Loading Now

ਘਰ ਵਾਪਸੀ — ਰਿਵਰਸ ਮਾਈਗ੍ਰੇਸ਼ਨ ਲਈ ਅਪੀਲ : ਡਾ. ਸਵਰਾਜ ਸਿੰਘ

ਘਰ ਵਾਪਸੀ — ਰਿਵਰਸ ਮਾਈਗ੍ਰੇਸ਼ਨ ਲਈ ਅਪੀਲ : ਡਾ. ਸਵਰਾਜ ਸਿੰਘ

IMG-20251012-WA0041 ਘਰ ਵਾਪਸੀ — ਰਿਵਰਸ ਮਾਈਗ੍ਰੇਸ਼ਨ ਲਈ ਅਪੀਲ : ਡਾ. ਸਵਰਾਜ ਸਿੰਘ
ਡਾ. ਸਵਰਾਜ ਸਿੰਘ

ਹੁਣੇ-ਹੁਣੇ ਯੂਟਿਊਬ ‘ਤੇ ਦੋ ਵੀਡੀਓ ਦੇਖਣ ਦਾ ਮੌਕਾ ਮਿਲ਼ਿਆ — ਇੱਕ ਮਾਨਸਿਕ ਸਿਹਤ ਬਾਰੇ ਮਾਹਰ ਦੀ ਅਤੇ ਦੂਜੀ ਇੱਕ ਬਹੁਤ ਹੀ ਜਾਣੇ-ਪਹਿਚਾਣੇ ਪੱਤਰਕਾਰ ਦੀ। ਦੋਵਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਹੈ।ਮਾਨਸਿਕ ਸਿਹਤ ਬਾਰੇ ਮਾਹਰ ਨੇ ਕਿਹਾ ਕਿ ਉਸ ਦੀ ਆਪਣੀ ਲੜਕੀ ਕਨੇਡਾ ਵਿੱਚ ਰਹਿੰਦੀ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਨੌਜਵਾਨ ਕਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੇਸ਼ਾਂ ਤੋਂ ਆਪਣੀਆਂ ਮਾਨਸਿਕ ਸਮੱਸਿਆਵਾਂ ਲਈ ਉਸ ਤੋਂ ਆਨਲਾਈਨ ਸਲਾਹ (ਕੰਸਲਟੇਸ਼ਨ) ਲੈਂਦੇ ਹਨ। ਅੱਜਕੱਲ੍ਹ ਸਾਡੇ ਨੌਜਵਾਨਾਂ ਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਇਹਨਾਂ ਦੇਸ਼ਾਂ ਵਿੱਚ ਕਰਨਾ ਪੈ ਰਿਹਾ ਹੈ, ਉਸ ਤੋਂ ਉਹ ਭਲੀ-ਭਾਂਤੀ ਜਾਣੂ ਹੈ। ਇਹ ਬਹੁਤ ਹੀ ਜਾਣੇ-ਪਹਿਚਾਣੇ ਪੱਤਰਕਾਰ ਅਮਰੀਕਾ ਵਿੱਚ ਭਾਰਤੀਆਂ ਨੂੰ ਭਾਰਤੀਆਂ ਵਿਰੁੱਧ ਵੱਧ ਰਹੇ ਨਸਲਵਾਦ ਅਤੇ ਨਸਲੀ ਹਿੰਸਾ ਦਾ ਸਾਹਮਣਾ ਕਰਨ ਬਾਰੇ ਗੱਲ ਕਰ ਰਹੇ ਹਨ। ਭਾਵੇਂ ਇਹਨਾਂ ਦੋਵਾਂ ਦੇ ਖੇਤਰ ਬਿਲਕੁਲ ਵੱਖਰੇ ਹਨ, ਪਰੰਤੂ ਦੋਵੇਂ ਹੀ ਇੱਕੋ ਨਤੀਜੇ ‘ਤੇ ਪਹੁੰਚੇ ਹਨ ਅਤੇ ਦੋਵੇਂ ਹੀ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਲੋਕਾਂ ਨੂੰ ਇੱਕੋ ਹੀ ਸਲਾਹ ਦੇ ਰਹੇ ਹਨ ਕਿ ਹੁਣ ਵਿਦੇਸ਼ਾਂ ਵਿੱਚ ਉਹਨਾਂ ਦਾ ਭਵਿੱਖ ਨਾ ਤਾਂ ਸੁਰੱਖਿਅਤ ਹੈ ਅਤੇ ਨਾ ਹੀ ਚੰਗਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਤੁਲਨਾਤਮਕ ਤੌਰ ‘ਤੇ ਭਾਰਤ ਦਾ ਭਵਿੱਖ ਚੰਗਾ ਹੋਣ ਵਾਲਾ ਹੈ ਅਤੇ ਉਹਨਾਂ ਦਾ ਭਵਿੱਖ ਵੀ ਤੁਲਨਾਤਮਕ ਤੌਰ ‘ਤੇ ਇੱਥੇ ਜ਼ਿਆਦਾ ਸੁਰੱਖਿਅਤ ਅਤੇ ਚੰਗਾ ਹੈ।

ਜ਼ਾਹਿਰ ਹੈ, ਬਹੁਤ ਸਾਰੇ ਲੋਕਾਂ ਦਾ ਪਰਵਾਸ ਬਾਰੇ ਨਜ਼ਰੀਆ ਬਦਲ ਰਿਹਾ ਹੈ।ਮਾਨਸਿਕ ਸਿਹਤ ਬਾਰੇ ਮਾਹਰ ਨੇ ਸਾਡੇ ਨੌਜਵਾਨਾਂ, ਵਿਦਿਆਰਥੀਆਂ ਦੇ ਵਧ ਰਹੇ ਮਾਨਸਿਕ ਤਣਾਅ ਅਤੇ ਪੀੜ ਬਾਰੇ ਬਹੁਤ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਬਹੁਤ ਜ਼ਿਆਦਾ ਆਰਥਿਕ ਦਬਾਅ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮਾਂ-ਪਿਓ ਦਬਾਅ ਪਾਉਂਦੇ ਹਨ ਕਿ ਤੁਸੀਂ ਜਲਦੀ ਤੋਂ ਜਲਦੀ ਨੌਕਰੀ ਲੱਭੋ, ਪੀ.ਆਰ. ਲਓ ਅਤੇ ਪੈਸੇ ਵਾਪਸ ਭੇਜੋ। ਪਰ ਮਾਂ-ਪਿਓ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।ਕਈ ਵਾਰੀ ਨੌਜਵਾਨ ਇਹ ਮਹਿਸੂਸ ਕਰਦੇ ਹਨ ਕਿ ਉਹ ਆਪਣੀਆਂ ਮੁਸ਼ਕਲਾਂ ਦੱਸ ਕੇ ਮਾਪਿਆਂ ਨੂੰ ਹੋਰ ਪਰੇਸ਼ਾਨ ਕਰਨਗੇ ਅਤੇ ਕਈ ਵਾਰ ਉਹ ਇੰਨੀ ਮਾੜੀ ਸਥਿਤੀ ਵਿੱਚੋਂ ਲੰਘ ਰਹੇ ਹੁੰਦੇ ਹਨ ਕਿ ਉਹ ਦੱਸਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਇਹ ਗੱਲ ਖ਼ਾਸ ਤੌਰ ‘ਤੇ ਕੁੜੀਆਂ ‘ਤੇ ਲਾਗੂ ਹੁੰਦੀ ਹੈ।

ਨੌਕਰੀਆਂ ਲੱਭਣਾ ਬਹੁਤ ਔਖਾ ਹੋ ਗਿਆ ਹੈ, ਮਹਿੰਗਾਈ ਬਹੁਤ ਵੱਧ ਗਈ ਹੈ। ਜੇ ਨੌਕਰੀ ਮਿਲ਼ ਵੀ ਜਾਂਦੀ ਹੈ ਤਾਂ ਉਸ ਪੈਸੇ ਨਾਲ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੈ। ਪੈਸੇ ਬਦਲਣ ਦੀ ਦਰ (ਕਨਵਰਜ਼ਨ ਰੇਟ) ਵੀ ਬਹੁਤ ਭੁਲੇਖਾਪਾਊ ਹੁੰਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ — “ਉੱਥੇ ਜਾ ਕੇ ਤੁਸੀਂ ਲੱਖ ਤੋਂ ਦੋ ਲੱਖ ਰੁਪਏ ਮਹੀਨਾ ਕਮਾਓਗੇ।” ਉਹਨਾਂ ਦਾ ਇਹ ਪ੍ਰਭਾਵ ਬਣ ਜਾਂਦਾ ਹੈ ਕਿ ਇਸ ਪੈਸੇ ਨਾਲ ਉਹਨਾਂ ਦਾ ਜੀਵਨ ਸੌਖਾ ਕੱਟ ਜਾਵੇਗਾ। ਪਰੰਤੂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਪੈਸੇ ਦੀ ਖਰੀਦ-ਸ਼ਕਤੀ ਉੱਥੇ ਬਹੁਤ ਘੱਟ ਹੈ।ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ — ਜਿਵੇਂ ਖਾਣਾ-ਪੀਣਾ ਤੇ ਰਹਿਣ ਦੀ ਜਗ੍ਹਾ ਲਈ ਵੀ ਉਹ ਖਰਚਾ ਨਹੀਂ ਕੱਢ ਸਕਦੇ। ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਹੈ। ਰਹਿਣ ਲਈ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ, ਖ਼ਾਸ ਕਰਕੇ ਕੁੜੀਆਂ ਨੂੰ। ਉਹਨਾਂ ਕਿਹਾ ਕਿ ਕੁੜੀਆਂ ਨੂੰ ਵੱਡੇ ਪੱਧਰ ‘ਤੇ ਕਾਮਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸ ਕਰਕੇ ਨੌਕਰੀ ਦੇਣ ਵਾਲਿਆਂ ਤੋਂ ਅਤੇ ਰਹਿਣ ਲਈ ਜਗ੍ਹਾ ਦੇਣ ਵਾਲਿਆਂ ਤੋਂ।ਰਹਿਣ ਲਈ ਜਗ੍ਹਾ ਤਾਂ ਮਿਲੇ ਗਈ ਜੇ ਤੁਸੀਂ 70–75 ਸਾਲ ਦੇ ਮਰਦ ਨਾਲ ਬਿਸਤਰਾ ਸਾਂਝਾ ਕਰੋਗੇ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸਾਡੇ ਪਹਿਲਾਂ ਤੋਂ ਵੱਸੇ ਲੋਕ ਆਪਣੇ ਹੀ ਨੌਜਵਾਨ ਮੁੰਡਿਆਂ ਦਾ ਆਰਥਿਕ ਸ਼ੋਸ਼ਣ ਅਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਹਨ।ਇਹਨਾਂ ਗੱਲਾਂ ਦੀ ਪੁਸ਼ਟੀ ਬਹੁਤ ਵਾਰੀ ਹੋ ਜਾਂਦੀ ਹੈ। ਇੱਕ 75 ਸਾਲਾ ਪੰਜਾਬੀ, ਜਿਸ ਨੂੰ ਹੁਣ ਕਾਫ਼ੀ ਸਿਹਤ-ਸੰਬੰਧੀ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇ ਕਨੇਡਾ ਤੋਂ ਲਿਆਂਦੇ ਸਮਾਨ ਵਿੱਚ “ਵਿਆਗਰਾ” — ਕਾਮ ਉਤੇਜਨਾ ਅਤੇ ਸ਼ਕਤੀ ਵਧਾਉਣ ਵਾਲੀ ਦਵਾਈ — ਦੇਖ ਕੇ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਲੋੜ ਕਿੱਥੇ ਪੈਂਦੀ ਹੈ? ਉਹਨਾਂ ਜਵਾਬ ਦਿੱਤਾ — “ਹੁਣ ਆਪਣੇ ਤਾਂ ਵਾਰੇ- ਨਿਆਰੇ ਹਨ। 18–20 ਸਾਲ ਦੀਆਂ ਕੁੜੀਆਂ ਮੋਟਲ ਵਿੱਚ ਛੋਟੀ-ਮੋਟੀ ਜੋਬ/ਨੌਕਰੀ ਲੈਣ ਲਈ ਝੱਟ ਤਿਆਰ ਹੋ ਜਾਂਦੀਆਂ ਹਨ। ਕਈਆਂ ਕੋਲ ਰਹਿਣ ਲਈ ਜਗ੍ਹਾ ਨਹੀਂ ਹੁੰਦੀ। ਜੇ ਸਾਡੇ ਮੋਟਲ ਵਿੱਚ ਕੋਈ ਕਮਰਾ ਖਾਲੀ ਹੋਵੇ ਤਾਂ ਵੀ ਗੱਲ ਬਣ ਜਾਂਦੀ ਹੈ।”

ਕਈ ਮੁੰਡਿਆਂ ਨੇ ਇਹ ਦੱਸਿਆ ਕਿ ਸਾਡੇ ਲੋਕ ਉਹਨਾਂ ਦਾ ਬਹੁਤ ਆਰਥਿਕ ਸ਼ੋਸ਼ਣ ਕਰਦੇ ਹਨ। ਪਹਿਲਾਂ ਤਾਂ ਤਨਖਾਹ ਹੀ ਬਹੁਤ ਘੱਟ ਦਿੰਦੇ ਹਨ, ਉੱਤੋਂ ਕਈ ਵਾਰ ਉਹ ਪੈਸੇ ਵੀ ਮਾਰ ਲੈਂਦੇ ਹਨ। ਉਲਟਾ ਸਾਨੂੰ ਡਰਾਉਂਦੇ ਹਨ ਕਿ “ਅਸੀਂ ਤੁਹਾਡੀ ਸ਼ਿਕਾਇਤ ਲਾ ਦਵਾਂਗੇ ਕਿ ਤੁਸੀਂ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਹੋ।” ਮਾਨਸਿਕ ਸਿਹਤ ਦੇ ਮਾਹਰ ਨੇ ਕਿਹਾ — “ਮੈਂ ਇਹਨਾਂ ਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਵਾਪਸ ਆਪਣੇ ਦੇਸ਼ ਆ ਜਾਓ। ਇੱਥੇ ਤੁਹਾਡੀ ਜ਼ਿੰਦਗੀ ਉੱਥੇ ਨਾਲੋਂ ਬਿਹਤਰ ਹੋ ਸਕਦੀ ਹੈ।” ਉਸ ਨੇ ਕਿਹਾ ਕਿ ਕੁਝ ਨੇ ਉਸ ਦੀ ਸਲਾਹ ਮੰਨ ਲਈ ਤੇ ਕਹਿ ਰਹੇ ਹਨ ਕਿ “ਅਸੀਂ ਤੁਹਾਡੀ ਸਲਾਹ ਮੰਨ ਕੇ ਚੰਗੇ ਰਹੇ।” ਪਰ ਕਈ ਇਹ ਕਹਿੰਦੇ ਹਨ ਕਿ “ਜੇ ਅਸੀਂ ਵਾਪਸ ਆ ਗਏ ਤਾਂ ਲੋਕ ਸਾਨੂੰ ਟਿੱਪਣੀਆਂ – ਟਿੱਚਰਾਂ ਕਰਕੇ ਪਰੇਸ਼ਾਨ ਕਰਨਗੇ ਕਿ ਇਹ ਉੱਥੇ ਕਮਾਉਣ ਗਏ ਸਨ ਪਰ ਖਾਲੀ ਹੱਥ ਮੁੜ ਆਏ।” ਉਸ ਨੇ ਕਿਹਾ ਕਿ ਕਈ ਲੋਕ ਜੋ ਕਾਫ਼ੀ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਸਨ, ਉਹਨਾਂ ਨੇ ਆਪਣੇ ਤੌਰ ‘ਤੇ ਹੀ ਵਾਪਸ ਆਉਣ ਦਾ ਫ਼ੈਸਲਾ ਕੀਤਾ ਅਤੇ ਇਹ ਕਹਿ ਰਹੇ ਹਨ ਕਿ “ਅਸੀਂ ਆਪਣੇ ਫ਼ੈਸਲੇ ਨਾਲ਼ ਖ਼ੁਸ਼ ਹਾਂ।”

ਬਹੁਤ ਸਾਰੇ ਜਾਣੇ – ਪਹਿਚਾਣੇ ਪੱਤਰਕਾਰ ਆਪਣੀ ਵੀਡੀਓ ਵਿੱਚ ਦਿਖਾ ਰਹੇ ਹਨ ਕਿ ਕਿਸ ਤਰ੍ਹਾਂ ਅਮਰੀਕਾ ਵਿੱਚ ਭਾਰਤੀਆਂ ਨੂੰ ਭਿਆਨਕ ਅਤੇ ਬਰਬਰਤਾ ਵਾਲੇ ਹਿੰਸਕ ਨਸਲੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਭਾਰਤੀ ਦਾ ਸਿਰ ਵੱਢ ਕੇ ਇੱਕ ਸ਼ਖ਼ਸ ਉਸਦੇ ਵੱਢੇ ਸਿਰ ਨੂੰ ਠੁੱਡੇ ਮਾਰ ਰਿਹਾ ਹੈ ਅਤੇ ਫਿਰ ਉਸ ਨੂੰ ਕੂੜੇਦਾਨ ਵਿੱਚ ਸੁੱਟ ਰਿਹਾ ਹੈ। ਇੱਕ ਸ਼ਖ਼ਸ ਇੱਕ ਭਾਰਤੀ ਦੇ ਨਾਲੋਂ ਲੰਘ ਰਿਹਾ ਹੈ ਅਤੇ ਭਾਰਤੀ ਕਹਿ ਰਿਹਾ ਹੈ — “ਤੇਰਾ ਕੀ ਹਾਲ ਹੈ?” — ਇਹ ਸ਼ਖ਼ਸ ਪਿਸਤੌਲ ਕੱਢ ਕੇ ਉਸਦੇ ਸਿਰ ‘ਤੇ ਗੋਲੀ ਮਾਰਦਾ ਹੈ। ਇੱਕ ਭਾਰਤੀ ਨਰਸ ਵੈਂਟੀਲੇਟਰ ‘ਤੇ ਹੈ ਅਤੇ ਉਸਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਦਿਸ ਰਹੀਆਂ ਹਨ — ਉਹ ਨਸਲੀ ਹਮਲੇ ਦਾ ਸ਼ਿਕਾਰ ਹੋ ਗਈ ਸੀ।

ਪੱਤਰਕਾਰ ਕਹਿ ਰਿਹਾ ਹੈ ਕਿ ਪ੍ਰਧਾਨ ਟਰੰਪ ਅਮਰੀਕਾ ਨੂੰ ਭਾਰਤੀਆਂ ‘ਤੇ ਨਸਲੀ ਹਮਲੇ ਕਰਨ ਲਈ ਉਕਸਾ ਰਿਹਾ ਹੈ। ਪੱਤਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦਾ ਭੱਠਾ ਬੈਠ ਰਿਹਾ ਹੈ ਅਤੇ ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ। ਟਰੰਪ ਇਸ ਗੱਲ ‘ਤੇ ਬਹੁਤ ਦੁਖੀ ਹੈ ਅਤੇ ਚਿੜ ਗਿਆ ਹੈ ਤੇ ਭਾਰਤੀਆਂ ‘ਤੇ ਆਪਣਾ ਗੁੱਸਾ ਕੱਢ ਰਿਹਾ ਹੈ।ਪੱਤਰਕਾਰ ਦਾ ਕਹਿਣਾ ਹੈ ਕਿ ਭਾਰਤੀਆਂ ਲਈ ਅਮਰੀਕਾ ਵਿੱਚ ਜੀਵਨ ਬਦ ਤੋਂ ਬਦਤਰ ਹੋਣ ਵਾਲ਼ਾ ਹੈ। ਉਹ ਭਾਰਤੀਆਂ ਤੋਂ ਸਵਾਲ ਪੁੱਛ ਰਿਹਾ ਹੈ — “ਤੁਸੀਂ ਅਮਰੀਕਾ ਵਿੱਚ ਕਿਉਂ ਰਹਿਣਾ ਚਾਹੁੰਦੇ ਹੋ, ਜਿੱਥੇ ਤੁਹਾਡੇ ਲਈ ਇੰਨੀ ਨਫ਼ਰਤ ਹੈ?” ਉਹ ਕਹਿੰਦਾ ਹੈ ਕਿ ਤੁਹਾਡੇ ਲਈ ਇਹੀ ਚੰਗਾ ਹੈ ਕਿ ਤੁਸੀਂ ਅਮਰੀਕਾ ਛੱਡ ਕੇ ਭਾਰਤ ਵਾਪਸ ਆ ਜਾਓ।ਉਸ ਦਾ ਕਹਿਣਾ ਹੈ — “ਜਿੱਥੇ ਅਮਰੀਕਾ ਲਗਾਤਾਰ ਥੱਲੇ ਡਿੱਗ ਰਿਹਾ ਹੈ, ਉੱਥੇ ਭਾਰਤ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ। ਇਸ ਲਈ ਭਾਰਤ ਵਿੱਚ ਤੁਹਾਡਾ ਭਵਿੱਖ ਹੁਣ ਉੱਥੇ ਨਾਲੋਂ ਚੰਗਾ ਹੈ।”

ਕਿੰਨੇ ਕੁ ਲੋਕ ਵਾਪਸ ਮੁੜਨਗੇ, ਇਸ ਬਾਰੇ ਤਾਂ ਕੁਝ ਕਹਿਣਾ ਔਖਾ ਹੈ। ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਪਰਵਾਸ ਲਈ ਹੁਣ ਪਹਿਲਾਂ ਵਰਗਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ।

Share this content:

Post Comment