ਚਰਨਜੀਤ ਸਿੰਘ ਪੰਨੂ ਦੁਆਰਾ ਰਚਿਤ ਸਫ਼ਰਨਾਮਾ ‘ਨਾਰਥ ਪੋਲ- ਧਰਤੀ ਦਾ ਮੁਕਟ’ ਦੇ ਥੀਮਕ ਪਾਸਾਰ
ਚਰਨਜੀਤ ਸਿੰਘ ਪੰਨੂ ਅਮਰੀਕਾ ਵਿਚ ਵੱਸਦਾ ਇੱਕ ਚਰਚਿਤ ਪਰਵਾਸੀ ਪੰਜਾਬੀ ਸਫ਼ਰਨਾਮਾਕਾਰ ਹੈ। ਉਸ ਨੇ ਅਲਾਸਕਾ, ਵਾਈਟ ਹਾਊਸ, ਹਵਾਈ, ਕੀਨੀਆ, ਤਨਜ਼ਾਨੀਆ, ਪਾਕਿਸਤਾਨ ਤੋਂ ਇਲਾਵਾ ਯੂਟਾਹ ਵਰਗੀਆਂ ਜਗਾਵਾਂ ਤੇ ਘੁੰਮਦਿਆਂ ਉੱਥੋਂ ਦੇ ਸਮਾਜਿਕ, ਆਰਥਿਕ, ਰਾਜਸੀ, ਧਾਰਮਿਕ ਅਤੇ ਸਭਿਆਚਾਰਕ ਜਨ-ਜੀਵਨ ਦੇ ਸਮੁੱਚੇ ਹਾਲ ਨੂੰ ਆਪਣੇ ਸਫ਼ਰਨਾਮਿਆਂ ਰਾਹੀਂ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੀ ਉਮਰ ਦਾ ਲੰਮਾ ਸਮਾਂ ਅਮਰੀਕਾ ਵਿਚ ਗੁਜ਼ਾਰਦਿਆਂ ਤੇ ਉੱਥੇ ਵੱਖ-ਵੱਖ ਥਾਵਾਂ ਤੇ ਕੰਮ ਕਰਨ ਦੇ ਬਾਵਜੂਦ ਵੀ ਪੰਜਾਬੀ ਸਾਹਿੱਤ ਨੂੰ ਪੜ੍ਹਨ ਅਤੇ ਲਿਖਣ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਪੰਜਾਬੀ ਨਾਵਲ, ਕਹਾਣੀ, ਕਵਿਤਾ ਦੀ ਸਿਰਜਣਾ ਕਰਨ ਤੋਂ ਇਲਾਵਾ ਚਰਨਜੀਤ ਸਿੰਘ ਪੰਨੂ ਨੇ ਵਾਰਤਕ ਦੇ ਮਹੱਤਵਪੂਰਨ ਰੂਪ ਸਫ਼ਰਨਾਮਾ ਵਿਚ ਹੱਥ ਅਜ਼ਮਾਉਂਦਿਆਂ ਹੋਇਆ ਬਹੁਤ ਸਾਰੀਆਂ ਕਠਨ ਯਾਤਰਾਵਾਂ ਦੇ ਅੱਖੀਂ ਡਿੱਠੇ ਹਾਲ ਨੂੰ ਆਪਣੇ ਸਫ਼ਰਨਾਮਿਆਂ ਵਿਚ ਪੇਸ਼ ਕੀਤਾ ਹੈ।
ਹਰਜੀਤ ਅਟਵਾਲ ਦੇ ਅਨੁਸਾਰ, “ਚਰਨਜੀਤ ਸਿੰਘ ਪੰਨੂ ਹੰਢਿਆ ਹੋਇਆ ਲੇਖਕ ਹੈ। ਉਸ ਨੇ ਪੰਜਾਬੀ ਸਾਹਿੱਤ ਦੀ ਹਰ ਵਿਧਾ ਵਿਚ ਕਲਮ ਅਜ਼ਮਾਈ ਕੀਤੀ ਹੈ। ਕਵਿਤਾ, ਨਾਵਲ, ਕਹਾਣੀ ਤੇ ਸਫ਼ਰਨਾਮਾ ਆਦਿ ਸਭ ਲਿਖੇ ਹਨ। ਉਸ ਦੇ ਸਫ਼ਰਨਾਮਿਆਂ ਨੂੰ ਪਾਠਕ ਬਹੁਤ ਦਿਲਚਸਪੀ ਨਾਲ ਪੜ੍ਹਿਆ ਕਰਦੇ ਹਨ।“ ਚਰਨਜੀਤ ਸਿੰਘ ਪੰਨੂ ਨੂੰ ਵੱਖ-ਵੱਖ ਥਾਵਾਂ ਤੇ ਕੀਤੇ ਗਏ ਸਫ਼ਰ ਅਤੇ ਆਮ ਜੀਵਨ ਵਿਚ ਆਪਣੇ ਪਰਿਵਾਰ ਵੱਲੋਂ ਹਮੇਸ਼ਾ ਸਹਿਯੋਗ ਮਿਲਦਾ ਰਿਹਾ ਹੈ। ਉਹ ਆਪਣੀ ਉਮਰ ਦਾ ਲੰਮਾ ਸਮਾਂ ਬਤੀਤ ਕਰਨ ਤੋਂ ਬਾਅਦ ਬੇਸ਼ੱਕ ਬਜ਼ੁਰਗ ਅਵਸਥਾ ਵਿਚ ਸ਼ਾਮਲ ਹੋ ਚੁੱਕਾ ਹੈ ਪਰੰਤੂ ਅੱਜ ਵੀ ਉਹ ਸਰੀਰਕ ਪੱਖੋਂ ਤੰਦਰੁਸਤ ਅਤੇ ਪੱਲਿਓਂ ਬੇਹਿਸਾਬੇ ਡਾਲਰ ਖ਼ਰਚ ਕੇ ਖ਼ਤਰਨਾਕ ਥਾਵਾਂ ਤੇ ਸਫ਼ਰ ਕਰਨ ਲਈ ਤਤਪਰ ਰਹਿੰਦਾ ਹੈ। ਉਹ ਸਕਾਰਾਤਮਿਕ ਸੋਚ ਅਤੇ ਸੁਲਝੇ ਹੋਏ ਵਿਅਕਤੀਤਵ ਵਾਲਾ ਵਿਅਕਤੀ ਹੈ।
‘ਨਾਰਥ ਪੋਲ’ ਚਰਨਜੀਤ ਸਿੰਘ ਪੰਨੂ ਦੁਆਰਾ ਰਚਿਤ ਮਹੱਤਵਪੂਰਨ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਚਰਨਜੀਤ ਸਿੰਘ ਪੰਨੂ ਨੇ ‘ਨਾਰਥ ਪੋਲ’ ਦੀ ਫੇਰੀ ਦੌਰਾਨ ਉੱਥੋਂ ਦੇ ਬਰਫ਼ੀਲੇ ਖ਼ਤਰਨਾਕ ਇਲਾਕੇ ਦੀ ਸਮੁੱਚੀ ਸਥਿਤੀ ਅਤੇ ਜਨ-ਜੀਵਨ ਦੀ ਅਸਲ ਤਸਵੀਰ ਨੂੰ ਬੜੀ ਬਾਰੀਕੀ ਅਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਸਫ਼ਰਨਾਮਾਕਾਰ ‘ਨਾਰਥ ਪੋਲ’ ਤੇ ਪਹੁੰਚਣ ਵਾਲੇ ਯਾਤਰੀਆਂ ਬਾਰੇ ਜ਼ਿਕਰ ਕਰਦਾ ਹੈ ਕਿ, “ਪਹਿਲਾਂ ਮੈਂ ਵਾਲੀ ਇਸ ਹੋੜ ਵਿਚ ਹਜ਼ਾਰਾਂ ਉੱਦਮੀ ਇਸ ਜੰਮੇ ਆਰਕਟਿਕ ਸਮੁੰਦਰ ਨੇ ਹੜੱਪ ਕਰ ਲਏ ਪਰ ਹਕੀਕਤ ਤੌਰ ਤੇ ਅਜੇ ਤੱਕ ਇਹ ਕਿਸੇ ਦੇ ਹੱਥ ਨਹੀਂ ਆਇਆ। ਕੁੱਝ ਖ਼ੁਸ਼ਕਿਸਮਤ ਅਡਵੈਂਚਰ ਨਾਰਥ ਪੋਲ ਉੱਪਰ ਪਹੁੰਚਣ ਦਾ ਦਾਵਾ ਕਰਦੇ ਹਨ ਪਰ ਕੋਈ ਵੀ ਸਾਫ਼ ਸਪਸ਼ਟ ਭਰੋਸੇਯੋਗ ਨਹੀਂ ਮੰਨਿਆ ਗਿਆ।“ ਇਸ ਸਫ਼ਰਨਾਮੇ ਵਿਚ ਮੁੱਖ ਤੌਰ ਤੇ ਬੈਰੋ ਉਤਕੀਆਗਵਿਕ, ਟਾਪ ਆਫ਼ ਦੀ ਵਰਲਡ ਪੁਆਇੰਟ, ਹੋਟਲ ਮੂੰਗਵਿਟ, ਨਾਰਥ ਪੋਲ ਦੀ ਹੋਂਦ, ਨਾਰਥ ਪੋਲ ਦੇ ਲੱਛਣ, ਨਾਰਥ ਪੋਲ ਦੀ ਖੋਜ ਮੁਹਿੰਮ, ਨਾਰਥ ਪੋਲ ਮਹਾਂਦੀਪ ਦੇ ਨੇੜਲੇ ਦੇਸ਼, ਨਾਰਥ ਪੋਲ ਇਲਾਕੇ ਵਿਚ ਜਾਨਵਰ ਅਤੇ ਪੰਛੀਆਂ ਦੀ ਸਥਿਤੀ, ਐਂਕੋਰੇਜ਼, ਬਰੇਵ ਕਰੂਜ਼ ਸਵਾਰੀ, ਭੁਚਾਲ, ਕੁੱਤਾ ਬੱਘੀ, ਪੋਲਰ ਪ੍ਰੀਤ, ਹਵਾਈ ਉਡਾਣਾਂ, ਪੁਲਾੜ ਖੋਜ ਤੋਂ ਇਲਾਵਾ ਧਰਤੀ ਵਿਚਲੇ ਪਾੜ ਬਾਰੇ ਚਰਚਾ ਕੀਤੀ ਗਈ ਹੈ।
ਸਫ਼ਰਨਾਮਾਕਾਰ ਨੇ ‘ਨਾਰਥ ਪੋਲ’ ਸਫ਼ਰਨਾਮੇ ਵਿਚ ਅਮਰੀਕਾ ਦੀ ਅਲਾਸਕਾ ਸਟੇਟ ਦੇ ਚਰਚਿਤ ਬਰਫ਼ੀਲੇ ਸ਼ਹਿਰ ‘ਬੈਰੋ’ ਬਾਰੇ ਜ਼ਿਕਰ ਕੀਤਾ ਹੈ। ਇਸ ਸ਼ਹਿਰ ਦਾ ਮੁੱਢਲਾ ਨਾਂ ਉਤਕੀਆਗਵਿਕ ਸੀ ਜੋ ਅਮਰੀਕਾ ਦੀ ਹੱਦ ਦਾ ਆਖ਼ਰੀ ਕੋਨਾ ਹੈ। ਬੈਰੋ ਸ਼ਹਿਰ ਦਾ ਚਾਰ ਚੁਫੇਰਾ ਬਰਫ਼ ਨਾਲ ਜੰਮਿਆ ਰਹਿੰਦਾ ਹੈ ਤੇ ਇੱਥੇ ਉੱਸਰੇ ਵੱਡੇ-ਵੱਡੇ ਬਰਫ਼ ਦੇ ਪਹਾੜ ਅਮਰੀਕਾ ਦੀ ਸੁੰਦਰਤਾ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਪੁਰਾਤਨ ਇਤਿਹਾਸਕ ਵੇਰਵਿਆਂ ਅਨੁਸਾਰ 500 ਏ. ਡੀ. ਤੱਕ ਇਸ ਸ਼ਹਿਰ ਦੇ ਆਸਪਾਸ ਸੰਘਣੀ ਵਸੋਂ ਸੀ। ਇਸ ਸਥਾਨ ਤੇ ਜ਼ਿਆਦਾਤਰ ਐੱਸਕੀਮੋ ਲੋਕ ਵੱਸਦੇ ਸਨ, ਜਿਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਅਮਰੀਕਾ ਸਰਕਾਰ ਨੇ ਆਪਣੀਆਂ ਵਿਸ਼ੇਸ਼ ਯੋਜਨਾਵਾਂ ਤਹਿਤ ਇਨ੍ਹਾਂ ਲੋਕਾਂ ਲਈ ਹਸਪਤਾਲ, ਕਚਹਿਰੀ, ਖੇਡ ਦੇ ਮੈਦਾਨਾਂ ਤੋਂ ਇਲਾਵਾ ਲੋਕਾਂ ਦੇ ਜੀਵਨ ਨਿਰਬਾਹ ਲਈ ਹੋਰ ਕਈ ਸਹੂਲਤਾਂ ਦਾ ਪ੍ਰਬੰਧ ਕੀਤਾ। “ ਬੈਰੋ ਕਸਬਾ ਨਾਰਥ ਪੋਲ ਦੀ ਕਰੂੰਬਲੀ ਉੱਪਰ ਇੱਕ ਕਾਲੇ ਤਿਲ਼ ਵਾਂਗ ਇਸ ਦੀ ਸੁੰਦਰਤਾ ਵਿਚ ਵਾਧਾ ਕਰਦਾ ਮੂੰਹ ਮੱਥਾ ਸੰਵਾਰਦਾ ਹੈ। ਏਸੇ ਇਲਾਕੇ ਨੂੰ ਹੀ ਟਾਪ ਆਫ ਦੀ ਵਲਡ ਪੋਆਇੰਟ’ ਕਰਕੇ ਜਾਣਿਆ ਜਾਂਦਾ ਹੈ।
ਚਾਰ ਚੁਫੇਰੇ ਮੋਟੀ ਬਰਫ਼ਾਨੀ ਪਰਤ ਵਾਲਾ ਆਰਕਟਿਕ ਜੰਮਿਆ ਸਮੁੰਦਰ ਤੇ ਬਰਫ਼ ਦੇ ਵਿਛੇ ਸਫ਼ੈਦ ਕੰਬਲ ਜਿਹੇ ਸੈਂਕੜੇ ਮੀਲ ਗਲੇਸ਼ੀਅਰ ਸੈਲਾਨੀਆਂ ਨੂੰ ਦੰਦਾਂ ਵਿਚ ਉਂਗਲਾਂ ਲੈਣ ਦੀ ਨੌਬਤ ਤੱਕ ਪਹੁੰਚਾ ਦਿੰਦੇ ਹਨ।“ ਇਸੇ ਤਰ੍ਹਾਂ ਸਫ਼ਰਨਾਮੇ ਵਿਚ ਇਸ ਸ਼ਹਿਰ ਵਿਚ ਲਗਾਏ ਗਏ ਪਣਡੁੱਬੀ ਬਣਾਉਣ ਵਾਲੇ ਕਾਰਖ਼ਾਨੇ, ਲੋਕਾਂ ਨੂੰ ਧਰਮ ਨਾਲ ਜੋੜਨ ਲਈ ਬਣਾਏ ਗਏ ਚਰਚ, ਵਿਗਿਆਨਕ ਪ੍ਰਯੋਗਸ਼ਾਲਾ, ਮਛੇਰਿਆਂ ਦੀਆਂ ਬੇੜੀਆਂ, ਜਾਲ ਤੇ ਉਨ੍ਹਾਂ ਦੇ ਭੋਜਨ, ਸਿੱਖਿਆ, ਬਿਜਲੀ, ਪਾਣੀ, ਸਫ਼ਾਈ ਪ੍ਰਬੰਧ, ਸਿਹਤ ਸਹੂਲਤਾਂ ਤੋਂ ਇਲਾਵਾ ਸਮੁੰਦਰੀ ਵੇਲਾਂ ਬਾਰੇ ਵੀ ਚਿਤਰਨ ਕੀਤਾ ਗਿਆ ਹੈ। ਇਸ ਸਫ਼ਰਨਾਮੇ ਵਿਚ ਟਾਪ ਆਫ਼ ਦੀ ਵਰਲਡ ਪੁਆਇੰਟ ਖੇਤਰ ਨਾਰਥ ਪੋਲ ਬਾਰੇ ਚਰਚਾ ਕੀਤਾ ਗਿਆ ਹੈ। ਨਾਰਥ ਪੋਲ ਅਮਰੀਕਾ ਦੀ ਅਲਾਸਕਾ ਸਟੇਟ ਦਾ ਇੱਕ ਸ਼ਹਿਰ ਹੈ। ਇਸ ਸਥਾਨ ਤੇ ਸਮੁੰਦਰ ਦਾ ਪਾਣੀ ਲਗਭਗ ਦੋ ਤੋਂ ਪੰਦਰਾਂ ਮੀਟਰ ਤੱਕ ਜੰਮਿਆ ਰਹਿੰਦਾ ਹੈ। ਸਮੁੰਦਰੀ ਬਰਫ਼ੀਲੇ ਜਾਨਵਰਾਂ ਤੋਂ ਇਲਾਵਾ ਇਸ ਸਥਾਨ ਤੇ ਉੱਲੂਆ ਦੀ ਬਹੁਤ ਜ਼ਿਆਦਾ ਗਿਣਤੀ ਹੈ। “ਇਹ ਉੱਲੂ ਸਮੇਂ ਅਨੁਸਾਰ ਕਿਧਰੇ ਘੁਰਨਿਆਂ ਅੰਦਰ ਲੁੱਕ ਦੜ ਜਾਂਦੇ ਹਨ।
ਇਸ ਉਤਕੀਆਗਵਿਕ ਖੇਤਰ ਨੂੰ ਸਥਾਨਕ ਇਨੂਪੀਆਟ ਲੋਕ ਉਕਪੀਗਵਿਕ ਦਾ ਨਾਂ ਵੀ ਦਿੰਦੇ ਹਨ ਜਿਸ ਦਾ ਮਤਲਬ ਹੈ ‘ਬਰਫ਼ ਦੇ ਉੱਲੂਆਂ ਦਾ ਘਰ।“ ਇਸੇ ਤਰ੍ਹਾਂ ਸਫ਼ਰਨਾਮੇ ਵਿਚ ਨਾਰਥ ਪੋਲ ਦੀਆਂ ਸੜਕਾਂ ਦੀ ਖਸਤਾ ਹਾਲਤ, ਅਜਾਇਬ ਘਰ, ਸਕੂਲਾਂ ਦੀਆਂ ਇਮਾਰਤਾਂ, ਖੇਡ ਮੈਦਾਨਾਂ, ਗਲੀਆਂ, ਠੰਢੇ ਮੌਸਮ ਦੀ ਜਾਣਕਾਰੀ ਲਈ ਬਣਾਇਆ ਗਿਆ ਗਲੋਬਲ ਐਟਮਸਫੀਅਰ ਵਾਚ, ਜੰਮੇ ਸਮੁੰਦਰ ਅੰਦਰ ਆਰਾਮ ਕਰਨ ਲਈ ਸਰਕਾਰ ਵੱਲੋਂ ਬਣਾਏ ਗਏ ਸਮਰ ਕੈਬਿਨਜ਼, ਇੱਥੋਂ ਦੀ ਸਥਾਨਕ ਭਾਸ਼ਾ ‘ਨੁਵਕ ਬਾਰੇ’, ਨਾਰਥ ਪੋਲ ਦੀ ਚੁੰਬਕੀ ਗੁਰੂਤਾ, ਪੁਲਿਸ, ਆਵਾਜਾਈ ਦੇ ਸਾਧਨ, ਵਰਕਸ਼ਾਪਾਂ, ਕਬਾੜਖ਼ਾਨਿਆਂ, ਖਾਣ-ਪੀਣ ਵਾਲੀਆਂ ਵਸਤੂਆਂ, ਵੇਲ ਬੋਨ ਆਰਕ, ਸਮੁੰਦਰੀ ਥਣ-ਧਾਰੀ ਜਾਨਵਰ ਸੀ ਓਟਰ, ਦਾੜ੍ਹੀ ਵਾਲੀ ਸੀਲ, ਸਫ਼ੇਦ ਭਾਲੂ ਤੋਂ ਇਲਾਵਾ ਬਰਫ਼ ਦੇ ਵੱਡੇ-ਵੱਡੇ ਪਹਾੜਾਂ ਬਾਰੇ ਚਿਤਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸਫ਼ਰਨਾਮੇ ਵਿਚ ਮੁੱਢਲੇ ਇਨੂਪੀਆਟ ਲੋਕਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦਾ ਮੁੱਖ ਕਿੱਤਾ ਵੱਡੀਆਂ ਵੇਲ ਮੱਛੀਆਂ ਪਕੜਨਾ ਸੀ।
ਨਾਰਥ ਪੋਲ ਸਫ਼ਰਨਾਮੇ ਵਿਚ ਬੈਰੋ ਸ਼ਹਿਰ ਦੇ ਚਰਚਿਤ ਹੋਟਲ ‘ਮੂੰਗਵਿਟ’ ਬਾਰੇ ਵੀ ਚਿਤਰਨ ਕੀਤਾ ਗਿਆ ਹੈ। ਇਸ ਹੋਟਲ ਦੀਆਂ ਤਾਕੀਆਂ ਵਿਚੋਂ ਨਾਰਥ ਪੋਲ ਤੇ ਜੰਮੀ ਬਰਫ਼ ਦੇ ਪਹਾੜ ਬਹੁਤ ਸਾਫ਼ ਦਿਖਾਈ ਦਿੰਦੇ ਹਨ। ਹੋਟਲ ਵਿਚ ਖਾਣਾ ਡੱਬਿਆਂ ਰਾਹੀਂ ਕਮਰਿਆਂ ਵਿਚ ਆਉਂਦਾ ਹੈ ਜੋ ਬਹੁਤ ਹੀ ਮਹਿੰਗਾ ਅਤੇ ਬੇਸੁਆਦਾ ਹੁੰਦਾ ਹੈ। ਇਸ ਸਥਾਨ ਤੇ ਚੋਰੀ ਅਤੇ ਹੋਰ ਵਾਰਦਾਤਾਂ ਹੋਣ ਕਾਰਨ ਸੈਲਾਨੀਆਂ ਨੂੰ ਚੌਕਸ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ। ਸਫ਼ਰਨਾਮੇ ਵਿਚ ਨਾਰਥ ਪੋਲ ਦੀ ਹੋਂਦ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਧਰਮ ਗ੍ਰੰਥਾਂ ਅਨੁਸਾਰ ਧਰਤੀ ਦੀ ਹੋਂਦ ਲਗਭਗ ਚਾਰ ਹਜ਼ਾਰ ਸਾਲ ਪਹਿਲਾ ਦੀ ਹੈ। ਇਸੇ ਤਰ੍ਹਾਂ ਗ੍ਰਹਿਆਂ ਅਤੇ ਨਛੱਤਰਾਂ ਦੀ ਗਿਣਤੀ ਲਗਭਗ ਅਠਾਰਾਂ ਹਜ਼ਾਰ ਮੰਨੀ ਗਈ ਹੈ। ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਆਪਣੇ ਪ੍ਰਯੋਗ ਰਾਹੀਂ ਸਿੱਧ ਕੀਤਾ ਸੀ ਕਿ ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ ਇੱਕ ਖ਼ਾਸ ਰਫ਼ਤਾਰ ਨਾਲ ਚੱਕਰ ਲਗਾਉਂਦੇ ਹਨ। ਆਰੀਆ ਲੋਕਾਂ ਦੀ ਵੰਸ਼ ਬ੍ਰਹਿਮੰਡ ਬਾਰੇ ਖ਼ਾਸ ਗਿਆਨ ਰੱਖਦੀ ਸੀ। ਭਾਰਤ ਵਿਚ ਰਚੇ ਗਏ ਵੇਦਾਂ ਅਨੁਸਾਰ ਬਰਫ਼ ਜੰਮਣ ਤੋਂ ਪਹਿਲਾਂ ਉੱਤਰੀ ਧਰੁਵ ਆਰੀਆ ਲੋਕਾਂ ਦਾ ਘਰ ਸੀ। ਇਸੇ ਤਰ੍ਹਾਂ ਐੱਸਕੀਮੋ ਲੋਕ ਵੀ ਇਸ ਖ਼ਿੱਤੇ ਵਿਚੋਂ ਨਿਕਲ ਕੇ ਏਸ਼ੀਆ ਤੇ ਭਾਰਤ ਦੀ ਧਰਤੀ ਤੇ ਵਾਸ ਕਰ ਗਏ ਕਿਉਂਕਿ ਉੱਥੇ ਪਾਣੀ ਅਤੇ ਹੋਰ ਖ਼ੁਰਾਕ ਦੇ ਸਰੋਤਾਂ ਦੀ ਬਹੁਤਾਤ ਸੀ।
ਇਸ ਪ੍ਰਕਾਰ ‘ਧਰਤੀ ਦੇ ਕੁੱਲ ਪਾਣੀਆਂ ਦਾ ਪੰਜਵਾਂ ਭਾਗ ਇੱਥੇ ਬਰਫ਼ ਦੇ ਰੂਪ ਵਿਚ ਜੰਮਿਆ ਪਿਆ ਹੈ, ਜਿਸ ਨੂੰ ਗਲੇਸ਼ੀਅਰ ਕਹਿੰਦੇ ਹਨ।’ ਸਫ਼ਰਨਾਮੇ ਵਿਚ ਗੁਰੂਤਾ ਸ਼ਕਤੀ ਤੋਂ ਇਲਾਵਾ ਨਾਰਥ ਤੇ ਸਾਊਥ ਪੋਲ ਵਿਚਕਾਰ ਧਰਤੀ ਦੀ ਸਥਿਤੀ ਬਾਰੇ ਵੀ ਜ਼ਿਕਰ ਕੀਤਾ ਗਿਆ, ਜਿੱਥੇ ਸਾਊਥ ਪੋਲ ਨਾਰਥ ਨਾਲੋਂ ਜ਼ਿਆਦਾ ਠੰਢਾ ਹੈ। ਇਸ ਬੇਆਬਾਦ ਖੇਤਰ ਵਿਚ ਸਥਾਨਕ ਵਸੋਂ ਬਿਲਕੁਲ ਨਹੀਂ ਹੈ। ਨਾਰਥ ਪੋਲ ਦਾ ਸਾਰਾ ਇਲਾਕਾ ਬਰਫ਼ ਨਾਲ ਢਕਿਆ ਰਹਿੰਦਾ ਹੈ ਤੇ ਇੱਥੇ ਰਹਿਣ ਵਾਲੇ ਵਸਨੀਕ ਕੁਦਰਤੀ ਕਰੋਪੀ ਦਾ ਸ਼ਿਕਾਰ ਹੁੰਦੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਇਸੇ ਤਰ੍ਹਾਂ ਨਾਰਥ ਪੋਲ ਦੇ ਲੱਛਣਾਂ ਬਾਰੇ ਜ਼ਿਕਰ ਕਰਦਿਆ ਦਰਸਾਇਆ ਗਿਆ ਹੈ ਕਿ ਇਸ ਖੇਤਰ ਵਿਚ ਤਾਜ ਹਵਾਵਾਂ ਕਾਰਨ ਬਰਫ਼ਾਨੀ ਪਾਣੀ ਤੇ ਬਰਫ਼ੀਲੇ ਪਹਾੜ ਆਪਣਾ ਟਿਕਾਣਾ ਬਦਲਦੇ ਰਹਿੰਦੇ ਹਨ। “ਨਾਰਥ ਪੋਲ ਧਰਤੀ ਦਾ ਉੱਤਰੀ ਬਿੰਦੂ ਹੈ ਜੋ ਦੱਖਣੀ ਧਰੁਵ ਦੇ ਉਲਟ ਪਾਸੇ ਹੈ, ਧਰਤੀ ਦੀਆਂ ਵਾਗਾਂ ਫੜ ਘੁਮਾਈ ਫਿਰਦਾ ਹੈ। ਵਿਚਾਰੀ ਅਬਲਾ ਧਰਤੀ ਇਸ ਦੇ ਰਹਿਮ ਕਰਮ ਤੇ ਨਿਰਭਰ ਕਰਦੀ ਹੈ।“ ਸੰਨ 1900 ਵਿਚ ਇਹ ਕੈਨੇਡਾ ਵਿਚ ਗਿਣਿਆ ਜਾਂਦਾ ਸੀ ਤੇ 2000 ਵਿਚ ਇਹ ਗਰੀਨਲੈਂਡ ਨੇੜੇ ਪਹੁੰਚ ਗਿਆ। ਇਸ ਦੇ ਆਲ਼ੇ ਦੁਆਲੇ ਕੈਨੇਡਾ ਤੋਂ ਇਲਾਵਾ ਆਈਸਲੈਂਡ, ਡੈਨਮਾਰਕ, ਗਰੀਨਲੈਂਡ, ਨਾਰਵੇ, ਸਵੀਡਨ ਫਿਨਲੈਂਡ, ਰੂਸ ਅਤੇ ਅਮਰੀਕਾ ਵਰਗੇ ਦੇਸ਼ ਹਨ।
ਇਸ ਖੇਤਰ ਵਿਚ ਸੋਵੀਅਤ ਸੰਘ ਨੇ 1937 ਵਿਚ ਮਿਲਟਰੀ ਬੇਸ ਬਣਾਏ ਤੇ ਸੈਰ ਸਪਾਟੇ ਤੇ ਹੋਰ ਵਪਾਰਕ ਉਦਯੋਗ ਸ਼ੁਰੂ ਕੀਤੇ ਸਨ। ਇਸੇ ਤਰ੍ਹਾਂ ਪੂਰੀ ਦੁਨੀਆ ਦਾ ਤੀਹ ਪ੍ਰਤੀਸ਼ਤ ਤੇਲ ਦਾ ਭੰਡਾਰ ਇਸ ਬਰਫ਼ੀਲੇ ਇਲਾਕੇ ਹੇਠਾਂ ਜਮਾਂ ਹੈ। ਇਸ ਮਹਾਂਦੀਪ ਤੇ ਵੱਸਦੇ ਲੋਕ ਇਨੂਇਟ, ਨਾਰਡਿਕ, ਫਿਨਿਸ਼, ਸਾਮੀ, ਚੂਚਕੀ, ਸਲਾਵਿਕ ਤੇ ਸਾਇਬੇਰੀਅਨ ਹਨ। ਇਨ੍ਹਾਂ ਲੋਕਾਂ ਦਾ ਕੱਦ ਮਧਰਾ ਹੁੰਦਾ ਹੈ ਜੋ ਜ਼ਿਆਦਾਤਰ ਮੱਛੀਆਂ ਪਕੜ ਕੇ ਖਾਦੇ ਹਨ। ਇਸ ਸਥਾਨ ਤੇ ਜ਼ਿਆਦਾਤਰ ਸੰਖਿਆ ਰਿੱਛ, ਵਾਲਰਸ ਅਤੇ ਲੂੰਬੜੀ ਵਰਗੇ ਜਾਨਵਰਾਂ ਦੀ ਹੈ। ਇਸ ਸਫ਼ਰਨਾਮੇ ਵਿਚ ਨਾਰਥ ਪੋਲ ਦੀ ਖੋਜ ਮੁਹਿੰਮ ਬਾਰੇ ਵੀ ਜ਼ਿਕਰ ਕੀਤਾ ਹੈ, ਜਿਸ ਨੂੰ ਲੱਭਣ ਲਈ ਮਨੁੱਖ ਸਦੀਆਂ ਤੋਂ ਸੰਘਰਸ਼ ਕਰਦਾ ਰਿਹਾ ਹੈ। “ਇਸ ਨਿਆਰੇ ਪਿਆਰੇ (ਪੋਲ) ਬਿੰਦੂ ਨੂੰ ਲੱਭਣ ਤੇ ਖੋਜਣ ਲਈ ਕਈ ਸਦੀਆਂ ਤੋਂ ਤਰਕ ਵਿਗਿਆਨੀ ਮਨੁੱਖ ਜੂਝਦਾ ਆ ਰਿਹਾ ਹੈ। ਉਨ੍ਹਾਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਧਰਤੀ 23.5 ਦਰਜਾ ਟੇਢੀ ਧੁਰੀ ਤੇ ਟਿਕੀ ਹੋਈ ਆਪਣੀ ਧੁਰੀ ਦੁਆਲੇ ਘੁੰਮਦੀ ਹੈ, ਜਿਸ ਦੀ ਉੱਪਰਲੀ ਬੋਦੀ ਨਾਰਥ ਦੇ ਹੇਠਲਾ ਹਿੱਸਾ ਸਾਊਥ ਦੋਵੇਂ ਪਾਸੇ ਜੰਮਿਆ ਸਮੁੰਦਰ ਹੈ। ਇਸ ਖੇਤਰ ਦਾ ਚਾਰ ਚੁਫੇਰੇ ਬਰਫ਼ ਦੇ ਪਹਾੜ ਅਤੇ ਡੂੰਘੀਆਂ ਗੁਫਾਵਾਂ ਹਨ। ਨਾਰਥ ਪੋਲ ਦੀ ਧਰਤੀ ਤੇ ਮਨੁੱਖ ਦੀ ਪਹੁੰਚ ਸਭ ਤੋਂ ਪਹਿਲਾਂ 1890 ਵਿਚ ਹੋਈ ਜੋ ਪ੍ਰਮਾਣਿਕ ਤੌਰ ਤੇ ਠੀਕ ਨਹੀਂ ਹੈ। ਇਸੇ ਤਰ੍ਹਾਂ 1845 ਵਿਚ ਇੱਕ ਬ੍ਰਿਟਿਸ਼ ਵਿਅਕਤੀ ਜੋਹਨ ਫਰੈਂਕਫਿਨ ਨੇ ਆਪਣੇ 24 ਸਾਥੀਆਂ ਸਮੇਤ ਨਾਰਥ ਪੋਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬਰਫ਼ ਵਿਚ ਦੋਨਾਂ ਜਹਾਜ਼ਾਂ ਦੇ ਜੰਮਣ ਕਾਰਨ ਉਹ ਸਾਰੇ ਮਰ ਗਏ ਸਨ।
ਸੰਨ 1837 ਵਿਚ ਥਾਮਸ ਸਿੰਪਸਨ ਬਰਫ਼ੀਲੇ ਇਲਾਕੇ ਬੈਰੋ ਤੱਕ ਪਹੁੰਚਿਆ ਤੇ 1849 ਵਿਚ ਵਿਲੀਅਮ ਪੁੱਲਨ ਨੇ ਨਾਰਥ ਪੋਲ ਤੇ ਪਹੁੰਚਣ ਦੀ ਹਿੰਮਤ ਕੀਤੀ ਪਰ ਸਫਲ ਨਾ ਹੋ ਸਕਿਆ। ਇਸੇ ਤਰ੍ਹਾਂ 1871 ਵਿਚ ਚਾਰਲਸ ਦੀ ਕੋਸ਼ਿਸ਼ ਵੀ ਜ਼ਿਆਦਾ ਸਫਲ ਨਾ ਹੋ ਸਕੀ। ਉਹ ਵੀ ਰਸਤੇ ਚ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਰਾਬਰਟ ਪੀਅਰੀ ਨੇ 1856 ਵਿਚ ਆਪਣੇ ਸਿਰੜ ਅਤੇ ਲਮੇਰੇ ਸੰਘਰਸ਼ ਦੌਰਾਨ ਕਈ ਮੁਸੀਬਤਾਂ ਨੂੰ ਝੱਲਦਿਆਂ ਹੋਇਆ ਨਾਰਥ ਪੋਲ ਤੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਸਾਥੀਆਂ ਵਿਚਲੀ ਅਣਬਣ ਕਾਰਨ ਉਸ ਦਾ ਇਹ ਉਪਰਾਲਾ ਅਸਫਲ ਰਿਹਾ। ਸੰਨ 1909 ਵਿਚ ਦੁਬਾਰਾ ਰਾਬਰਟ ਪੀਅਰੀ ਆਪਣੇ ਸਾਥੀਆਂ ਸਮੇਤ ਨਾਰਥ ਪੋਲ ਤੇ ਪਹੁੰਚਣ ਵਿਚ ਸਫਲ ਹੋ ਗਿਆ। ਇਸ ਪ੍ਰਕਾਰ ਲਗਭਗ 1926 ਤੱਕ ਨਾਰਥ ਪੋਲ ਤੇ ਪਹੁੰਚਣ ਵਾਲੇ ਮੁਹਿੰਮਕਾਰਾਂ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਪਰ 12 ਮਈ 1926 ਵਿਚ ਰੋਲਡ ਅਮੰਡਸੇਨ ਅਤੇ ਉਸ ਦੇ ਸਾਥੀ ਲਿੰਕਨ ਏਲਸਵਰਥ ਨੇ ਨਾਰਥ ਪੋਲ ਤੇ ਪਹੰੁਚ ਕੇ ਉੱਥੇ ਆਪਣਾ ਝੰਡਾ ਗੱਡਿਆ ਸੀ। ਇਸੇ ਤਰ੍ਹਾਂ ਨਾਰਥ ਪੋਲ ਦੇ ਬਰਫ਼ੀਲੇ ਇਲਾਕੇ ਵਿਚ 2003 ਤੋਂ ਹੁਣ ਤੱਕ 2.62 ਮੀਲ ਲੰਬੀ ਕਲਾਸਕੀ ਮੈਰਾਥਨ ਦੌੜ ਕਰਵਾਈ ਜਾਂਦੀ ਹੈ। ਇਹ ਦੌੜ ਹਰ ਸਾਲ ਦੋ ਵਾਰ ਗਰਮੀਆਂ ਦੇ ਮੌਸਮ ਵਿਚ ਹੁੰਦੀ ਹੈ।
ਇਸ ਦੌੜ ਵਿਚ ਭਾਗ ਲੈਣ ਵਾਲੇ ਵਿਅਕਤੀ ਦਾ ਖਰਚਾ ਲਗਭਗ ਪੰਜਾਹ ਹਜ਼ਾਰ ਡਾਲਰ ਦੇ ਕਰੀਬ ਹੁੰਦਾ ਹੈ। ਇਸ ਦੌੜ ਵਿਚ ਹੁਣ ਤੱਕ 54 ਦੇਸ਼ਾਂ ਦੇ ਲਗਭਗ 559 ਮਰਦ-ਔਰਤਾਂ ਨੇ ਹਿੱਸਾ ਲਿਆ ਹੈ। ਨਾਰਥ ਪੋਲ ਦੇ ਇਲਾਕੇ ਵਿਚ ਜ਼ਿਆਦਾ ਬਰਫ਼ ਪੈਣ ਕਾਰਨ ਇੱਥੇ ਖਾਣ-ਪੀਣ ਦੇ ਸਰੋਤ ਬਹੁਤ ਸੀਮਤ ਹਨ, ਜਿਸ ਕਾਰਨ ਇੱਥੇ ਵਾਸ ਕਰਦੇ ਜਾਨਵਰਾਂ ਅਤੇ ਪੰਛੀਆਂ ਦਾ ਲੰਮੇ ਸਮੇਂ ਤੱਕ ਜਿਊਣਾ ਮੁਸ਼ਕਿਲ ਹੁੰਦਾ ਹੈ। ਇਸ ਬਰਫ਼ੀਲੇ ਖੇਤਰ ਵਿਚ ਜੱਤ ਵਾਲਾ ਰਿੱਛ, ਹਾਰਪ ਸੀਲ, ਬਾਰਾਂ ਸਿੰਗਾ, ਰੇਂਡੀਅਰ, ਵੇਲ ਮੱਛੀਆਂ, ਮੂਜ਼, ਬਘਿਆੜ, ਚੀਤੇ, ਜੱਤ ਵਾਲੀਆਂ ਭੇਡਾਂ ਅਤੇ ਬੱਕਰੀਆਂ, ਲੂੰਬੜੀ ਤੋਂ ਇਲਾਵਾ ਗੰਜੀ ਇੱਲ, ਬਰਫ਼ ਦੀ ਬੱਤਖ਼, ਬਾਜ, ਗਿਰਗਿਟ ਅਤੇ ਚਿੱਟਾ ਉੱਲੂ ਮਿਲਦੇ ਹਨ। ਸਫ਼ਰਨਾਮੇ ਵਿਚ ਅਮਰੀਕਾ ਦੀ ਅਲਾਸਕਾ ਸਟੇਟ ਦੇ ਵੱਡੇ ਸ਼ਹਿਰ ‘ਐਂਕੋਰੇਜ਼’ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਸ਼ਹਿਰ ਵਿਚ ਬਹੁਤ ਵੱਡਾ ਹਵਾਈ ਅੱਡਾ ਹੈ ਜੋ ਵਪਾਰ ਤੋਂ ਇਲਾਵਾ ਮੁਸਾਫ਼ਰ ਹਵਾਈ ਜਹਾਜ਼ਾਂ ਨਾਲ ਭਰਿਆ ਰਹਿੰਦਾ ਹੈ। ਅਲਾਸਕਾ ਦੇ ਇਸ ਸਮੁੱਚੇ ਖੇਤਰ ਵਿਚ 86 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਇਸ ਸਫ਼ਰਨਾਮੇ ਵਿਚ ਬਰੇਵ ਕਰੂਜ਼ ਛੋਟੇ ਸਮੁੰਦਰੀ ਜਹਾਜ਼ ਬਾਰੇ ਵੀ ਚਿਤਰਨ ਕੀਤਾ ਗਿਆ ਹੈ। ਇਹ ਜਹਾਜ਼ ਸੀਵਾਰਡ ਪੋਰਟ ਤੋਂ ਕੈਨਾਈ ਫੀਓਰਡਜ਼ ਨੈਸ਼ਨਲ ਪਾਰਕ ਦੇ ਗਲੇਸ਼ੀਅਰ ਤੱਕ 200 ਸਵਾਰੀਆਂ ਨੂੰ ਲੈ ਕੇ ਜਾਂਦਾ ਹੈ। ਇਸ ਜਹਾਜ਼ ਦੀ ਪ੍ਰਤੀ ਵਿਅਕਤੀ 300 ਡਾਲਰ ਟਿਕਟ ਹੈ। ਜਹਾਜ਼ ਦੀ ਪਹਿਲੀ ਮੰਜ਼ਲ ਤੇ ਸਵਾਰੀਆਂ ਲਈ ਦੂਰਬੀਨਾਂ, ਗਰਮ ਚਾਕਲੇਟ, ਸਨੈਕਸ, ਸੋਢੇ, ਬੀਅਰ, ਵਾਈਨ ਤੇ ਕਈ ਕਿਸਮ ਦੀ ਸ਼ਰਾਬ ਮਿਲਦੀ ਹੈ। ਜਹਾਜ਼ ਰਾਹੀਂ ਸਾਰੇ ਯਾਤਰੀ ਸਮੁੰਦਰੀ ਸ਼ਾਰਕਾਂ, ਬਰਫ਼ ਦੇ ਵੱਡੇ-ਵੱਡੇ ਗਲੇਸ਼ੀਅਰ, ਦੂਰ ਪਹਾੜਾਂ ਤੇ ਚਰਦੀਆਂ ਬੱਕਰੀਆਂ ਤੋਂ ਇਲਾਵਾ ਛੋਟੇ-ਵੱਡੇ ਘਰਾਂ ਨੂੰ ਦੇਖਣ ਦਾ ਅਨੰਦ ਮਾਣ ਸਕਦੇ ਹਨ। ਸਫ਼ਰਨਾਮੇ ਵਿਚ ਇਸ ਬਰਫ਼ੀਲੇ ਖੇਤਰ ਵਿਚ ਆਉਂਦੇ ਭੁਚਾਲਾਂ ਬਾਰੇ ਵੀ ਚਿਤਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁੱਤਾ ਬੱਘੀ ਇੱਥੇ ਵੱਸਦੇ ਲੋਕਾਂ ਦਾ ਸਭਿਆਚਾਰਕ ਧੰਦਾ ਹੈ, ਜਿਸ ਰਾਹੀਂ ਲੋਕ ਦੂਰ ਦੁਰਾਡੇ ਬਰਫ਼ੀਲੇ ਮੈਦਾਨਾਂ ਦੀ ਸੈਰ ਕਰਦੇ ਹਨ। ਕੁੱਤਾ ਬੱਘੀ ਅਸਲ ਵਿਚ ਸਿੱਖਿਅਕ ਮੋਟੀ ਜੱਤ ਵਾਲੇ ਕੁੱਤਿਆਂ ਦੀ ਇੱਕ ਟੀਮ ਹੁੰਦੀ ਹੈ ਜੋ ਰਲ ਕੇ ਬੱਘੀ ਨੂੰ ਬਰਫ਼ ਤੇ ਖਿੱਚਦੇ ਹਨ। ਇਸੇ ਤਰ੍ਹਾਂ ਸਫ਼ਰਨਾਮੇ ਵਿਚ ਉਨ੍ਹਾਂ ਸਿਰੜੀ ਖੋਜਕਾਰਾਂ ਬਾਰੇ ਵੀ ਦਰਸਾਇਆ ਗਿਆ ਹੈ, ਜਿਨ੍ਹਾਂ ਨੇ ਧਰਤੀ ਦੇ ਆਰ-ਪਾਰ ਜਾਣ ਲਈ ਲਗਭਗ ਬਾਰਾਂ ਕਿੱਲੋਮੀਟਰ ਤੱਕ ਦਾ ਪਾੜ ਪਾ ਦਿੱਤਾ ਸੀ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਨਾ ਹੋ ਸਕੀ।
ਉਪਰੋਕਤ ਚਰਚਾ ਨੂੰ ਸਮੇਟਦੇ ਹੋਏ ਕਿਹਾ ਜਾ ਸਕਦਾ ਹੈ ਕਿ ਚਰਨਜੀਤ ਸਿੰਘ ਪੰਨੂ ਦੁਆਰਾ ਰਚਿਤ ‘ਨਾਰਥ ਪੋਲ’ ਸਫ਼ਰਨਾਮਾ ਇੱਕ ਅਹਿਮ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਸਫ਼ਰਨਾਮਾਕਾਰ ਨੇ ਨਾਰਥ ਪੋਲ ਦੀ ਫੇਰੀ ਦੌਰਾਨ ਉੱਥੋਂ ਦੇ ਬਰਫ਼ੀਲੇ ਖੇਤਰ ਦੇ ਸਮੁੱਚੇ ਵਰਤਾਰੇ ਨੂੰ ਚਿਤਰਿਆ ਹੈ। ਸਫ਼ਰਨਾਮੇ ਵਿਚ ਮੁੱਖ ਤੌਰ ਤੇ ਬੈਰੋ ਉਤਕੀਆਗਵਿਕ, ਟਾਪ ਆਫ਼ ਦੀ ਵਰਲਡ ਪੁਆਇੰਟ, ਹੋਟਲ ਮੂੰਗਵਿਟ, ਨਾਰਥ ਪੋਲ ਦੀ ਹੋਂਦ, ਨਾਰਥ ਪੋਲ ਦੇ ਲੱਛਣ, ਨਾਰਥ ਪੋਲ ਦੀ ਖੋਜ ਮੁਹਿੰਮ, ਨਾਰਥ ਪੋਲ ਮਹਾਂਦੀਪ ਦੇ ਨੇੜਲੇ ਦੇਸ਼, ਨਾਰਥ ਪੋਲ ਇਲਾਕੇ ਵਿਚ ਜਾਨਵਰ ਅਤੇ ਪੰਛੀਆਂ ਦੀ ਸਥਿਤੀ, ਐਂਕੋਰੇਜ਼, ਬਰੇਵ ਕਰੂਜ਼ ਸਵਾਰੀ, ਭੁਚਾਲ, ਕੁੱਤਾ ਬੱਘੀ, ਪੋਲਰ ਪ੍ਰੀਤ, ਹਵਾਈ ਉਡਾਣਾਂ, ਪੁਲਾੜ ਖੋਜ ਤੋਂ ਇਲਾਵਾ ਧਰਤੀ ਵਿਚਲੇ ਪਾੜ ਬਾਰੇ ਬਹੁਤ ਬਾਰੀਕੀ ਨਾਲ ਦਰਸਾਇਆ ਗਿਆ ਹੈ।
ਡਾ. ਗੁਰਦੀਪ ਸਿੰਘ ਭੁੱਲਰ,
ਮੋਬਾਈਲ ਨੰਬਰ-8968933436
Share this content:

Post Comment