੋਈ, ਪਰ ਪਰਿਜਾਤ ਨੂੰ ਇੰਨੀ ਚਿੰਤਾ ਨਹੀਂ ਸੀ, ਕਿਉਂਕਿ ਉਸ ਲਈ ਉਸ ਦੇ ਆਦਰਸ਼ ਬਹੁਤ ਮਹੱਤਵਪੂਰਨ ਸਨ!
‘‘ਇਸ ਤੋਂ ਪਹਿਲਾਂ ਮੈਨੂੰ ਡਿਪੋਰਟ ਕਰਨ, ਮੈਂ ਖ਼ੁਦ ਹੀ ਭਾਰਤ ਵਾਪਸ ਚਲਾ ਜਾਵਾਂਗਾ, ਜਿਸ ਕਰਕੇ ਮੈਂ ਭਵਿੱਖ ਵਿੱਚ ਦੁਬਾਰਾ ਆ ਸਕਾਂਗਾ।’’
‘‘ਸਾਡੇ ਇਕੱਠੇ ਰਹਿਣ ਦੇ ਸੁਪਨੇ ਦਾ ਕੀ ਬਣੇਗਾ?’’ ਜੈਸਮੀਨ ਦੇ ਬੋਲਾਂ ਵਿੱਚ ਚਿੰਤਾ ਝਲਕ ਰਹੀ ਸੀ।
‘‘ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਅਸੀਂ ਜ਼ਰੂਰ ਮਿਲਾਂਗੇ। ਨਹੀਂ ਤਾਂ ਤੂੰ ਭਾਰਤ ਆ ਜਾਵੀਂ।’’ ਉਸ ਨੇ ਮੁਸਕਰਾਉਂਦਿਆਂ ਕਿਹਾ। ਉਹ ਜਾਣਦਾ ਸੀ ਕਿ ਜੈਸਮੀਨ ਦਾ ਭਾਰਤ ਰਹਿਣਾ ਔਖਾ ਹੈ।
‘‘ਜੇ ਅਸੀਂ ਵਿਆਹ ਕਰਵਾ ਲਈਏ ਤਾਂ ਤੂੰ ਪੱਕਾ ਹੋ ਸਕਦਾ ਏਂ।’’ ਜੈਸਮੀਨ ਉਸ ਨੂੰ ਆਪਣੇ ਕੋਲ ਰੱਖਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ।
‘‘ਮੇਰੀ ਖੁਸ਼ਕਿਸਮਤੀ ਕਿ ਮੈਨੂੰ ਤੂੰ ਮਿਲੀ, ਪਰ ਅਜੇ ਤਾਂ ਮੈਨੂੰ ਜਾਣਾ ਹੀ ਪੈਣਾ ਹੈ।’’
‘‘ਕੀ ਤੂੰ ਕੈਨੇਡਾ ਨਹੀਂ ਜਾ ਸਕਦਾ।’’
‘‘ਹਾਂ, ਮੈਂ ਕੋਸ਼ਿਸ਼ ਕਰ ਸਕਦਾ ਹਾਂ। ਪਰ ਕੈਨੇਡਾ ਦਾ ਵੀਜ਼ਾ ਵੀ ਭਾਰਤ ਤੋਂ ਹੀ ਮਿਲੇਗਾ। ਇਸ ਵਕਤ ਮੈਨੂੰ ਸੈਲਫ-ਡਿਪੋਰਟ ਕਰਨਾ ਹੀ ਠੀਕ ਲੱਗ ਰਿਹਾ ਹੈ।’’
‘‘ਹਾਂ, ਹੋਰ ਕੋਈ ਚਾਰਾ ਵੀ ਨਹੀਂ ਨਜ਼ਰ ਆ ਰਿਹਾ।’’ ਜੈਸਮੀਨ ਹਕੀਕਤ ਨੂੰ ਸਵੀਕਾਰ ਕਰਦਿਆਂ ਬੋਲੀ, ਪਰ ਉਸ ਦੀ ਆਵਾਜ਼ ਕੰਬ ਰਹੀ ਸੀ ਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਰਹੀਆਂ ਸਨ।
ਇਸ ਤਰ੍ਹਾਂ ਪਰਿਜਾਤ ਨੇ ਇੱਕ ਵਕੀਲ ਨਾਲ ਸਲਾਹ ਕਰ ਕੇ ਆਪਣੇ ਆਪ ਨੂੰ ਡਿਪੋਰਟ ਕਰ ਲਿਆ ਅਤੇ ਉਸ ਦੇ ਪਾਸਪੋਰਟ ’ਤੇ ਡਿਪੋਰਟ ਹੋਣ ਦੀ ਮੋਹਰ ਨਹੀਂ ਲੱਗੀ। ਉਸ ਦੇ ਨਿਕਲਣ ਤੋਂ ਇਕਦਮ ਬਾਅਦ ਵਿੱਚ ਅਮਰੀਕੀ ਇਮੀਗ੍ਰੇਸ਼ਨ ਏਜੰਟ ਸਰਚ ਵਾਰੰਟ ਲੈ ਕੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ, ਪਰ ਉਹ ਪਹਿਲਾਂ ਹੀ ਜਾ ਚੁੱਕਾ ਸੀ। ਭਾਰਤ ਪਹੁੰਚ ਕੇ ਉਸ ਨੇ ਤੇ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਉੱਧਰ ਅਮਰੀਕਾ ਵਿੱਚ ਜੈਸਮੀਨ ਦਾ ਬੁਰਾ ਹਾਲ ਸੀ। ਉਸ ਨੂੰ ਲੱਗਿਆ ਕਿ ਜ਼ਿੰਦਗੀ ਪਿਆਜ਼ ਦੇ ਵਾਂਗ ਹੈ, ਜਿਵੇਂ ਕਿ ਮਸ਼ਹੂਰ ਅਮਰੀਕੀ ਲੇਖਕ ਕਾਰਲ ਸੈਂਡਬਰਗ ਲਿਖਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਇੱਕ-ਇੱਕ ਕਰਕੇ ਪਿਆਜ਼ ਨੂੰ ਛਿੱਲਦੇ ਹੋ ਅਤੇ ਕਦੇ ਕਦੇ ਤੁਸੀਂ ਰੋਂਦੇ ਵੀ ਹੋ। ਰਹਿ ਰਹਿ ਕੇ ਉਸ ਨੂੰ ਪਰਿਜਾਤ ਦੀ ਯਾਦ ਆ ਰਹੀ ਸੀ ਤੇ ਬਹੁਤ ਸਤਾ ਰਹੀ ਸੀ। ਜੇ ਹਿਜ਼ਰ ਦੀ ਤਕਲੀਫ਼ ਉਸ ਨੂੰ ਤੰਗ ਕਰਦੀ ਤਾਂ ਪਰਿਜਾਤ ਦੀ ਯਾਦ ਉਸ ਨੂੰ ਰਾਹਤ ਦਿੰਦੀ।
ਲਾਈਆਂ ਮੁਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ।
ਗੀਤ ਦੇ ਬੋਲ ਉਸ ਦੇ ਮਨ-ਮਸਤਕ ਵਿੱਚ ਗੂੰਜ ਰਹੇ ਸਨ। ਉਹ ਚੁੱਪ-ਚੁੱਪ ਜਿਹੀ ਰਹਿਣ ਲੱਗੀ। ਉਸ ਦਾ ਮਨ ਕੰਮ ਵਿੱਚ ਵੀ ਨਹੀਂ ਸੀ ਲੱਗ ਰਿਹਾ, ਪਰ ਉਹ ਲੰਮਾ ਸਮਾਂ ਕੰਮ ਕਰਦੀ ਸੀ। ਵੈਸੇ ਵੀ ਕੰਮ ਟੈਂਪਰੇਰੀ ਸੀ। ਉਸ ਦੀ ਮੰਮੀ ਨੂੰ ਚਿੰਤਾ ਹੋਣ ਲੱਗੀ, ਪਰ ਉਸ ਨੇ ਜੈਸਮੀਨ ਨੂੰ ਕੁਝ ਨਹੀਂ ਕਿਹਾ। ਇਹ ਚੰਗਾ ਸੀ ਕਿ ਉਹ ਆਪਣੇ ਘਰ ਆਪਣੇ ਮਾਪਿਆਂ ਕੋਲ ਸੀ, ਜੋ ਅਜਿਹੀ ਹਾਲਤ ਵਿੱਚ ਉਸ ਦਾ ਸਹਾਰਾ ਸਨ।
‘‘ਬੇਟੇ, ਦਿਲ ਨਾ ਹਾਰ। ਵਾਹਿਗੁਰੂ ਸਭ ਕੁਝ ਠੀਕ ਕਰ ਦੇਵੇਗਾ। ਜੇ ਉਸ ਨੇ ਚਾਹਿਆ ਤਾਂ ਤੇਰਾ ਤੇ ਪਰਿਜਾਤ ਦਾ ਮਿਲਣ ਜ਼ਰੂਰ ਹੋਵੇਗਾ।’’ ਉਸ ਦੇ ਮੰਮੀ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ।
‘‘ਵਾਹਿਗੁਰੂ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ।’’ ਇਕਦਮ ਜੈਸਮੀਨ ਜੋਸ਼ ਵਿੱਚ ਆਉਂਦਿਆਂ ਬੋਲੀ। ਉਸ ਨੂੰ ਗੀਤ ਦੇ ਬੋਲ ਯਾਦ ਆ ਰਹੇ ਸਨ…
ਸ਼ਿਮਲੇ ਨ੍ਹੀਂ ਵੱਸਣਾ, ਕਸੌਲੀ ਨ੍ਹੀਂ ਵੱਸਣਾ
ਚੰਬੇ ਤਾਂ ਜਾਣਾ ਜ਼ਰੂਰ।
ਮੈਂ ਤਾਂ ਮਾਹੀ ਦੇ ਵਤਨਾਂ ਨੂੰ ਜਾਸਾਂ
ਉਹ ਮੇਰੀ ਅੱਖੀਆਂ ਦਾ ਨੂਰ।
‘‘ਮੰਮੀ, ਚੰਬਾ ਕਿਤਨੀ ਕੁ ਦੂਰ? ਹੁਣ ਤੁਹਾਨੂੰ ਦੱਸਣਾ ਪਏਗਾ। ਕੀ ਤੁਸੀਂ ਮੇਰੇ ਨਾਲ ਚੰਬੇ ਚੱਲੋਗੇ?’’
‘‘ਜ਼ਰੂਰ, ਅਸੀਂ ਸਭ ਚੱਲਾਂਗੇ। ਤੇਰੇ ਡੈਡੀ ਵੀ ਨਾਲ ਜਾਣਗੇ। ਇਸੇ ਭਾਣੇ ਅਸੀਂ ਤੇਰੇ ਨਾਨਾ-ਨਾਨੀ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਮਿਲ ਆਵਾਂਗੇ। ਵੈਸੇ ਵੀ ਸਾਨੂੰ ਭਾਰਤ ਗਏ ਕਾਫ਼ੀ ਸਾਲ ਹੋ ਗਏ ਨੇ।’’
ਉਸ ਦੇ ਡੈਡੀ ਸਤਵਿੰਦਰ ਸਿੰਘ ਨੇ ਟਿਕਟਾਂ ਬੁੱਕ ਕਰਵਾ ਦਿੱਤੀਆਂ ਤੇ ਉਹ ਭਾਰਤ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋ ਗਏ ਤੇ ਦਿੱਲੀ ਹਵਾਈ ਅੱਡੇ ’ਤੇ ਜਾ ਉਤਰੇ। ਉੱਥੋਂ ਉਨ੍ਹਾਂ ਨੇ ਚੰਡੀਗੜ੍ਹ ਦੀ ਉਡਾਣ ਫੜੀ। ਚੰਡੀਗੜ੍ਹ ਉਸ ਦੇ ਨਾਨਕੇ ਸਨ। ਉਸ ਦੇ ਨਾਨਾ-ਨਾਨੀ ਉਨ੍ਹਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ। ਉਨ੍ਹਾਂ ਦੇ ਪਿਆਰ ਵਿੱਚ ਭਿੱਜ ਕੇ ਜੈਸਮੀਨ ਨੂੰ ਥੋੜ੍ਹੇ ਸਮੇਂ ਲਈ ਸਭ ਕੁਝ ਭੁੱਲ ਗਿਆ।
ਦੂਜੇ ਦਿਨ ਉਸ ਨੇ ਪਰਿਜਾਤ ਨੂੰ ਫੋਨ ਕੀਤਾ ਤੇ ਸਰਪ੍ਰਾਈਜ਼ ਦਿੱਤਾ। ਪਰਿਜਾਤ ਨੂੰ ਉਸ ਦੇ ਭਾਰਤ ਆਉਣ ਬਾਰੇ ਨਹੀਂ ਸੀ ਪਤਾ। ਜੈਸਮੀਨ ਨੇ ਉਸ ਨੂੰ ਦੱਸਿਆ ਕਿ ਉਸ ਦੇ ਮੰਮੀ-ਡੈਡੀ ਰਿਸ਼ਤੇ ਦੀ ਗੱਲ ਕਰਨ ਆਉਣਾ ਚਾਹੁੰਦੇ ਹਨ। ਇਹ ਸੁਣ ਕੇ ਪਰਿਜਾਤ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ।
ਦੂਜੇ ਦਿਨ ਹੀ ਉਸ ਦੇ ਨਾਨਾ ਜੀ, ਵੀਨਾ ਤੇ ਸਤਵਿੰਦਰ ਚੰਬੇ ਨੂੰ ਚੱਲ ਪਏ। ਪਰਿਜਾਤ ਤੇ ਉਸ ਦੇ ਮਾਤਾ ਸਰਿਤਾ ਤੇ ਪਿਤਾ ਦਿੱਗਵਿਜੇ ਸਿੰਘ ਨੇ ਉਨ੍ਹਾਂ ਦਾ ਬੜੇ ਪ੍ਰੇਮ ਨਾਲ ਸਵਾਗਤ ਕੀਤਾ। ਪਰਿਜਾਤ ਨੇ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ ਸੀ।
ਉਸ ਦੇ ਨਾਨਾ ਜੀ ਨੇ ਗੱਲ ਤੋਰੀ, ‘‘ਦੇਖੋ ਜੀ, ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਕਿਉਂ ਨਾ ਅਸੀਂ ਇਨ੍ਹਾਂ ਦੇ ਪਿਆਰ ਨੂੰ ਵਿਆਹ ਦੇ ਬੰਧਨਾਂ ਵਿੱਚ ਬੰਨ੍ਹ ਕੇ ਹੋਰ ਪੱਕਾ ਕਰ ਦੇਈਏ।’’
‘‘ਹਾਂ ਜੀ, ਸਾਨੂੰ ਖ਼ੁਸ਼ੀ-ਖ਼ੁਸ਼ੀ ਮਨਜ਼ੂਰ ਹੈ। ਅੱਜ-ਕੱਲ੍ਹ ਇਹੋ ਜਿਹੇ ਰਿਸ਼ਤੇ ਨਹੀਂ ਲੱਭਦੇ।’’ ਦਿੱਗਵਿਜੇ ਨੇ ਬੜੇ ਸਹਿਜ ਨਾਲ ਕਿਹਾ, ‘‘ਬਸ ਅਸੀਂ ਪੰਡਿਤ ਜੀ ਕੋਲੋਂ ਇਨ੍ਹਾਂ ਦੀ ਕੁੰਡਲੀ ਚੈੱਕ ਕਰਵਾ ਲੈਂਦੇ ਹਾਂ ਤੇ ਨਾਲੇ ਮਹੂਰਤ ਵੀ ਕਢਵਾ ਲਵਾਂਗੇ।’’
‘‘ਬੱਚੀ ਦੀ ਜਨਮ ਪੱਤਰੀ ਤਾਂ ਅਸੀਂ ਬਣਾਈ ਹੀ ਨਹੀਂ ਤੇ ਅਸੀਂ ਉਸ ਵਿੱਚ ਯਕੀਨ ਨਹੀਂ ਰੱਖਦੇ। ਇਨ੍ਹਾਂ ਦਾ ਮੇਲ ਤਾਂ ਧੁਰ-ਦਰਗਾਹੋਂ ਲਿਖਿਆ ਹੋਇਆ ਲੱਗਦਾ ਹੈ।’’ ਸਤਵਿੰਦਰ ਨੇ ਸਪੱਸ਼ਟ ਗੱਲ ਕਰਦਿਆਂ ਕਿਹਾ। ਉਹ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਸੀ।
‘‘ਕੋਈ ਗੱਲ ਨਹੀਂ, ਪੰਡਿਤ ਜੀ ਆਪ ਹੀ ਬਣਾ ਲੈਣਗੇ। ਬਸ ਦੇਖਣਾ ਹੀ ਹੈ ਕਿ ਕੁੜੀ ਮੰਗਲੀਕ ਤਾਂ ਨਹੀਂ।’’
‘‘ਨਹੀਂ ਜੀ, ਜਨਮ ਪੱਤਰੀ ਨਹੀਂ ਬਣਾਉਣੀ।’’ ਸਤਵਿੰਦਰ ਕੁਰਸੀ ਤੋਂ ਉੱਠਦਿਆਂ ਬੋਲਿਆ। ਉਹ ਗੁੱਸੇ ਵਿੱਚ ਨਹੀਂ ਸੀ, ਪਰ ਆਪਣੀ ਗੱਲ ’ਤੇ ਪੱਕਾ ਦਿਖ ਰਿਹਾ ਸੀ।
‘‘ਠੀਕ ਹੈ, ਅਸੀਂ ਸੋਚਦੇ ਹਾਂ ਤੇ ਪੰਡਿਤ ਜੀ ਨਾਲ ਗੱਲਬਾਤ ਕਰਕੇ ਹੀ ਦੱਸਾਂਗੇ।’’ ਦਿੱਗਵਿਜੇ ਵੀ ਆਪਣੀ ਕੁਰਸੀ ਤੋਂ ਉੱਠਦਿਆਂ ਬੋਲਿਆ।
ਨਾਨਾ ਜੀ, ਵੀਨਾ, ਸਰਿਤਾ ਤੇ ਪਰਿਜਾਤ ਖ਼ਾਮੋਸ਼ ਉਨ੍ਹਾਂ ਨੂੰ ਦੇਖਦੇ ਰਹਿ ਗਏ, ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਹੈ?
ਮੁੰਡੇ ਤੇ ਕੁੜੀ ਦੋਵਾਂ ਦੇ ਪਿਤਾ ਆਪਣੀ-ਆਪਣੀ ਗੱਲ ’ਤੇ ਅੜ ਗਏ। ਉਹ ਮਾਯੂਸ ਹੋ ਕੇ ਚੰਡੀਗੜ੍ਹ ਵਾਪਸ ਪਰਤ ਆਏ। ਜੈਸਮੀਨ ਇਹ ਸੁਣ ਕੇ ਬਹੁਤ ਦੁਖੀ ਤੇ ਹੈਰਾਨ ਹੋਈ। ਇੱਕੀਵੀਂ ਸਦੀ ਵਿੱਚ ਵੀ ਅਜਿਹਾ ਹੁੰਦਾ ਹੈ ਕਿ ਮੁੰਡੇ-ਕੁੜੀਆਂ ਦੀਆਂ ਜਨਮ-ਪੱਤਰੀਆਂ ਮਿਲਾਈਆਂ ਜਾਂਦੀਆਂ ਹਨ! ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਿਸ ਤਰ੍ਹਾਂ ਦਾ ਚੱਕਰ ਪੈ ਗਿਆ? ਦੁਨੀਆ ਦੋ ਪਿਆਰ ਕਰਨ ਵਾਲਿਆਂ ਨੂੰ ਛੇਤੀਂ ਕਿਤੇ ਕਿਉਂ ਨਹੀਂ ਮਿਲਣ ਦਿੰਦੀ।
ਉੱਧਰ ਪਰਿਜਾਤ ਵੀ ਬਹੁਤ ਪਰੇਸ਼ਾਨ ਸੀ। ਉਸ ਨੇ ਆਪਣੇ ਪਿਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਟੱਸ-ਤੋਂ-ਮੱਸ ਨਹੀਂ ਹੋਏ।
‘‘ਪਿਤਾ ਜੀ, ਇਹ ਤੁਸੀਂ ਕਿਸ ਗੱਲ ’ਤੇ ਅਟਕ ਗਏ ਜਿਸ ਦਾ ਕੋਈ ਵਿਗਿਆਨਕ ਸਬੂਤ ਨਹੀਂ। ਅਨੁਕੂਲਤਾ ਇੱਕ-ਦੂਜੇ ਨੂੰ ਜਾਣਨ ਤੇ ਸਮਝਣ ਨਾਲ ਬਣਦੀ ਹੈ ਨਾ ਕਿ ਜਨਮ-ਕੁੰਡਲੀਆਂ ਦੀ ਗਣਨਾ ਨਾਲ।’’
‘‘ਬੇਟੇ, ਇਹ ਸਾਡੀ ਪਰੰਪਰਾ ਹੈ ਤੇ ਤੇਰੇ ਭਲੇ ਲਈ ਹੀ ਹੈ। ਜਨਮ ਕੁੰਡਲੀ ਸਾਡੇ ਜਨਮ ਦੇ ਸਮੇਂ ਤਾਰਿਆਂ, ਨਛੱਤਰਾਂ ਅਤੇ ਗ੍ਰਹਿਆਂ ਦੀ ਇਕਸਾਰਤਾ ਦਾ ਚਾਰਟ ਹੁੰਦਾ ਹੈ ਤੇ ਉਨ੍ਹਾਂ ਦਾ ਮੇਲ ਕਰਾ ਕੇ ਰਿਸ਼ਤੇ ਦੀ ਸ਼ੁਭਤਾ ਦੇਖੀ ਜਾਂਦੀ ਹੈ।’’
‘‘ਮੇਰਾ ਭਲਾ? ਮੈਂ ਡੇਟਾ ਸਾਇੰਸ ਦੀ ਪੜ੍ਹਾਈ ਕੀਤੀ ਹੈ, ਮੈਂ ਤੱਥਾਂ ਅਤੇ ਸਬੂਤਾਂ ਵਿੱਚ ਯਕੀਨ ਰੱਖਦਾ ਹਾਂ। ਸਿਤਾਰੇ ਕਿਵੇਂ ਸਾਡਾ ਭਵਿੱਖ ਦੱਸ ਸਕਦੇ ਹਨ ਤੇ ਸਾਡੀ ਕਿਸਮਤ ਦਾ ਫ਼ੈਸਲਾ ਕਰ ਸਕਦੇ ਹਨ? ਮੇਰੀ ਕਿਸਮਤ ਤਾਂ ਜੈਸਮੀਨ ਹੈ। ਮੈਂ ਆਪਣਾ ਭਵਿੱਖ ਖ਼ੁਦ ਆਪ ਲਿਖਾਂਗਾ ਤੇ ਜੈਸਮੀਨ ਨਾਲ ਹੀ ਵਿਆਹ ਕਰਵਾਵਾਂਗਾ।’’
‘‘ਹਾਂ, ਮੁੰਡਾ ਕੁੜੀ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਉਸ ਦੇ ਮਾਪੇ ਵੀ ਚੰਗੇ ਖਾਨਦਾਨ ਤੋਂ ਹਨ। ਫਿਰ ਤੁਸੀਂ ਇਹ ਕੁੰਡਲੀ ਵਾਲਾ ਅੜਿੱਕਾ ਕਿਉਂ ਪਾਇਆ?’’ ਸਰਿਤਾ ਨੇ ਵੀ ਪਰਿਜਾਤ ਨਾਲ ਸੁਰ ਮਿਲਾਇਆ।
‘‘ਸਰਿਤਾ, ਤੂੰ ਨਹੀਂ ਸਮਝੇਂਗੀ। ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦਾ। ਤੁਸੀਂ ਜਾਣਦੇ ਹੋ, ਮੇਰੇ ਭਰਾ ਜੀ ਨਾਲ ਕੀ ਹੋਇਆ ਸੀ? ਕੁੰਡਲੀ ਨਹੀਂ ਮਿਲੀ ਸੀ ਤੇ ਥੋੜ੍ਹੇ ਚਿਰ ਬਾਅਦ ਉਸ ਦੀ ਪਤਨੀ… ਗ਼ੁਜ਼ਰ ਗਈ ਸੀ। ਜੇ ਕੁੜੀ ਮੰਗਲੀਕ ਹੋਈ ਤਾਂ… ਪਰਿਜਾਤ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ! ਮੈਂ ਸਤਵਿੰਦਰ ਦੀ ਤਰਕਸ਼ੀਲਤਾ ਸੁਣ ਕੇ ਚੁੱਪ ਹੋ ਗਿਆ, ਪਰ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਭੁੱਲ ਸਕਦਾ।’’
Share this content:



Post Comment