Loading Now

ਚੋਣਾਂ ਖਤਮ, ਵਸੂਲੀ ਸ਼ੁਰੂ

ਚੋਣਾਂ ਖਤਮ, ਵਸੂਲੀ ਸ਼ੁਰੂ

ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ 16 ਦਿਨ ਬਾਅਦ ਸ਼ੁੱਕਰਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਅਤੇ ਸੀ ਐੱਨ ਜੀ ਦੀ ਕੀਮਤ ‘ਚ 2 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕਰ ਦਿੱਤਾ ਗਿਆ। ਇਹ ਵਾਧਾ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਦਾਅਵੇ ਦਰਮਿਆਨ ਕੀਤਾ ਗਿਆ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਵਿਸ਼ਵਵਿਆਪੀ ਊਰਜਾ ਸਪਲਾਈ ਵਿੱਚ ਵਿਘਨ ਦੇ ਬਾਵਜੂਦ ਦੇਸ਼ ਵਿੱਚ ਈਂਧਨ ਦੀ ਕੋਈ ਕਮੀ ਨਹੀਂ ਹੈ ਅਤੇ ਪੈਟਰੋਲ, ਡੀਜ਼ਲ ਜਾਂ ਐੱਲ ਪੀ ਜੀ ਨੂੰ ਰਾਸ਼ਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਦੇ ਦਾਅਵੇ ਦੇ ਬਾਵਜੂਦ ਤੇਲ ਕੰਪਨੀਆਂ ਨੇ ਵਧਦੀਆਂ ਵਿਸ਼ਵਵਿਆਪੀ ਊਰਜਾ ਕੀਮਤਾਂ ਦਾ ਭਾਰ ਖਪਤਕਾਰਾਂ ‘ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਮਈ ਦੇ ਪਹਿਲੇ ਦਿਨ ਹੀ, ਸਰਕਾਰ ਨੇ ਕਮਰਸ਼ੀਅਲ ਐੱਲ ਪੀ ਜੀ ਸਿਲੰਡਰਾਂ ਲਈ 40 ਪ੍ਰਤੀਸ਼ਤ ਤੋਂ ਵੱਧ ਦਾ ਰਿਕਾਰਡ ਵਾਧਾ ਕੀਤਾ ਸੀ, ਜੋ ਕਿ 993 ਰੁਪਏ ਬਣਦਾ ਸੀ। ਆਪੋਜ਼ੀਸ਼ਨ ਨੇ ਪੈਟਰੋਲ, ਡੀਜ਼ਲ ਅਤੇ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉਠਾਏ ਹਨ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀ ਗਲਤੀ ਦਾ ਨਤੀਜਾ ਹੁਣ ਲੋਕ ਭੁਗਤਣਗੇ। ਕਾਂਗਰਸ ਨੇ ਕਿਹਾ ਹੈ ਕਿ ‘ਮਹਿੰਗਾਈ ਮੈਨ’ ਮੋਦੀ ਨੇ ਇੱਕ ਵਾਰ ਫਿਰ ਲੋਕਾਂ ‘ਤੇ ਹਮਲਾ ਕੀਤਾ ਹੈ। ਚੋਣਾਂ ਖਤਮ ਹੋਣ ਤੋਂ ਬਾਅਦ ਮੋਦੀ ਨੇ ਵਸੂਲੀ ਸ਼ੁਰੂ ਕਰ ਦਿੱਤੀ ਹੈ।

ਜਦੋਂ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਡਿਗ ਰਹੀਆਂ ਸਨ, ਤਾਂ ਉਸ ਦਾ ਲਾਭ ਭਾਰਤੀ ਖਪਤਕਾਰਾਂ ਨੂੰ ਨਹੀਂ ਦਿੱਤਾ ਗਿਆ ਤੇ ਜਦੋਂ ਵਧਣੀਆਂ ਸ਼ੁਰੂ ਹੋਈਆਂ ਹਨ ਤਾਂ ਲੋਕਾਂ ‘ਤੇ ਭਾਰ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਪ੍ਰਧਾਨ ਮੰਤਰੀ ਦੇ ਕਰੀਬੀ ਦੋਸਤਾਂ-ਅਮਰੀਕਾ ਅਤੇ ਇਜ਼ਰਾਈਲ ਵੱਲੋਂ ਪੱਛਮੀ ਏਸ਼ੀਆ ਵਿੱਚ ਛੇੜੀ ਗਈ ਜੰਗ ਕਾਰਨ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਵਿਧਾਨ ਸਭਾ ਚੋਣਾਂ ਵੀ ਖਤਮ ਹੋ ਗਈਆਂ ਹਨ, ਤਾਂ ਮੋਦੀ ਸਰਕਾਰ ਨੇ ਪਹਿਲਾਂ ਕਮਰਸ਼ੀਅਲ ਰਸੋਈ ਗੈਸ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਇਸ ਨਾਲ ਮਹਿੰਗਾਈ ਹੋਰ ਵਧਣੀ ਤੈਅ ਹੈ, ਜਿਸ ਦੇ ਹੁਣ ਇਸ ਵਿੱਤੀ ਸਾਲ ਵਿੱਚ ਲੱਗਭੱਗ 6 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਵਿਕਾਸ ਦਰ ਦੇ ਅਨੁਮਾਨਾਂ ਵਿੱਚ ਵੀ ਕਾਫੀ ਕਮੀ ਆਵੇਗੀ। ਟੀ ਐੱਮ ਸੀ ਨੇਤਾ ਡੈਰੇਕ ਓ’ਬ੍ਰਾਇਨ ਨੇ ਪੁੱਛਿਆ ਹੈ ਕਿ ਕੀ ਪੱਛਮੀ ਬੰਗਾਲ ਸਰਕਾਰ ਪੈਟਰੋਲ ਤੇ ਡੀਜ਼ਲ ‘ਤੇ ਵੈਟ ਘਟਾਏਗੀ ਕਿਉਂਕਿ ਸੂਬੇ ਦੀ ਡਬਲ ਇੰਜਣ ਸਰਕਾਰ ਨੂੰ ਹੁਣ ਕੇਂਦਰੀ ਫੰਡਾਂ ਦੇ ਰੋਕੇ ਜਾਣ ਦੀ ਚਿੰਤਾ ਨਹੀਂ ਕਰਨੀ ਪੈਣੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਤਨਜ਼ ਕੀਤਾ ਹੈ ਕਿ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਤਾਂ ਸਾਈਕਲ ਹੀ ਇੱਕੋ-ਇੱਕ ਵਿਕਲਪ ਹੈ। ਚੇਤੇ ਰਹੇ ਕਿ ਪਿਛਲੇ ਸਾਲ ਮਾਰਚ ਵਿੱਚ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਪ੍ਰਤੀ ਸਿਲੰਡਰ 60 ਰੁਪਏ ਦਾ ਵਾਧਾ ਕੀਤਾ ਗਿਆ ਸੀ, ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਅਜੇ ਵੀ ਅਸਲ ਕੀਮਤ ਤੋਂ ਘੱਟ ਹਨ। ਸੋ ਘਰੇਲੂ ਗੈਸ ਮਹਿੰਗੀ ਹੋਣੀ ਵੀ ਪੱਕੀ ਸਮਝੋ। ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਈਂਧਨ ਦੀਆਂ ਵਧੀਆਂ ਕੀਮਤਾਂ ਆਵਾਜਾਈ, ਮਾਲ-ਭਾੜੇ ਅਤੇ ਲੌਜਿਸਟਿਕਸ ਦੀ ਲਾਗਤ ਵਿੱਚ ਵੀ ਵਾਧਾ ਕਰਨਗੀਆਂ, ਜਿਸ ਦਾ ਮਹਿੰਗਾਈ ‘ਤੇ ਵਿਆਪਕ ਪ੍ਰਭਾਵ ਪਵੇਗਾ।

Share this content:

Post Comment