ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਅੰਤਰਰਾਸ਼ਟਰੀ ਪੁੱਲ ਚਾਲੂ ਹੋਣ ਲਈ ਤਿਆਰ
ਵੈਨਕੂਵਰ, 11 ਜੁਲਾਈ – ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰ-ਪਾਰ ਆਵਾਜਾਈ ਲਈ ਡੈਟਰੋਇਟ ਦਰਿਆ ਉੱਤੇ ਬਣਾਇਆ ਗਿਆ ਛੇ ਲੇਨ ਵਾਲਾ ਵਿਸ਼ਾਲ ਪੁੱਲ ਜਲਦ ਹੀ ਚਾਲੂ ਹੋਣ ਜਾ ਰਿਹਾ ਹੈ, ਜਿਸ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ। ਭਾਰੀ ਵਾਹਨਾਂ, ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੇ ਰਸਤਿਆਂ ਵਾਲਾ ਇਹ ਮਜ਼ਬੂਤ ਤਾਰਾਂ ’ਤੇ ਟਿਕਿਆ (ਕੇਬਲ-ਸਟੇਡ) ਢਾਈ ਕਿਲੋਮੀਟਰ ਲੰਮਾ, 123 ਫੁੱਟ ਚੌੜਾ ਅਤੇ 272 ਫੁੱਟ ਉੱਚਾ ਪੁੱਲ, ਕੈਨੇਡਾ ਦੇ ਸ਼ਹਿਰ ਵਿੰਡਸਰ ਅਤੇ ਅਮਰੀਕੀ ਸੂਬੇ ਮਿਸ਼ੀਗਨ ਦੇ ਸ਼ਹਿਰ ਡੈਟਰੋਇਟ ਨੂੰ ਆਪਸ ਵਿੱਚ ਜੋੜੇਗਾ। ਇਹ ਪੁੱਲ ਕੈਨੇਡਾ ਦੇ ਹਾਈਵੇਅ 401 ਅਤੇ ਅਮਰੀਕਾ ਦੇ ਹਾਈਵੇਅ 75 ਦਾ ਇੱਕ ਅਹਿਮ ਜੋੜ ਬਣੇਗਾ। ਸਾਲ 2018 ਵਿੱਚ ਸ਼ੁਰੂ ਹੋਈ ਇਸ ਪੁੱਲ ਦੀ ਉਸਾਰੀ ਅੱਠ ਸਾਲਾਂ ਵਿੱਚ ਮੁਕੰਮਲ ਹੋਈ ਹੈ। ਇਹ ਪੁੱਲ 90 ਸਾਲ ਪੁਰਾਣੇ ‘ਅੰਬੈਸਡਰ ਬ੍ਰਿਜ’ ਦੀ ਥਾਂ ਲਵੇਗਾ, ਜੋ ਹੁਣ ਦੋਵਾਂ ਦੇਸ਼ਾਂ ਦੀ ਵਧਦੀ ਆਵਾਜਾਈ ਦਾ ਭਾਰ ਝੱਲਣ ਤੋਂ ਅਸਮਰੱਥ ਹੋ ਗਿਆ ਸੀ। ਉੱਤਰੀ ਅਮਰੀਕਾ ਵਿੱਚ ਤਾਰਾਂ ’ਤੇ ਟਿਕੇ ਪੁਲਾਂ ਵਿੱਚੋਂ ਇਹ ਸਭ ਤੋਂ ਲੰਮੇ ਸਪੈਨ ਵਾਲਾ ਪੁੱਲ ਹੈ।
ਇਸ ਦਾ ਨਾਂ ਅਮਰੀਕਾ ਦੇ ਪ੍ਰਸਿੱਧ ਆਈਸ ਹਾਕੀ ਖਿਡਾਰੀ ਦੇ ਨਾਂ ’ਤੇ ਰੱਖਿਆ ਗਿਆ ਹੈ। 6 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਏ ਇਸ ਪੁੱਲ ਦੇ ਖਰਚੇ ਦੀ ਵੰਡ ਦੋਵਾਂ ਦੇਸ਼ਾਂ ਨੇ ਬਰਾਬਰ ਕੀਤੀ ਹੈ। ਨਿੱਜੀ ਕੰਪਨੀ ਦੀ ਮਾਲਕੀ ਵਾਲੇ ਅੰਬੈਸਡਰ ਬ੍ਰਿਜ ਵਾਂਗ, ਵਾਹਨਾਂ ਨੂੰ ਇਸ ਪੁੱਲ ਦੀ ਵਰਤੋਂ ਕਰਨ ਬਦਲੇ ਟੌਲ ਟੈਕਸ ਭਰਨਾ ਪਵੇਗਾ। ਇਸ ਪੁੱਲ ਦੀ ਠੇਕੇਦਾਰ ਕੰਪਨੀ ਵੱਲੋਂ ਇਸਨੂੰ 1 ਜੂਨ ਤੋਂ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦੋਵਾਂ ਦੇਸ਼ਾਂ ਦੇ ਕੁਝ ਖਦਸ਼ਿਆਂ ਕਾਰਨ ਇਸ ਵਿੱਚ ਦੇਰੀ ਹੁੰਦੀ ਗਈ। ਆਖਰਕਾਰ ਦੋਵਾਂ ਦੇਸ਼ਾਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਇਸਦੇ ਚਾਲੂ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
Share this content:



Post Comment