Loading Now

ਕਹਾਣੀ/ਪ੍ਰੇਸ਼ਾਨੀ/ਡਾਕਟਰ ਅਜੀਤ ਸਿੰਘ ਕੋਟਕਪੂਰਾ 

ਕਹਾਣੀ/ਪ੍ਰੇਸ਼ਾਨੀ/ਡਾਕਟਰ ਅਜੀਤ ਸਿੰਘ ਕੋਟਕਪੂਰਾ 

ਰਿੰਕੂ ਆਪਣੇ ਮਾਪਿਆਂ ਉਤਮ ਸਿੰਘ ਅਤੇ ਗੁਰਦੀਪ ਕੌਰ ਦਾ ਇਕਲੌਤਾ ਪੁੱਤਰ ਸੀ | ਉਹ ਬਹੁਤ ਹੀ ਸ਼ਰਾਰਤੀ ਸੀ | ਹਰ ਰੋਜ਼ ਕਿਸੇ ਨਾ ਕਿਸੇ ਸ਼ਰਾਰਤ ਕਾਰਨ ਉਸ ਨੂੰ ਆਪਣੇ ਅਧਿਆਪਕ ਪਾਸੋਂ ਝਿੜਕਾਂ ਪੈ ਹੀ ਜਾਂਦੀਆਂ ਸਨ | ਉਸ ਨੇ ਆਪਣੀਆਂ ਆਦਤਾਂ ਨੂੰ ਬਦਲਣ ਵਲ ਕੋਈ ਵੀ ਧਿਆਨ ਨਹੀਂ ਦਿਤਾ ਸੀ | ਉਸ ਦੇ ਮਾਪੇ ਵੀ ਇਸ ਗਲੋਂ ਪ੍ਰੇਸ਼ਾਨ ਸਨ | ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਲਿਖਾਈ ਵਲ ਆਪਣਾ ਮਨ ਕੇਂਦਰਿਤ ਕਰੇ | ਉਤਮ ਸਿੰਘ ਹਰ ਹਫਤੇ ਆਪਣੇ ਟਰੱਕ ਲੈ ਕੇ ਚਲਾ ਜਾਂਦਾ ਸੀ ਅਤੇ ਐਤਵਾਰ ਵਾਪਿਸ ਆਓਂਦਾ ਸੀ | ਇਕ ਦਿਨ ਘਰੇ ਰਹਿ ਕੇ ਸੋਮਵਾਰ ਫਿਰ ਆਪਣਾ ਟਰੱਕ ਲੈ ਕੇ ਚਲਾ ਜਾਂਦਾ ਸੀ | ਘਰ ਵਿਚ ਰਿੰਕੂ ਤੇ ਗੁਰਦੀਪ ਕੌਰ ਹੀ ਘਰ ਵਿਚ ਰਹਿ ਜਾਂਦੇ ਸਨ |
ਰਿੰਕੂ ਆਪਣੀ ਮਾਂ ਗੁਰਦੀਪ ਕੌਰ ਦਾ ਕਹਿਣਾ ਤਾਂ ਬਿਲਕੁਲ ਹੀ ਮੰਨਦਾ ਨਹੀਂ ਸੀ | ਉਹ ਰੋਜ਼ਾਨਾ ਉਸ ਨੂੰ ਨਾਸ਼ਤਾ ਕਰਵਾ ਕੇ ਅਤੇ ਲੰਚ ਤਿਆਰ ਕਰ ਕੇ ਸਕੂਲ ਭੇਜ ਦਿੰਦੀ ਸੀ | ਉਹ ਹਰ ਰੋਜ਼ ਕਿਸੇ ਨਾ ਕਿਸੇ ਨਾ ਝਗੜਾ ਕਰ ਕੇ ਵਾਪਿਸ ਆ ਜਾਇਆ ਕਰਦਾ ਸੀ | ਇਕ ਦਿਨ ਉਤਮ ਸਿੰਘ ਸਕੂਲ ਵਿਚ ਅਧਿਆਪਕ ਨੂੰ ਮਿਲਣ ਸਕੂਲ ਚਲਾ ਗਿਆ ਅਤੇ ਉਹ ਚਾਹੁੰਦਾ ਸੀ ਕਿ ਰਿੰਕੂ ਨੂੰ ਅਧਿਆਪਕ ਦੀ ਸਲਾਹ ਨਾਲ ਕਿਸੇ ਤਰਾਂ ਪੜ੍ਹਾਈ ਵਲ ਮੋੜਿਆ ਜਾਵੇ ਅਤੇ ਰਿੰਕੂ ਸ਼ਰਾਰਤਾਂ ਤੋਂ ਕਿਨਾਰਾ ਕਰ ਲਵੇ | ਉਤਮ ਸਿੰਘ ਇਹ ਸੋਚਦਾ ਸੀ ਕਿ ਹੋ ਸਕਦਾ ਹੈ ਕਿ ਇਸ ਦਾ ਅਧਿਆਪਕ ਸਾਡੀ ਕੋਈ ਮਦਦ ਕਰ ਸਕੇ ਤੇ ਸਾਡੀ ਪ੍ਰੇਸ਼ਾਨੀ ਦੂਰ ਹੋ ਸਕੇ | ਅਧਿਆਪਕ ਨੇ ਦੱਸਿਆ ਕਿ ਰਿੰਕੂ ਦਾ ਦਿਮਾਗ ਤਾਂ ਤੇਜ਼ ਹੈ ਪਰ ਇਹ ਸ਼ਰਾਰਤਾਂ ਵਲ ਜਿਆਦਾ ਧਿਆਨ ਦਿੰਦਾ ਹੈ ਜੇ ਕਰ ਤੁਸੀਂ ਇਸ ਨੂੰ ਕਹਾਣੀਆਂ ਵਲ ਕੇਂਦਰਿਤ ਕਰ ਸਕੋ ਤਾਂ ਕੁਝ ਸੁਧਾਰ ਹੋ ਸਕਦਾ ਹੈ |
ਮੈਂ ਸਕੂਲ ਦੀ ਲਾਇਬ੍ਰੇਰੀ ਵਿਚੋਂ ਇਸ ਨੂੰ ਕਿਤਾਬ ਲੈ ਕੇ ਦੇਵਾਂਗਾ ਅਤੇ ਤੁਸੀਂ ਇਸ ਤੋਂ ਉਹ ਕਹਾਣੀ ਸੁਣਨੀ ਹੋਵੇਗੀ | ਜੇ ਕਰ ਇਹ ਚੰਗੀ ਤਰਾਂ ਨਾ ਪੜ੍ਹ ਸਕੇ ਤਾਂ ਤੁਸੀਂ ਇਸ ਦੀ ਸਹਾਇਤਾ ਕਰ ਦੇਣਾ | ਮੈਂ ਇਸ ਤੋਂ ਇਹ ਕਹਾਣੀ ਸੁਣਾਂਗਾ ਉਸ ਵਿਚ ਗਲਤੀਆਂ ਵੀ ਸੁਧਾਰ ਕਰ ਦੇਵਾਂਗਾ | ਫਿਰ ਇਹ ਕਹਾਣੀ ਸਾਰੀ ਜਮਾਤ ਨੂੰ ਸੁਣਾਏਗਾ | ਅਤੇ ਫਿਰ ਇਹ ਸਵੇਰ ਦੀ ਸਭਾ ਵਿਚ ਸੁਣਾਏਗਾ | ਇਸ ਤਰਾਂ ਇਸ ਦਾ ਧਿਆਨ ਸਿਧੇ ਪਾਸੇ ਵਲ ਹੋ ਜਾਵੇਗਾ | ਸ਼ਰਾਰਤਾਂ ਤੋਂ ਧਿਆਨ ਪਾਸੇ ਹੋ ਜਾਵੇਗਾ |ਮੈਨੂੰ ਤੁਹਾਡੀ ਪ੍ਰੇਸ਼ਾਨੀ ਨੂੰ ਹੱਲ ਕਰਨ ਦਾ ਇਹ ਢੰਗ ਅਜ਼ਮਾ ਲੈਣ ਦਿਉ | ਜੇਕਰ ਮਸਲੇ ਦਾ ਹੱਲ ਇਹ ਨਾ ਹੋਇਆ ਤਾਂ ਫਿਰ ਮਸਲੇ ਨੂੰ ਹੱਲ ਕਰਨ ਦਾ ਹੋਰ ਕੋਈ ਤਰੀਕਾ ਵਿਚਾਰ ਸਕਦੇ ਹਾਂ | ਪਰ ਉਤਮ ਸਿੰਘ ਨੇ ਰਿੰਕੂ ਨੂੰ ਸੁਧਾਰਨ ਵਾਲੀ ਇਹ ਸਲਾਹ ਚੰਗੀ ਲੱਗੀ ਅਤੇ ਉਸ ਨੇ ਅਧਿਆਪਕ ਨੂੰ ਇਹ ਨੁਸਕਾ ਅਜ਼ਮਾਉਣ ਵਿਚ ਹਾਂ ਕਰ ਦਿਤੀ |
ਘਰੇ ਆ ਕੇ ਉਸ ਨੇ ਗੁਰਦੀਪ ਕੌਰ ਨੂੰ ਦੱਸਿਆ ਕਿ ਤੁਸੀਂ ਇਸ ਨੂੰ ਕਹਾਣੀ ਪੜ੍ਹਾਉਣੀ ਹੋਵੇਗੀ ਫਿਰ ਇਹ ਯਾਦ ਕਰੇਗਾ ਅਤੇ ਅਧਿਆਪਕ ਨੂੰ ਸੁਣਾਵੇਗਾ | ਇਸ ਤਰਾਂ ਅਸੀਂ ਇਸ ਦਾ ਧਿਆਨ ਚੰਗੇ ਪਾਸੇ ਵਲ ਕਰ ਦਕਦੇ ਹਾਂ | ਅਗਲੇ ਦਿਨ ਰਿੰਕੂ ਨੂੰ ਅਧਿਆਪਕ ਨੇ ਕਹਾਣੀਆਂ ਦੀ ਪੁਸਤਕ ਦੇ ਦਿਤੀ | ਉਸ ਵਿਚ ਤਸਵੀਰਾਂ ਸਮੇਤ ਕਹਾਣੀਆਂ ਸਨ | ਰਿੰਕੂ ਨੂੰ ਉਹ ਕਿਤਾਬ ਸੋਹਣੀ ਲੱਗੀ | ਉਸ ਨੇ ਘਰੇ ਆਪਣੀਂ ਮਾਂ ਨੂੰ ਦਿਖਾਈ | ਉਸ ਦੀ ਮਾਂ ਨੇ ਉਹ ਕਿਤਾਬ ਦੇਖੀ ਅਤੇ ਉਸ ਵਿਚੋਂ ਕਹਾਣੀਆਂ ਨੂੰ ਦੇਖਿਆ ਅਤੇ ਰਿੰਕੂ ਨੂੰ ਪੁੱਛਿਆ ਕਿ ਪੰਜਵੀਂ ਕਹਾਣੀ ਵਿਚ ਸੁੰਦਰ ਤਸਵੀਰਾਂ ਸਨ ਅਤੇ ਪੁੱਛਿਆ ਕਿ ਆਪਾਂ ਰਲ ਕੇ ਇਸ ਕਹਾਣੀ ਨੂੰ ਪੜ੍ਹਦੇ ਹਾਂ | ਦੋਵਾਂ ਨੇ ਮਿਲ ਕੇ ਕਹਾਣੀ ਪੜ੍ਹੀ ਪਰ ਰਿੰਕੂ ਨੂੰ ਪੂਰੀ ਕਹਾਣੀ ਸੁਆਦਲੀ ਮਹਿਸੂਸ ਹੋਈ ਪਰ ਉਸ ਨੂੰ ਪੂਰੀ ਸਮਝ ਨਾ ਆਈ | ਗੁਰਦੀਪ ਕੌਰ ਦੱਸ ਜਮਾਤਾਂ ਪੜ੍ਹੀ ਹੋਈ ਸੀ ਉਸ ਨੂੰ ਕਹਾਣੀ ਸਮਝ ਆ ਗਈ | ਪਰ ਉਸ ਦਾ ਰੋਟੀ ਪਾਣੀ ਕਰਨ ਦਾ ਸਮਾਂ ਹੋ ਚੁਕਾ ਸੀ | ਉਸ ਨੇ ਰਿੰਕੂ ਨੂੰ ਕਿਹਾ ਕਿ ਆਪਾਂ ਰਾਤ ਦੀ ਰੋਟੀ ਖਾ ਲਈਏ ਫਿਰ ਮੈਂ ਤੈਨੂੰ ਇਹ ਕਹਾਣੀ ਸਮਝਾਵਾਂਗੀ |
ਰਿੰਕੂ ਮੰਨ ਗਿਆ | ਰਾਤ ਦੀ ਰੋਟੀ ਖਾ ਕੇ ਉਸ ਦੀ ਮਾਂ ਉਸ ਨੂੰ ਕਹਾਣੀ ਸੁਣਾਣ ਲੱਗ ਪਈ | ਕਹਾਣੀ ਅਨੁਸਾਰ ਇਕ ਵਾਰ ਇਕ ਰਾਜਾ ਸੀ ਉਸ ਦਾ ਮੁਖ ਮੰਤਰੀ ਬਹੁਤ ਹੀ ਸਿਆਣਾ ਸੀ | ਇਕ ਦਿਨ ਰਾਜਾ ਤਲਵਾਰ ਨਾਲ ਅਭਿਆਸ ਕਰ ਰਿਹਾ ਸੀ ਕਿ ਉਸ ਦੀ ਛੋਟੀ ਉਂਗਲ ਤਲਵਾਰ ਨਾਲ ਕੱਟੀ ਗਈ | ਜਦੋਂ ਉਸ ਨੇ ਆਪਣੇ ਮੰਤਰੀ ਨੂੰ ਦੱਸਿਆ ਕਿ ਮੇਰੀ ਉਂਗਲ ਕੱਟੀ ਗਈ ਹੈ ਤਾਂ ਮੁਖ ਮੰਤਰੀ ਨੇ ਆਖਿਆ ਕਿ ਚੰਗਾ ਹੋਇਆ ਹੈ ਇਸ ਵਿਚ ਵੀ ਕੋਈ ਭਲਾਈ ਹੋਵੇਗੀ |
ਇਹ ਸ਼ਬਦ ਸੁਣ ਕੇ ਰਾਜਾ ਗੁੱਸੇ ਹੋ ਗਿਆ ਤੇ ਕਿਹਾ ਕਿ ਮੇਰੀ ਉਂਗਲ ਵਢੀ ਗਈ ਹੈ ਤੂੰ ਕਹਿੰਦਾ ਹੈਂ ਕਿ ਚੰਗਾ ਹੋਇਆ ਹੈ | ਰਾਜੇ ਨੇ ਆਪਣੇ ਮੁਖ ਮੰਤਰੀ ਨੂੰ ਕੈਦ ਕਰ ਦਿਤਾ | ਨਵਾਂ ਮੁਖ ਮੰਤਰੀ ਚੁਣ ਕੇ ਰੱਖ ਲਿਆ | ਪਹਿਲਾਂ ਵਾਲਾ ਮੁਖ ਮੰਤਰੀ ਕੈਦ ਵਿਚ ਸਜ਼ਾ ਭੁਗਤਣ ਲੱਗ ਪਿਆ | ਉਸ ਨੇ ਕਿਹਾ ਕਿ ਇਹ ਵੀ ਚੰਗਾ ਹੋਇਆ ਇਸ ਵਿਚ ਵੀ ਕੋਈ ਭਲਾਈ ਹੋਵੇਗੀ |
ਸਮਾਂ ਆਪਣੀ ਚਾਲ ਚਲਦਾ ਗਿਆ ਸਵੇਰ ਉਗਦੀ ਅਤੇ ਸ਼ਾਮ ਵਿਚ ਢਲ ਜਾਂਦੀ ਸੀ | ਇਸ ਤਰਾਂ ਦਿਨ, ਮਹੀਨੇ ਗੁਜ਼ਰਦੇ ਗਏ | ਇਕ ਦਿਨ ਰਾਜਾ ਆਪਣੇ ਨਵੇਂ ਮੁਖ ਮੰਤਰੀ ਅਤੇ ਹੋਰ ਸਿਪਾਹੀਆਂ ਨੂੰ ਨਾਲ ਲੈ ਕੇ ਸ਼ਿਕਾਰ ਲਈ ਚਲਾ ਗਿਆ | ਉਹ ਸ਼ਿਕਾਰ ਦੀ ਭਾਲ ਵਿਚ ਦੂਰ ਜੰਗਲ ਵਿਚ ਜਾ ਪਹੁੰਚੇ | ਜੰਗਲ ਵਿਚ ਫਿਰਦੇ ਹੋਰ ਕਬੀਲੇ ਦੇ ਲੋਕਾਂ ਨੇ ਰਾਜੇ ਨੂੰ ਫੜ ਲਿਆ | ਉਹ ਕਬੀਲਾ ਯੱਗ ਕਰ ਰਿਹਾ ਸੀ ਉਨ੍ਹਾਂ ਨੂੰ ਬਲੀ ਚੜਾਉਣ ਲਈ ਇਕ ਮਨੁੱਖ ਦੀ ਲੋੜ ਸੀ | ਉਹ ਖੁਸ਼ ਹੋਏ ਕਿ ਹੁਣ ਇਸ ਦੀ ਬਲੀ ਦਿਤੀ ਜਾਵੇਗੀ ਤੇ ਸਾਡਾ ਭਗਵਾਨ ਖੁਸ਼ ਹੋ ਜਾਵੇਗਾ | ਜਦੋਂ ਉਹ ਕਬੀਲੇ ਦੇ ਸਰਦਾਰ ਕੋਲ ਰਾਜੇ ਨੂੰ ਲੈ ਕੇ ਪਹੁੰਚੇ ਤਾਂ ਉਸ ਦੇ ਸਾਰੇ ਅੰਗ ਚੈੱਕ ਕੀਤੇ ਗਏ | ਸਰਦਾਰ ਨੇ ਕਿਹਾ ਕਿ ਇਸ ਦੀ ਬਲੀ ਕਬੂਲ ਨਹੀਂ ਹੋਵੇਗੀ ਕਿਓਂ ਜੋ ਇਸ ਦੇ ਹੱਥ ਦੀ ਇਕ ਉਂਗਲੀ ਵੱਢੀ ਹੋਈ ਹੈ | ਰਾਜੇ ਨੂੰ ਛੱਡ ਦਿਤਾ ਗਿਆ | ਰਾਜਾ ਖੁਸ਼ ਹੋ ਗਿਆ ਕਿਉਂ ਜੋ ਉਸ ਦੀ ਜਾਨ ਬਖਸ਼ੀ ਗਈ ਸੀ |
ਉਸ ਨੂੰ ਆਪਣਾ ਪੁਰਾਣਾ ਮੁਖ ਮੰਤਰੀ ਯਾਦ ਆਇਆ ਜਿਸ ਨੇ ਕਿਹਾ ਸੀ ਕਿ ਉਂਗਲ ਵੱਢੀ ਗਈ ਹੈ ਚੰਗਾ ਹੋਇਆ ਹੈ ਇਸ ਵਿਚ ਕੋਈ ਭਲਾਈ ਹੋਵੇਗੀ | ਜਦੋਂ ਰਾਜਾ ਆਪਣੇ ਰਾਜ ਅੰਦਰ ਵਾਪਿਸ ਆਇਆ ਤਾਂ ਉਸ ਨੇ ਆਪਣੇ ਉਸ ਮੁਖ ਮੰਤਰੀ ਨੂੰ ਰਿਹਾ ਕਰ ਦਿਤਾ | ਮੁਖ ਮੰਤਰੀ ਜਦੋਂ ਰਿਹਾ ਹੋ ਕੇ ਰਾਜ ਦਰਬਾਰ ਵਿਚ ਪੁਜਾ ਤਾਂ ਰਾਜੇ ਨੇ ਸਾਰੀ ਜੰਗਲ ਵਾਲੀ ਘਟਨਾ ਉਸ ਨੂੰ ਦਸੀ ਅਤੇ ਪੁੱਛਿਆ ਕਿ ਜਦੋਂ ਤੈਨੂੰ ਕੈਦ ਕੀਤਾ ਗਿਆ ਸੀ ਤੂੰ ਕਿਹਾ ਸੀ ਕਿ ਚੰਗਾ ਹੋਇਆ ਇਸ ਵਿਚ ਕੋਈ ਭਲਾਈ ਹੋਵੇਗੀ | ਕਿ ਤੂੰ ਸਮਝਾ ਸਕਦਾ ਹੈਂ ਕਿ ਉਸ ਵਿਚ ਕੀ ਚੰਗਿਆਈ ਸੀ | ਮੁਖ ਮੰਤਰੀ ਨੇ ਦੱਸਿਆ ਕਿ ਜੇ ਕਰ ਮੈਂ ਉਸ ਦਿਨ ਚਿਹਾੜੇ ਨਾਲ ਹੁੰਦਾ ਤਾਂ ਮੇਰੀ ਬਲੀ ਦਿਤੀ ਜਾਣੀ ਸੀ ਕਿਓਂ ਜੋ ਮੇਰੇ ਤਾਂ ਸਾਰੇ ਅੰਗ ਪੂਰੇ ਸਨ | ਇਸ ਲਈ ਮੇਰੇ ਲਈ ਇਹ ਚੰਗਾ ਹੋਇਆ ਕਿ ਮੈਂ ਕੈਦ ਦੇ ਅੰਦਰ ਸੀ ਅਤੇ ਤੁਹਾਡੇ ਨਾਲ ਨਹੀਂ ਸੀ |
ਜਦੋਂ ਮਾਂ ਨੇ ਸਾਰੀ ਕਹਾਣੀ ਹੋਲੀ ਹੋਲੀ ਰਿੰਕੂ ਨੂੰ ਸੁਣਾਈ ਤਾਂ ਉਸ ਨੂੰ ਕਹਾਣੀ ਦੀ ਸਮਝ ਪੈ ਗਈ ਉਸ ਨੇ ਕਹਾਣੀ ਨੂੰ ਯਾਦ ਕਰ ਲਿਆ | ਅਗਲੇ ਦਿਨ ਉਹ ਕਹਾਣੀ ਸਕੂਲ ਵਿਚ ਸਾਰੀ ਕਲਾਸ ਦੇ ਸਾਹਮਣੇ ਸੁਣਾਈ ਤਾਂ ਸਾਰੇ ਬੱਚੇ ਖੁਸ਼ ਹੋਏ ਅਤੇ ਉਨ੍ਹਾਂ ਨੇ ਤਾੜੀਆਂ ਮਾਰੀਆਂ | ਅਧਿਆਪਕ ਨੇ ਰਿੰਕੂ ਨੂੰ ਸ਼ਾਬਾਸ਼ ਦਿਤੀ | ਉਸ ਨੇ ਘਰੇ ਆ ਕਿ ਆਪਣੀ ਮਾਂ ਨੂੰ ਦੱਸੀ | ਉਸ ਦਿਨ ਉਤਮ ਸਿੰਘ ਵੀ ਘਰ ਵਿਚ ਹੀ ਸੀ | ਉਸ ਨੇ ਸਾਰੀ ਗੱਲ ਸੁਣ ਕੇ ਰਿੰਕੂ ਨੂੰ ਕਿਹਾ ਕਿ ਦੇਖ ਤੂੰ ਚੰਗਾ ਕੰਮ ਕੀਤਾ ਤੇ ਸਾਰੇ ਖੁਸ਼ ਹੋਏ ਤੈਨੂੰ ਸਾਰਿਆਂ ਵਲੋਂ ਸ਼ਾਬਾਸ਼ ਵੀ ਮਿਲੀ ਹੈ | ਹੁਣ ਤੂੰ ਹੋਰ ਕਹਾਣੀਆਂ ਵੀ ਆਪਣੀ ਮਾਂ ਦੀ ਸਹਾਇਤਾ ਨਾਲ ਪੜ੍ਹ ਕੇ ਸੁਣਾਏਂਗਾ ਤਾਂ ਸਾਰੇ ਬੱਚੇ ਖੁਸ਼ ਹੋਣਗੇ ਤੇ ਤੇਰੇ ਦੋਸਤ ਬਣਨਾ ਚਾਹੁਣਗੇ | ਜਦੋਂ ਤੂੰ ਉਨ੍ਹਾਂ ਨੂੰ ਤੰਗ ਕਰਦਾ ਸੀ ਉਹ ਸਾਰੇ ਤੇਰੇ ਤੋਂ ਡਰਦੇ ਸਨ ਅਤੇ ਕੋਈ ਵੀ ਤੇਰਾ ਦੋਸਤ ਨਹੀਂ ਬਣਨਾ ਚਾਹੁੰਦਾ ਸੀ | ਹੁਣ ਜਦੋਂ ਤੂੰ ਕੋਈ ਕਹਾਣੀ ਸਵੇਰ ਦੀ ਸਭਾ ਵਿਚ ਸੁਣਾਵੇਂਗਾ ਤਾਂ ਸਾਰਾ ਸਕੂਲ ਤੇਰੀ ਵਾਹ ਵਾਹ ਕਰੇਗਾ | ਤੇਰਾ ਨਾਂ ਸਕੂਲ ਵਿਚ ਉਚਾ ਹੋਵੇਗਾ | ਤੇਰੇ ਨਾਂ ਦੇ ਨਾਲ ਸਾਡਾ ਨਾਂ ਵੀ ਰੋਸ਼ਨ ਹੋਵੇਗਾ | ਅਧਿਆਪਕਾਂ ਦਾ ਕਹਿਣਾ ਮੰਨਿਆ ਕਰ ਉਹ ਤੈਨੂੰ ਸਿਧੇ ਰਸਤੇ ਤੇ ਪਾ ਕੇ ਤੈਨੂੰ ਇਕ ਸਫਲ ਇਨਸਾਨ ਬਣਨ ਵਿਚ ਤੇਰੀ ਸਹਾਇਤਾ ਕਰ ਸਕਦੇ ਹਨ |
ajit-singh-kotakpura ਕਹਾਣੀ/ਪ੍ਰੇਸ਼ਾਨੀ/ਡਾਕਟਰ ਅਜੀਤ ਸਿੰਘ ਕੋਟਕਪੂਰਾ 
ਡਾਕਟਰ ਅਜੀਤ ਸਿੰਘ ਕੋਟ ਕਪੂਰਾ

Share this content:

Post Comment