Loading Now

ਗੱਲਾਂ ਦਾ ਡਾਕਟਰ/ਡਾ. ਹੀਰਾ ਸਿੰਘ ਭੁੱਪਲ

ਗੱਲਾਂ ਦਾ ਡਾਕਟਰ/ਡਾ. ਹੀਰਾ ਸਿੰਘ ਭੁੱਪਲ

ਸ਼ੁੱਕਰਵਾਰ ਸਵੇਰੇ-ਸਵੇਰੇ ਜਸਵਿੰਦਰ ਭੱਲਾ ਉਰਫ ਚਾਚੇ ਚਤਰੇ ਦੇ ਬੇਵਕਤ ਇੰਤਕਾਲ ਦੀ ਖ਼ਬਰ ਨੇ ਧੁਰ ਅੰਦਰ ਤੱਕ ਦੁੱਖ ਅਤੇ ਨਮੋਸ਼ੀ ਨਾਲ ਭਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਪਿਛਲੇ ਤਕਰੀਬਨ ਦੋ-ਢਾਈ ਦਹਾਕਿਆਂ ਦੀਆਂ ਕੁਝ ਅਭੁੱਲ ਯਾਦਾਂ ਮੇਰੇ ਦਿਲੋ-ਦਿਮਾਗ ’ਚ ਛਿਣ ਭਰ ਵਿੱਚ ਕਿਸੇ ਗੰਭੀਰ ਫਿਲਮ ਦੇ ਅਤਿ ਜਜ਼ਬਾਤੀ ਅਤੇ ਸੰਵੇਦਨਸ਼ੀਲ ਸੀਨ ਵਾਂਗ ਅੱਖਾਂ ਸਾਹਮਣੇ ਆ ਗਈਆਂ। ਬਹੁਤ ਸਾਰੇ ਲੋਕਾਂ ਨੇ ਜਸਵਿੰਦਰ ਭੱਲਾ ਦਾ ਫਿਲਮਾਂ ਵਾਲਾ ਹੀ ਪੱਖ ਦੇਖਿਆ ਤੇ ਮਾਣਿਆ ਹੈ, ਪਰ ਮੈਂ ਉਨ੍ਹਾਂ ਦੇ ਕਈ ਪੱਖ ਦੇਖੇ ਤੇ ਮਾਣੇ ਹਨ। ਉਨ੍ਹਾਂ ਦੀ ਜਿ਼ੰਦਗੀ ਦਾ ਇੱਕ ਅਜਿਹਾ ਅਹਿਮ ਪੱਖ ਸੀ ਜੋ ਬਹੁਤ ਘੱਟ ਸਾਹਮਣੇ ਆਇਆ- ਇਹ ਸੀ ਉਨ੍ਹਾਂ ਦਾ ਅਕਾਦਮਿਕ, ਬੌਧਿਕ ਅਤੇ ਪ੍ਰਸ਼ਾਸਨਿਕ ਯੋਗਤਾ ਵਾਲਾ ਪੱਖ ਜੋ ਉਨ੍ਹਾਂ ਦੀ ਵਿਲੱਖਣਤਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਨ੍ਹਾਂ ਨਾਲ ਮੇਰਾ ਵਾਹ ਪਹਿਲਾਂ ਬਤੌਰ ਵਿਦਿਆਰਥੀ ਪਿਆ।

ਉਨ੍ਹਾਂ ਉਸ ਸਮੈਸਟਰ ਵਿੱਚ ਸਾਨੂੰ ਪਸਾਰ ਸਿੱਖਿਆ ਦਾ ਖੇਤੀ ਸੰਚਾਰ ਕੋਰਸ ਪੜ੍ਹਾਇਆ। ਉਸ ਗਰੁੱਪ ਵਿੱਚ ਸਾਰੇ ਮੁੰਡੇ ਹੀ ਸੀ ਤੇ ਸਾਰੇ ਇੱਕ ਤੋਂ ਵੱਧ ਇੱਕ ਪੰਜਾਬੀ ਗਾਣਿਆਂ ਅਤੇ ਫਿਲਮਾਂ ਦੇਖਣ ਦੇ ਸ਼ੁਕੀਨ। ਜਦ ਸਾਨੂੰ ਪਤਾ ਲੱਗਾ ਕਿ ਜਸਵਿੰਦਰ ਭੱਲਾ ਨੇ ਸਾਨੂੰ ਕੋਰਸ ਪੜ੍ਹਾਉਣਾ ਹੈ ਤਾਂ ਮੈਂ ਤੇ ਮੇਰਾ ਦੋਸਤ ਗੁਰਮਿੰਦਰ ਚਾਹਲ ਆਪ-ਮੁਹਾਰੇ ਹੀ ਹੱਸੀ ਜਾਈਏ। ਸਾਨੂੰ ਲੱਗਦਾ ਸੀ ਕਿ ਉਨ੍ਹਾਂ ਸਾਨੂੰ ਕੀ ਪੜ੍ਹਾਉਣਾ ਹੈ, ਬਸ ਹਾਸਾ ਮਖੌਲ ਹੀ ਕਰਨਾ, ਪਰ ਹੋਇਆ ਇਸ ਦੇ ਐਨ ਉਲਟ। ਪਹਿਲੇ ਹੀ ਦਿਨ ਕਲਾਸ ਲੱਗੀ; ਅਸੀਂ ਸਾਰੇ ਕਮੇਡੀਅਨ ਅਤੇ ਭੱਲਾ ਸਾਹਿਬ ਗੰਭੀਰ ਪ੍ਰੋਫੈਸਰ। ਇਹ ਉਲਟੀ ਗੰਗਾ ਵਹਿਣ ਵਾਂਗ ਹੋ ਗਿਆ ਸੀ। ਸਾਡੀਆਂ ਕਲਾਸਾਂ ਤਾਲਿਕਾ ਸੂਚੀ ਮੁਤਾਬਿਕ ਲੱਗੀਆਂ ਤੇ ਸਮੈਸਟਰ ਖ਼ਤਮ ਹੋਣ ਵਾਲਾ ਸੀ, ਆਖਿ਼ਰੀ ਕਲਾਸ ਸੀ। ਅਸੀਂ ਮਜ਼ਾਕੀਆ ਲਹਿਜੇ ’ਚ ਸੰਗਦੇ-ਸੰਗਾਉਂਦਿਆਂ ਨੇ ਭੱਲਾ ਸਾਹਿਬ ਨੂੰ ਯੂਨੀਵਰਸਿਟੀ ਕੰਟੀਨ ਚਾਹ ਪਿਆਉਣ ਲਈ ਟਿੱਚਰ ਜਿਹੀ ਕੀਤੀ। ਡਾ. ਜਸਵਿੰਦਰ ਭੱਲਾ ਨੇ ਆਪਣੇ ਅੰਦਾਜ਼ ’ਚ ਕਿਹਾ, “ਚਲੋ ਫੇਰ ਗੁਲਜ਼ਾਰੀ ਦੀ ਕੰਟੀਨ ਚਲਦੇ ਆਂ।” ਗੁਲਜ਼ਾਰੀ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਦੀ ਆਓ ਭਗਤ ਕੀਤੀ।

Share this content:

Post Comment