Loading Now

ਕੌਮਾਂਤਰੀ ਸੰਕਟ ਦੇ ਬਾਵਜੂਦ ਭਾਰਤੀ ਅਰਥਚਾਰਾ ਮਜ਼ਬੂਤ: ਸ਼ਾਹ

ਕੌਮਾਂਤਰੀ ਸੰਕਟ ਦੇ ਬਾਵਜੂਦ ਭਾਰਤੀ ਅਰਥਚਾਰਾ ਮਜ਼ਬੂਤ: ਸ਼ਾਹ

ਪਣਜੀ, 8 ਸਤੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੂਟਨੀਤਕ ਖੇਤਰ ਵਿੱਚ ਭਾਰਤ ਦੀ ਪਹੁੰਚ ਲਗਾਤਾਰ ਵਧ ਰਹੀ ਹੈ ਅਤੇ ਆਲਮੀ ਭੂ-ਸਿਆਸੀ ਸੰਕਟ ਦੇ ਬਾਵਜੂਦ ਦੇਸ਼ ਨੇ ਆਪਣੇ ਆਰਥਿਕ ਵਿਕਾਸ ਦੀ ਰਫ਼ਤਾਰ ਬਰਕਰਾਰ ਰੱਖੀ ਹੈ। ਇੱਥੇ ਪਣਜੀ ਵਿੱਚ ਗੋਆ ਪੁਲੀਸ ਨੂੰ ‘ਪ੍ਰੈਜ਼ੀਡੈਂਟ ਕਲਰ’ ਭੇਟ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਅਤੇ ਖਾੜੀ ਦੇਸ਼ਾਂ ਦੇ ਟਕਰਾਅ ਕਾਰਨ ਪਿਛਲੇ ਕੁਝ ਸਾਲਾਂ ਤੋਂ ਆਲਮੀ ਪੱਧਰ ’ਤੇ ਉਥਲ-ਪੁਥਲ ਮਚੀ ਹੋਈ ਹੈ। ਇਸ ਔਖੇ ਸਮੇਂ ਵਿੱਚ ਵੀ ਭਾਰਤ ਨੇ 2026 ਤੱਕ ਨੌਂ ਮੁਕਤ ਵਪਾਰ ਸਮਝੌਤੇ ਮੁਕੰਮਲ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਦਕਾ ਹੀ ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ ਦੌਰਾਨ ਦੇਸ਼ ਦੀ ਜੀ ਡੀ ਪੀ ਵਿਕਾਸ ਦਰ 7.8 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਯੂ ਏ ਈ, ਆਸਟਰੇਲੀਆ ਅਤੇ ਬਰਤਾਨੀਆ ਸਮੇਤ 38 ਦੇਸ਼ਾਂ ਨਾਲ ਵਪਾਰਕ ਸਮਝੌਤੇ ਪ੍ਰਸਤਾਵਿਤ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਦੇਸ਼ਾਂ ਦਾ ਦੌਰਾ ਕੀਤਾ ਜਦਕਿ 15 ਦੇਸ਼ਾਂ ਦੇ ਮੁਖੀਆਂ ਨੇ ਭਾਰਤ ਫੇਰੀ ਪਾਈ।

ਸ਼ਾਹ ਅਨੁਸਾਰ ਅੱਜ ਪੂਰੀ ਦੁਨੀਆ ਹਰ ਮਸਲੇ ’ਤੇ ਭਾਰਤੀ ਪ੍ਰਧਾਨ ਮੰਤਰੀ ਦੇ ਨਜ਼ਰੀਏ ਵੱਲ ਦੇਖਦੀ ਹੈ। ਇਸੇ ਤਹਿਤ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਹੁਣ 140 ਕਰੋੜ ਲੋਕਾਂ ਦਾ ਸੰਕਲਪ ਬਣ ਚੁੱਕਾ ਹੈ। ਗੋਆ ਪੁਲੀਸ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਠ ਦਹਾਕਿਆਂ ਦੀ ਸ਼ਾਨਦਾਰ ਸੇਵਾ ਮਗਰੋਂ ਇਸ ਬਲ ਨੂੰ ‘ਪ੍ਰੈਜ਼ੀਡੈਂਟ ਕਲਰ’ ਮਿਲਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬਾ ਪੁਲੀਸ ਨੇ ਅੰਦਰੂਨੀ ਸੁਰੱਖਿਆ, ਸਮੁੰਦਰੀ ਸਰਹੱਦਾਂ ਦੀ ਰਾਖੀ ਅਤੇ ਸੈਲਾਨੀਆਂ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਖ਼ੀਰ ਵਿੱਚ ਉਨ੍ਹਾਂ ਵੱਧ ਰਹੇ ਡਿਜੀਟਲ ਅਰਥਚਾਰੇ ਦੌਰਾਨ ਸਾਈਬਰ ਠੱਗੀਆਂ ਦੇ ਖ਼ਤਰੇ ਤੋਂ ਸੁਚੇਤ ਕਰਦਿਆਂ 1930 ਕੌਮੀ ਹੈਲਪਲਾਈਨ ਨੂੰ ਵੱਡਾ ਸੁਰੱਖਿਆ ਕਵਚ ਕਰਾਰ ਦਿੱਤਾ।

Share this content:

Post Comment