Loading Now

ਕਾਕਰੋਚ ਜਨਤਾ ਪਾਰਟੀ ਦਾ ਅੱਜ ‘ਸੰਸਦ ਚਲੋ’ ਮਾਰਚ ਸ਼ੁਰੂ, ਧਾਰਾ 163 ਲਾਗੂ

ਕਾਕਰੋਚ ਜਨਤਾ ਪਾਰਟੀ ਦਾ ਅੱਜ ‘ਸੰਸਦ ਚਲੋ’ ਮਾਰਚ ਸ਼ੁਰੂ, ਧਾਰਾ 163 ਲਾਗੂ

ਨਵੀਂ ਦਿੱਲੀ, 20 ਜੁਲਾਈ – ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਤਵਾਰ ਨੂੰ ਅਪਣੇ ਸਮਰਥਕਾਂ ਨੂੰ ਅੱਜ ਹੋਣ ਵਾਲੇ ਪ੍ਰਸਤਾਵਿਤ ‘ਸੰਸਦ ਚਲੋ’ ਮਾਰਚ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਜੰਤਰ-ਮੰਤਰ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਦੀਪਕੇ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੁਲਿਸ ਇਸ ਪ੍ਰਦਰਸ਼ਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰ ਸਕਦੀ ਹੈ। ਇਹ ਮਾਰਚ ਪਾਰਲੀਮੈਂਟ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਨਾਲ ਮੇਲ ਖਾਂਦਾ ਹੈ, ਜੋ ਕਿ 13 ਅਗੱਸਤ ਤਕ ਚਲੇਗਾ। ਦੀਪਕੇ ਨੇ ਇਕ ਵੀਡੀਉ ਸੰਦੇਸ਼ ਜਾਰੀ ਕਰਦਿਆਂ ਕਿਹਾ, ‘‘ਜਿਵੇਂ ਕਿ ਤੁਸੀਂ ਵੇਖਿਆ, ਉਹ ਸੋਨਮ ਸਰ ਨੂੰ ਜ਼ਬਰਦਸਤੀ ਲੈ ਗਏ।

ਪਰ ਹਸਪਤਾਲ ਵਿਚ ਵੀ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ। ਸਾਡਾ ਪ੍ਰਦਰਸ਼ਨ ਚੱਲ ਰਿਹਾ ਹੈ। ਕਿਰਪਾ ਕਰ ਕੇ ਇੱਥੇ ਵੱਡੀ ਗਿਣਤੀ ਵਿਚ ਪਹੁੰਚੋ। ਰਾਤ ਭਰ ਇੱਥੇ ਹੀ ਰਹੋ। ਜੇਕਰ ਤੁਸੀਂ ਨਹੀਂ ਆਏ, ਤਾਂ ਉਹ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ।’’ ਉਧਰ ਵਾਂਗਚੁਕ ਨੇ ਹਸਪਤਾਲ ਤੋਂ ਹੀ ਭੇਜੇ ਇਕ ਹੱਥਲਿਖਤ ਸੰਦੇਸ਼ ਵਿਚ ਇਸ ਮਾਰਚ ਨੂੰ ਭਾਰਤ ਦੀ ‘ਦੂਜੀ ਆਜ਼ਾਦੀ ਦੀ ਲਹਿਰ’ ਦਸਿਆ ਅਤੇ ਸਮਰਥਕਾਂ ਨੂੰ ਇਸ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੇਪਰ ਲੀਕ ਦੇ ਮੁੱਦੇ ਨੂੰ ਜੋੜਦਿਆਂ ‘ਨਾ-ਇਨਸਾਫ਼ੀ ਤੋਂ ਆਜ਼ਾਦੀ’ ਅਤੇ ਅਪਣੀ ਹਿਰਾਸਤ ਵਿਰੁਧ ‘ਡਰ ਤੋਂ ਆਜ਼ਾਦੀ’ ਦਾ ਨਾਅਰਾ ਦਿਤਾ।

ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਜੇਕਰ ਸੋਨਮ ਸਰ ਨੂੰ ਕੁੱਝ ਵੀ ਹੁੰਦਾ ਹੈ, ਤਾਂ ਇਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ।’’ ਦੂਜੇ ਪਾਸੇ ਪਾਰਲੀਮੈਂਟ ਦੇ ਮਾਨਸੂਨ ਇਜਲਾਸ ਅਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਪ੍ਰਸਤਾਵਿਤ ‘ਚਲੋ ਸੰਸਦ’ ਮਾਰਚ ਨੂੰ ਵੇਖਦੇ ਹੋਏ ਨਵੀਂ ਦਿੱਲੀ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਇੱਥੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐੱਸ.ਐੱਸ.) ਦੀ ਧਾਰਾ 163 ਲਾਗੂ ਕਰ ਦਿਤੀ ਹੈ। ਇਲਾਕੇ ਵਿਚ ਤਿੰਨ-ਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਸਚਿਨ ਸ਼ਰਮਾ ਨੇ ‘ਐਕਸ’ ’ਤੇ ਸਾਂਝੀ ਕੀਤੀ ਸਲਾਹ ਵਿਚ ਸਪਸ਼ਟ ਕੀਤਾ, ‘‘ਦਿੱਲੀ ਪੁਲਿਸ ਸਪਸ਼ਟ ਕਰਦੀ ਹੈ ਕਿ ਅਜਿਹੇ ਕਿਸੇ ਵੀ ਵਿਰੋਧ ਮਾਰਚ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਅਤੇ ਨਾ ਹੀ ਦਿਤੀ ਗਈ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜੰਤਰ-ਮੰਤਰ ਵਿਖੇ ਨਿਰਧਾਰਤ ਪ੍ਰਦਰਸ਼ਨ ਵਾਲੀ ਥਾਂ ਨੂੰ ਛੱਡ ਕੇ, ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਪ੍ਰਦਰਸ਼ਨਾਂ ਅਤੇ ਮਾਰਚਾਂ ’ਤੇ ਸਖ਼ਤ ਪਾਬੰਦੀ ਹੈ।’’ ਪੁਲਿਸ ਸੂਤਰਾਂ ਅਨੁਸਾਰ, ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜੰਤਰ-ਮੰਤਰ ’ਤੇ ਇਹ ਪ੍ਰਦਰਸ਼ਨ 20 ਜੂਨ ਤੋਂ ਚੱਲ ਰਿਹਾ ਹੈ, ਜਿਸ ਵਿਚ ਨੀਟ ਇਮਤਿਹਾਨ ਵਿਚ ਹੋਈਆਂ ਬੇਨਿਯਮੀਆਂ ਦੇ ਮੁੱਦੇ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਵਾਂਗਚੁਕ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਅਭਿਜੀਤ ਦੀਪਕੇ ਨੇ ਵੀ ਸਨਿਚਰਵਾਰ ਤੋਂ ਅਪਣੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ, ਜਦਕਿ ਕਈ ਹੋਰ ਵਿਦਿਆਰਥੀ ਆਗੂ ਪਹਿਲਾਂ ਹੀ 28 ਜੂਨ ਤੋਂ ਵਰਤ ’ਤੇ ਬੈਠੇ ਹਨ

 

Share this content:

Post Comment