ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲਜ ਫਰੀਦਕੋਟ ਵਿੱਚ ਸੀਟਾਂ 150 ਤੋਂ ਵੱਧ ਕੇ 250 ਹੋਈਆਂ- ਵਿਧਾਇਕ ਸੇਖੋਂ
ਫਰੀਦਕੋਟ, 20 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲਜ ਅਤੇ ਹਸਪਤਾਲ, ਫਰੀਦਕੋਟ , ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦਾ ਕੰਨਸਟੀਚਿਊਟ ਕਾਲਜ ਹੈ ਵਿੱਚ ਐਮ.ਬੀ.ਬੀ.ਐਸ ਕੋਰਸ ਦੀਆਂ ਸੀਟਾਂ ਹੁਣ 150 ਤੋਂ ਵੱਧ ਕੇ 250 ਹੋ ਗਈਆਂ ਹਨ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਇਤਿਹਾਸਕ ਪਿਛੋਕੜ ਅਨੁਸਾਰ ਕਾਲਜ 1978 ਵਿੱਚ ਸਿਰਫ਼ 50 ਐਮ.ਬੀ.ਬੀ.ਐਸ ਸੀਟਾਂ ਨਾਲ ਪਟਨਾ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਦੇ ਸਹਿਯੋਗ ਨਾਲ ਕਾਲਜ ਫਰੀਦਕੋਟ ਵਿੱਚ ਲਿਆਂਦਾ ਗਿਆ। ਛੋਟੇ ਸ਼ਹਿਰ ਵਿੱਚ ਹੋਣ ਕਾਰਨ ਲਗਭਗ 32 ਸਾਲ ਤੱਕ ਕਾਲਜ ਕਿਰਾਏ ਦੀ ਬਿਲਡਿੰਗ ਵਿੱਚ ਚਲਦਾ ਰਿਹਾ ਅਤੇ 2012 ਵਿੱਚ ਨਵੀਂ ਇਮਾਰਤ ਵਿੱਚ ਸਥਾਪਿਤ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਸਾਲਾਂ ਦਰ ਸਾਲ ਐਮਬੀਬੀਐਸ ਸੀਟਾਂ ਵਿੱਚ ਵਾਧਾ ਇਸ ਤਰ੍ਹਾਂ ਹੋਇਆ ਜਿਸ ਵਿੱਚ 1978 ਵਿੱਚ 50 ਸੀਟਾਂ, 2013 ਵਿੱਚ 100 ਸੀਟਾਂ, 2019 ਵਿੱਚ 125 ਸੀਟਾਂ, 2023 ਵਿੱਚ 150 ਸੀਟਾਂ, 2 ਸਤੰਬਰ 2025 ਨੂੰ 200 ਸੀਟਾਂ ਅਤੇ 18 ਸਤੰਬਰ 2025 ਨੂੰ 250 ਸੀਟਾਂ। ਉਨ੍ਹਾਂ ਕਿਹਾ ਕਿ ਇਹ ਵਾਧਾ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦੇ ਸਹਿਯੋਗ ਨਾਲ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਐਮਬੀਬੀਐਸ ਤੋਂ ਇਲਾਵਾ ਪੋਸਟਗ੍ਰੈਜੂਏਟ ਸਿੱਖਿਆ ਵਿੱਚ ਵੀ ਵਾਧਾ ਹੋਇਆ ਹੈ। 1998-99 ਵਿੱਚ ਕੇਵਲ 9 ਐਮਡੀ/ਐਮਐਸ ਸੀਟਾਂ ਸਨ, ਜੋ ਹੁਣ 2025 ਤੱਕ 105 ਹੋ ਗਈਆਂ ਹਨ।
ਆਉਣ ਵਾਲੇ ਸੈਸ਼ਨ ਵਿੱਚ 22 ਹੋਰ ਨਵੀਆਂ ਸੀਟਾਂ ਸ਼ੁਰੂ ਕੀਤੀਆਂ ਜਾਣਗੀਆਂ। ਯੂਨੀਵਰਸਿਟੀ ਨੇ ਨਰਸਿੰਗ ਦੀਆਂ ਸੀਟਾਂ ਵਿੱਚ ਵਾਧਾ, ਡੈਂਟਲ ਕਾਲਜ (50 ਬੀਡੀਐਸ ਸੀਟਾਂ), ਫਿਜੀਓਥੈਰੇਪੀ ਅਤੇ ਫਾਰਮੇਸੀ ਕਾਲਜ ਦੀ ਸਥਾਪਨਾ, ਦਸ ਸਾਲ ਬਾਅਦ ਸਕਿੱਲ ਵਿਕਾਸ ਕੇਂਦਰ ਦਾ ਦੁਬਾਰਾ ਸ਼ੁਰੂ ਅਤੇ ਭਾਰਤੀ ਫੌਜ ਨਾਲ ਸਹਿਯੋਗ ਨਾਲ ਅਗਨਿਵੀਰਾਂ ਲਈ ਹੈਲਥ ਸਿੱਖਿਆ ਦੀ ਟ੍ਰੇਨਿੰਗ ਵਰਗੀਆਂ ਨਵੀਆਂ ਪਹੁੰਚਾਂ ਦੀ ਵੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਵਿਭਾਗਾਂ ਵਿੱਚ ਟਰਾਮਾ ਕੇਅਰ, ਬੱਚਿਆਂ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਪਰਿਵਾਰਕ ਸਿਹਤ, ਐਮਰਜੈਂਸੀ ਸਿਹਤ, ਸੰਕਟਮਈ ਦੇਖਭਾਲ, ਯੂਰੋਲੋਜੀ ਅਤੇ ਨਿਊਰੋ ਸਰਜਰੀ ਸ਼ਾਮਿਲ ਹਨ। ਕਰਮਚਾਰੀਆਂ ਦੀ ਰੈਗੂਲਰਾਈਜ਼ੇਸ਼ਨ ਅਤੇ ਬੋਰਡ ਆਫ ਮੈਨੇਜਮੈਂਟ ਵਿੱਚ ਹੋਰ ਚਰਚਾ ਵੀ ਕੀਤੀ ਜਾਵੇਗੀ। ਸ. ਸੇਖੋਂ ਨੇ ਕਿਹਾ ਕਿ ਇਹ ਵਾਧਾ ਨਾ ਸਿਰਫ਼ ਕਾਲਜ ਅਤੇ ਯੂਨੀਵਰਸਿਟੀ ਦੀ ਤਰੱਕੀ ਦਰਸਾਉਂਦਾ ਹੈ, ਸਗੋਂ ਪੰਜਾਬ ਸਰਕਾਰ ਦੇ ਸਿਹਤ ਸੰਬੰਧੀ ਵਿਜ਼ਨ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਸੂਬੇ ਵਿੱਚ ਹੋਰ ਵਧੀਆ ਡਾਕਟਰ ਤਿਆਰ ਹੋ ਸਕਣਗੇ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੰਜੇ ਗੁਪਤਾ, ਡਾ. ਨੀਤੂ ਕੁੱਕੜ ਮੈਡੀਕਲ ਸੁਪਰਡੈਂਟ, ਡਾ. ਸੌਰਵ ਸਿਨਹਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Share this content:



Post Comment