Loading Now

ਕਾਂਵੜੀਆਂ ਦੀ ਗੁੰਡਾਗਰਦੀ

ਕਾਂਵੜੀਆਂ ਦੀ ਗੁੰਡਾਗਰਦੀ

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਅਨੇਕਾਂ ਵੀਡੀਓ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਯੂ ਪੀ ਤੇ ਉੱਤਰਾਖੰਡ ਦੀਆਂ ਸੜਕਾਂ ’ਤੇ ਕਾਂਵੜੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਜਾ ਸਕਦਾ ਹੈ। ਕਿਸੇ ਥਾਂ ਕਾਂਵੜੀਏ ਕਿਸੇ ਢਾਬੇ ਨੂੰ ਤਹਿਸ-ਨਹਿਸ ਕਰ ਰਹੇ ਹਨ, ਕਿਤੇ ਸਰਕਾਰੀ ਬੱਸ ਜਾਂ ਕੋਈ ਨਿੱਜੀ ਕਾਰ ਤੋੜੀ ਜਾ ਰਹੀ ਹੈ ਤੇ ਕਿਸੇ ਹੋਰ ਥਾਂ ਕਿਸੇ ਮੁਸਾਫ਼ਰ ਨੂੰ ਲਹੂ-ਲੁਹਾਨ ਕੀਤਾ ਜਾ ਰਿਹਾ ਹੈ। ਸੜਕ ’ਤੇ ਚੱਲ ਰਹੇ ਮੁਸਾਫ਼ਰ ਆਪਣੀ ਇੱਜ਼ਤ ਬਚਾਉਣ ਲਈ ਫ਼ਸਲਾਂ ਵਿੱਚ ਲੁਕਣ ਲਈ ਮਜਬੂਰ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਅਮਨ-ਕਾਨੂੰਨ ਦੀ ਮਸ਼ੀਨਰੀ ਪੂਰੀ ਤਰ੍ਹਾਂ ਨਿਪੁੰਸਕ ਹੋ ਚੁੱਕੀ ਹੈ। ਇਨ੍ਹਾਂ ਗੁੰਡਾ ਗਰੋਹਾਂ ਨੂੰ ਨੱਥ ਪਾਉਣ ਦੀ ਥਾਂ ਪੁਲਸ ਅਫ਼ਸਰ ਇਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦੇ ਦੇਖੇ ਜਾ ਸਕਦੇ ਹਨ। ਯਾਦ ਕਰੋ ਗੁਰੂਗਰਾਮ ਦੀਆਂ ਸੜਕਾਂ ’ਤੇ ਮੁਸਲਮਾਨ ਜਦੋਂ 15 ਮਿੰਟਾਂ ਲਈ ਨਮਾਜ਼ ਪੜ੍ਹਨ ਲੱਗੇ ਸਨ ਤਾਂ ਹਿੰਦੂਆਂ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ।

ਇਹੋ ਹਾਲ ਈਸਾਈਆਂ ਸਮੇਤ ਹੋਰ ਧਰਮਾਂ ਵਾਲਿਆ ਦਾ ਹੈ। ਪਿਛਲੇ ਦਿਨੀਂ ਮੁੰਬਈ ਵਿੱਚ ਜੈਨ ਧਰਮ ਦੇ ਸ਼ਰਧਾਲੂਆਂ ਦੇ ਜਲੂਸ ’ਤੇ ਪੁਲਸ ਵੱਲੋਂ ਵਰ੍ਹਾਈਆਂ ਗਈਆਂ ਲਾਠੀਆਂ ਦੇ ਦਿ੍ਰਸ਼ ਸਭ ਨੇ ਦੇਖੇ ਸਨ। ਬੌਧ ਧਰਮੀਆਂ ਦਾ ਮੱਕਾ ਕਹੇ ਜਾਣ ਵਾਲੇ ਗਯਾ ’ਤੇ ਹਿੰਦੂ ਧਰਮ ਦੇ ਪਾਂਡੇ ਕਬਜ਼ਾ ਕਰਨ ਲਈ ਬੋਧੀਆਂ ਨੂੰ ਲਲਕਾਰ ਰਹੇ ਹਨ। ਇਸ ਦੇ ਉਲਟ ਅੱਜ ਹਰਦੁਆਰ ਤੋਂ ਨਿਕਲਦੀਆਂ ਸਾਰੀਆਂ ਸੜਕਾਂ ਕਾਂਵੜੀਆਂ ਦੇ ਹਵਾਲੇ ਕੀਤੀਆਂ ਹੋਈਆਂ ਹਨ। ਅਸਲ ਵਿੱਚ ਹਿੰਦੂਤਵੀ ਸਰਕਾਰ ਕਾਂਵੜੀਆਂ ਰਾਹੀਂ ਸਮੁੱਚੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਇਹ ਦੇਸ਼ ਸਭ ਤੋਂ ਪਹਿਲਾਂ ਹਿੰਦੂਆਂ ਦਾ ਹੈ ਤੇ ਬਾਕੀ ਸਾਰੇ ਧਰਮ ਦੋ ਨੰਬਰ ’ਤੇ ਹਨ। ਇਸ ਦੇ ਨਾਲ ਹੀ ਸੰਘ ਤੇ ਭਾਜਪਾ ਦਾ ਮੁੱਖ ਉਦੇਸ਼ ਸਮੁੱਚੇ ਸਮਾਜ ਨੂੰ ਧਰਮ ਦੇ ਨਸ਼ੇ ਵਿੱਚ ਮਦਹੋਸ਼ ਕਰਕੇ ਆਪਣੀ ਸੱਤਾ ਨੂੰ ਪੱਕਾ ਕਰਨਾ ਹੈ। ਇਸ ਲਈ ਕਾਂਵੜੀਆਂ ਦੀ ਯਾਤਰਾ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ। ਅਫ਼ਸਰਸ਼ਾਹੀ ਨੂੰ ਕਾਂਵੜੀਆਂ ਦੀ ਮਹਿਮਾਨ-ਨਿਵਾਜ਼ੀ ਵਿੱਚ ਲਾ ਕੇ ਭਾਜਪਾ ਇਹ ਵੀ ਦੱਸਣਾ ਚਾਹੁੰਦੀ ਹੈ ਕਿ ਇਹ ਭਗਵਾਂਧਾਰੀ ਹਿੰਦੂ ਕਾਨੂੰਨ ਵਿਵਸਥਾ ਤੋਂ ਵੀ ੳੁੱਪਰ ਹਨ। ਇਸ ਲਈ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਾਨੂੰਨ ਦੀ ਉਲੰਘਣਾ ਲਈ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ।

ਇਨ੍ਹਾਂ ਕਾਂਵੜੀਆਂ ਰਾਹੀਂ ਇਹ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਮੌਜੂਦਾ ਹਾਕਮਾਂ ਲਈ ਲੋਕਤੰਤਰ ਤੇ ਉਸ ਦੀਆਂ ਸੰਸਥਾਵਾਂ ਦੀ ਕੋਈ ਮਹੱਤਤਾ ਨਹੀਂ। ਜਿਸ ਤਰ੍ਹਾਂ ਇਸ ਸਮੇਂ ਸਰਕਾਰੀ ਮਸ਼ੀਨਰੀ ਇਨ੍ਹਾਂ ਗੁੰਡਿਆਂ ਅੱਗੇ ਨਤਮਸਤਕ ਹੈ, ਉਸ ਤੋਂ ਬਾਅਦ ਇਸ ਮਸ਼ੀਨਰੀ ਦੀ ਸਾਖ ਭਲਾ ਕਿਵੇਂ ਬਚ ਸਕਦੀ ਹੈ। ਅਸਲ ਵਿੱਚ ਸੰਘ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਲੋਕਤੰਤਰ ਦੀ ਥਾਂ ਪੁਰਾਣੀ ਵਰਣ ਵਿਵਸਥਾ ਰਾਹੀਂ ਸਮਾਜ ਨੂੰ ਚਲਾਇਆ ਜਾਵੇ, ਜਿਸ ਵੱਲ ਉਹ ਕਦਮ-ਦਰ-ਕਦਮ ਵਧ ਰਿਹਾ ਹੈ। ਕਾਂਵੜ ਯਾਤਰਾਵਾਂ ਵਿੱਚ ਜ਼ਿਆਦਾਤਰ ਦਲਿਤ ਤੇ ਪੱਛੜੇ ਵਰਗਾਂ ਦੇ ਨੌਜਵਾਨ ਸ਼ਾਮਲ ਹੁੰਦੇ ਹਨ। ਇਨ੍ਹਾਂ ਯਾਤਰਾਵਾਂ ਰਾਹੀਂ ਭਾਜਪਾ ਨੂੰ ਇਨ੍ਹਾਂ ਵਰਗਾਂ ਵਿੱਚ ਆਪਣੀ ਪੈਂਠ ਬਣਾਉਣ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਵਿੱਚੋਂ ਧਰਮ ਦੀ ਚਾਸ਼ਨੀ ਵਿੱਚ ਡੁੱਬਿਆ ਕਾਡਰ ਵੀ ਮਿਲਦਾ ਹੈ। ਕਾਂਵੜੀਆਂ ਵਿੱਚ ਸ਼ਾਮਲ ਨੌਜਵਾਨਾਂ ਨੂੰ ਜਦੋਂ ਹਰ ਪਾਸਿਓਂ, ਇੱਥੋਂ ਤੱਕ ਕਿ ਸੱਤਾਧਾਰੀਆਂ ਵੱਲੋਂ ਵੀ ਸਤਿਕਾਰ ਮਿਲਦਾ ਹੈ ਤਾਂ ਉਹ ਪਿੰਡਾਂ-ਸ਼ਹਿਰਾਂ ਦੀਆਂ ਮਲੀਨ ਬਸਤੀਆਂ ਵਿੱਚ ਰਹਿੰਦਿਆਂ ਉੱਚ ਵਰਗ ਵੱਲੋਂ ਮਿਲਦੀ ਨਫ਼ਰਤ ਨੂੰ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦਾ ਸੰਸਕਾਰੀਕਰਨ ਕੀਤਾ ਜਾ ਰਿਹਾ ਹੈ। ਇੱਕ ਸੱਭਿਆ ਸਮਾਜ ਨੂੰ ਕਿਸ ਤਰ੍ਹਾਂ ਇੱਕ ਬਰਬਰਤਾ-ਭਰਪੂਰ ਸਮਾਜ ਵਿੱਚ ਬਦਲਿਆ ਜਾ ਰਿਹਾ ਹੈ, ਕਾਂਵੜੀਆਂ ਦੀਆਂ ਯਾਤਰਾਵਾਂ ਉਸੇ ਦੀ ਇੱਕ ਵੰਨਗੀ ਹਨ। ਇਸ ਦੇਸ਼ ਵਿੱਚ ਵਿਗਿਆਨ ਤੇ ਤਰਕ ਦੀ ਗੱਲ ਕਰਨਾ ਇੱਕ ਗੁਨਾਹ ਹੋ ਚੁੱਕਾ ਹੈ। ਕਾਂਵੜੀਆਂ ਦੀ ਗੰੁਡਾਗਰਦੀ ਵਿਰੁੱਧ ਅਵਾਜ਼ ਉਠਾਉਣਾ ਪਾਪ ਬਣ ਚੁੱਕਾ ਹੈ। ਇਸ ਅਪਰਾਧ ਲਈ ਤੁਹਾਨੂੰ ਸਜ਼ਾ ਹੋ ਸਕਦੀ ਹੈ, ਉਸੇ ਤਰ੍ਹਾਂ ਜਿਵੇਂ ਬਰੇਲੀ ਦੇ ਇੱਕ ਅਧਿਆਪਕ ਵਿਰੁੱਧ ਐੱਫ਼ ਆਈ ਆਰ ਦਰਜ ਕੀਤੀ ਗਈ ਹੈ। ਉਸ ਅਧਿਆਪਕ ਨੇ ਤਾਂ ਬੱਚਿਆਂ ਨੂੰ ਆਪਣੀ ਕਵਿਤਾ ਰਾਹੀਂ ਏਨਾ ਕਿਹਾ ਸੀ, ‘ਤੁਮ ਕਾਂਵੜ ਲੇ ਕੇ ਮੱਤ ਜਾਨਾ, ਤੁਮ ਗਿਆਨ ਕਾ ਦੀਪ ਜਲਾਨਾ।’

Share this content:

Post Comment