ਕਹਾਣੀ/ਪੱਤੀ ਪੱਤੀ ਹੋਇਆ ਫੁੱਲ/ਇਕਬਾਲ ਸਿੰਘ ਸਕਰੁਦੀ
ਰਣਜੀਤ ਕੌਰ ਅਤੇ ਸੁਖਦੀਪ ਕੌਰ ਦੇ ਘਰ ਨਾਲ ਲੱਗਵੇਂ ਸਨ। ਰਣਜੀਤ ਦੇ ਡੈਡੀ ਮਹਿੰਦਰ ਸਿੰਘ ਵੜੈਚ ਫ਼ੌਜ ਵਿੱਚ ਮੇਜਰ ਸਨ। ਸੁਖਦੀਪ ਦੇ ਪਾਪਾ ਹਰਦਿਆਲ ਸਿੰਘ ਪੰਨੂ ਸੈਦੋਵਾਲ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ। ਪਿੰਡ ਵਿੱਚ ਪਟਵਾਰੀ ਤੱਕ ਹਰੇਕ ਬੰਦੇ ਨੂੰ ਕੋਈ ਨਾ ਕੋਈ ਕੰਮ ਧੰਦਾ ਪੈਂਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਪੰਨੂ ਦੀ ਆਪਣੇ ਪਿੰਡ ਅਤੇ ਹੋਰ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਚੰਗੀ ਪੈਂਠ ਬਣੀ ਹੋਈ ਸੀ। ਜੇ ਕਿਸੇ ਕਿਸਾਨ ਨੇ ਆਪਣੇ ਇੱਖ ਨੂੰ ਵੱਢਣਾ ਸ਼ੁਰੂ ਕਰਨਾ ਤਾਂ ਸਭ ਤੋਂ ਪਹਿਲਾਂ ਪੋਨੇ ਗੰਨਿਆਂ ਦੀ ਵੱਡੀ ਭਰੀ ਪਟਵਾਰੀ ਦੇ ਘਰ ਪਹੁੰਚ ਜਾਂਦੀ। ਜੇ ਕਿਸੇ ਜ਼ਿਮੀਦਾਰ ਦੇ ਖੇਤ ਛੱਲੀਆਂ ਪੱਕਣ’ਤੇ ਆਉਂਦੀਆਂ ਤਾਂ ਉਹ ਮੋਟੀਆਂ-ਮੋਟੀਆਂ ਛਾਂਟਵੀਆਂ ਛੱਲੀਆਂ ਨਾਲ ਬੋਰੀ ਭਰ ਕੇ ਉਸ ਦੇ ਘਰ ਛੱਡ ਆਉਂਦਾ। ਪਿੰਡ ਵਿੱਚ ਜ਼ਿਮੀਦਾਰਾਂ ਦੇ ਕਈ ਘਰ ਤਾਂ ਅਜਿਹੇ ਹਨ, ਜਿਹੜੇ ਪਟਵਾਰਨ ਦੇ ਬਿਨਾਂ ਕਹੇ ਹਰਾ ਛੋਲੀਆ, ਸਰ੍ਹੋਂ ਦਾ ਸਾਗ ਆਦਿ ਉਨ੍ਹਾਂ ਦੇ ਘਰ ਦੇ ਆਉਂਦੇ।
ਇਉਂ ਖਾਣ ਪੀਣ ਦੀਆਂ ਵਸਤਾਂ ਉਨ੍ਹਾਂ ਦੇ ਘਰ ਵਿੱਚ ਰੁਲ਼ਦੀਆਂ ਰਹਿੰਦੀਆਂ। ਉਹ ਜਦੋਂ ਵੀ ਆਪਣੇ ਦੁੱਗ-ਦੁੱਗ ਕਰਦੇ ਬੁਲੇਟ ਮੋਟਰਸਾਈਕਲ ’ਤੇ ਚੜ੍ਹ ਕੇ ਘਰੋਂ ਨਿਕਲਦਾ ਤਾਂ ਪਿੰਡ ਦਾ ਹਰੇਕ ਬੰਦਾ ਉਸ ਨਾਲ ਫ਼ਤਹਿ ਦੀ ਸਾਂਝ ਪਾਉਣ ਵਿੱਚ ਆਪਣੀ ਸ਼ਾਨ ਸਮਝਦਾ, ‘ਪੰਨੂੰ ਸਾਹਿਬ, ਸਤਿ ਸ੍ਰੀ ਅਕਾਲ।’ ‘ਰਾਮ ਰਾਮ ਪਟਵਾਰੀ ਜੀ।’ ‘ਨਮਸਕਾਰ ਪਟਵਾਰੀ ਸਾਹਿਬ।’ ‘ਜਿਊਂਦੇ ਵਸਦੇ ਰਹੋ ਪਟਵਾਰੀ ਸਾਹਿਬ। ਰੱਬ ਤੁਹਾਨੂੰ ਬਹੁਤਾ ਦੇਵੇ।’ ਸਭ ਦੀ ਦੁਆ ਸਲਾਮ ਕਬੂਲਦਾ ਹੋਇਆ ਉਹ ਸਾਹਮਣੇ ਵਾਲ਼ੇ ਦੀ ਹੈਸੀਅਤ ਅਨੁਸਾਰ ਯਥਾ ਸੰਭਵ ਉੱਤਰ ਦਿੰਦਾ ਜਾਂਦਾ। ਬਹੁਤਿਆਂ ਨੂੰ ਤਾਂ ਉਹ ਮਾੜਾ ਜਿਹਾ ਸਿਰ ਹੀ ਹਿਲਾਉਂਦਾ।
Share this content:

Post Comment