ਚੰਡੀਗੜ੍ਹ ‘ਚ CH-01-DE ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਲੱਗੀ ਬੋਲੀ
ਚੰਡੀਗੜ੍ਹ, 2 ਜੂਨ – ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਵੀ ਆਈ ਪੀ (ਫੈਂਸੀ) ਨੰਬਰ ਰੱਖਣ ਦੇ ਸ਼ੌਕੀਨ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰਾਂ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ ‘ਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਦੌਰਾਨ ਇੱਕ ਅਨੋਖੀ ਗੱਲ ਦੇਖਣ ਨੂੰ ਮਿਲੀ, ਜਿੱਥੇ ਨਵੀਂ ਸੀਰੀਜ਼ ‘ਸੀ ਐੱਚ 01 ਡੀ ਈ ‘ (CH 01 DE) ਵਿੱਚ 0001 ਦੇ ਮੁਕਾਬਲੇ 0003 ਨੰਬਰ ਜ਼ਿਆਦਾ ਮਹਿੰਗਾ ਵਿਕਿਆ ਹੈ।
ਇਸ ਵਾਰ 0003 ਨੰਬਰ 37.63 ਲੱਖ ਰੁਪਏ ਅਤੇ 0001 ਨੰਬਰ 23.55 ਲੱਖ ਰੁਪਏ ਵਿੱਚ ਨਿਲਾਮ ਹੋਇਆ। ਹਾਲਾਂਕਿ ਆਮ ਤੌਰ ’ਤੇ 0001 ਨੰਬਰ ਸਭ ਤੋਂ ਮਹਿੰਗਾ ਵਿਕਦਾ ਹੈ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ 0001 ਨੰਬਰ ਨਾਲੋਂ 0003 ਨੰਬਰ ਮਹਿੰਗਾ ਨਿਲਾਮ ਹੋਇਆ ਹੈ। ਯੂ ਟੀ ਪ੍ਰਸ਼ਾਸਨ ਨੇ ਨਵੀਂ ਸੀਰੀਜ਼ ‘CH 01 DE’ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.13 ਕਰੋੜ ਰੁਪਏ ਕਮਾਏ ਹਨ, ਜਦੋਂ ਕਿ ਪਿਛਲੀ ਵਾਰ ‘CH 01 DD’ ਸੀਰੀਜ਼ ਤੋਂ ਯੂ ਟੀ ਪ੍ਰਸ਼ਾਸਨ ਨੇ 4.48 ਕਰੋੜ ਰੁਪਏ ਕਮਾਏ ਸਨ।
Share this content:



Post Comment