ਖਾਦਾਂ ਦੀ ਵਿਕਰੀ ਤੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ
ਡੀ ਏ ਪੀ ਅਤੇ ਯੂਰੀਆ ਖਾਦ ਨਾਲ ਬੇਲੋੜੀਆਂ ਵਸਤਾਂ ਦੀ ਜਬਰੀ ਵਿਕਰੀ ਖੇਤੀ ਅਰਥਚਾਰੇ ਲਈ ਗੰਭੀਰ ਚੁਣੌਤੀ ਹੈ। ਦੇਸ਼ ਦੀ ਖੁਰਾਕ ਸੁਰੱਖਿਆ ਦੀ ਨੀਂਹ ਰੱਖਣ ਵਾਲਾ ਕਿਸਾਨ ਅੱਜ ਆਰਥਿਕ ਸ਼ੋਸ਼ਣ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਖੇਤੀਬਾੜੀ ਲਈ ਜ਼ਰੂਰੀ ਖਾਦਾਂ ਦੀ ਸਪਲਾਈ ਨੂੰ ਵਪਾਰਕ ਅਦਾਰਿਆਂ ਲਈ ਵਾਧੂ ਮੁਨਾਫ਼ਾ ਕਮਾਉਣ ਦਾ ਸਾਧਨ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਕਿਸਾਨ ਆਪਣੀ ਮਿਹਨਤ, ਸੀਮਤ ਪੂੰਜੀ ਅਤੇ ਕੁਦਰਤੀ ਸਾਧਨਾਂ ਸਹਾਰੇ ਦੇਸ਼ ਦੀਆਂ ਅਨਾਜ ਸਬੰਧੀ ਲੋੜਾਂ ਪੂਰੀਆਂ ਕਰਦੇ ਹਨ, ਪਰ ਕਿਸਾਨਾਂ ਨੂੰ ਖੇਤੀ ਲਾਗਤਾਂ ਵਿੱਚ ਵਾਧੇ, ਫ਼ਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ, ਕੁਦਰਤੀ ਆਫ਼ਤਾਂ ਅਤੇ ਕਰਜ਼ੇ ਦੇ ਬੋਝ ਦੇ ਨਾਲ-ਨਾਲ ਖਾਦਾਂ ਦੀ ਸਪਲਾਈ ਅਤੇ ਵਿਕਰੀ ਨਾਲ ਜੁੜੀਆਂ ਕਥਿਤ ਬੇਨੇਮੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਦ ਨਿਰਮਾਤਾਵਾਂ ਅਤੇ ਸਪਲਾਈ ਕੰਪਨੀਆਂ ਵੱਲੋਂ ਕਿਸਾਨਾਂ ਅਤੇ ਖਾਦ ਵਿਕਰੇਤਾਵਾਂ ਉੱਤੇ ਬੇਲੋੜੀਆਂ ਵਸਤਾਂ ਤੇ ਖੇਤੀ ਸਮੱਗਰੀ ਖ਼ਰੀਦਣ ਲਈ ਦਬਾਅ ਪਾਇਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵਿਸ਼ੇਸ਼ ਤੌਰ ’ਤੇ ਡੀ ਏ ਪੀ ਅਤੇ ਯੂਰੀਆ ਵਰਗੀਆਂ ਜ਼ਰੂਰੀ ਖਾਦਾਂ ਨਾਲ ਵਾਧੂ ਉਤਪਾਦਾਂ ਦੀ ਵਿਕਰੀ ਕਿਸਾਨਾਂ ਦੀ ਖੇਤੀ ਲਾਗਤ ਅਤੇ ਮਾਨਸਿਕ ਪ੍ਰੇਸ਼ਾਨੀ ਵਧਾਉਂਦੀ ਹੈ। ਖੇਤੀਬਾੜੀ ਵਿੱਚ ਡੀ ਏ ਪੀ, ਯੂਰੀਆ ਅਤੇ ਹੋਰ ਪੋਸ਼ਕ ਤੱਤਾਂ ਵਾਲੀਆਂ ਖਾਦਾਂ ਦੀ ਆਪਣੀ ਵਿਗਿਆਨਕ ਅਹਿਮੀਅਤ ਹੈ। ਫ਼ਸਲ ਦੀ ਕਿਸਮ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪੋਸ਼ਕ ਤੱਤਾਂ ਦੀ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਹੁੰਦੀ ਹੈ। ਬਿਜਾਈ ਵੇਲੇ ਲੋੜੀਂਦੀ ਖਾਦ ਦੀ ਸਮੇਂ ਸਿਰ ਉਪਲਬਧਤਾ ਬਹੁਤ ਜ਼ਰੂਰੀ ਹੈ। ਇਸੇ ਮਜਬੂਰੀ ਦਾ ਫ਼ਾਇਦਾ ਉਠਾ ਕੇ ਜੇਕਰ ਕਿਸੇ ਕਿਸਾਨ ਜਾਂ ਡੀਲਰ ਨੂੰ ਹੋਰ ਉਤਪਾਦ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਹ ਸ਼ੋਸ਼ਣਕਾਰੀ ਵਪਾਰਕ ਪ੍ਰਥਾ ਹੈ, ਜਿਸ ਨੂੰ ਟੈਗਿੰਗ ਵੀ ਕਿਹਾ ਜਾ ਸਕਦਾ ਹੈ। ਕੰਪਨੀਆਂ ਵੱਲੋਂ ਡੀ ਏ ਪੀ ਜਾਂ ਯੂਰੀਆ ਦੀ ਉਪਲਬਧਤਾ ਨੂੰ ਲੁਕਵੇਂ ਢੰਗ ਨਾਲ ਬਾਇਓ ਖਾਦਾਂ, ਸਲਫ਼ਰ ਆਧਾਰਿਤ ਉਤਪਾਦਾਂ, ਮਿੱਟੀ ਸੁਧਾਰਕਾਂ ਜਾਂ ਹੋਰ ਖੇਤੀ ਸਮੱਗਰੀ ਦੀ ਖ਼ਰੀਦ ਨਾਲ ਜੋੜ ਦਿੱਤਾ ਜਾਂਦਾ ਹੈ। ਦਰਅਸਲ, ਕਿਸਾਨਾਂ ਨੂੰ ਇਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ।
ਕੰਪਨੀਆਂ ਵੱਲੋਂ ਥੋਕ ਵਿਕਰੇਤਾਵਾਂ ਨੂੰ ਜ਼ਰੂਰੀ ਖਾਦਾਂ ਦੇ ਨਾਲ ਹੋਰ ਸਮੱਗਰੀ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਥੋਕ ਵਿਕਰੇਤਾ ਇਹ ਸਮੱਗਰੀ ਪ੍ਰਚੂਨ ਡੀਲਰਾਂ ਨੂੰ ਦਿੰਦੇ ਹਨ ਅਤੇ ਅੰਤ ਵਿੱਚ ਇਸ ਦਾ ਬੋਝ ਕਿਸਾਨ ਉੱਤੇ ਪੈਂਦਾ ਹੈ। ਹਰ ਖਾਦ ਡੀਲਰ ਇਸ ਵਰਤਾਰੇ ਵਿੱਚ ਆਪਣੀ ਮਰਜ਼ੀ ਨਾਲ ਸ਼ਾਮਿਲ ਨਹੀਂ ਹੁੰਦਾ ਸਗੋਂ ਕੰਪਨੀਆਂ ਦੀਆਂ ਸਪਲਾਈ ਸ਼ਰਤਾਂ ਅੱਗੇ ਡੀਲਰ ਬੇਵੱਸ ਹੋ ਜਾਂਦੇ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਵਾਧੂ ਉਤਪਾਦ ਲੈਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਦੀ ਜ਼ਰੂਰੀ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਕੰਪਨੀਆਂ ਇਸੇ ਦਬਾਅ ਹੇਠ ਆਪਣਾ ਮੁਨਾਫ਼ਾ ਕਮਾਉਣ ਵਾਲਾ ਸੌਦਾ ਜਾਰੀ ਰੱਖਦੀਆਂ ਹਨ। ਇੱਥੋਂ ਤੱਕ ਕਿ ਬੇਲੋੜੇ ਸਾਮਾਨ ਦੀ ਸਪਲਾਈ ਇਨ੍ਹਾਂ ਕੰਪਨੀਆਂ ਵੱਲੋਂ ਪਹਿਲਾਂ ਹੀ ਭੇਜੀ ਜਾਂਦੀ ਹੈ ਅਤੇ ਸਾਮਾਨ ਵੇਚਣ ਦੇ ਟੀਚੇ ਦਿੱਤੇ ਜਾਂਦੇ ਹਨ। ਜਿਹੜੇ ਡੀਲਰ ਮਜਬੂਰੀਵੱਸ ਬੇਲੋੜੇ ਸਾਮਾਨ ਨੂੰ ਵੱਧ ਮਾਤਰਾ ਵਿੱਚ ਲੈਂਦੇ ਹਨ, ਉਨ੍ਹਾਂ ਨੂੰ ਜ਼ਰੂਰੀ ਖਾਦਾਂ ਦੀ ਸਪਲਾਈ ਵੱਧ ਮਿਲਦੀ ਹੈ ਅਤੇ ਜਿਹੜੇ ਡੀਲਰ ਵਾਧੂ ਸਾਮਾਨ ਨੂੰ ਖ਼ਰੀਦਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦੀ ਸਪਲਾਈ ਰੋਕਣ ਦਾ ਦਬਾਅ ਬਣਾਇਆ ਜਾਂਦਾ ਹੈ। ਇਉਂ ਕੰਪਨੀਆਂ ਘੱਟ ਲਾਗਤ ਵਾਲੇ ਉਤਪਾਦਾਂ ਤੋਂ ਵਧੇਰੇ ਮੁਨਾਫ਼ਾ ਕਮਾਉਣ ਦੇ ਕਥਿਤ ਵਰਤਾਰੇ ਨੂੰ ਲਗਾਤਾਰ ਵਧਾ ਰਹੀਆਂ ਹਨ। ਕੁਝ ਕੰਪਨੀਆਂ ਬਾਇਓ ਖਾਦਾਂ, ਸਲਫਰ ਆਧਾਰਿਤ ਖਾਦਾਂ ਜਾਂ ਹੋਰ ਉਤਪਾਦਾਂ ਨੂੰ ਹੋਰ ਕਿਸੇ ਕੰਪਨੀ ਤੋਂ ਘੱਟ ਕੀਮਤਾਂ ’ਤੇ ਤਿਆਰ ਕਰਵਾ ਕੇ ਅੱਗੇ ਵੱਧ ਕੀਮਤਾਂ ਉੱਤੇ ਕਿਸਾਨਾਂ ਨੂੰ ਵੇਚਦੀਆਂ ਹਨ। ਖ਼ਰੀਦਣ ਲਈ ਲੁਕਵੇਂ ਢੰਗ ਨਾਲ ਦਬਾਅ ਬਣਾਉਣ ਅਤੇ ਖ਼ਰੀਦਦਾਰ ਨੂੰ ਆਪਣੀ ਲੋੜ ਅਨੁਸਾਰ ਫ਼ੈਸਲਾ ਕਰਨ ਦੀ ਆਜ਼ਾਦੀ ਨਾ ਹੋਣ ਨਾਲ ਸਮੱਸਿਆ ਹੋਰ ਗੰਭੀਰ ਬਣਦੀ ਹੈ। ਆਖ਼ਰ ਡੀਲਰ ਤੇ ਕਿਸਾਨਾਂ ਨੂੰ ਇਹ ਸਾਰਾ ਸਾਮਾਨ ਖ਼ਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇਕਰ ਕੋਈ ਕਿਸਾਨ ਇਹ ਵਾਧੂ ਸਾਮਾਨ ਨਹੀਂ ਖ਼ਰੀਦਦਾ ਤਾਂ ਉਸ ਨੂੰ ਲੋੜੀਂਦੀ ਖਾਦ ਡੀ ਏ ਪੀ ਜਾਂ ਯੂਰੀਆ ਦੀ ਨਿਰਧਾਰਿਤ ਕੀਮਤ ਤੋਂ ਵਧੇਰੇ ਕੀਮਤ ਅਦਾ ਕਰਨੀ ਪੈਂਦੀ ਹੈ ਭਾਵ ਖਾਦ ਬਲੈਕ ਵਿੱਚ ਦਿੱਤੀ ਜਾਂਦੀ ਹੈ।
ਖੇਤੀਬਾੜੀ ਸਮਾਂਬੱਧ ਕੰਮ ਹੈ। ਬਿਜਾਈ, ਸਿੰਜਾਈ ਅਤੇ ਖਾਦ ਦੀ ਵਰਤੋਂ ਲਈ ਢੁਕਵੇਂ ਸਮੇਂ ਦੀ ਅਹਿਮੀਅਤ ਹੁੰਦੀ ਹੈ। ਜੇਕਰ ਬਿਜਾਈ ਵੇਲੇ ਖਾਦ ਨਾ ਮਿਲੇ ਤਾਂ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਕਿਸਾਨ ਖਾਦ ਦੀ ਖ਼ਰੀਦ ਲੰਮੇ ਸਮੇਂ ਤੱਕ ਟਾਲ ਨਹੀਂ ਸਕਦਾ। ਕਣਕ ਦੀ ਬਿਜਾਈ ਵੇਲੇ ਡੀ ਏ ਪੀ ਖਾਦ ਦੀ ਮੰਗ ਵਧਣ ਕਾਰਨ ਸਪਲਾਈ ਦੀ ਅਨਿਸ਼ਚਿਤਤਾ ਕਿਸਾਨ ਨੂੰ ਹੋਰ ਕਮਜ਼ੋਰ ਕਰ ਦਿੰਦੀ ਹੈ। ਇਸ ਤੋਂ ਇਲਾਵਾ ਬੀਜ, ਡੀਜ਼ਲ, ਮਸ਼ੀਨਰੀ, ਮਜ਼ਦੂਰੀ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਹੋਰ ਸਮੱਗਰੀ ਦੀ ਲਾਗਤ ਕਿਸਾਨਾਂ ਦੀ ਆਮਦਨ ਦਾ ਵੱਡਾ ਹਿੱਸਾ ਖਾ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਬੇਲੋੜੇ ਉਤਪਾਦਾਂ ਦੀ ਜਬਰੀ ਖ਼ਰੀਦ ਕਿਸਾਨਾਂ ਲਈ ਵਾਧੂ ਆਰਥਿਕ ਬੋਝ ਬਣਦੀ ਹੈ। ਲੁਕਵੇਂ ਢੰਗ ਨਾਲ ਹੋ ਰਹੀ ਲੁੱਟ ਕਿਸਾਨੀ ਨੂੰ ਆਰਥਿਕ ਸੰਕਟ ਵੱਲ ਧੱਕ ਰਹੀ ਹੈ, ਜਿਸ ਦਾ ਭਵਿੱਖ ਵਿੱਚ ਕਿਸਾਨੀ ਆਰਥਿਕਤਾ ’ਤੇ ਬਹੁਤ ਹੀ ਬੁਰਾ ਪ੍ਰਭਾਵ ਪਵੇਗਾ। ਜੇਕਰ ਦੇਸ਼ ਦੇ ਰਕਬੇ ਦੇ ਹਿਸਾਬ ਨਾਲ ਇਨ੍ਹਾਂ ਬੇਲੋੜੇ ਖ਼ਰਚਿਆਂ ਨੂੰ ਜੋੜਿਆ ਜਾਵੇ ਤਾਂ ਇਹ ਰਕਮ ਅਰਬਾਂ ਵਿੱਚ ਜਾਵੇਗੀ। ਇਹ ਵਰਤਾਰਾ ਕਿਸਾਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੱਲ ਧੱਕ ਰਿਹਾ ਹੈ। ਇਸ ਮਾਮਲੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਭੂਮਿਕਾ ਮਹੱਤਵਪੂਰਨ ਹੈ। ਖਾਦਾਂ ਦੀ ਗੁਣਵੱਤਾ, ਸਪਲਾਈ ਅਤੇ ਵਿਕਰੀ ਨੂੰ ਨਿਯਮਿਤ ਕਰਨ ਲਈ ਪ੍ਰਬੰਧ ਮੌਜੂਦ ਹਨ।
ਫਿਰ ਵੀ ਜੇਕਰ ਜਬਰੀ ਵਿਕਰੀ ਤੇ ਖ਼ਰੀਦ, ਵੱਧ ਕੀਮਤ ਵਸੂਲੀ ਜਾਂ ਸਪਲਾਈ ਦੀਆਂ ਬੇਨੇਮੀਆਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਤਾਂ ਕਾਨੂੰਨ ਦੀ ਪਾਲਣਾ ਉੱਤੇ ਸਵਾਲ ਖੜ੍ਹੇ ਹੁੰਦੇ ਹਨ। ਜੇਕਰ ਕੋਈ ਡੀਲਰ ਇਸ ਗੋਰਖਧੰਦੇ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਦੀ ਖਾਦਾਂ ਦੀ ਸਪਲਾਈ ਦੀ ਨਿਰੰਤਰਤਾ ਲਈ ਕੀ ਪ੍ਰਬੰਧ ਹਨ? ਬਿਨਾਂ ਸਬੂਤ ਕਿਸੇ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਪਰ ਮਿਲੀਭੁਗਤ ਜਾਂ ਲੁਕਵੇਂ ਢੰਗ ਨਾਲ ਕੀਤੀ ਜਾ ਰਹੀ ਜ਼ਬਰਦਸਤੀ ਦੇ ਦੋਸ਼ਾਂ ਦੀ ਆਜ਼ਾਦਾਨਾ ਅਤੇ ਪਾਰਦਰਸ਼ੀ ਜਾਂਚ ਹੋਣੀ ਜ਼ਰੂਰੀ ਹੈ। ਕੰਪਨੀਆਂ ਵੱਲੋਂ ਖਾਦ ਸਪਲਾਈ ਬੰਦ ਕਰਨ ਦੇ ਡਰੋਂ ਖਾਦ ਵੇਚਣ ਵਾਲੇ ਡੀਲਰ ਉਨ੍ਹਾਂ ਦੀ ਸਾਹਮਣੇ ਆ ਕੇ ਲਿਖਤੀ ਸ਼ਿਕਾਇਤ ਨਹੀਂ ਕਰਦੇ, ਪਰ ਅੰਦਰੋਂ ਬਹੁਤ ਦੁਖੀ ਹਨ। ਕਿਸਾਨ ਜਥੇਬੰਦੀਆਂ ਵੱਲੋਂ ਹਰ ਸਾਲ ਤੇ ਹਰ ਸੀਜ਼ਨ ਵਿੱਚ ਟੈਗਿੰਗ ਤੇ ਜ਼ਬਰਦਸਤੀਆਂ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਹਰ ਸਾਲ ਇਹ ਵਰਤਾਰਾ ਵਧਦਾ ਜਾ ਰਿਹਾ ਹੈ। ਇਸ ਵਰਤਾਰੇ ਵਿੱਚ ਨੀਮ-ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਸ਼ਾਮਿਲ ਹਨ। ਡੀ ਏ ਪੀ ਤੇ ਯੂਰੀਆ ਨਾਲ ਵਾਧੂ ਮੈਟੀਰੀਅਲ ਪ੍ਰਾਈਵੇਟ ਖਾਦ ਡੀਲਰਾਂ ਨੂੰ ਵੇਚਿਆ ਜਾਂਦਾ ਹੈ ਅਤੇ ਸਹਿਕਾਰੀ ਸਭਾਵਾਂ ਨੂੰ ਇਹ ਜਬਰੀ ਦਿੱਤਾ ਜਾਂਦਾ ਹੈ, ਜੋ ਅੱਗੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।
ਸਰਕਾਰਾਂ ਨੂੰ ਖਾਦ ਕੰਪਨੀਆਂ ਦੀਆਂ ਸਪਲਾਈ ਸ਼ਰਤਾਂ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ। ਕਿਸਾਨਾਂ ਅਤੇ ਡੀਲਰਾਂ ਲਈ ਆਜ਼ਾਦਾਨਾ ਅਤੇ ਗੁਪਤ ਸ਼ਿਕਾਇਤ ਪ੍ਰਣਾਲੀ ਬਣਾਈ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਸ਼ਿਕਾਇਤ ਕਰ ਸਕਣ। ਜੇਕਰ ਕਿਸੇ ਵੇਲੇ ਕੋਈ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਕੰਪਨੀਆਂ ਇਸ ਵਰਤਾਰੇ ਨੂੰ ਟੈਗਿੰਗ ਨਾ ਕਹਿ ਕੇ ਸੁਰਖਰੂ ਹੋ ਜਾਂਦੀਆਂ ਹਨ ਕਿਉਂਕਿ ਇਹ ਵਰਤਾਰਾ ਲੁਕਵੇਂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇੱਕ ਪਾਸੇ ਕੇਂਦਰ ਸਰਕਾਰ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਨੂੰ ਵਾਜਬ ਕੀਮਤਾਂ ਉੱਤੇ ਖਾਦਾਂ ਉਪਲਬਧ ਕਰਵਾਉਣ ਲਈ ਵੱਡੀ ਰਕਮ ਸਬਸਿਡੀ ਦੇ ਰੂਪ ਵਿੱਚ ਖਰਚ ਕਰਦੀ ਹੈ ਤੇ ਦੂਜੇ ਪਾਸੇ ਸਬਸਿਡੀ ਵਾਲੀਆਂ ਜ਼ਰੂਰੀ ਖਾਦਾਂ ਦੀ ਉਪਲਬਧਤਾ ਦਾ ਫ਼ਾਇਦਾ ਉਠਾ ਕੇ ਕਿਸਾਨਾਂ ਨੂੰ ਮਹਿੰਗੇ ਜਾਂ ਬੇਲੋੜੇ ਉਤਪਾਦ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਵਪਾਰ ’ਤੇ ਜਾਇਜ਼ ਮੁਨਾਫ਼ਾ ਠੀਕ ਹੈ ਪਰ ਕਿਸਾਨ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਮੁਨਾਫ਼ਾ ਨਹੀਂ ਕਮਾਇਆ ਜਾਣਾ ਚਾਹੀਦਾ। ਹੁਣ ਸਰਕਾਰਾਂ ਨੂੰ ਚੁੱਪ ਤੋੜਨੀ ਪਵੇਗੀ ਕਿਉਂਕਿ ਖਾਦਾਂ ਦੀ ਸਪਲਾਈ ਨਾਲ ਬੇਲੋੜੀਆਂ ਵਸਤਾਂ ਦੀ ਕਥਿਤ ਜਬਰੀ ਵਿਕਰੀ ਨੂੰ ਕਿਸਾਨ ਜਾਂ ਸੂਬੇ ਦਾ ਮਾਮਲਾ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਸਪੱਸ਼ਟ ਨੀਤੀ ਅਪਣਾਉਣੀ ਚਾਹੀਦੀ ਹੈ। ਖਾਦ ਸਪਲਾਈ ਪ੍ਰਣਾਲੀ ਦੀ ਵਿਆਪਕ ਪੱਧਰ ’ਤੇ ਸਮੀਖਿਆ ਅਤੇ ਲੋੜ ਅਨੁਸਾਰ ਆਜ਼ਾਦਾਨਾ ਤੌਰ ’ਤੇ ਉੱਚ ਪੱਧਰੀ ਜਾਂਚ ਹੋਵੇ, ਜਿਸ ਵਿੱਚ ਕੰਪਨੀਆਂ, ਡੀਲਰਾਂ, ਕਿਸਾਨ ਪ੍ਰਤੀਨਿਧੀਆਂ ਅਤੇ ਸਬੰਧਿਤ ਵਿਭਾਗਾਂ ਦੇ ਪੱਖ ਸੁਣੇ ਜਾਣ। ਜੇਕਰ ਬਾਰੀਕੀ ਨਾਲ ਇਸ ਗੋਰਖਧੰਦੇ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਪੱਧਰ ’ਤੇ ਕਿਸਾਨਾਂ ਦੀ ਹੋ ਰਹੀ ਲੁੱਟ ਤੇ ਕੰਪਨੀਆਂ ਦੀ ਮਿਲੀਭੁਗਤ ਸਾਹਮਣੇ ਆਵੇਗੀ। ਕਿਸਾਨ ਦੀ ਖ਼ਰੀਦ ਸ਼ਕਤੀ ਕਮਜ਼ੋਰ ਹੋਣ ਦਾ ਅਸਰ ਸਿਰਫ਼ ਖੇਤੀ ਉਤਪਾਦਨ ਉੱਤੇ ਹੀ ਨਹੀਂ ਪੈਂਦਾ ਸਗੋਂ ਪੇਂਡੂ ਬਾਜ਼ਾਰਾਂ ਅਤੇ ਸਮੁੱਚੇ ਅਰਥਚਾਰੇ ਨੂੰ ਢਾਹ ਲੱਗਦੀ ਹੈ। ਅੰਨਦਾਤੇ ਦੀ ਮਜਬੂਰੀ ਨੂੰ ਮੁਨਾਫ਼ੇ ਦਾ ਸਾਧਨ ਨਾ ਬਣਾਇਆ ਜਾਵੇ। ਕਿਸਾਨ ਪਹਿਲਾਂ ਹੀ ਆਰਥਿਕ, ਕੁਦਰਤੀ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ ਇਹ ਸਿਰਫ਼ ਵਪਾਰਕ ਵਿਵਾਦ ਨਹੀਂ ਸਗੋਂ ਕਿਸਾਨ ਦੀ ਆਰਥਿਕ ਆਜ਼ਾਦੀ ਅਤੇ ਖੇਤੀ ਦੀ ਲੰਮੇ ਸਮੇਂ ਦੀ ਸਥਿਰਤਾ ਦਾ ਸਵਾਲ ਹੈ। ਉਸ ਨੂੰ ਆਪਣੀ ਜ਼ਰੂਰਤ ਅਨੁਸਾਰ ਵਾਜਬ ਕੀਮਤ ਉੱਤੇ ਬਿਨਾਂ ਦਬਾਅ ਤੋਂ ਖੇਤੀ ਸਮੱਗਰੀ ਮਿਲਣੀ ਚਾਹੀਦੀ ਹੈ।
Share this content:



Post Comment