ਕਾਂਗਰਸ ਨਾਲ ਕੋਈ ਲਾਗਾ-ਦੇਗਾ ਨਹੀਂ ਰਿਹਾ : ਕੇਜਰੀਵਾਲ
ਅਹਿਮਦਾਬਾਦ, 4 ਜੁਲਾਈ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਦਾ ਹੁਣ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਅਤੇ ਉਨ੍ਹਾ ਕਾਂਗਰਸ ’ਤੇ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਦਾ ਦੋਸ਼ ਲਗਾਇਆ। ਉਨ੍ਹਾ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ) ਗੱਠਜੋੜ ਸਿਰਫ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸੀ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ 2027 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤੇਗੀ। ਰਾਜ ਦੇ ਲੋਕਾਂ ਕੋਲ ਹੁਣ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਇੱਕ ਹੋਰ ਵਿਕਲਪ ਹੈ।
ਕੇਜਰੀਵਾਲ ਨੇ ਕਿਹਾ, ‘‘ਸਾਡਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੈ। ਜੇ ਕੋਈ ਗੱਠਜੋੜ ਸੀ, ਤਾਂ ਉਨ੍ਹਾ ਵਿਸਾਵਦਰ ਵਿੱਚ ਜ਼ਿਮਨੀ ਚੋਣ ਕਿਉਂ ਲੜੀ? ਉਹ ਸਾਨੂੰ ਹਰਾਉਣ ਲਈ ਆਏ ਸਨ। ਭਾਜਪਾ ਨੇ ਕਾਂਗਰਸ ਨੂੰ ਸਾਡੀਆਂ ਵੋਟਾਂ ਕੱਟ ਕੇ ‘ਆਪ’ ਨੂੰ ਹਰਾਉਣ ਲਈ ਭੇਜਿਆ ਸੀ। ਜਦੋਂ ਕਾਂਗਰਸ ਅਸਫਲ ਹੋ ਗਈ, ਤਾਂ ਭਾਜਪਾ ਨੇ ਉਨ੍ਹਾਂ ਨੂੰ ਫਟਕਾਰ ਵੀ ਲਾਈ। ਇੰਡੀਆ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ। ਹੁਣ ਸਾਡੇ ਵੱਲੋਂ ਕੋਈ ਗੱਠਜੋੜ ਨਹੀਂ ਹੈ। ‘ਆਪ’ ਆਗੂ ਗੋਪਾਲ ਇਟਾਲੀਆ ਨੇ ਪਿਛਲੇ ਮਹੀਨੇ ਜੂਨਾਗੜ੍ਹ ਜ਼ਿਲ੍ਹੇ ਦੀ ਵਿਸਾਵਦਰ ਸੀਟ ’ਤੇ ਹੋਈ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਕਿਰਿਤ ਪਟੇਲ ਨੂੰ 17,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸੀ ਉਮੀਦਵਾਰ ਨਿਤਿਨ ਰਨਪਰੀਆ 5,501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਆਪਣੇ 30 ਸਾਲਾਂ ਦੇ ਰਾਜ ਵਿੱਚ ਗੁਜਰਾਤ ਨੂੰ ਬਰਬਾਦ ਕਰ ਦਿੱਤਾ ਹੈ।
Share this content:



Post Comment