ਚੰਡੀਗੜ੍ਹ ‘ਚ 17 ਸਾਲਾ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਮੁਲਜ਼ਮ ਦਾ ਕੀਤਾ ਏਨਕਾਉਂਟਰ
ਚੰਡੀਗੜ੍ਹ, 24 ਅਕਤੂਬਰ – ਚੰਡੀਗੜ੍ਹ ‘ਚ ਬੀਤੇ ਦਿਨ ਹੋਏ ਇੱਕ ਨੌਜਵਾਨ ਲੜਕੇ ਦੇ ਕਤਲ ਦੀ ਵਾਰਦਾਤ ਨੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਸੀ। ਚੰਡੀਗੜ੍ਹ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਨੈਤਿਕ (17 ਸਾਲ) ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-50 ਦੇ ਜੰਗਲਾਂ ਵਿੱਚ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ ਹੈ। ਇਹ ਕਾਰਵਾਈ ਇੰਸਪੈਕਟਰ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ। ਮੌਕੇ ‘ਤੇ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 17 ਸਾਲਾ ਨੈਤਿਕ ਦਾ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਇਸ ਕਤਲ ਦੀ ਸਾਜ਼ਿਸ਼ ਵਿੱਚ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦਾ ਨਾਮ ਸਾਹਮਣੇ ਆਇਆ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ‘ਚ ਕਤਲ ਦੀ ਇਹ ਵਾਰਦਾਤ ਵਾਪਰੀ ਸੀ। ਸੈਕਟਰ 22 ‘ਚ ਇੱਕ 17 ਸਾਲਾ ਨਾਬਾਲਿਗ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ, ਜਿਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੈਤਿਕ ਦਾ ਕਤਲ ਕੀਤਾ। ਹਮਲੇ ‘ਚ ਆਟੋ ਡਰਾਈਵਰ ਸਿਕੰਦਰ ਪਾਸਵਾਨ ਵੀ ਜ਼ਖ਼ਮੀ ਗਿਆ, ਜਿਸ ਦਾ GMSH-16 ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ। ਜਾਣਕਾਰੀ ਮੁਤਾਬਕ ਇੱਕ ਨਾਬਾਲਗ ਨੇ ਬਾਈਕ ’ਤੇ ਆ ਕੇ ਨੈਤਿਕ ਦੇ ਆਟੋ ਦਾ ਪਿੱਛਾ ਕੀਤਾ ਅਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ ਚਾਲਕ ਦੇ ਮੋਢੇ ਵਿੱਚ ਲੱਗੀ, ਜਦਕਿ ਦੂਜੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Share this content:



Post Comment