ਕਹਾਣੀ/ਤੂੰ ਕੀ ਜਾਣੇ ਸੱਜਣਾ/ਡਾਕਟਰ ਅਜੀਤ ਸਿੰਘ ਕੋਟਕਪੂਰਾ
ਭਜਨ ਸਿੰਘ ਆਇਆ ਉਸ ਨੇ ਸੁਰਜੀਤ ਨੂੰ ਆਪਣੇ ਸਵਾਲ ਦਾ ਜਵਾਬ ਮੰਗਿਆ | ਉਸ ਨੇ ਉਤਰ ਵਿਚ ਆਖਿਆ ਕਿ ਤੇਰੇ ਤੇ ਮੇਰੇ ਵਿਚਕਾਰ ਰਿਸ਼ਤਿਆਂ ਦੀ ਕੰਧ ਉਸਾਰੀ ਹੋਈ ਹੈ | ਮੈਨੂੰ ਉਸ ਨੂੰ ਲੰਘਣ ਲਈ ਹੌਸਲੇ ਦੀ ਲੋੜ ਹੈ ਜਿਸ ਨੂੰ ਕੁਝ ਸਮਾਂ ਲਗੇਗਾ | ਤੂੰ ਕਾਹਲੀ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ | ਮੈਂ ਚਾਹ ਧਰਦੀ ਹਾਂ | ਚਾਹ ਪੀਵਾਂਗੇ ਅਤੇ ਥੋੜੀ ਦੇਰ ਗੱਲਾਂ ਕਰਾਂਗੇ | ਸ਼ਾਇਦ ਗੱਲਾਂ ਨਾਲ ਅਸੀਂ ਕਿਸੇ ਹਲ ਤੇ ਪਹੁੰਚ ਸਕੀਏ | ਤੂੰ ਕਾਹਲੀ ਬਹੁਤ ਕਰਦਾ ਹੈਂ | ਕਾਹਲੀ ਨਾਲ ਅਜਿਹੇ ਫੈਸਲੇ ਨਹੀਂ ਕੀਤੇ ਜਾਂਦੇ | ਕੰਧੋਲੀ ਓਹਲੇ ਬੈਠੀ ਸੁਰਜੀਤ ਨੇ ਚੁੱਲ੍ਹੇ ਉਤੇ ਚਾਹ ਧਰ ਦਿਤੀ ਅਤੇ ਭਜਨ ਸਿੰਘ ਨਾਲ ਗਲੀਂ ਲੱਗ ਗਈ | ਭਜਨ ਸਿੰਘ ਨੇੜੇ ਪਿਆ ਮੂੜ੍ਹਾ ਚੁੱਕ ਕੇ ਕੰਧੋਲੀ ਦੇ ਨਾਲ ਹੀ ਬੈਠ ਗਿਆ | ਸੁਰਜੀਤ ਨੇ ਦੱਸਿਆ ਕਿ ਉਹ ਤਾਂ ਇਸ ਵਕਤ ਰਿਸ਼ਤਿਆਂ ਦੇ ਜੰਗਲ ਵਿਚ ਘਿਰੀ ਹੋਈ ਹੈ | ਰੁੱਖਾਂ ਦੇ ਪਰਛਾਵੇਂ ਬਹੁਤ ਸੰਘਣੇ ਹਨ | ਉਹ ਫੁੱਲ ਉਗਾਉਣ ਦਾ ਯਤਨ ਕਰਨਾ ਚਾਹੁੰਦੀ ਸੀ ਪ੍ਰੰਤੂ ਫੁੱਲ ਤਾਂ ਉਗਣ ਦਾ ਨਾਂ ਹੀ ਨਹੀਂ ਲੈ ਰਹੇ ਸਨ |
ਵੀਰੂ ਦੇ ਮਨ ਵਿਚ ਵੀ ਖਿਆਲਾਂ ਦੀ ਹਨੇਰੀ ਝੁਲ ਰਹੀ ਜਾਪਦੀ ਸੀ | ਉਹ ਹੋਲੀ ਹੋਲੀ ਅਗੇ ਵਲ ਨੂੰ ਵੱਧ ਰਿਹਾ ਸੀ ਅਤੇ ਹੁਣ ਉਹ ਕੰਧੋਲੀ ਕੋਲ ਹੀ ਆ ਕੇ ਖੜੋ ਗਿਆ | ਉਸ ਨੂੰ ਤਾਂ ਗੌਲਣ ਦੀ ਕਿਸ ਨੂੰ ਵੇਹਲ ਸੀ ਉਹ ਦੋਵੇਂ ਤਾਂ ਆਪਣੀਆਂ ਹੀ ਕਥਾਵਾਂ ਵਿਚ ਰੁਝੇ ਹੋਏ ਸਨ | ਹਾਲੇ ਚਾਹ ਤਿਆਰ ਨਹੀਂ ਹੋਈ ਸੀ | ਵੀਰੂ ਕੰਧੋਲੀ ਕੋਲ ਖੜੋਤਾ ਰਿਹਾ ਉਸ ਨੂੰ ਗੱਲਾਂ ਸੁਣ ਰਹੀਆਂ ਸਨ ਪਰ ਉਸ ਦੀ ਸਮਝ ਤੋਂ ਬਾਹਰ ਸਨ | ਉਹ ਵਿਚਾਰਾ ਕੀ ਜਾਣੇ ਕਿ ਇਨ੍ਹਾਂ ਦੀਆਂ ਗੱਲਾਂ ਵਿਚ ਉਸ ਦਾ ਭਵਿੱਖ ਵੀ ਮੂੰਹ ਛਿਪਾਈ ਘੁੰਮ ਰਿਹਾ ਸੀ |
ਛਿੱਟੀਆਂ ਦੀ ਅੱਗ ਚੁੱਲ੍ਹੇ ਦੇ ਵਿਚ ਬਲ ਰਹੀ ਸੀ ਉਸ ਅੱਗ ਵਿਚ ਉੱਛਲ ਕੇ ਨਿਕਲ ਰਿਹਾ ਧੂੰਆਂ ਸੁਰਜੀਤ ਦੀਆਂ ਅੱਖਾਂ ਵਿਚ ਪੈ ਰਿਹਾ ਸੀ ਅਤੇ ਉਸ ਨੂੰ ਆਪਣਾ ਭਵਿੱਖ ਵੀ ਧੁੰਧਲਾ ਹੀ ਜਾਪ ਰਿਹਾ ਸੀ | ਉਹ ਵਿਚਾਰੀ ਵਿਧਵਾ ਸੋਚਾਂ ਵਿਚ ਗੁਆਚੀ ਹੋਈ ਸੀ | ਹੁਣ ਚਾਹ ਬਣ ਗਈ ਅਤੇ ਉਸ ਨੇ ਦੋ ਗਲਾਸਾਂ ਵਿਚ ਪਾ ਦਿਤੀ ਅਤੇ ਇਕ ਗਲਾਸ ਕੰਧੋਲੀ ਉਤੇ ਰੱਖ ਦਿਤਾ ਜਿਹੜਾ ਭਜਨੇ ਨੇ ਚੁੱਕ ਲਿਆ | ਭਜਨਾ ਚਾਹ ਪੀਂਦਾ ਹੋਇਆ ਗੱਲਾਂ ਕਰਦਾ ਹੋਇਆ ਆਪਣੇ ਸਵਾਲ ਦਾ ਜਵਾਬ ਹੀ ਪੁੱਛਣ ਦੀ ਕੋਸ਼ਿਸ਼ ਵਿਚ ਸੀ | ਉਹ ਗੱਲ ਨੂੰ ਘੁੰਮਾ ਫਿਰਾ ਕੇ ਅੰਤ ਆਪਣੇ ਸਵਾਲ ਦੇ ਜੁਆਬ ਤੇ ਹੀ ਲੈ ਆਓਂਦਾ ਸੀ | ਉਸ ਨੂੰ ਨਾ ਸੁਰਜੀਤ ਦੇ ਵੀਰੂ ਦਾ ਫਿਕਰ ਸੀ ਅਤੇ ਨਾ ਹੀ ਸੁਰਜੀਤ ਦੇ ਰਿਸ਼ਤਿਆਂ ਦੇ ਜੰਗਲ ਬਾਰੇ ਕੋਈ ਅਹਿਸਾਸ ਸੀ | ਉਸ ਨੂੰ ਤਾਂ ਆਪਣੇ ਹੱਕ ਵਿਚ ਉਤਰ ਦੀ ਉਮੀਦ ਸੀ | ਸੁਰਜੀਤ ਆਖ ਰਹੀ ਸੀ —-ਤੂੰ ਕੀ ਜਾਣੇ ਸੱਜਣਾ ਮੈਂ ਕਿਡੀ ਮਜ਼ਬੂਰ |
ਭਜਨਾ ਤਾਂ ਇਹੋ ਹੀ ਚਾਹੁੰਦਾ ਸੀ ਕਿ ਸੁਰਜੀਤ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਉਸ ਦੇ ਨਾਲ ਜਾਣ ਲਈ ਰਾਜ਼ੀ ਹੋ ਜਾਵੇ | ਮੇਰਾ ਘਰ ਵੱਸ ਜਾਵੇ | ਉਸ ਦੀ ਆਪਣੀ ਪਤਨੀ ਨੂੰ ਮਰੀ ਨੂੰ ਲਗਭਗ ਛੇ ਮਹੀਨੇ ਹੋ ਚੁਕੇ ਸਨ | ਉਹ ਵੀਰੂ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਸੀ |
ਸੁਰਜੀਤ ਤੇ ਭਜਨਾ ਚਾਹ ਪੀ ਚੁਕੇ ਸਨ | ਭਜਨਾ ਜਾਣ ਲਈ ਉਠਿਆ ਤਾਂ ਸੁਰਜੀਤ ਨੇ ਫੇਰ ਮਿਲਣ ਲਈ ਆਖਿਆ ਕਿ ਦੋ ਦਿਨ ਠਹਿਰ ਜਾ ਫੇਰ ਮੈਂ ਕੋਈ ਫੈਸਲਾ ਕਰ ਲਵਾਂਗੀ | ਜਿਆਦਾ ਦੇਰ ਨਹੀਂ ਪੈਣ ਦਿੰਦੀ ਤੈਨੂੰ ਮੈਂ ਆਪਣਾ ਫੈਸਲਾ ਸੁਣਾ ਦੇਵਾਂਗੀ | ਭਜਨਾ ਅੱਛਾ ਜੀ, ਆਖ ਉਥੋਂ ਚਲਾ ਗਿਆ | ਵੀਰੂ ਉਸ ਨੂੰ ਜਾਂਦੇ ਹੋਏ ਨੂੰ ਦੇਖ ਰਿਹਾ ਸੀ | ਭਜਨ ਨੇ ਵੀਰੂ ਵਲ ਬਿਲਕੁਲ ਹੀ ਧਿਆਨ ਨਹੀਂ ਦਿਤਾ ਸੀ | ਸੁਰਜੀਤ ਨੇ ਵੀ ਦੇਖਿਆ ਕਿ ਵੀਰੂ ਆਪਣੀ ਖੇਡ ਵਿਚ ਮਸਤ ਹੋ ਗਿਆ ਸੀ |
ਸੁਰਜੀਤ ਚੌਂਕੇ ਵਿਚ ਉੱਠ ਮੰਜੀ ਉਤੇ ਢੇਰੀ ਹੋ ਗਈ | ਉਹ ਸੌਣ ਦੀ ਕੋਸ਼ਿਸ਼ ਕਰਨ ਲਗੀ | ਪਰ ਨੀਂਦ ਤਾਂ ਉਸ ਦੇ ਦੀਦਿਆਂ ਦੇ ਨੇੜੇ ਤੇੜੇ ਵੀ ਨਹੀਂ ਸੀ | ਉਹ ਸੋਚਾਂ ਵਿਚ ਆਪਣੇ ਅਤੀਤ ਵਲ ਦੇਖਣ ਲਗੀ | ਉਸ ਨੂੰ ਯਾਦ ਸੀ ਕਿ ਜਦੋਂ ਉਹ ਇਸ ਘਰ ਵਿਚ ਵਿਆਹੀ ਆਈ ਸੀ ਉਸ ਦੀ ਸੱਸ ਨੇ ਕਿਤਨੀ ਖੁਸ਼ੀ ਮਨਾਈ ਸੀ | ਉਸ ਨੂੰ ਪੂਰਾ ਮਹੀਨਾ ਹੀ ਰਸੋਈ ਦਾ ਕੋਈ ਕੰਮ ਨਹੀਂ ਕਰਨ ਦਿਤਾ ਸੀ | ਮੋਹਨ ਸਿੰਘ ਨੇ ਉਸ ਨੂੰ ਸੈਰਾਂ ਕਰਵਾਈਆਂ ਸਨ | ਜਦੋਂ ਉਸ ਦਾ ਪੈਰ ਭਾਰੀ ਹੋ ਗਿਆ ਸੀ ਤਾਂ ਉਸ ਦੀ ਸੱਸ ਨੂੰ ਉਸ ਨੂੰ ਪੂਰੀ ਤਰਾਂ ਅਰਾਮ ਕਰਨ ਲਈ ਆਖਿਆ ਸੀ ਅਤੇ ਮੋਹਨ ਉਸ ਦੇ ਲਈ ਵੱਖਰੀ ਵੱਖਰੀ ਕਿਸਮ ਦੇ ਫਲ ਖਾਣ ਲਈ ਲੈ ਆਇਆ ਕਰਦਾ ਸੀ | ਘਰ ਵਿਚ ਦੁੱਧ ਦੀ ਕੋਈ ਘਾਟ ਨਹੀਂ ਸੀ | ਸਮੇਂ ਸਮੇਂ ਤੇ ਡਾਕਟਰ ਨੂੰ ਵਿਖਾਇਆ ਜਾਂਦਾ ਸੀ | ਸਮਾਂ ਪੂਰਾ ਹੋਣ ਤੇ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਸੀ | ਡਲਿਵਰੀ ਨਾਰਮਲ ਹੋਈ ਸੀ | ਵੀਰੂ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਸੀ | ਘਰ ਖੁਸ਼ੀਆਂ ਨਾਲ ਭਰ ਗਿਆ ਸੀ | ਲੱਡੂ ਵੰਡੇ ਗਏ | ਘਰ ਦੇ ਸਾਰੇ ਹੀ ਜੀਅ ਖੁਸ਼ੀਆਂ ਮਨਾ ਰਹੇ ਸੀ | ਸੁਰਜੀਤ ਅਤੇ ਮੋਹਨ ਸਿੰਘ ਆਪਣੇ ਬੱਚੇ ਨਾਲ ਖੁਸ਼ ਸਨ | ਵੀਰੂ ਦੇ ਦਾਦਾ ਦਾਦੀ ਵੀ ਮੋਹਨ ਸਿੰਘ ਨਾਲ ਹੀ ਰਹਿ ਰਹੇ ਸਨ ਜਦੋਂ ਕਿ ਮੋਹਨ ਸਿੰਘ ਦਾ ਵੱਡਾ ਭਾਈ ਅੱਡ ਹੋ ਗਿਆ ਸੀ ਅਤੇ ਵੱਖਰੇ ਤੌਰ ਤੇ ਖੇਤੀ ਕਰ ਰਿਹਾ ਸੀ | ਵੀਰੂ ਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਵਕਤ ਲਾਂਬੂ ਲੱਗ ਗਏ ਜਦੋਂ ਇਕ ਦਿਨ ਮੋਹਨ ਸਿੰਘ ਆਪਣੇ ਬਿਸਤਰੇ ਉਪਰ ਸੁਤਾ ਹੀ ਰਹਿ ਗਿਆ ਸੀ | ਉਸ ਨੂੰ ਪਤਾ ਹੀ ਨਾ ਲੱਗਾ ਕਿ ਹੋਇਆ ਕੀ ਹੈ | ਜਦੋਂ ਰੋਜ਼ਾਨਾ ਦੀ ਤਰਾਂ ਸੁਰਜੀਤ ਚਾਹ ਲੈ ਕੇ ਮੋਹਨ ਸਿੰਘ ਕੋਲ ਗਈ ਅਤੇ ਆਵਾਜ਼ ਲਗਾਈ ਪ੍ਰੰਤੂ ਅੱਗੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਘਬਰਾ ਗਈ | ਉਸ ਨੇ ਮੋਹਨ ਸਿੰਘ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਸਫਲ ਹੋ ਗਈ | ਉਸ ਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ | ਉਸ ਦੇ ਸੱਸ ਸਹੁਰਾ ਭਜੇ ਭਜੇ ਆਏ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਓਹਨਾ ਦੀ ਵੀ ਲੇਰ ਨਿਕਲ ਗਈ | ਨੇੜੇ ਦੇ ਡਾਕਟਰ ਨੂੰ ਬੁਲਾਇਆ ਗਿਆ ਉਸ ਨੇ ਦੇਖਿਆ ਤਾਂ ਨਾਂਹ ਵਿਚ ਸਿਰ ਫੇਰ ਦਿਤਾ ਅਤੇ ਵਾਪਸ ਚਲਾ ਗਿਆ | ਘਰ ਵਿਚ ਚੀਕ ਚਿਹਾੜਾ ਪੈਣ ਤੇ ਆਂਢ ਗੁਆਂਢ ਇਕੱਠਾ ਹੋ ਗਿਆ | ਸਰਜੀਤ ਦੀ ਦੁਨੀਆ ਉਜੜ ਚੁਕੀ ਸੀ | ਵੀਰੂ ਨੂੰ ਕੁਝ ਸਮਝ ਨਹੀਂ ਆ ਰਹੀ ਸੀ | ਸਾਰੀਆਂ ਅੰਤਮ ਰਸਮਾਂ ਪੂਰੀਆਂ ਕਰ ਦਿਤੀਆਂ ਗਈਆਂ ਸਨ |
ਸੁਰਜੀਤ ਇਕ ਦਮ ਤ੍ਰਭਕ ਕੇ ਉਠੀ | ਉਸ ਨੇ ਆਪਣੇ ਵੀਰੂ ਵਲ ਦੇਖਿਆ | ਉਹ ਮਿਟੀ ਨਾਲ ਖੇਡ ਰਿਹਾ ਸੀ | ਉਸ ਨੇ ਲਿਬੜੇ ਹੋਏ ਨੂੰ ਆਪਣੇ ਗੱਲ ਨਾਲ ਲਾਇਆ ਅਤੇ ਪਿਆਰ ਕੀਤਾ | ਆਪਣੇ ਮੱਥੇ ਤੋਂ ਪਸੀਨਾ ਪੂੰਝਿਆ | ਉਹ ਹੈਰਾਨ ਸੀ ਕਿ ਹੁਣ ਤਾਂ ਉਹ ਭਵਿੱਖ ਬਾਰੇ ਸੋਚਦੀ ਹੋਈ ਇਕ ਦਮ ਅਤੀਤ ਦਾ ਗੇੜਾ ਕਿਵੇਂ ਲਾ ਆਈ ਸੀ |
ਉਸ ਨੂੰ ਯਾਦ ਆਇਆ ਕਿ ਭਜਨਾ ਆਪਣੇ ਸਵਾਲ ਦਾ ਜੁਆਬ ਲੈਣ ਆਇਆ ਸੀ | ਭਜਨੇ ਨੂੰ ਉਹ ਕੀ ਜਵਾਬ ਦੇਵੇ | ਉਹ ਫਿਰ ਸੋਚਣ ਲੱਗ ਪਈ | ਉਸ ਨੇ ਵੀਰੂ ਤੇ ਆਪਣੇ ਦੁਆਲੇ ਉਗੇ ਹੋਏ ਰਿਸ਼ਤਿਆਂ ਦੇ ਰੁੱਖਾਂ ਬਾਰੇ ਸੋਚਣਾ ਸ਼ੁਰੂ ਕੀਤਾ | ਰੁੱਖਾਂ ਦੀਆਂ ਜੜ੍ਹਾਂ ਖੂਬ ਫੈਲੀਆਂ ਹੋਈਆਂ ਸਨ ਮਿਟੀ ਨੇ ਉਨ੍ਹਾਂ ਰੁੱਖਾਂ ਨੂੰ ਪੂਰੀ ਤਰਾਂ ਘੁੱਟ ਕੇ ਜਕੜਿਆ ਹੋਇਆ ਸੀ | ਰੁੱਖ ਕਦੇ ਵੀ ਹੁੱਬ ਕੇ ਸੁਰਜੀਤ ਵਲ ਕਦੇ ਵੀ ਨਹੀਂ ਆਏ ਸਨ | ਜਦੋਂ ਤੇਜ਼ ਹਵਾ ਚਲਦੀ ਸੀ ਤਾਂ ਹਵਾ ਦੇ ਰੁਖ ਨਾਲ ਉਸ ਦੇ ਵੇਹੜੇ ਵਲ ਆ ਜਾਇਆ ਕਰਦੇ ਸਨ | ਉਨ੍ਹਾਂ ਰੁੱਖਾਂ ਦੇ ਪੀਲੇ ਹੋਏ ਪੱਤੇ ਮੇਹਣਿਆਂ ਵਾਂਗ ਉਸ ਦੇ ਘਰ ਅੰਦਰ ਖਿੱਲਰ ਜਾਂਦੇ ਸਨ | ਸੁਰਜੀਤ ਉਨ੍ਹਾਂ ਨੂੰ ਬੋਕਰ ਬੁਹਾਰੀ ਦੀ ਮਦਦ ਨਾਲ ਸਾਫ ਕਰਨ ਦਾ ਯਤਨ ਕਰਦੀ ਸੀ | ਪ੍ਰੰਤੂ ਉਹ ਪੂਰੀ ਤਰਾਂ ਸਾਫ ਕਰਨ ਵਿਚ ਸਫਲ ਨਹੀਂ ਹੋਈ ਸੀ | ਉਸ ਦੇ ਸਹੁਰਾ ਸਾਹਿਬ ਅਤੇ ਸੱਸ ਰੁੱਖ ਤਾਂ ਰਹਿ ਹੀ ਨਹੀਂ ਸਨ ਉਹ ਤਾਂ ਅਮਰ ਵੇਲਾਂ ਬਣ ਚੁਕੇ ਸਨ | ਉਹ ਸੁਰਜੀਤ ਨੂੰ ਇਸ ਹਾਲਤ ਵਿਚ ਛੱਡ ਆਪਣੇ ਵੱਡੇ ਪੁੱਤਰ ਕੋਲ ਚਲੇ ਗਏ ਸਨ | ਅਸੀਂ ਜਾਣਦੇ ਹਾਂ ਕਿ ਅਮਰ ਵੇਲਾਂ ਨੂੰ ਵਧਣ ਲਈ ਤਾਂ ਰਸਦਾਰ ਰੁੱਖ ਦੀ ਜ਼ਰੂਰਤ ਹੁੰਦੀ ਹੈ | ਹੁਣ ਉਹ ਉਧਰੋਂ ਰਸ ਚੂਸਣ ਲਈ ਨਵੇਂ ਰੁੱਖ ਉਪਰ ਸਵਾਰ ਹੋ ਚੁਕੇ ਸਨ |
ਸੁਰਜੀਤ ਨੇ ਆਪਣੀਆਂ ਫੋਕੀਆਂ ਜਿਹੀਆਂ ਨਜ਼ਰਾਂ ਨੂੰ ਘੁੰਮਾ ਕੇ ਦੇਖਿਆਂ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਕੰਧ ਪਾਰਦਰਸ਼ੀ ਬਿਲਕੁਲ ਵੀ ਨਹੀਂ ਸੀ ਪਰ ਉਹ ਇਹ ਤਾਂ ਜਾਣਦੀ ਸੀ ਕਿ ਉਸ ਤਰਫ ਤਾਂ ਹਵਾ ਵਿਚ ਲਹਿ ਲਾਹੋਂਦੇ ਖੇਤ ਸਨ ਅਤੇ ਪੌਣ ਰੁਮਕ ਰਹੀ ਸੀ | ਪਰ ਇਹ ਪੌਣ ਤਾਂ ਹਾਲੇ ਉਸ ਦੀ ਪਹੁੰਚ ਤੋਂ ਬਾਹਰ ਸੀ | ਉਸ ਦੇ ਖਿਆਲਾਂ ਨੇ ਪਾਸਾ ਪਰਤਿਆ ਤਾਂ ਉਸ ਨੂੰ ਲੱਗ ਰਿਹਾ ਸੀ ਕਿ ਉਹ ਵੀ ਤਾਂ ਇਕ ਪੌਦਾ ਹੀ ਸੀ ਜਿਹੜਾ ਜਿਸ ਜੰਗਲ ਦੀ ਮਿਟੀ ਵਿਚ ਗੱਡਿਆ ਉਥੇ ਹੀ ਉਸ ਨੇ ਜੜ੍ਹਾਂ ਫੜ ਲਈਆਂ ਸਨ | ਜਦੋਂ ਜੜ੍ਹਾਂ ਨੂੰ ਉਖਾੜਨ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਦਰਦ ਤਾਂ ਹੋਣਾ ਹੀ ਸੀ | ਹੁਣ ਉਸ ਨੇ ਭਜਨੇ ਨੂੰ ਸੰਦੇਸ਼ ਭੇਜ ਦਿੱਤਾ ਸੀ | ਪਰ ਉਹ ਅੰਦਰੋਂ ਬਹੁਤ ਹੀ ਦੁਖੀ ਸੀ | ਸੰਦੇਸ਼ ਭੇਜਣ ਸਮੇਂ ਉਸ ਦੇ ਸਾਰੇ ਸਵਾਲਾਂ ਦਾ ਅੰਤ ਹੋ ਚੁਕਾ ਸੀ | ਕੇਵਲ ਰਿਸ਼ਤਿਆਂ ਦੀਆਂ ਮੇਖਾਂ ਜੋ ਸੁਰਜੀਤ ਨੂੰ ਚੁਭ ਰਹੀਆਂ ਸਨ ਅਤੇ ਉਹ ਪੀੜ੍ਹ ਨਾਲ ਕੁਰਲਾ ਰਹੀ ਸੀ |
ਸੁਰਜੀਤ ਚੁੱਲ੍ਹੇ ਵਿਚ ਬਾਲਣ ਢਾਹ ਰਹੀ ਸੀ | ਸੇਕ ਨਾਲ ਉਸ ਦਾ ਚੇਹਰਾ ਲਾਲ ਹੋਇਆ ਹੋਇਆ ਸੀ | ਉਹ ਵੀਰੂ ਤੋਂ ਤੰਗ ਆਈ ਹੋਈ ਸੀ ਕਿਓਂ ਜੋ ਉਹ ਪੁੱਠੇ ਸਿਧੇ ਸਵਾਲ ਪੁੱਛ ਰਿਹਾ ਸੀ | ਉਸ ਦੇ ਅੰਦਰ ਅਜੀਬ ਹਲ ਚਲ ਹੋ ਰਹੀ ਸੀ ਜਿਸ ਦੀ ਉਸ ਨੂੰ ਬਾਲ ਹੋਣ ਕਾਰਨ ਸਮਝ ਨਹੀਂ ਪੈ ਰਹੀ ਸੀ | ਵੀਰੂ ਜਦੋਂ ਪੇਟ ਦੀ ਅੱਗ ਠੰਡੀ ਕਰ ਬੈਠਾ ਤਾਂ ਸੁਰਜੀਤ ਉਸ ਨੂੰ ਅੰਦਰ ਮੰਜੇ ਤੇ ਪਾ ਆਈ ਤਾਂ ਜੋ ਉਹ ਸੌਂ ਜਾਵੇ | ਚਲ੍ਹਾ ਚੌਕਾ ਸਾਂਭ ਲੈਣ ਮਗਰੋਂ ਵੀ ਸੁਰਜੀਤ ਉਥੇ ਹੀ ਬੈਠੀ ਸੀ | ਉਸ ਦੇ ਅੰਦਰ ਤੂਫ਼ਾਨ ਉਠਿਆ ਹੋਇਆ ਸੀ ਜਿਹੜਾ ਸ਼ਾਂਤ ਨਹੀਂ ਹੋ ਰਿਹਾ ਸੀ | ਵੀਰੂ ਦੀਆਂ ਨੀਂਦ ਭਰੀਆਂ ਅੱਖਾਂ ਥੱਕ ਗਈਆਂ ਤਾਂ ਰੁਮਕਦੀ ਪੌਣ ਦੇ ਆਸਰੇ ਅੱਜ ਵੀਰੂ ਬਿਨਾ ਲੋਰੀਆਂ ਦੇ ਹੀ ਨੀਂਦ ਦੇ ਆਘੋਸ਼ ਵਿਚ ਚਲਾ ਗਿਆ |
ਅਗਲੇ ਦਿਨ ਦੁਪਹਿਰ ਤਕ ਗੂਹੜੇ ਬੱਦਲ ਸਨ ਅਤੇ ਦਿਨ ਢਲੇ ਮੀਂਹ ਲਹਿ ਪਿਆ | ਵੀਰੂ ਕੁਝ ਦੇਰ ਤਾਂ ਵਰ੍ਹਦੇ ਮੀਂਹ ਨੂੰ ਤਕਦਾ ਰਿਹਾ | ਉਧਰ ਸੁਰਜੀਤ ਆਪਣਾ ਸਮਾਨ ਸੰਭਾਲ ਰਹੀ ਸੀ ਅਤੇ ਦੂਜੇ ਘਰ ਜਾਣ ਲਈ ਉਸ ਦੇ ਅੰਦਰ ਕੋਈ ਉਤਸਕਤਾ ਨਹੀਂ ਸੀ | ਉਸ ਨੇ ਆਪਣੇ ਵੀਰੂ ਦਾ ਉਦਾਸ ਚੇਹਰਾ ਦੇਖਿਆ ਤਾਂ ਉਹ ਭੱਜ ਕੇ ਉਸ ਕੋਲ ਆਈ ਤੇ ਉਸ ਨੂੰ ਆਪਣੀ ਬੁੱਕਲ ਵਿਚ ਲੈ ਕੇ ਉਸ ਨੂੰ ਪਿਆਰ ਕਰਨ ਲੱਗ ਪਈ | ਵਰ੍ਹਦੇ ਮੀਂਹ ਵਿਚ ਵੀਰੂ ਨੇ ਆਪਣੀ ਮਾਂ ਨੂੰ ਪੁੱਛਿਆ ,’ਆਪਾਂ ਅੱਜ ਕਿਤੇ ਜਾਣਾ ਹੈ | ” ਉਸ ਦੀ ਮਾਂ ਨੇ ਹਾਂ ਕਿਹਾ ਅਤੇ ਦੱਸਿਆ ਕਿ ਹੁਣ ਸ਼ਹਿਰ ਚਲੇ ਜਾਵਾਂਗੇ ਅਤੇ ਉਥੇ ਹੀ ਰਹਾਂਗੇ |
ਆਥਣ ਸਮੇਂ ਜਦੋਂ ਭਜਨਾ ਕਾਰ ਲੈ ਕੇ ਆਇਆ ਤਾਂ ਮੀਂਹ ਰੁਕੇ ਵਰਗਾ ਹੀ ਸੀ ਕਿਣਮਿਣ ਹੋ ਰਹੀ ਸੀ | ਸੁਰਜੀਤ ਨੇ ਆਪਣੇ ਘਰ ਵੱਲ ਉਦਾਸੀ ਨਾਲ ਤੱਕਿਆ ,ਵੀਰੂ ਦੀ ਬਾਂਹ ਫੜੀ ਉਸ ਨੂੰ ਕਾਰ ਵਿਚ ਬਿਠਾ ਕੇ ਘਰ ਨੂੰ ਜਿੰਦਰਾ ਲਾਉਣ ਲਗੀ | ਆਖਰੀ ਵਾਰ ਤੰਗ ਗਲੀ ਵਲ ਨਿਗਾਹ ਸੁਟੀ ਤੇ ਚਾਬੀ ਨੂੰ ਜੇਬ ਵਿਚ ਪਾ ਕਾਰ ਅੰਦਰ ਬੈਠ ਗਈ | ਇਹ ਸਾਰਾ ਕੁਝ ਇਹਨੀ ਕਾਹਲੀ ਨਾਲ ਹੋਇਆ ਕਿ ਗੁਆਂਢੀ ਕਾਰ ਦੇ ਟੁਰਨ ਤਕ ਅਚੰਭੇ ਵਿਚ ਹੀ ਰਹੇ | ਉਹ ਰਿਸ਼ਤੇ ਪਹਿਲਾਂ ਝੀਤਾਂ ਵਿਚ ਤਕਦੇ ਰਹੇ ਫੇਰ ਦਰਵਾਜ਼ੇ ਖੋਲ ਬਾਹਰ ਆ ਕੇ ਤੱਕਣ ਲਗੇ ਅਤੇ ਆਪੋ ਵਿਚ ਕੰਨ੍ਹ ਜੋੜ ਕੇ ਗੱਲਾਂ ਕਰਨ ਲਗੇ |ਉਹ ਓਹਨਾ ਚਿਰ ਗਲੀ ਵਿਚ ਖੜੇ ਰਹੇ ਜਿਨ੍ਹਾਂ ਚਿਰ ਕਰ ਦੇ ਪਹੀਆਂ ਨੇ ਉਨ੍ਹਾਂ ਉਪਰ ਚਿੱਕੜ ਨੂੰ ਨਾ ਸੁਟਿਆ | ਉਹ ਬੁੜ ਬੁੜ ਕਰਦੇ ਆਪਣੇ ਘਰੀਂ ਵੜ ਗਏ | ਵੀਰੂ ਕਾਰ ਦੇ ਵਿਚੋਂ ਸ਼ੀਸ਼ਿਆਂ ਰਾਹੀਂ ਪਿਛੇ ਵਲ ਦੇਖ ਰਿਹਾ ਸੀ | ਘਰ ਪੁੱਜ ਕੇ ਵੀਰੂ ਥੱਕਿਆ ਹੋਇਆ ਸੀ ਉਹ ਕਾਰ ਵਿਚ ਹੀ ਸੌਂ ਗਿਆ ਸੀ | ਉਸ ਨੂੰ ਸੁਰਜੀਤ ਨੇ ਚੁੱਕਿਆ ਅਤੇ ਅੰਦਰ ਬਿਸਤਰੇ ਉਪਰ ਪਾ ਦਿਤਾ | ਰਾਤ ਹੋ ਚੁਕੀ ਸੀ | ਹਵਾ ਜੋ ਰੁਮਕ ਰਹੀ ਸੀ ਜੋ ਬਹੁਤ ਹੀ ਤੇਜ਼ ਹੋ ਗਈ ਸੀ | ਲਗਦਾ ਸੀ ਰੁੱਖਾਂ ਤੇ ਪੱਤਿਆਂ ਦੀ ਖੈਰ ਨਹੀਂ | ਪੱਤੇ ਝੜਦੇ ਪ੍ਰਤੀਤ ਹੋ ਰਹੇ ਸਨ ਰੁੱਖਾਂ ਨੂੰ ਛੱਡ ਕੀਤੇ ਲੰਮੇ ਸਫ਼ਰ ਵਲ ਚਲ ਪਏ ਸਨ | ਬਿਜਲੀ ਗਰਜ ਰਹੀ ਸੀ ਅਤੇ ਅਸਮਾਨੀ ਬਿਜਲੀ ਦੀ ਚਮਕ ਨਾਲ ਸਾਰਾ ਕਮਰਾ ਰੁਸ਼ਨਾਇਆ ਗਿਆ | ਵੀਰੂ ਦੀ ਜਾਗ ਖੁਲ ਗਈ | ਉਸ ਨੇ ਆਪਣੇ ਬਿਸਤਰੇ ਤੇ ਨਿਗਾਹ ਘੁੰਮਾਈ | ਮਾਂ ਨੂੰ ਉਥੇ ਨਾ ਦੇਖ ਉਹ ਡਰ ਗਿਆ | ਉਸ ਨੇ ਆਪਣੇ ਕਮਰੇ ਨੂੰ ਚੰਗੀ ਤਰਾਂ ਵੇਖਿਆ | ਮਾਂ ਤਾ ਕਮਰੇ ਵਿਚ ਵੀ ਨਹੀਂ ਸੀ | ਉਹ ਦਰਵਾਜ਼ਾ ਖੋਲ ਬਾਹਰ ਵੇਹੜੇ ਵਲ ਹੋ ਗਿਆ | ਬਾਹਰ ਮੀਂਹ ਪੈਣ ਲੱਗ ਪਿਆ ਸੀ | ਉਹ ਡਰਦਾ ਹੋਇਆ ਵਾਪਿਸ ਨਾਲ ਦੇ ਕਮਰੇ ਵਿਚ ਪੁੱਜ ਗਿਆ | ਚਾਰ ਚੁਫੇਰੇ ਵੇਖਿਆ,ਸਾਫ ਸੁਥਰੇ ਕਮਰੇ ਅੰਦਰ ਸੋਫੇ ਲੱਗੇ ਹੋਏ ਸਨ,ਕੁਰਸੀਆਂ ਰੱਖੀਆਂ ਹੋਈਆਂ ਸਨ | ਇਕ ਬਿਸਤਰਾ ਲਗਾ ਹੋਇਆ ਸੀ ਜਿਸ ਉਤੇ ਸੁੰਦਰ ਚਾਦਰ ਵਿਛੀ ਹੋਈ ਸੀ ਜਿਸ ਵਿਚ ਇਕ ਵੀ ਸਿਲਵਟ ਨਹੀਂ ਸੀ | ਇੰਜ ਜਾਪ ਰਿਹਾ ਸੀ ਕਿ ਇਸ ਕਮਰੇ ਅੰਦਰ ਕੋਈ ਲੰਬੇ ਸਮੇਂ ਤੋਂ ਬੈਠਿਆ ਜਾਂ ਸੁੱਤਾ ਹੀ ਨਹੀਂ ਸੀ |
ਉਸ ਨੇ ਦੇਖਿਆ ਕਿ ਅਗਲੇ ਕਮਰੇ ਦੇ ਢੋਏ ਹੋਏ ਬੂਹੇ ਵਿਚੋਂ ਹਰੀ ਰੋਸ਼ਨੀ ਬਾਹਰ ਵਲ ਝਾਤੀ ਮਾਰ ਰਹੀ ਸੀ | ਉਹ ਉਸ ਕਮਰੇ ਵਲ ਅਹੁਲਿਆ | ਉਸ ਨੂੰ ਅੰਦਰੋਂ ਗੱਲਾਂ ਦੀ ਆਵਾਜ਼ ਆਓਂਦੀ ਸੁਣਨ ਲੱਗੀ | ਉਸ ਨੇ ਸੋਚਿਆਂ ਮਾਂ ਇਥੇ ਹੋ ਸਕਦੀ ਹੈ | ਇਸ ਆਸ ਨਾਲ ਉਸ ਨੇ ਕਮਰੇ ਦੇ ਢੋਏ ਹੋਏ ਦਰਵਾਜ਼ੇ ਨੂੰ ਖੋਲਿਆ ਤੇ ਅੰਦਰ ਵੜ ਗਿਆ |ਜਦੋਂ ਉਸ ਨੇ ਦੇਖਿਆ ਕਿ ਉਸ ਦੀ ਮਾਂ ਅਤੇ ਭਜਨਾ ਇਕੋ ਬਿਸਤਰੇ ਤੇ ਸਨ ਅਤੇ ਕੁਝ ਅਜੇਹੀ ਹਾਲਤ ਵਿਚ ਸਨ ਜਿਸ ਵਿਚ ਉਸ ਨੇ ਕਦੇ ਕਿਸੇ ਨੂੰ ਵੀ ਨਹੀਂ ਡਿੱਠਾ ਸੀ | ਉਧਰ ਜਦੋਂ ਸੁਰਜੀਤ ਨੂੰ ਬਿੜਕ ਹੋਈ ਕਿ ਵੀਰੂ ਅੰਦਰ ਆ ਚੁਕਾ ਹੈ ਝੱਟ ਹੀ ਉਸ ਨੇ ਆਪਣੇ ਉਤੇ ਕਪੜਾ ਲੈ ਲਿਆ ਅਤੇ ਇਸ ਤਰਾਂ ਸੌਂ ਗਈ ਜਿਵੇਂ ਉਸ ਨੂੰ ਕੁਝ ਪਤਾ ਹੀ ਨਾ ਲਗਾ ਹੋਵੇ ਅਤੇ ਭਜਨਾ ਵੀ ਸੌਣ ਦਾ ਨਾਟਕ ਕਰਨ ਲਗਾ | ਵੀਰੂ ਨੇ ਵੀ ਮੂੰਹੋਂ ਆਵਾਜ਼ ਨਾ ਕੱਢੀ ਤੇ ਉਸ ਕਮਰੇ ਵਿਚੋਂ ਬਾਹਰ ਨਿਕਲ ਗਿਆ | ਉਸ ਦੇ ਜਾਂਦੇ ਹੀ ਸੁਰਜੀਤ ਉੱਠੀ ਆਪਣੇ ਕਪੜੇ ਪਾਏ ਤੇ ਵੀਰੂ ਦੇ ਕਮਰੇ ਵਿਚ ਚਲੀ ਗਈ | ਉਸ ਨਾਲ ਗੱਲਾਂ ਕਰਨ ਲਗੀ | ਵੀਰੂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਆਦਮੀ ਕੌਣ ਹੈ | ਸਰਜੀਤ ਨੇ ਕਿਹਾ ਕਿ ਪੁੱਤ ਇਹਦਾ ਨਾਂ ਭਜਨ ਸਿੰਘ ਹੈ ਤੇ ਤੂੰ ਇਨ੍ਹਾਂ ਨੂੰ ਡੈਡੀ ਆਖਿਆ ਕਰ | ਵੀਰੂ ਨੇ ਪੁੱਛਿਆ ਕਿ ਆਪਣੇ ਘਰੇ ਜਿਸ ਫੋਟੋ ਨੂੰ ਹਾਰ ਪਾਇਆ ਹੋਇਆ ਸੀ ਤੂੰ ਮੈਨੂੰ ਦੱਸਿਆ ਸੀ ਕਿ ਉਹ ਮੇਰਾ ਡੈਡੀ ਹੈ | ਇਹ ਸੁਣ ਕੇ ਸੁਰਜੀਤ ਨੂੰ ਕੋਈ ਜਵਾਬ ਨਾ ਅਹੁੜਿਆ | ਉਸ ਨੂੰ ਜਾਪਿਆ ਕਿ ਹੁਣ ਵੀਰੂ ਵੱਡਾ ਹੋ ਚੁਕਾ ਹੈ |
ਸੁਰਜੀਤ ਅਤੇ ਭਜਨ ਨੇ ਫੈਸਲਾ ਕਰ ਕੇ ਵੀਰੂ ਨੂੰ ਹੋਸਟਲ ਵਿਚ ਰੱਖ ਕੇ ਪੜਾਉਣ ਦਾ ਵਿਚਾਰ ਬਣਾਇਆ ਅਤੇ ਉਸ ਨੂੰ ਹੋਸਟਲ ਛੱਡਣ ਚਲੇ ਗਏ | ਸੁਰਜੀਤ ਨੂੰ ਲਗਦਾ ਸੀ ਵੀਰੂ ਇਸ ਦਾ ਵਿਰੋਧ ਕਰੇਗਾ ਅਤੇ ਮਾਂ ਕੋਲ ਰਹਿ ਪੜਨ ਦੀ ਜ਼ਿਦ ਕਰੇਗਾ | ਪਰ ਅਜਿਹਾ ਕੁਝ ਨਾ ਹੋਇਆ | ਉਹ ਚੁੱਪ ਚਾਪ ਆਪਣੇ ਕਪੜੇ ਅਤੇ ਕਿਤਾਬਾਂ ਲੈ ਕੇ ਜਾਣ ਲਈ ਤਿਆਰ ਹੋ ਗਿਆ | ਸੁਰਜੀਤ ਨੂੰ ਲਗਦਾ ਸੀ ਜਦੋਂ ਹੋਸਟਲ ਵਿਚ ਉਸ ਨੂੰ ਛੱਡ ਕੇ ਵਾਪਸ ਤੁਰਨ ਲਗਾਂਗੇ ਤਾਂ ਵੀਰੂ ਵਾਪਸ ਆਉਣ ਲਈ ਜ਼ਿਦ ਕਰੇਗਾ | ਪਰ ਉਸ ਨੇ ਉਨ੍ਹਾਂ ਦੋਵਾਂ ਵਲ ਮੁੜ ਕੇ ਵੀ ਨਾ ਦੇਖਿਆ ਤੇ ਆਪਣੇ ਕਮਰੇ ਵਲ ਤੁਰ ਪਿਆ ਸੀ |
ਕਮਰੇ ਵਿਚ ਪਹੁੰਚ ਉਸ ਨੇ ਆਪਣਾ ਸਮਾਨ ਰੱਖਿਆ ਤੇ ਸ਼ੀਸ਼ੇ ਵਾਲੀ ਖਿੜਕੀ ਵਿਚੋਂ ਬਾਹਰ ਦੇਖਿਆ | ਅਸਮਾਨ ਬਿਲਕੁਲ ਸਾਫ ਹੋ ਚੁਕਾ ਸੀ | ਪੰਛੀ ਅਸਮਾਨ ਵਿਚ ਆਜ਼ਾਦ ਘੁੰਮ ਰਹੇ ਸੀ | ਉਸ ਨੂੰ ਜਾਪਿਆ ਕਿ ਪੰਛੀ ਤਾਂ ਵਡੇ ਹੋ ਕੇ ਆਜ਼ਾਦ ਘੁੰਮ ਸਕਦੇ ਹਨ ਪਰ ਉਹ ਤਾਂ ਵੱਡਾ ਹੋ ਪਿੰਜਰੇ ਵਿਚ ਕੈਦ ਹੋ ਚੁਕਾ ਸੀ | ਪਹਿਲਾਂ ਘਟੋ ਘਟ ਉਸ ਦੀ ਮਾਂ ਕੋਲ ਹੁੰਦੀ ਸੀ ਹੁਣ ਤਾਂ ਮਾਂ ਵੀ ਪਰਾਈ ਹੋ ਉਸ ਨੂੰ ਗੁਲਾਮ ਬਣਾ ਕੇ ਤੁਰ ਗਈ ਸੀ | ਉਸ ਨੂੰ ਸਮਝ ਨਹੀਂ ਆ ਰਹੀ ਸੀ ਉਸ ਦੀ ਮਾਂ ਹੁਣ ਆਜ਼ਾਦ ਸੀ ਜਾਂ –! ਇਹਨਾਂ ਸੋਚਾਂ ਵਿਚ ਉਸ ਨੂੰ ਰੋਣਾ ਆ ਗਿਆ | ਭਾਵੇਂ ਉਸ ਨੂੰ ਪਤਾ ਸੀ ਕਿ ਹੁਣ ਉਸ ਨੂੰ ਚੁੱਪ ਕਰਾਉਣ ਲਈ ਉਥੇ ਕੋਈ ਵੀ ਨਹੀਂ ਸੀ ਪਰ ਉਸ ਦਾ ਰੋਣਾ ਥੰਮ ਨਹੀਂ ਰਿਹਾ ਸੀ | ਉਸ ਨੂੰ ਕੁਝ ਇਲਮ ਨਹੀਂ ਸੀ ਕਦੋਂ ਉਸ ਨੂੰ ਨੀਂਦ ਨੇ ਘੇਰ ਲਿਆ ਸੀ |
ਸੁਪਨੇ ਵਿਚ ਉਸ ਨੂੰ ਆਪਣਾ ਘਰ ਯਾਦ ਆਇਆ ਤੇ ਆਪਣੇ ਬਾਪ ਦੀ ਹਾਰ ਵਾਲੀ ਤਸਵੀਰ ਜਿਸ ਵਿਚੋਂ ਨਿਕਲ ਨੇ ਉਸ ਦਾ ਡੈਡੀ ਉਸ ਨਾਲ ਆ ਕੇ ਪੈ ਗਿਆ ਸੀ ਅਤੇ ਉਸ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਸੁਣਾਉਣ ਲੱਗ ਪਿਆ ਸੀ | ਉਸ ਨੂੰ ਯਾਦ ਆਇਆ ਕਿ ਜਦੋਂ ਉਸ ਦੀ ਮਾਂ ਰੋਟੀ ਪਕਾਉਂਦੀ ਸੀ ਤੇ ਉਸ ਨੂੰ ਆਟੇ ਦੀ ਚਿੜੀ ਬਣਾ ਕੇ ਦੇ ਦਿਆ ਕਰਦੀ ਸੀ ਜਦੋਂ ਉਹ ਚਿੜੀ ਟੁੱਟ ਜਾਂਦੀ ਤਾਂ ਮਾਂ ਉਸ ਤੋਂ ਆਟਾ ਵਾਪਸ ਲੈ ਕੇ ਫਿਰ ਚਿੜੀ ਬਣਾ ਤਵੇ ਉਤੇ ਹੀ ਪਕਾ ਦਿਆ ਕਰਦੀ ਸੀ | ਉਹ ਚਿੜੀ ਨੂੰ ਮਾਂ ਤੋਂ ਫੜ ਚੁੱਲ੍ਹੇ ਤੋਂ ਦੂਰ ਖੇਡਣ ਲੱਗ ਜਾਂਦਾ ਸੀ | ਭੁੱਖ ਕਾਰਨ ਜਦ ਉਸ ਦੀ ਜਾਗ ਖੁਲੀ ਤਾਂ ਉਸ ਦੀ ਚਿੜੀ ਤਾਂ ਫੁਰਰ ਕਰ ਕੇ ਉਡ ਚੁਕੀ ਸੀ ਤੇ ਉਹ ਅਲਾਣੀ ਮੰਜੀ ਤੇ ਲੇਟਿਆ ਹੋਇਆ ਸੀ | ਸਮਾਂ ਅਗੇ ਵਲ ਵੱਧ ਰਿਹਾ ਸੀ | ਵੀਰੂ ਅਗਲੇਰੀਆਂ ਜਮਾਤਾਂ ਵਿਚ ਹੋ ਰਿਹਾ ਸੀ | ਉਸ ਨੂੰ ਹੁਣ ਦੁਨੀਆ ਦੀ ਸਮਝ ਆਉਣ ਲਗੀ ਸੀ |
ਐਤਵਾਰ ਦਾ ਦਿਨ ਸੀ ਵੀਰੂ ਆਪਣੀ ਪੜ੍ਹਾਈ ਵਿਚ ਰੁਝਿਆ ਹੋਇਆ ਸੀ | ਉਸ ਦੇ ਕਮਰੇ ਤੇ ਦਸਤਕ ਹੋਈ | ਉਸ ਨੇ ਦਰਵਾਜ਼ਾ ਖੋਲਿਆ | ਉਸ ਨੇ ਹੋਸਟਲ ਦੀ ਵਾਰਡਨ ਨੂੰ ਦੇਖਿਆ ਤੇ ਇਕ ਦਮ ਕਿਤਾਬਾਂ ਛੱਡ ਖੜਾ ਹੋ ਗਿਆ ਤੇ ਸਵਾਲੀਆ ਨਜ਼ਰਾਂ ਨਾਲ ਵਾਰਡਨ ਵਲ ਦੇਖਿਆ |
ਵਾਰਡਨ ਬੋਲੀ,” ਵੀਰੂ ਤੇਰੇ ਲਈ ਇਕ ਮਾੜੀ ਖਬਰ ਹੈ |”
ਵੀਰੂ ਵਾਰਡਨ ਵਲ ਹੀ ਦੇਖ ਰਿਹਾ ਸੀ ਅਤੇ ਬੋਲਿਆ,”ਕੀ ਹੋਇਆ ?”
ਵਾਰਡਨ ਬੋਲੀ, “ਤੇਰੀ ਮਾਂ ——|”
ਵੀਰੂ ਬੋਲਿਆ,”ਮਾਂ ਆਈ ਹੈ | ਕਿਥੇ ਹੈ ?”
ਹੋਸਟਲ ਦੀ ਵਾਰਡਨ ਨੇ ਉਸ ਦੇ ਮੋਢੇ ਉਤੇ ਹੱਥ ਰਖਿਆ ਤੇ ਬੋਲੀ,”ਨਹੀਂ ! ਤੇਰੀ ਮਾਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ ਹੈ |”
ਜਦੋਂ ਵੀਰੂ ਨੇ ਪੁੱਛਿਆ ,”ਕਿਥੇ ਗਈ ਹੈ ਮੇਰੀ ਮਾਂ ?”
ਵਾਰਡਨ ਨੇ ਅੱਖਾਂ ਭਰ ਲਈਆਂ ਤੇ ਬਿਨਾ ਕੁਝ ਬੋਲੇ ਉਪਰ ਵਲ ਇਸ਼ਾਰਾ ਕਰਦੇ ਹੋਏ ਬੋਲੀ ,” ਵਾਹਿਗੁਰੂ ਕੋਲ !”
ਵੀਰੂ ਹੁਣ ਆਪਣੇ ਹੱਥ ਮੱਲ ਰਿਹਾ ਸੀ ਅਤੇ ਉਸ ਦੇ ਸਾਰੇ ਸਵਾਲ ਮੁਕ ਗਏ ਸਨ | ਵਾਰਡਨ ਨੇ ਕਿਹਾ ਕਿ ਤੂੰ ਤਿਆਰ ਹੋ ਜਾ | ਤੈਨੂੰ ਲੈਣ ਲਈ ਡਰਾਈਵਰ ਕਾਰ ਲੈ ਕੇ ਆਇਆ ਹੈ ਤੇ ਤੇਰਾ ਇੰਤਜ਼ਾਰ ਕਰ ਰਿਹਾ ਹੈ | ਵਾਰਡਨ ਸੰਦੇਸ਼ ਦੇ ਕੇ ਚਲੀ ਗਈ |
ਵੀਰੂ ਕੁਝ ਦੇਰ ਡੌਰ ਭੌਰ ਹੋਇਆ ਖੜਾ ਰਿਹਾ | ਫਿਰ ਉਸ ਨੇ ਆਪਣਾ ਸੰਦੂਕ ਖੋਲਿਆ ਅਤੇ ਉਸ ਵਿਚੋਂ ਫਰੇਮ ਵਿਚ ਜੜ੍ਹੀ ਹੋਈ ਆਪਣੀ ਮਾਂ ਦੀ ਤਸਵੀਰ ਕੱਢੀ ਉਸ ਤਸਵੀਰ ਨੂੰ ਘੁੱਟ ਕੇ ਆਪਣੇ ਨਾਲ ਲਾਇਆ | ਅਜਿਹਾ ਕਰਨ ਸਾਰ ਹੀ ਉਸ ਦੀਆਂ ਅੱਖਾਂ ਗੰਗਾ ਯਮਨੀ ਹੋ ਗਈਆਂ | ਫੇਰ ਉਸ ਨੂੰ ਬਾਹਰ ਖੜੋਤੇ ਡਰਾਈਵਰ ਦੀ ਯਾਦ ਆਈ ਤਾਂ ਉਸ ਨੇ ਆਪਣੀਆਂ ਅੱਖਾਂ ਸਾਫ ਕੀਤੀਆਂ ਅਤੇ ਕਮਰੇ ਵਿਚੋਂ ਬਾਹਰ ਨਿਕਲ ਤੁਰਿਆ | ਬਾਹਰ ਆ ਕੇ ਕਾਰ ਵਿਚ ਬੈਠਾ ਤੇ ਡਰਾਈਵਰ ਨੇ ਕਾਰ ਨੂੰ ਤੋਰਿਆ ਅਤੇ ਆਪਣੇ ਰਾਹ ਵਲ ਪਾ ਦਿਤੀ | ਰਸਤੇ ਵਿਚ ਵੀਰੂ ਨੂੰ ਡ੍ਰਾਈਵਰ ਨੂੰ ਦੱਸਿਆ ਕਿ ਸੁਰਜੀਤ ਕੌਰ ਤਾਂ ਕੁਝ ਦਿਨ ਪਹਿਲਾਂ ਸਭ ਨੂੰ ਛੱਡ ਕੇ ਚਲੀ ਗਈ ਸੀ ਅਤੇ ਤੈਨੂੰ ਇਸ ਲਈ ਨਹੀਂ ਦੱਸਿਆ ਕਿ ਤੇਰੇ ਆਖਰੀ ਇਮਤਿਹਾਨ ਚਲ ਰਹੇ ਸਨ | ਕਾਰ ਸੜਕਾਂ ਨੂੰ ਪਾਰ ਕਰਦੀ ਹੋਈ ਉਸ ਘਰ ਦੇ ਅੰਦਰ ਆ ਗਈ | ਵੀਰੂ ਨੇ ਦੇਖਿਆ ਕਿ ਭਜਨਾ ਵੇਹੜੇ ਵਿਚ ਮੰਜੇ ਉਪਰ ਬੈਠਾ ਹੋਇਆ ਸੀ | ਓਹਦੀਆਂ ਅੱਖਾਂ ਉਦਾਸ ਸਨ | ਵਾਲ ਖਿਲਰੇ ਹੋਏ ਸਨ ਅਤੇ ਇੰਜ ਲਗਦਾ ਸੀ ਕਿ ਉਹ ਦੋ -ਤਿੰਨ ਦਿਨ ਤੋਂ ਨਹਾਤਾ ਹੀ ਨਹੀਂ ਸੀ | ਵੀਰੂ ਕਾਰ ਵਿਚੋਂ ਉਤਰਿਆ ਅਤੇ ਸਿੱਧਾ ਭਜਨ ਕੋਲ ਪਹੁੰਚਿਆ | ਵੀਰੂ ਨੇ ਭਜਨੇ ਨੂੰ ਪਹਿਲਾਂ ਸਵਾਲ ਹੀ ਇਹ ਕੀਤਾ ਕਿ ਮੇਰੀ ਮਾਂ ਕਿਥੇ ਹੈ | ਭਜਨੇ ਦੇ ਰੁਕੇ ਹੋਏ ਅਥਰੂ ਆਪ ਮੁਹਾਰੇ ਵੱਗ ਤੁਰੇ ਤੇ ਉਸ ਨੇ ਕਿਹਾ ਕਿ ਸੁਰਜੀਤ ਤਾਂ ਸਾਨੂੰ ਸਾਰਿਆਂ ਨੂੰ ਛੱਡ ਅਣਦੱਸੀ ਜਗਾਹ ਚਲੀ ਗਈ ਹੈ ਜਿਥੋਂ ਕੋਈ ਵੀ ਵਾਪਿਸ ਨਹੀਂ ਆਓਂਦਾ | ਹੁਣ ਇਹ ਘਰ ਸੁੰਨਾ ਹੋ ਗਿਆ ਹੈ | ਤੂੰ ਹੁਣ ਮੇਰੇ ਕੋਲ ਰਹਿ | ਮੈਨੂੰ ਛੱਡ ਕੇ ਕਿਤੇ ਨਾ ਜਾਈਂ | ਪ੍ਰੰਤੂ ਵੀਰੂ ਨੇ ਕਿਹਾ ਕਿ ਮੈਂ ਤਾਂ ਇਥੇ ਨਹੀਂ ਰਹਿ ਸਕਦਾ | ਜਿਥੇ ਮੇਰੀ ਮਾਂ ਨਹੀਂ ਰਹਿ ਸਕੀ ਅਤੇ ਤੂੰ ਮੇਰੀ ਮਾਂ ਨੂੰ ਮੇਰੇ ਕੋਲੋਂ ਵੱਖ ਕਰ ਦਿੱਤਾ ਸੀ | ਤੂੰ ਮੇਰਾ ਕੁਝ ਨਹੀਂ ਲਗਦਾ ਮੈਂ ਹੁਣ ਆਪਣੇ ਪਿੰਡ ਜਾਵਾਂਗਾ ਜਿਥੇ ਮੇਰੇ ਡੈਡੀ ਦੀ ਹਾਰ ਵਾਲੀ ਫੋਟੋ ਲਗੀ ਹੋਈ ਹੈ | ਉਸ ਦੇ ਬਰਾਬਰ ਮੈਂ ਆਪਣੀ ਮਾਂ ਦੀ ਤਸਵੀਰ ਦੇ ਹਾਰ ਪਾ ਕੇ ਲਗਾਵਾਂਗਾ ਅਤੇ ਉਥੇ ਹੀ ਰਹਾਂਗਾ

ਡਾਕਟਰ ਅਜੀਤ ਸਿੰਘ ਕੋਟਕਪੂਰਾ
Share this content:



Post Comment