ਕਹਾਣੀ/ਅਥਰੂਆਂ ਦੇ ਬੋਲ/ਡਾਕਟਰ ਅਜੀਤ ਸਿੰਘ ਕੋਟਕਪੂਰਾ
ਕੇਸਰ ਸਿੰਘ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਬਹੁਤ ਹੀ ਤੰਗ ਹਾਲਾਤਾਂ ਵਿਚ ਪਾਲ ਪੋਸ ਕੇ ਪੜ੍ਹਾਇਆ ਅਤੇ ਨੌਕਰੀ ਸਿਰੇ ਕਰ ਦਿਤਾ ਸੀ | ਨੌਕਰੀ ਮਿਲਣ ਤੋਂ ਪਹਿਲਾਂ ਦੋਹਾਂ ਪੁੱਤਰਾਂ ਨੇ ਵੀ ਆਪਣੇ ਪਿਤਾ ਨਾਲ ਜਾਨ ਤੌੜ ਕੇ ਮੇਹਨਤ ਕੀਤੀ ਅਤੇ ਘਰ ਦੀ ਹਾਲਤ ਨੂੰ ਬੇਹਤਰ ਬਣਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਸੀ | ਸਵੇਰੇ ਉੱਠ ਆਪਣੇ ਮੁਢਲੇ ਕੰਮਾਂ ਤੋਂ ਵੇਹਲੇ ਹੋ ਕੇ ਮਹਿੰਦਰ ਕੌਰ ਚਾਹ ਬਣਾ ਦਿੰਦੀ ਸੀ | ਕੇਸਰ ਚਾਹ ਪੀ ਕੇ ਪਸ਼ੂਆਂ ਨੂੰ ਨੀਰਾ ਪਾ ਦਿੰਦਾ ਤੇ ਮਹਿੰਦਰ ਕੌਰ ਮੱਝਾਂ ਦੀਆਂ ਧਾਰਾ ਕੱਢ ਦੁੱਧ ਵਾਦ ਸੰਭਾਲ ਕੇ ਲੱਸੀ ਰਿੜਕਣ ਬੈਠ ਜਾਂਦੀ ਸੀ | ਦੋਵਾਂ ਰਜਵੰਤ ਅਤੇ ਹਰਬੰਸ ਨੂੰ ਤਿਆਰ ਕਰ ਸਕੂਲ ਭੇਜ ਦਿੰਦੀ ਸੀ ਤੇ ਆਪ ਕੇਸਰ ਦੀ ਹਾਜ਼ਰੀ ਲੈ ਕੇ ਖੇਤ ਚਲੀ ਜਾਂਦੀ ਸੀ | ਉਸ ਵੇਲੇ ਤਕ ਕੇਸਰ ਖੇਤਾਂ ਦਾ ਗੇੜਾ ਮਾਰ ਵਰਹਲਾ ਹੋ ਜਾਇਆ ਕਰਦਾ ਸੀ | ਉਹ ਦੋਵੇਂ ਜੀਅ ਬੈਠ ਦਹੀਂ ਮੱਖਣ ਨਾਲ ਫੁਲਕਾ ਛਕ ਲੈਂਦੇ ਸੀ ਅਤੇ ਵਾਹਿਗੂਰੂ ਦਾ ਸ਼ੁਕਰਾਨਾ ਕਰਦੇ ਹੋਏ ਘਰ ਕਬੀਲਦਾਰੀ ਦੀਆਂ ਗੱਲਾਂ ਕਰ ਲਿਆ ਕਰਦੇ ਸਨ | ਉਧਰ ਦੋਵੇਂ ਕਾਕੇ ਸਕੂਲ ਵਿਚੋਂ ਛੁਟੀ ਹੋ ਜਾਣ ਤੇ ਘਰ ਪੁੱਜ ਜਾਂਦੇ ਸਨ ਇਧਰ ਮਹਿੰਦਰ ਕੌਰ ਖੇਤਾਂ ਵਿਚੋਂ ਸਬਜ਼ੀ ਤੌੜ ਕੇ ਘਰੇ ਆ ਜਾਂਦੀ ਸੀ | ਰਾਜਵੰਤ ਅਤੇ ਹਰਬੰਸ ਘਰੇ ਆ ਕੇ ਰੋਟੀ ਖਾ ਸਕੂਲ ਦਾ ਕੰਮ ਕਰਨ ਬੈਠ ਜਾਂਦੇ ਸੀ |
ਇਸ ਤਰਾਂ ਸਮਾਂ ਆਪਣੀ ਟੋਰ ਤੁਰਿਆ ਜਾ ਰਿਹਾ ਸੀ | ਸੂਰਜ ਉਗਣ ਅਤੇ ਡੁੱਬਣ ਤਕ ਕੰਮ ਵਿਚ ਹੀ ਸਾਰਿਆਂ ਦਾ ਸਮਾਂ ਬੀਤਦਾ ਜਾ ਰਿਹਾ ਸੀ | ਦੋਵੇਂ ਬੱਚੇ ਪੜ੍ਹਾਈ ਵਿਚ ਹੁਸ਼ਿਆਰ ਸਨ ਅਤੇ ਕਦੇ ਵੀ ਸਕੂਲ ਤੋਂ ਦੋਵਾਂ ਲਈ ਕੋਈ ਸ਼ਿਕਾਇਤ ਨਹੀਂ ਆਈ ਸੀ | ਬਲਕਿ ਅਧਿਆਪਕ ਦੋਹਾਂ ਦੀ ਪ੍ਰਸੰਸਾ ਕਰੀਏ ਕਰਦੇ ਸਨ | ਇਕ ਅਧਿਆਪਕ ਰੋਜ਼ਾਨਾ ਹੀ ਛੁਟੀ ਸਮੇਂ ਕੇਸਰ ਸਿੰਘ ਦੇ ਘਰ ਦੇ ਅੱਗੋਂ ਲੰਘ ਕੇ ਆਪਣੇ ਘਰ ਨੂੰ ਜਾਇਆ ਕਰਦਾ ਸੀ ਅਤੇ ਜਦੋਂ ਵੀ ਕੇਸਰ ਸਿੰਘ ਨਾਲ ਦੁਆ ਸਲਾਮ ਹੋ ਜਾਂਦੀ ਸੀ ਉਹ ਬੱਚਿਆਂ ਸਬੰਧੀ ਆਪਣੀ ਰਾਏ ਦੇ ਦੀਆ ਕਰਦਾ ਸੀ ਕਿ ਇਹ ਦੋਵੇਂ ਹੀ ਬਹੁਤ ਲਾਇਕ ਹਨ ਅਤੇ ਇੰਜ ਜਾਪਦਾ ਹੈ ਜ਼ਰੂਰ ਹੀ ਤੁਹਾਡਾ ਨਾਂ ਜੱਗ ਤੇ ਰੋਸ਼ਨ ਕਰਨਗੇ | ਉਂਜ ਹੀ ਹੋਇਆ ਰਜਵੰਤ ਸੂਬੇ ਵਿਚੋਂ ਅਤੇ ਹਰਬੰਸ ਜ਼ਿਲੇ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ | ਖੁਸ਼ੀ ਮਨਾਈ ਗਈ | ਉਸ ਅਧਿਆਪਕ ਦੀ ਨੇਕ ਸਲਾਹ ਸਦਕਾ ਉਹ ਅਗਲੇਰੀ ਪੜ੍ਹਾਈ ਵੀ ਪੂਰੀ ਕਰ ਚੁਕੇ ਤਾਂ ਉਨ੍ਹਾਂ ਨੇ ਨੌਕਰੀ ਲਈ ਇਮਤਿਹਾਨ ਦੇ ਕੇ ਬੈੰਕ ਵਿਚ ਨੌਕਰੀਆਂ ਪ੍ਰਾਪਤ ਕਰ ਲਈਆਂ | ਹੁਣ ਤਾਂ ਕੇਸਰ ਸਿੰਘ ਦੀ ਅੱਡੀ ਥੱਲੇ ਨਹੀਂ ਲਗਦੀ ਸੀ | ਮਹਿੰਦਰ ਕੌਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ |
ਰਜਵੰਤ ਦਾ ਵਿਆਹ ਸੁਰਜੀਤ ਕੌਰ ਨਾਲ ਅਤੇ ਹਰਬੰਸ ਦਾ ਵਿਆਹ ਦਲਜੀਤ ਕੌਰ ਨਾਲ ਕਰ ਦਿਤਾ ਗਿਆ | ਵਿਆਹ ਵਿਚ ਭਰਵਾਂ ਇਕੱਠ ਕਰਨ ਦੀ ਬਜਾਏ ਸਾਦਾ ਵਿਆਹ ਹੀ ਕੀਤੇ ਗਏ | ਸੁਰਜੀਤ ਕੌਰ ਕੰਮ ਦੀ ਸੁਚੱਜੀ ਸੀ ਉਹ ਘਰ ਦਾ ਕੰਮ ਸੰਭਾਲਦੀ ਸੀ | ਦਲਜੀਤ ਕੌਰ ਅਮੀਰ ਘਰ ਤੋਂ ਸੀ ਉਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਤੇ ਗਾਹੇ ਬਗਾਹੇ ਕੰਮ ਤੋਂ ਟਲਣ ਦੀ ਕੋਸ਼ਿਸ਼ ਕਰਦੀ ਸੀ | ਸੁਰਜੀਤ ਕੌਰ ਉਸ ਨੂੰ ਛੋਟੀ ਭੈਣ ਸਮਝਦੀ ਸੀ | ਦੋਹਾਂ ਵਿਚ ਪਿਆਰ ਬਥੇਰਾ ਸੀ | ਇਸ ਤਰਾਂ ਘਰ ਦਾ ਟੋਰਾ ਟੁਰਿਆ ਜਾ ਰਿਹਾ ਸੀ | ਸਵੇਰੇ ਦੋਵੇਂ ਭਰਾ ਕਾਰ ਰਾਹੀਂ ਬੈੰਕ ਵਿਚ ਚਲੇ ਜਾਂਦੇ ਸੀ | ਕੇਸਰ ਸਿੰਘ ਖੇਤ ਨੂੰ ਚਲਾ ਜਾਂਦਾ ਸੀ | ਸੁਰਜੀਤ ਕੌਰ ਹਾਜ਼ਰੀ ਤਿਆਰ ਕਰ ਦਿੰਦੀ ਸੀ ਅਤੇ ਮਹਿੰਦਰ ਕੌਰ ਹਾਜ਼ਰੀ ਲੈ ਕੇ ਖੇਤ ਚਲੀ ਜਾਂਦੀ ਸੀ | ਉਥੋਂ ਸਬਜ਼ੀ ਲੈ ਆਇਆ ਕਰਦੀ ਸੀ ਅਤੇ ਕੇਸਰ ਸਿੰਘ ਨਾਲ ਗੱਲਾਂ ਬਾਤਾਂ ਕਰ ਉਸ ਨੂੰ ਪਸ਼ੂਆਂ ਲਈ ਪੱਠਿਆਂ ਦਾ ਪ੍ਰਬੰਧ ਕਰ ਕੇ ਗੇਲੇ ਨੂੰ ਨਾਲ ਲੈ ਕੇ ਘਰ ਨੂੰ ਆ ਜਾਂਦੀ ਸੀ | ਗੇਲਾ ਪਸ਼ੂਆਂ ਨੂੰ ਕੁਤਰ ਕੇ ਮੱਝਾਂ ਨੂੰ ਪਾ ਦਿੰਦਾ ਸੀ | ਇਸ ਤਰਾਂ ਗੇਲਾ ਵੀ ਘਰ ਲਈ ਮਦਦਗਾਰ ਸਾਬਤ ਹੋ ਰਿਹਾ ਸੀ | ਗੇਲਾ ਕੇਸਰ ਦੀ ਖੇਤੀ ਦੇ ਕੰਮਾਂ ਵਿਚ ਹੱਥ ਵਟਾ ਦਿਆ ਕਰਦਾ ਸੀ ਅਤੇ ਇਸ ਦੇ ਬਦਲੇ ਉਸ ਨੂੰ ਤਨਖਾਹ ਮਿਲ ਜਾਂਦੀ ਸੀ |
ਘਰ ਦੇ ਛੋਟੇ ਮੋਟੇ ਕੰਮਾਂ ਲਈ ਗੇਲੇ ਦੇ ਘਰ ਵਾਲੀ ਸਿਮਰੋ ਵੀ ਸਵੇਰੇ ਹੀ ਆ ਜਾਂਦੀ ਸੀ | ਉਹ ਘਰ ਦੀ ਸਾਫ ਸਫਾਈ ਅਤੇ ਗੋਹਾ ਕੂੜਾ ਵੀ ਕਰ ਦਿੰਦੀ ਸੀ ਅਤੇ ਉਸ ਨੂੰ ਬਣਦੀ ਮਜ਼ਦੂਰੀ ਦੇ ਦਿਤੀ ਜਾਂਦੀ ਸੀ | ਸਮੇਂ ਨੇ ਕਰਵਟ ਲਈ ਦੋਹਾਂ ਨੂੰਹਾਂ ਦੇ ਪੈਰ ਭਾਰੀ ਹੋ ਗਏ | ਮੋਹਿੰਦਰ ਕੌਰ ਉਨ੍ਹਾਂ ਦਾ ਧਿਆਨ ਰੱਖ ਰਹੀ ਸੀ ਸਿਮਰੋ ਨੇ ਘਰ ਦੇ ਹੋਰ ਕੰਮਾਂ ਵਿਚ ਵੀ ਮਦਦ ਕਰਨੀ ਸ਼ੁਰੂ ਕਰ ਦਿਤੀ ਸੀ | ਸਮੇਂ ਸਮੇਂ ਤੇ ਦੋਨਾਂ ਨੂੰ ਡਾਕਟਰ ਨੂੰ ਦਿਖਾਇਆ ਜਾਂਦਾ ਸੀ ਅਤੇ ਹਦਾਇਤਾਂ ਅਨੁਸਾਰ ਉਨ੍ਹਾਂ ਦੀ ਦੇਖ ਭਾਲ ਕੀਤੀ ਜਾ ਰਹੀ ਸੀ | ਉਡੀਕ ਖਤਮ ਹੋਈ | ਪਰਮਾਤਮਾ ਨੇ ਕਿਰਪਾ ਕੀਤੀ | ਅਗੜ ਪਿੱਛੜ ਰਜਵੰਤ ਅਤੇ ਹਰਬੰਸ ਨੂੰ ਵਾਹਿਗੁਰੂ ਨੇ ਪੁੱਤਰਾਂ ਦੀ ਦਾਤ ਬਖਸ਼ੀ | ਖੁਸ਼ੀ ਮਨਾਈ ਗਈ | ਸੁਰਜੀਤ ਅਤੇ ਦਲਜੀਤ ਵੀ ਠੀਕ ਸਨ | ਰੱਬ ਨੇ ਮੇਹਰ ਰੱਖੀ ਦੋਵੇਂ ਬੱਚੇ ਅਤੇ ਉਨ੍ਹਾਂ ਦੀਆਂ ਮਾਂਵਾਂ ਤੰਦਰੁਸਤ ਸਨ | ਹਰਬੰਸ ਦੀ ਬਦਲੀ ਹੋ ਗਈ ਹੁਣ ਉਹ ਦੋਵੇਂ ਇਕੱਠੇ ਨਹੀਂ ਜਾ ਸਕਦੇ ਹਨ | ਹਰਬੰਸ ਨੇ ਨਵੀਂ ਕਾਰ ਲੈ ਲਈ | ਉਹ ਆਪਣੀ ਵੱਖਰੀ ਕਾਰ ਤੇ ਜਾਣ ਲੱਗ ਪਿਆ | ਬੱਚਿਆਂ ਦਾ ਨਾਮਕਰਣ ਕੀਤਾ ਗਿਆ | ਸੁਰਜੀਤ ਕੌਰ ਨੇ ਪਰਿਵਾਰ ਦੀ ਸਲਾਹ ਨਾਲ ਆਪਣੇ ਬੱਚੇ ਦਾ ਨਾਂ ਲੱਡੂ ਜਾਂ ਲਖਵੀਰ ਸਿੰਘ ਰੱਖ ਲਿਆ | ਜਦੋਂ ਕਿ ਦਲਜੀਤ ਕੌਰ ਨੇ ਆਪਣੇ ਬੱਚੇ ਦਾ ਨਾਂ ਪਰਿਵਾਰ ਦੀ ਸਲਾਹ ਨਾਲ ਵੀਰੂ ਜਾਂ ਮਨਵੀਰ ਸਿੰਘ ਰੱਖ ਲਿਆ | ਲੱਡੂ ਆਪਣੇ ਮਾਤਾ ਪਿਤਾ ਨਾਲ ਕਦੇ ਕਦੇ ਬਾਜ਼ਾਰ ਚਲਾ ਜਾਂਦਾ ਸੀ ਅਤੇ ਉਸ ਦੀ ਮਾਂ ਸੁਰਜੀਤ ਕੌਰ ਆਪਣੀ ਲੋੜ ਦੀਆਂ ਵਸਤਾਂ ਲੈ ਕੇ ਅਤੇ ਕੁਝ ਬਾਹਰ ਦਾ ਖਾ ਪੀ ਕੇ ਸ਼ਾਮ ਢਲੇ ਘਰ ਆ ਜਾਂਦੇ ਸਨ | ਕੇਸਰ ਸਿੰਘ ਵੀ ਹੁਣ ਬਜ਼ੁਰਗ ਹੋ ਚਲਿਆ ਸੀ ਉਸ ਤੋਂ ਵੀ ਹੁਣ ਖੇਤੀ ਦਾ ਕੰਮ ਮੁਸ਼ਕਿਲ ਨਾਲ ਹੀ ਹੁੰਦਾ ਸੀ | ਮਹਿੰਦਰ ਕੌਰ ਵੀ ਜਿਆਦਾ ਹੁਣ ਪਾਠ ਭਜਨ ਵਿਚ ਆਪਣਾ ਸਮਾਂ ਬਤੀਤ ਕਰਦੀ ਸੀ |
ਕਦੇ ਕਦੇ ਕੇਸਰ ਸਿੰਘ ਤੇ ਮਹਿੰਦਰ ਕੌਰ ਆਪਣੇ ਰਜਵੰਤ ਜਾਂ ਹਰਬੰਸ ਦੇ ਪਰਿਵਾਰ ਨਾਲ ਸ਼ਹਿਰ ਜਾ ਆਓਂਦੀ ਸੀ ਅਤੇ ਕਿਸੇ ਨਾ ਕਿਸੇ ਗੁਰਦਵਾਰੇ ਦੇ ਦਰਸ਼ਨ ਕਰ ਵਾਪਿਸ ਆ ਜਾਂਦੇ ਸਨ | ਲੱਡੂ ਅਤੇ ਵੀਰੂ ਵੀ ਵਡੇ ਹੋ ਰਹੇ ਸਨ ਉਹ ਆਪਣੇ ਦਾਦੇ ਜਾਂ ਦਾਦੀ ਕੋਲ ਖੇਡ ਲੈਂਦੇ ਸਨ | ਸੁਰਜੀਤ ਅਤੇ ਦਲਜੀਤ ਮਿਲ ਕੇ ਘਰ ਦਾ ਕੰਮ ਕਰ ਲਿਆ ਕਰਦੀਆਂ ਸਨ | ਸਿਮਰੋ ਵੀ ਉਨ੍ਹਾਂ ਨਾਲ ਘਰ ਦੇ ਕੰਮ ਵਿਚ ਮਦਦ ਕਰ ਦਿੰਦੀ ਸੀ | ਦੋਵੇ ਨੂੰਹਾਂ ਸਿਮਰੋ ਨੂੰ ਦੱਸ ਕੇ ਕੰਮ ਕਰਵਾ ਲੈਂਦੀਆਂ ਸਨ | ਗੇਲਾ ਹੁਣ ਪਸ਼ੂਆਂ ਦਾ ਕੰਮ ਕਰਦਾ ਸੀ ਅਤੇ ਸਿਮਰੋ ਘਰ ਦੀ ਸਾਫ ਸਫਾਈ ਦਾ ਕੰਮ ਚਲਾ ਰਹੀ ਸੀ | ਇਸ ਤਰਾਂ ਸੁਬਾਹ ਤੋਂ ਸ਼ਾਮ ਅਤੇ ਸ਼ਾਮ ਤੋਂ ਸੁਬਾਹ ਤਕ ਸਮਾਂ ਆਪਣੀ ਧੀਮੀ ਚਾਲ ਚਲਦਾ ਹੋਇਆ ਅਗੇ ਵਲ ਨੂੰ ਖਿਸਕ ਰਿਹਾ ਸੀ | ਬੈੰਕ ਵਿਚ ਛੁਟੀ ਹੋਣ ਕਾਰਨ ਰਜਵੰਤ ਅਤੇ ਹਰਬੰਸ ਘਰ ਹੀ ਸਨ | ਸਾਰਾ ਪਰਿਵਾਰ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ ਕਿ ਇਕ ਦਮ ਰਜਵੰਤ ਦੇ ਦਰਦ ਹੋਇਆ ਦਰਦ ਇਤਨਾ ਸੀ ਕਿ ਉਸ ਤੋਂ ਸਹਾਰਿਆ ਨਹੀਂ ਜਾ ਰਿਹਾ ਸੀ | ਹਰਬੰਸ ਨੇ ਕਾਰ ਕੱਢੀ ਜਲਦੀ ਨਾਲ ਰਜਵੰਤ ਨੂੰ ਉਸ ਵਿਚ ਲਿਟਾਇਆ ਸੁਰਜੀਤ ਕੌਰ ਨੂੰ ਨਾਲ ਲਿਆ ਅਤੇ ਡਾਕਟਰ ਵਲ ਚਲ ਪਏ | ਲੱਡੂ ਨੂੰ ਘਰ ਚਾਚੀ ਦਲਜੀਤ ਕੌਰ ਕੋਲ ਹੀ ਛੱਡ ਦਿਤਾ | ਛੇਤੀ ਹੀ ਡਾਕਟਰ ਕੋਲ ਪੁਜੇ ਤਾਂ ਉਸ ਨੇ ਚੈੱਕ ਕੀਤਾ ਅਤੇ ਦੱਸਿਆ ਕਿ ਰਜਵੰਤ ਨੂੰ ਦਿਲ ਦਾ ਅਟੈਕ ਆਇਆ ਸੀ | ਉਸ ਨੇ ਦਵਾਈ ਦਿਤੀ |
ਇੰਜੇਕਸ਼ਨ ਵਗੈਰਾ ਲਾਏ ਤੇ ਦਾਖਲ ਕਰ ਲਿਆ | ਪੂਰੀ ਪੜਤਾਲ ਕਰ ਉਸ ਨੇ ਦੱਸਿਆ ਕਿ ਸਟੈਂਟ ਪਾਉਣ ਦੀ ਲੋੜ ਹੈ ਉਸ ਨੇ ਘਰ ਦਿਆ ਨਾਲ ਸਲਾਹ ਕਰ ਲੈਣ ਤੋਂ ਬਾਅਦ ਸਟੈਂਟ ਪਾ ਦਿਤਾ | ਕੁਝ ਦੇਰ ਡਾਕਟਰ ਨੇ ਅਰਾਮ ਕਰਨ ਲਈ ਆਖਿਆ | ਰਾਤ ਭਰ ਹਸਪਤਾਲ ਵਿਚ ਹੀ ਰੱਖਿਆ | ਅਗਲੇਰੇ ਦਿਨ ਫਿਰ ਚੈੱਕ ਕੀਤਾ ਅਤੇ ਦੱਸਿਆ ਕਿ ਹਾਲਤ ਠੀਕ ਹੈ ਅਤੇ ਸ਼ਾਮ ਨੂੰ ਛੁਟੀ ਦੇ ਦਿਤੀ | ਕੁਝ ਦੇਰ ਅਰਾਮ ਕਰਨ ਦੀ ਸਲਾਹ ਦਿਤੀ ਅਤੇ ਲੋੜੀਂਦੀਆਂ ਦਵਾਈਆਂ ਦੱਸ ਕੇ ਘਰੇ ਭੇਜ ਦਿਤਾ | ਰਜਵੰਤ ਨੂੰ ਅਰਾਮ ਦੀ ਲੋੜ ਸੀ ਇਸ ਲਈ ਉਸ ਨੇ ਆਪਣੀ ਇਕ ਹਫਤੇ ਦੀ ਛੁਟੀ ਭੇਜ ਦਿਤੀ | ਸੁਰਜੀਤ ਉਸ ਦਾ ਖਾਸ ਖਿਆਲ ਰੱਖ ਰਹੀ ਸੀ | ਲੱਡੂ ਵੀ ਵੀਰੂ ਨਾਲ ਖੇਡਣ ਲੱਗ ਪਿਆ ਸੀ | ਦਲਜੀਤ ਉਸ ਦਾ ਪੂਰਾ ਧਿਆਨ ਰੱਖ ਰਹੀ ਸੀ | ਕੇਸਰ ਸਿੰਘ ਅਤੇ ਮਹਿੰਦਰ ਕੌਰ ਰਜਵੰਤ ਨੂੰ ਠੀਕ ਹੁੰਦੇ ਦੇਖ ਪਰਮਾਤਮਾ ਦਾ ਸ਼ੁਕਰ ਮਨਾ ਰਹੇ | ਅਗਲੇਰੇ ਦਿਨ ਉਨ੍ਹਾਂ ਨੇ ਗੁਰਦਵਾਰੇ ਜਾ ਕੇ ਅਰਦਾਸ ਕੀਤੀ ਕਿ ਪਰਿਵਾਰ ਵਿਚਲੇ ਸਾਰੇ ਜੀਆਂ ਉਪਰ ਪਰਮਾਤਮਾ ਦੀ ਮੇਹਰ ਰਹੇ ਅਤੇ ਸਮੂਹ ਪਰਿਵਾਰ ਤੰਦਰੁਸਤ ਰਹੇ | ਰਜਵੰਤ ਦਵਾਈ ਨਾਲ ਬੇਹਤਰ ਹੋ ਰਿਹਾ ਸੀ | ਹਰਬੰਸ ਰੋਜ਼ਾਨਾ ਆਪਣੀ ਡਿਊਟੀ ਤੇ ਜਾਣ ਲੱਗ ਪਿਆ ਸੀ |
ਹੁਣ ਰਜਵੰਤ ਦਾ ਹਾਲ ਜਾਨਣ ਲਈ ਕੋਈ ਨਾ ਕੋਈ ਆ ਜਾਇਆ ਕਰਦਾ ਸੀ | ਕਦੇ ਫੋਨ ਤੇ ਹੀ ਕੋਈ ਦੋਸਤ ਹਾਲ ਪੁੱਛ ਲਿਆ ਕਰਦਾ ਸੀ | ਰਜਵੰਤ ਹੀ ਫੋਨ ਤੇ ਗੱਲ ਬਾਤ ਕਰ ਲਿਆ ਕਰਦਾ ਸੀ | ਜਦੋ ਵੀ ਕੋਈ ਘਰੇ ਮਿਲਣ ਲਈ ਆਓਂਦਾ ਸੀ ਸੁਰਜੀਤ ਕੌਰ ਚਾਹ ਪਾਣੀ ਵਿਚ ਲੱਗ ਜਾਂਦੀ ਸੀ | ਭਾਵੇਂ ਰਜਵੰਤ ਨੂੰ ਅਰਾਮ ਕਰਨ ਦੀ ਹਦਾਇਤ ਸੀ ਪਰ ਉਹ ਫਿਰ ਵੀ ਆਏ ਹੋਏ ਮਹਿਮਾਨਾਂ ਨਾਲ ਘੁਲ ਮਿਲ ਜਾਂਦਾ ਸੀ | ਸੁਰਜੀਤ ਕੌਰ ਆਪ ਤਾਂ ਉਸ ਨੂੰ ਰੋਕਣ ਤੋਂ ਝਿਝਕਦੀ ਸੀ ਉਹ ਆਪਣੀ ਸੱਸ ਮਹਿੰਦਰ ਕੌਰ ਨੂੰ ਜਾਂ ਆਪਣੇ ਸਹੁਰੇ ਕੇਸਰ ਸਿੰਘ ਰਾਹੀਂ ਰਜਵੰਤ ਨੂੰ ਜਿਆਦਾ ਗੱਲਾਂ ਕਰਨ ਤੋਂ ਮਨ੍ਹਾ ਕਰਨ ਲਈ ਆਖ ਦੀਆ ਕਰਦੀ ਸੀ | ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਹੁਣ ਆਪਾਂ ਲੁਧਿਆਣੇ ਦੇ ਵੱਡੇ ਹਸਪਤਾਲ ਜਾ ਕਿ ਇਕ ਵਾਰ ਚੈੱਕ ਕਰਵਾ ਲਈਏ ਤਾਂ ਜੋ ਪੂਰੀ ਤਸੱਲੀ ਹੋ ਜਾਵੇ ਤੇ ਰਜਵੰਤ ਕੰਮ ਤੇ ਜਾਣਾ ਸ਼ੁਰੂ ਕਰ ਸਕੇ | ਅਗਲੇ ਦਿਨ ਰਜਵੰਤ ,ਹਰਬੰਸ ਅਤੇ ਸੁਰਜੀਤ ਕੌਰ ਲੁਧਿਆਣੇ ਲਈ ਚਲ ਪਏ | ਹਾਲੇ ਅੱਧੀ ਵਾਟ ਹੀ ਗਏ ਸਨ ਕਿ ਉਨ੍ਹਾਂ ਦੀ ਕਾਰ ਵਿਚ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਵਜਿਆ | ਟੱਕਰ ਬਹੁਤ ਹੀ ਭਿਆਨਕ ਸੀ | ਹਰਬੰਸ ਕਾਰ ਨੂੰ ਚਲਾ ਰਿਹਾ ਸੀ ਨਾਲ ਦੀ ਸੀਟ ਤੇ ਰਜਵੰਤ ਬੈਠਾ ਸੀ ਅਤੇ ਸੁਰਜੀਤ ਕੌਰ ਪਿੱਛੇ ਵਾਲੀ ਸੀਟ ਤੇ ਬੈਠੀ ਸੀ | ਟਰੱਕ ਰਜਵੰਤ ਵਾਲੇ ਪਾਸਿਓਂ ਟਕਰਾਇਆ ਸੀ | ਬਾਰੀ ਦਾ ਸ਼ੀਸ਼ਾ ਟੁੱਟ ਕੇ ਕੇ ਰਜਵੰਤ ਨੂੰ ਅਜਿਹਾ ਵਜਿਆ ਕਿ ਉਸ ਦੇ ਖੂਨ ਦੀ ਧਤੀਰੀ ਪੈਣ ਲੱਗ ਪਈ | ਹਰਬੰਸ ਨੇ ਜਦੋਂ ਦੇਖਿਆ ਉਹ ਘਬਰਾ ਗਿਆ | ਰਜਵੰਤ ਦਾ ਸਿਰ ਇਕ ਦਮ ਸੀਟ ਤੇ ਵੱਜਣ ਕਾਰਨ ਰਜਵੰਤ ਬੇਹੋਸ਼ ਹੋ ਗਿਆ |
ਸੁਰਜੀਤ ਕੌਰ ਵੀ ਘਬਰਾ ਗਈ | ਉਸ ਦੇ ਤਾਂ ਥੋੜੀ ਹੀ ਸੱਟ ਵੱਜੀ ਜਾਪਦੀ ਸੀ | ਜਿਓਂ ਹੀ ਹਰਬੰਸ ਕਾਰ ਵਿਚੋਂ ਨਿਕਲਿਆ ਲੋਕ ਇਕੱਠੇ ਹੋ ਗਏ | ਰਜਵੰਤ ਨੂੰ ਇਕ ਹੋਰ ਕਾਰ ਰੋਕ ਕੇ ਉਸ ਦੀ ਮਿੰਨਤ ਕਰ ਕੇ, ਉਸ ਵਿਚ ਪਾਇਆ ਗਿਆ | ਆਪਣੀ ਕਾਰ ਨੂੰ ਉਥੇ ਹੀ ਛੱਡ ਉਹ ਤਿੰਨੇ ਕਾਰ ਵਿਚ ਨੇੜੇ ਦੇ ਹਸਪਤਾਲ ਵਿੱਚ ਪੁਜੇ | ਖੂਨ ਜਿਆਦਾ ਨਿਕਲ ਜਾਣ ਕਾਰਨ ਡਾਕਟਰ ਨੇ ਦੱਸਿਆ ਕਿ ਇਹ ਤਾਂ ਖਤਮ ਹੋ ਚੁਕਾ ਹੈ | ਹਰਬੰਸ ਅਤੇ ਸੁਰਜੀਤ ਦੀਆਂ ਸੱਟਾਂ ਉਪਰ ਦਵਾਈ ਆਦਿ ਦੇ ਕੇ ਡਾਕਟਰ ਨੇ ਛੁਟੀ ਦੇ ਦਿਤੀ | ਹਰਬੰਸ ਨੇ ਕਾਰ ਵਾਲੇ ਦਾ ਧੰਨਵਾਦ ਕਰ ਹੋਰ ਕਾਰ ਮੰਗਵਾ ਕੇ ਘਰ ਨੂੰ ਚਲ ਪਏ | ਜਦੋਂ ਘਰ ਪੁਜੇ ਤਾਂ ਚੀਕ ਚਿਹਾੜਾ ਪੈ ਗਿਆ | ਸੁਰਜੀਤ ਕੌਰ ਦੀ ਦੁਨੀਆ ਉਜੜ ਚੁਕੀ ਸੀ | ਕੇਸਰ ਸਿੰਘ ਅਤੇ ਮਹਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ | ਦਲਜੀਤ ਕੌਰ ਦੋਵੇਂ ਛੋਟੇ ਬੱਚਿਆਂ ਨੂੰ ਸੰਭਾਲ ਰਹੀ ਸੀ | ਕੇਸਰ ਕਹਿਣ ਲੱਗਾ ਕਿ ਮੇਰੀਆਂ ਦੋ ਬਾਹਾਂ ਵਿਚ ਅੱਜ ਇਕ ਬਾਂਹ ਟੁੱਟ ਗਈ ਹੈ | ਦੋਵੇਂ ਪੁੱਤਰਾਂ ਨੇ ਘਰ ਨੂੰ ਸੰਭਾਲਿਆ ਹੋਇਆ ਸੀ | ਪਰਮਾਤਮਾ ਦੀ ਪੂਰੀ ਮੇਹਰ ਸੀ | ਅੱਜ ਅਚਾਨਕ ਆਏ ਤੂਫ਼ਾਨ ਨੇ ਘਰ ਨੂੰ ਨੀਂਹਾਂ ਤੋਂ ਹਿਲਾ ਦਿਤਾ ਹੈ | ਹਰਬੰਸ ਅਤੇ ਦਲਜੀਤ ਵੀ ਰੋ ਰਹੇ ਸਨ | ਪਿੰਡ ਦੀ ਪੰਚਾਇਤ ਤੇ ਹੋਰ ਲੋਕ ਵੀ ਆ ਰਹੇ ਸਨ | ਸਾਰੇ ਅਫਸੋਸ ਪ੍ਰਗਟ ਕਰ ਰਹੇ ਸਨ | ਸੁਰਜੀਤ ਕੌਰ ਦੇ ਬੁੱਢੇ ਮਾਂ ਬਾਪ ਵੀ ਪੁੱਜ ਗਏ | ਸਾਰੇ ਪਾਸੇ ਉਦਾਸੀ ਦਾ ਆਲਮ ਛਾਇਆ ਹੋਇਆ ਸੀ |
ਅਖੀਰ ਅੰਤਿਮ ਰਸਮਾਂ ਤਾਂ ਕਰਨੀਆਂ ਹੀ ਸਨ | ਅੰਤਿਮ ਰਸਮਾਂ ਦਾ ਪ੍ਰਬੰਧ ਕਰ ਸਸਕਾਰ ਕਰ ਦਿਤਾ ਗਿਆ | ਲੱਡੂ ਅਤੇ ਵੀਰੂ ਨੂੰ ਕੋਈ ਸਮਝ ਨਹੀਂ ਸੀ ਉਹ ਤਾਂ ਭੁੱਖ ਨਾਲ ਵਿਰਲ ਵਿਰਲ ਕਰ ਰਹੇ ਸਨ | ਉਨ੍ਹਾਂ ਨੂੰ ਸੰਭਾਲਣ ਵਿਚ ਸਿਮਰੋ, ਦਲਜੀਤ ਦੀ ਮਦਦ ਕਰ ਰਹੀ ਸੀ | ਸਾਰੇ ਰਿਸ਼ਤੇਦਾਰ ਅਤੇ ਮਿੱਤਰ ਹੋਲੀ ਹੋਲੀ ਜਾਣ ਲੱਗੇ | ਸੁਰਜੀਤ ਕੌਰ ਦੀ ਮਾਂ ਰੁਕ ਗਈ ਜਦੋਂ ਕਿ ਉਸ ਦਾ ਬਾਪ ਵਾਪਿਸ ਚਲਾ ਗਿਆ ਕਿਓਂ ਜੋ ਘਰ ਦੀ ਦੇਖ ਭਾਲ ਵੀ ਕਰਨੀ ਸੀ | ਆਓਂਦੇ ਐਤਵਾਰ ਦਾ ਭੋਗ ਰਖਿਆ ਗਿਆ | ਭੋਗ ਨੇੜੇ ਦੇ ਗੁਰਦਵਾਰੇ ਵਿਚ ਪਾਇਆ ਜਾਣਾ ਸੀ | ਘਰ ਵਿਚ ਰਿਸ਼ਤੇਦਾਰ ਅਤੇ ਮਿੱਤਰ ਨਹੀਂ ਸਮਾਂ ਸਕਦੇ ਸੀ | ਮਹਿੰਦਰ ਕੌਰ ਨੂੰ ਦਲਜੀਤ ਕੌਰ ਨੇ ਸਮਝਾਇਆ ਕਿ ਸੁਰਜੀਤ ਕੌਰ ਨੂੰ ਪੇਕੇ ਭੇਜ ਦਿੱਤੋ ਜਾਵੇ | ਲੱਡੂ ਨੂੰ ਮੈਂ ਆਪਣੇ ਵੀਰੂ ਨਾਲ ਹੀ ਪਾਲ ਲਵਾਂਗੀ | ਜੇ ਇਹ ਸੁਰਜੀਤ ਕੌਰ ਇਥੇ ਰਹੀ ਤਾਂ ਆਪਣੀ ਜ਼ਮੀਨ ਜਿਹੜੀ ਪਹਿਲਾਂ ਹੀ ਥੋੜੀ ਹੈ ਤੇ ਵੰਡੀ ਜਾਵੇਗੀ ਤੇ ਗੁਜ਼ਾਰਾ ਮੁਸ਼ਕਿਲ ਹੋ ਜਾਵੇਗਾ | ਮਹਿੰਦਰ ਕੌਰ ਨੇ ਕੇਸਰ ਸਿੰਘ ਨਾਲ ਸਲਾਹ ਕੀਤੀ |
ਉਸ ਨੂੰ ਇਹ ਗੱਲ ਨਾ ਜੱਚੀ | ਜਦੋਂ ਦਲਜੀਤ ਅਤੇ ਹਰਬੰਸ ਨੇ ਜ਼ੋਰ ਪਾਇਆ ਤਾਂ ਉਹ ਵੀ ਮੰਨ ਗਿਆ | ਭੋਗ ਤੋਂ ਪਹਿਲੇ ਦਿਨ ਮਹਿੰਦਰ ਕੌਰ ਨੇ ਸੁਰਜੀਤ ਕੌਰ ਤੇ ਉਸ ਦੀ ਮਾਂ ਨੂੰ ਸਮਝਾਇਆ ਕਿ ਲੱਡੂ ਨੂੰ ਅਸੀਂ ਰੱਖ ਲਵਾਂਗੇ ਤੁਸੀਂ ਸੁਰਜੀਤ ਕੌਰ ਦੇ ਭਵਿੱਖ ਦਾ ਫੈਸਲਾ ਕਰ ਲਵੋ | ਇਸ ਨੂੰ ਘਰੇ ਰੱਖੋ ਜਾਂ ਹੋਰ ਵਿਆਹ ਕਰ ਦੇਵੋ ਇਹ ਤੁਹਾਡੀ ਤੇ ਸੁਰਜੀਤ ਕੌਰ ਦੀ ਮਰਜ਼ੀ ਹੈ | ਸਾਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੈ | ਅਸੀਂ ਤਾਂ ਇਸ ਨੂੰ ਕੱਲ ਨੂੰ ਭੋਗ ਤੋਂ ਪਿੱਛੋਂ ਤੁਹਾਡੇ ਨਾਲ ਤੋਰ ਦੇਣਾ ਹੈ | ਸੁਰਜੀਤ ਕੌਰ ਇਕ ਦਮ ਘਬਰਾ ਗਈ ਕਿ ਇਹ ਕੀ ਹੋ ਰਿਹਾ ਹੈ | ਜਦੋਂ ਅਗਲੇ ਦਿਨ ਭੋਗ ਪੈ ਚੁੱਕਿਆ ਤਾਂ ਪੰਚਾਇਤ ਬੁਲਾ ਕੇ ਸੁਰਜੀਤ ਕੌਰ ਦੇ ਮਾਪਿਆਂ ਨੂੰ ਦੱਸ ਦਿਤਾ ਗਿਆ ਕਿ ਤੁਸੀਂ ਸੁਰਜੀਤ ਕੌਰ ਨੂੰ ਆਪਣੇ ਨਾਲ ਹੀ ਲੈ ਜਾਓ ਅਤੇ ਇਸ ਦੇ ਭਵਿੱਖ ਬਾਰੇ ਵਿਚਾਰ ਕਰ ਲਵੋ ਤੁਹਾਨੂੰ ਜਿਵੇਂ ਠੀਕ ਲਗੇ ਕਰੋ | ਲੱਡੂ ਨੂੰ ਅਸੀਂ ਰਖਾਂਗੇ | ਇਸ ਨੂੰ ਦਲਜੀਤ ਕੌਰ ਆਪਣੇ ਬੱਚੇ ਨਾਲ ਹੀ ਪਾਲ ਲਵੇਗੀ | ਪੰਚਾਇਤ ਨੇ ਪਰਿਵਾਰ ਦਾ ਫੈਸਲਾ ਸੁਰਜੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਸੁਣਾ ਦਿੱਤਾ |
ਫੈਸਲੇ ,ਜਿਸ ਬਾਰੇ ਕਦੇ ਸੁਰਜੀਤ ਨੇ ਸੋਚਿਆ ਵੀ ਨਹੀਂ ਸੀ ਅੱਜ ਉਸ ਉਪਰ ਅਮਲ ਹੋਣ ਵਾਲਾ ਸੀ | ਸੁਰਜੀਤ ਲਈ ਆਪਣੀ ਇਕੋ ਇਕ ਆਂਦਰ ਨੂੰ ਹਮੇਸ਼ਾ ਲਈ ਛੱਡ ਆਪਣੇ ਪੇਕੇ ਘਰ ਜਾਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਸੀ | ਉਸ ਦੇ ਅਥਰੂ ਆਪ ਮੁਹਾਰੇ ਵਹਿਣ ਲਗੇ | ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਇਕਲੇ ਇਕਲੇ ਜੀਅ ਦੇ ਤਰਲੇ ਕੀਤੇ ਅਤੇ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਕੋਈ ਵੀ ਛੋਟਾ ਵੱਡਾ ਪਰਿਵਾਰਿਕ ਮੇਂਬਰ ਉਸ ਦੀ ਬੇਨਤੀ ਤੇ ਗੌਰ ਕਰਨ ਲਈ ਤਿਆਰ ਨਹੀਂ ਸੀ ਤਾਂ ਉਸ ਕੋਲ ਆਪਣੇ ਮਾਪਿਆਂ ਨਾਲ ਜਾਣ ਤੋਂ ਬਿਨਾ ਕੋਈ ਵੀ ਚਾਰਾ ਨਹੀਂ ਸੀ ਤਾਂ ਉਹ ਆਪਣੀ ਵਸਦੀ ਰਸਦੀ ਦੁਨੀਆ ਲੁਟਾ ਕੇ ਉਦਾਸ ਚਿੱਤ ਆਪਣੇ ਲੱਡੂ ਨੂੰ ਅੰਤਿਮ ਵਾਰ ਮਿਲਣ ਲਈ ਅੰਦਰ ਵਲ ਹੋਈ ਤਾਂ ਮਹਿੰਦਰ ਕੌਰ ਨੇ ਉਸ ਨੂੰ ਅਜਿਹਾ ਕਰਨ ਤੋਂ ਸਖਤੀ ਨਾਲ ਵਰਜ ਦਿਤਾ ਤਾਂ ਉਸ ਤੋਂ ਆਪਣੇ ਅਥਰੂ ਰੋਕੇ ਨਾ ਗਏ ਸਗੋਂ ਉਨ੍ਹਾਂ ਦਾ ਵਹਿਣ ਤੇਜ਼ ਹੋ ਗਿਆ | ਉਸ ਦੇ ਅਥਰੂ ਕੁਝ ਨਾ ਬੋਲ ਕੇ ਵੀ ਬਹੁਤ ਕੁਝ ਆਖ ਰਹੇ ਸਨ |
ਉਹ ਆਪਣਾ ਸਾਰਾ ਕੁਝ ਗੁਆ ਮਾਪਿਆਂ ਨਾਲ ਟੁਰ ਪਈ | ਮਾਪੇ ਜਿਨ੍ਹਾਂ ਨੇ ਡੋਲੀ ਵੇਲੇ ਉਸ ਨੂੰ ਤੋਰਨ ਵੇਲੇ ਹਦਾਇਤ ਕੀਤੀ ਸੀ ਹੁਣ ਤੇਰਾ ਸਹੁਰਾ ਘਰ ਹੀ ਤੇਰਾ ਸਭ ਕੁਝ ਹੈ ਉਥੋਂ ਹੀ ਤੇਰੀ ਅਰਥੀ ਨਿਕਲੇਗੀ ਨੂੰ ਵਿਸਾਰ ਕੇ, ਆਪਣੀ ਬੀਬੀ ਧੀ ਨੂੰ ਆਪਣੇ ਨਾਲ ਲੈ ਤੁਰੇ | ਇਸ ਉਦਾਸ ਪਲ ਨੂੰ ਸਾਰੀ ਪੰਚਾਇਤ ਅਤੇ ਪਿੰਡ ਵਾਲੇ ਨਮ ਨਾਲ ਵੇਖ ਰਹੇ ਸੀ | ਲੱਡੂ ਨੂੰ ਤਾਂ ਕੁਝ ਸਮਝ ਨਹੀਂ ਸੀ ਕਿ ਇਹ ਸਭ ਕੀ ਵਾਪਰ ਰਿਹਾ ਹੈ | ਉਹ ਤਾਂ ਆਪਣੇ ਛੋਟੇ ਭਰਾ ਵੀਰੂ ਨਾਲ ਖਿਡੌਣਿਆਂ ਨਾਲ ਖੇਡਣ ਵਿਚ ਮਸਤ ਸੀ | ਸੁਰਜੀਤ ਆਪਣੇ ਪੇਕੇ ਘਰ ਜਾ ਕੁਝ ਦਿਨ ਤਾਂ ਗੁੰਮ ਸੁੰਮ ਰਹੀ ਅਥਰੂ ਵਹਾਉਂਦੀ ਰਹੀ ਉਹ ਅਥਰੂਆਂ ਨੂੰ ਰੋਕਣ ਦਾ ਯਤਨ ਕਰਦੀ ਹਾਲਾਤ ਨਾਲ ਸਮਝੌਤਾ ਕਰਨ ਦਾ ਯਤਨ ਕਰਦੀ ਪਰ ਅਥਰੂ ਆਪ ਮੁਹਾਰੇ ਹੋ ਚੁਕੇ ਸਨ ਉਹ ਰੋਕਿਆਂ ਨਹੀਂ ਰੁਕਦੇ ਸਨ | ਉਸ ਦੇ ਮਾਪੇ ਵੀ ਪ੍ਰੇਸ਼ਾਨ ਸਨ ਪ੍ਰੰਤੂ ਉਹ ਸਮਝ ਰਹੇ ਸਨ ਅਥਰੂ ਵੱਗਣ ਨਾਲ ਮਨ ਕੁਝ ਤਾਂ ਹੌਲਾ ਹੋਵੇਗਾ ਭਾਵੇਂ ਉਸ ਦਾ ਦੁੱਖ ਵੱਡਾ ਸੀ ਇਕ ਪਤੀ ਦਾ ਇਸ ਦੁਨੀਆ ਤੋਂ ਵਿਦਾ ਹੋ ਜਾਣਾ ਅਤੇ ਦੂਸਰਾ ਲੱਡੂ ਨੂੰ ਕਿਸੇ ਦੂਸਰੇ ਦੇ ਆਸਰੇ ਛੱਡ ਕੇ ਆਉਣਾ | ਉਸ ਦੀ ਅਕਲ ਉਸ ਨੂੰ ਜਵਾਬ ਦੇ ਚੁਕੀ ਸੀ ਪ੍ਰੰਤੂ ਉਸ ਨੇ ਅਸਲੀਅਤ ਦਾ ਸਾਹਮਣਾ ਤਾਂ ਕਰਨਾ ਹੀ ਸੀ | ਹੋਲੀ ਹੋਲੀ ਸਮਾਂ ਅਗੇ ਵਲ ਵਧਣ ਲਗਾ | ਉਸ ਨੇ ਆਪਣੇ ਆਪ ਨੂੰ ਮਾਪਿਆਂ ਦੀ ਸੇਵਾ ਵਿਚ ਤੇ ਘਰ ਦੇ ਕੰਮਾਂ ਵਿਚ ਉਲਝਾਉਣਾ ਸ਼ੁਰੂ ਕਰ ਦਿਤਾ | ਮਾਪਿਆਂ ਨੂੰ ਵੀ ਕੁਝ ਤਸਲੀ ਹੋਈ | ਇਹ ਫੈਸਲਾ ਕਰਵਾ ਕੇ ਦਲਜੀਤ ਕੌਰ ਅਤੇ ਮਹਿੰਦਰ ਕੌਰ ਨੇ ਜ਼ਮੀਨ ਦੀ ਵੰਡ ਹੋਣੋ ਬਚਾ ਕਰ ਲਿਆ ਸੀ | ਇਸ ਤੇ ਉਹ ਮਨ ਵਿਚ ਖੁਸ਼ ਸਨ |
ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ ਇਹ ਅੱਜ ਹੋਰ ਤੇ ਭਲਕੇ ਹੋਰ ਰੰਗ ਵਿਖਾਉਂਦਾ ਹੈ | ਉਧਰ ਦੋਹਾਂ ਭਰਾਵਾਂ ਨੂੰ ਸਕੂਲ ਵਿਚ ਪਾ ਦਿਤਾ ਗਿਆ | ਮਹਿੰਦਰ ਕੌਰ ਅਤੇ ਦਲਜੀਤ ਕੌਰ ਰਲ ਮਿਲ ਕੇ ਬੱਚਿਆਂ ਨੂੰ ਤਿਆਰ ਕਰ,ਉਨ੍ਹਾਂ ਦੇ ਸਕੂਲ ਛੱਡ ਆਇਆ ਕਰਦਿਆਂ ਸਨ | ਪਹਿਲਾਂ ਪਹਿਲਾਂ ਤਾਂ ਦੋਵੇਂ ਇਕੱਠੀਆਂ ਹੀ ਛੱਡਣ ਜਾਂਦੀਆਂ ਸਨ ਫੇਰ ਉਹ ਵਾਰੀ ਵਾਰੀ ਜਾਣ ਲਗੀਆਂ | ਹਰਬੰਸ ਸਿੰਘ ਨੇ ਬੈੰਕ ਜਾਣਾ ਸ਼ੁਰੂ ਕਰ ਦਿਤਾ ਸੀ | ਸਮਾਂ ਤੇਜ਼ ਰਫਤਾਰ ਨਾਲ ਕਦਮ ਪੁੱਟਣ ਲੱਗ ਪਿਆ ਸੀ | ਬਚੇ ਅਗਲੀਆਂ ਜਮਾਤ ਵਿੱਚ ਹੋ ਰਹੇ ਸਨ | ਇਸ ਤਰਾਂ ਦੋਵਾਂ ਨੇ ਦਸਵੀਂ ਕਲਾਸ ਪਾਰ ਕਰ ਲਈ | ਲਖਵੀਰ ਨੇ ਜ਼ਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਵੀਰ ਮਸਾਂ ਹੀ ਪਾਸ ਹੋ ਸਕਿਆ | ਹੁਣ ਉਨ੍ਹਾਂ ਨੂੰ ਕਾਲਿਜ ਵਿਚ ਦਾਖਲ ਕਰਵਾਇਆ ਜਾਣਾ ਸੀ | ਕੇਸਰ ਸਿੰਘ ਅਤੇ ਹਰਬੰਸ ਸਿੰਘ ਦੀ ਇਹ ਰਾਏ ਸੀ ਕਿ ਦੋਹਾਂ ਨੂੰ ਇਕੋ ਹੀ ਕਾਲਿਜ ਵਿਚ ਪਾਇਆ ਜਾਵੇ | ਇਸ ਤਰਾਂ ਕਰਨ ਵਿਚ ਅੜਚਨਾਂ ਸਨ | ਇਕ ਤਾਂ ਦੋਵਾਂ ਦੇ ਨੰਬਰਾਂ ਵਿਚ ਖਾਸਾ ਫਰਕ ਸੀ |
ਇੰਜ ਲਗ ਰਿਹਾ ਸੀ ਕਿ ਇਕੋ ਕਾਲਿਜ ਵਿਚ ਦਾਖਲਾ ਮਿਲਣਾ ਮੁਸ਼ਕਿਲ ਹੈ | ਉਧਰ ਦਲਜੀਤ ਵੀ ਨਹੀਂ ਚਾਹੁੰਦੀ ਸੀ ਕਿ ਲਖਵੀਰ ਨੂੰ ਹੋਰ ਪੜ੍ਹਾਇਆ ਜਾਵੇ ਉਹ ਚਾਹੁੰਦੀ ਸੀ ਕਿ ਉਹ ਖੇਤੀ ਵਿਚ ਆਪਣੇ ਦਾਦੇ ਦੀ ਮੱਦਦ ਕਰੇ ਅਤੇ ਮਨਵੀਰ ਨੂੰ ਕਿਸੇ ਚੰਗੇ ਕੋਰਸ ਵਿਚ ਦਾਖਲ ਕਰਵਾਇਆ ਜਾਵੇ ਤਾਂ ਜੋ ਪੜ੍ਹ ਲਿਖ ਕੇ ਆਪਣੇ ਬਾਪ ਵਾਂਗ ਕੋਈ ਚੰਗਾ ਅਫਸਰ ਲੱਗ ਸਕੇ | ਜਦੋਂ ਕਾਲਿਜ ਵਿਚ ਦਾਖਲੇ ਬਾਰੇ ਪਤਾ ਸਤਾ ਕੀਤਾ ਤਾਂ ਇਹ ਖਬਰ ਮਿਲੀ ਕਿ ਕਾਲਿਜ ਵਾਲੇ ਲਖਵੀਰ ਨੂੰ ਦਾਖਲ ਕਰਨ ਲਈ ਤਿਆਰ ਸਨ ਅਤੇ ਵਜ਼ੀਫਾ ਵੀ ਦੇ ਰਹੇ ਸਨ | ਹੋਸਟਲ ਵਿਚ ਰਹਿਣ ਦਾ ਸਾਰਾ ਖਰਚ ਵੀ ਕਾਲਿਜ ਵਲੋਂ ਕਰਨ ਲਈ ਤਿਆਰ ਸਨ ਜਦੋਂ ਕਿ ਮਨਵੀਰ ਨੂੰ ਦਾਖਲ ਕਰਨ ਤੋਂ ਆਨਾ ਕਾਨੀ ਕਰ ਰਹੇ ਸਨ | ਹਰਬੰਸ ਦੀ ਜਾਣ ਪਛਾਣ ਸਦਕਾ ਕਾਲਿਜ ਵਾਲੇ ਕੁਝ ਡੋਨੇਸ਼ਨ ਲੈ ਕੇ ਮਨਵੀਰ ਨੂੰ ਵੀ ਦਾਖਿਲ ਕਰਨ ਤੇ ਰਾਜ਼ੀ ਹੋ ਗਏ | ਦੋਹਾਂ ਨੂੰ ਕਾਲਿਜ ਵਿਚ ਦਾਖਲਾ ਕਰਵਾ ਦਿਤਾ ਗਿਆ | ਲਖਵੀਰ ਤੇ ਮਨਵੀਰ ਹੋਸਟਲ ਵਿਚ ਰਹਿਣ ਲੱਗ ਪਏ | ਉਨ੍ਹਾਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ |
ਲਖਵੀਰ ਨੇ ਮਨ ਲੈ ਕੇ ਪੜ੍ਹਾਈ ਸ਼ੁਰੂ ਕਰ ਦਿਤੀ | ਜਦੋਂ ਕਿ ਮਨਵੀਰ ਦਾ ਪੜ੍ਹਾਈ ਵਿਚ ਮਨ ਬਿਲਕੁਲ ਹੀ ਨਹੀਂ ਲਗਦਾ ਸੀ | ਲਖਵੀਰ ਉਸ ਨੂੰ ਸਮਝਾਉਂਦਾ ਸੀ ਕਿ ਵੀਰੇ ਤੂੰ ਮਾਪਿਆਂ ਦਾ ਇਤਨਾ ਖਰਚ ਕਰਵਾਇਆ ਹੈ ਪੜ੍ਹਾਈ ਵਲ ਧਿਆਨ ਦਿਆ ਕਰ ਪਰ ਉਹ ਉਸ ਦੀ ਬਿਲਕੁਲ ਹੀ ਨਹੀਂ ਸੁਣਦਾ ਸੀ | ਜਦੋਂ ਉਸ ਨੇ ਘਰੇ ਆਪਣੀ ਤੇ ਵੀਰੇ ਦੀ ਪੜ੍ਹਾਈ ਦੀ ਰਿਪੋਰਟ ਘਰੇ ਦਿਤੀ ਤਾਂ ਦਲਜੀਤ ਨੇ ਲਖਵੀਰ ਨੂੰ ਇਹ ਕਹਿ ਕੇ ਚੁੱਪ ਕਰਵਾ ਦਿਤਾ ਕਿ ਤੂੰ ਆਪਦਾ ਫਿਕਰ ਕਰ ਇਸ ਬਾਰੇ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ | ਇਹ ਸੁਣ ਲਖਵੀਰ ਦੇ ਮਨ ਨੂੰ ਭਾਰੀ ਸੱਟ ਵਜੀ ਤੇ ਉਸ ਨੇ ਮਹਿਸੂਸ ਕੀਤਾ ਕਿ ਕੀ ਮੈਂ ਤੇ ਮਨਵੀਰ ਸਕੇ ਭਰਾ ਹਾਂ | ਮੇਰੀ ਮਾਂ ਦਲਜੀਤ ਕੌਰ ਨਹੀਂ ਹੋ ਸਕਦੀ | ਇਹ ਗੱਲ ਉਸ ਨੇ ਕਿਸੇ ਨਾਲ ਵੀ ਸਾਂਝੀ ਨਾ ਕੀਤੀ | ਉਸ ਨੇ ਦਾਦੇ ਨੂੰ ਕਹਿ ਕੇ ਮਨਵੀਰ ਨਾਲੋਂ ਵੱਖਰਾ ਕਮਰਾ ਲੈ ਲਿਆ ਅਤੇ ਮਨਵੀਰ ਆਪਣੇ ਦੋਸਤਾਂ ਨਾਲ ਰਹਿਣ ਲੱਗ ਪਿਆ | ਲਖਵੀਰ ਨੂੰ ਹੁਣ ਤਕ ਇਹੋ ਹੀ ਸਮਝਾਇਆ ਗਿਆ ਸੀ ਕਿ ਤੇਰੇ ਮਾਂ ਅਤੇ ਬਾਪ ਦੀ ਇਕ ਸੜਕ ਦੁਰਘਟਨਾ ਵਿਚ ਮੌਤ ਹੋ ਚੁਕੀ ਹੈ ਅਤੇ ਤੈਨੂੰ ਤੇਰੇ ਦਾਦਾ ਦਾਦੀ ਅਤੇ ਦਲਜੀਤ ਅਤੇ ਹਰਬੰਸ ਨੇ ਤੈਨੂੰ ਪਾਲਿਆ ਹੈ ਅਤੇ ਇਸ ਲਈ ਦਲਜੀਤ ਹੀ ਹੁਣ ਤੇਰੀ ਮਾਂ ਹੈ ਅਤੇ ਹਰਬੰਸ ਸਿੰਘ ਤੇਰਾ ਬਾਪ ਹੈ | ਉਹ ਆਪਣੀ ਪੜ੍ਹਾਈ ਵਲ ਧਿਆਨ ਦੇਣ ਲੱਗ ਪਿਆ |
ਪ੍ਰੰਤੂ ਉਸ ਦਾ ਦਿਲ ਇਹ ਸਭ ਕੁਝ ਮੰਨਣ ਤੋਂ ਇਨਕਾਰੀ ਸੀ ਅਤੇ ਉਸ ਦੇ ਦਿਲ ਦੇ ਖ਼ੂੰਜੇ ਵਿਚੋਂ ਇਹ ਆਵਾਜ਼ ਆਓਂਦੀ ਸੀ ਕਿ ਲਖਵੀਰ ਸਿੰਘ ਤੇਰੀ ਮਾਂ ਮਰੀ ਨਹੀਂ ਹੈ ਅਤੇ ਉਹ ਜ਼ਿੰਦਾ ਹੈ | ਤੂੰ ਉਸ ਦੀ ਖੋਜ ਕਰਨੀ ਹੈ | ਮਨਵੀਰ ਨੇ ਆਪਣੇ ਦੋਸਤਾਂ ਨਾਲ ਮਿਲਕੇ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਜਦੋਂ ਉਹ ਲਖਵੀਰ ਨੂੰ ਪਾਰਟੀ ਲਈ ਆਖਦਾ ਉਹ ਮਨਾ ਕਰ ਦਿੰਦਾ ਅਤੇ ਹੋਰ ਮੇਹਨਤ ਨਾਲ ਪੜ੍ਹਾਈ ਵਲ ਧਿਆਨ ਦਿੰਦਾ | ਪਾਰਟੀਆਂ ਵਿਚ ਨਸ਼ੇ ਦੀ ਵਰਤੋਂ ਹੋਣ ਲੱਗ ਪਈ ਲਖਵੀਰ ਨੇ ਘਰੇ ਕਿਸੇ ਨਾਲ ਵੀ ਨਸ਼ੇ ਵਾਲੀ ਗੱਲ ਵੀ ਸਾਂਝੀ ਨਾ ਕੀਤੀ | ਮਨਵੀਰ ਨਸ਼ੇ ਦੇ ਟੀਕੇ ਵੀ ਲਾਉਣ ਲੱਗ ਪਿਆ | ਲਖਵੀਰ ਨੂੰ ਇਹ ਸਭ ਬਿਲਕੁਲ ਵੀ ਨਹੀਂ ਭਾਉਂਦਾ ਉਹ ਤਾਂ ਕੇਵਲ ਪੜ੍ਹਾਈ ਉਪਰ ਹੀ ਕੇਂਦਰਿਤ ਸੀ | ਉਸ ਨੇ ਕਾਲਿਜ ਦੀ ਪੜ੍ਹਾਈ ਪੂਰੀ ਕਰ ਲਈ ਜਦੋ ਕਿ ਮਨਵੀਰ ਉਸ ਤੋਂ ਕਾਫੀ ਪਿਛੇ ਰਹਿ ਗਿਆ ਸੀ | ਉਸ ਨੇ ਪੀ ਸੀ ਐੱਸ ਦਾ ਇਮਿਤਿਹਾਨ ਦਿਤਾ ਤੇ ਕਾਮਯਾਬ ਹੋ ਗਿਆ | ਉਸ ਨੂੰ ਤਹਿਸੀਲਦਾਰ ਲਾ ਦਿੱਤਾ ਗਿਆ| ਉਸ ਨੇ ਸਿਖਲਾਈ ਪੂਰੀ ਕਰ ਲਈ ਅਤੇ ਨੇੜੇ ਦੇ ਜ਼ਿਲੇ ਵਿਚ ਨੌਕਰੀ ਕਰਨ ਲੱਗ ਪਿਆ | ਪ੍ਰੰਤੂ ਉਸ ਦੇ ਮਨ ਅੰਦਰ ਆਪਣੀ ਮਾਂ ਨੂੰ ਲੱਭਣ ਦੀ ਚਿੰਤਾ ਸੀ | ਇੱਕ ਦੋ ਵਾਰ ਉਸ ਨੇ ਆਪਣੇ ਦਾਦੇ ਨੂੰ ਪੁੱਛਿਆ ਤਾਂ ਉਸ ਨੇ ਵੀ ਘਰੇ ਹੋਏ ਫੈਸਲੇ ਮੁਤਾਬਿਕ ਉਸ ਨੂੰ ਦੱਸਿਆ ਕਿ ਦਲਜੀਤ ਕੌਰ ਹੀ ਤੇਰੀ ਮਾਂ ਹੈ ਅਤੇ ਹਰਬੰਸ ਸਿੰਘ ਹੀ ਤੇਰਾ ਬਾਪ ਹੈ | ਤੈਨੂੰ ਕੋਈ ਵਹਿਮ ਹੈ, ਚਿੰਤਾ ਨਾ ਕਰਿਆ ਕਰ |
ਸਾਨੂੰ ਹੁਣ ਤੇਰੇ ਵਿਆਹ ਦਾ ਫਿਕਰ ਹੈ | ਲਖਵੀਰ ਨੇ ਕਿਹਾ ਕਿ ਵਿਆਹ ਤਾਂ ਜਦੋਂ ਕਹੋਗੇ ਕਰਵਾ ਲਵਾਂਗਾ | ਮੈਂ ਆਪਣੇ ਪੈਰਾਂ ਸਿਰ ਹੋ ਗਿਆ ਹਾਂ | ਬਹੁਤ ਸਾਰੇ ਰਿਸ਼ਤੇ ਮਿਲ ਜਾਣਗੇ | ਮੈਨੂੰ ਤਾਂ ਇਹ ਫਿਕਰ ਹੈ ਕਿ ਮਨਵੀਰ ਦਾ ਕੀ ਬਣੇਗਾ | ਉਹ ਹਰ ਸਮੇਂ ਨਸ਼ੇ ਵਿਚ ਹੀ ਰਹਿੰਦਾ ਹੈ | ਲਖਵੀਰ ਨੂੰ ਆਪਣੀ ਮਾਂ ਦਾ ਪਤਾ ਕਰਨ ਲਈ ਕੋਈ ਵੀ ਸੁਰਾਗ ਕਿਸੇ ਪਾਸੇ ਤੋਂ ਨਹੀਂ ਮਿਲ ਰਿਹਾ ਸੀ | ਇਕ ਦਿਨ ਨਸ਼ੇ ਦੀ ਤੋੜ ਵਿਚ ਮਨਵੀਰ ਨੇ ਦਲਵੀਰ ਨੂੰ ਕੁੱਟ ਦਿਤਾ ਕਿਓਂ ਜੋ ਉਹ ਉਸ ਨੂੰ ਨਸ਼ਾ ਖਰੀਦਣ ਲਈ ਪੈਸੇ ਨਹੀਂ ਦੇ ਰਹੀ ਸੀ | ਜਦੋਂ ਗੇਲੇ ਤੇ ਸਿਮਰੋ ਨੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਮਨਵੀਰ ਨੇ ਉਨ੍ਹਾਂ ਦੇ ਵੀ ਸਟਾਂ ਮਾਰ ਦਿਤੀਆਂ | ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਲਖਵੀਰ ਨੂੰ ਜਦੋਂ ਦੱਸਿਆ ਗਿਆ ਤਾਂ ਉਹ ਵੀ ਪਤਾ ਲੈਣ ਲਈ ਹਸਪਤਾਲ ਪੁੱਜ ਗਿਆ | ਤਿੰਨਾਂ ਨੂੰ ਜ਼ਖਮੀ ਹਾਲਤ ਵਿਚ ਦੇਖ ਉਸ ਦਾ ਮਨ ਦੁਖੀ ਹੋਇਆ ਤੇ ਉਹ ਵਾਰੀ ਵਾਰੀ ਦਲਜੀਤ ,ਗੇਲੇ ਅਤੇ ਸਿਮਰੋ ਤੋਂ ਸਾਰੀ ਗੱਲ ਧਿਆਨ ਨਾਲ ਸੁਣਨ ਲੱਗਾ |
ਉਹ ਚਾਹੁੰਦਾ ਸੀ ਕਿ ਮਨਵੀਰ ਨੂੰ ਸਿਧੇ ਰਸਤੇ ਪਾਇਆ ਜਾਵੇ ਪਰ ਇਸ ਕੰਮ ਲਈ ਦਲਜੀਤ ਅਤੇ ਹਰਬੰਸ ਦੀ ਸਹਿਮਤੀ ਜ਼ਰੂਰੀ ਸੀ | ਜਦੋਂ ਉਸ ਨੇ ਦਲਜੀਤ ਨੂੰ ਪੁੱਛਿਆ ਤਾਂ ਉਹ ਅਸਲੀਅਤ ਨੂੰ ਲੁਕੋ ਕਹਿਣ ਲੱਗੀ ਕਿ ਮੈਂ ਤਾਂ ਡਿਗ ਪਈ ਸੀ ਜਦੋਂ ਮੈਨੂੰ ਪਾਸੇ ਕਰਨ ਲਈ ਮਨਵੀਰ ਨੇ ਜ਼ਰਾ ਕੁ ਹੱਥ ਲਾਇਆ ਸੀ | ਜਦੋਂ ਕਿ ਗੇਲਾ ਤੇ ਸਿਮਰੋ ਫਿਸ ਪਏ | ਉਨ੍ਹਾਂ ਨੇ ਦੱਸਿਆ ਕਿ ਪਾਪਾ ਜੀ ਦੇ ਬੈੰਕ ਜਾਣ ਤੋਂ ਬਾਅਦ ਅਤੇ ਬਾਬਾ ਜੀ ਦੇ ਖੇਤ ਚਲੇ ਜਾਣ ਤੋਂ ਬਾਅਦ ਮਨਵੀਰ ਰੋਜ਼ਾਨਾ ਹੀ ਦਲਜੀਤ ਨਾਲ ਲੜਾਈ ਕਰਦਾ ਹੈ ਉਸ ਤੋਂ ਪੈਸੇ ਲੈ ਜਾਂਦਾ ਹੈ | ਅੱਜ ਉਸ ਨੇ ਮਨ੍ਹਾ ਕੀਤਾ ਤੇ ਇਸ ਨੇ ਕੋਲ ਪਿਆ ਘੋਟਣਾ ਚੁੱਕ ਲਿਆ ਤੇ ਦੋ ਤਿੰਨ ਉਸ ਦੇ ਜੜ੍ਹ ਦਿਤੇ ਜਿਸ ਨਾਲ ਇਹ ਡਿਗ ਪਈ | ਅਸੀਂ ਦੋਵੇਂ ਨੇੜੇ ਹੀ ਕੰਮ ਕਰ ਰਹੇ ਸੀ ਅਤੇ ਜਦੋਂ ਨੇੜੇ ਪੁੱਜ ਉਸ ਨੂੰ ਹਟਾਉਣਾ ਚਾਹਿਆ ਅਤੇ ਮੈਂ ਉਸ ਦੇ ਹੱਥੋਂ ਘੋਟਣਾ ਖੋਹ ਰਿਹਾ ਸੀ | ਉਸ ਨੇ ਮੇਰੇ ਵੀ ਢੂਈ ਵਿਚ ਚਾਰ ਪੰਜ ਜੜ੍ਹ ਦਿਤੀਆਂ | ਮੈਂ ਤਾਂ ਉਥੇ ਹੀ ਡਿਗ ਪਿਆ ਇਹੀ ਹਾਲ ਇਸ ਨੇ ਸਿਮਰੋ ਦਾ ਕੀਤਾ | ਮੈਂ ਤਾਂ ਸੋਚਿਆ ਕਿ ਅਸੀਂ ਤਾਂ ਮਰ ਗਏ ਜਦੋਂ ਉਹ ਕਾਫੀ ਖੂਨ ਇਕੱਠਾ ਹੋ ਗਿਆ ਤਾਂ ਇਹ ਘੋਟਣਾ ਸੂਟ ਕੇ ਭੱਜ ਗਿਆ | ਪਿੰਡ ਵਾਲੇ ਰੋਲਾ ਸੁਣ ਕੇ ਸਾਡੀ ਮਦਦ ਲਈ ਅਪੜੇ ਤਾਂ ਸਾਨੂੰ ਇਥੇ ਹਸਪਤਾਲ ਵਿਚ ਲਿਆ ਸੁਟਿਆ |
ਹੁਣ ਦਵਾਈਆਂ ਨਾਲ ਕੁਝ ਅਰਾਮ ਮਿਲਿਆ | ਹਾਲੇ ਵੀ ਪਾਸਾ ਨਹੀਂ ਲਿਆ ਜਾਂਦਾ ਦਰਦ ਬਹੁਤ ਹੁੰਦਾ ਹੈ | ਸਿਮਰੋ ਦੀ ਆਵਾਜ਼ ਤਾਂ ਮਸਾਂ ਹੀ ਨਿਕਲਦੀ ਹੈ | ਲਖਵੀਰ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਦਲਜੀਤ ਆਪਣੇ ਪੁੱਤ ਮਨਵੀਰ ਨੂੰ ਬਚਾਉਣਾ ਚਾਹੁੰਦੀ ਹੈ | ਮੈਨੂੰ ਉਹ ਅਸਲੀਅਤ ਨਹੀਂ ਦੱਸ ਰਹੀ ਹੈ ਕਿਓਂ ਜੋ ਮੈਂ ਉਸ ਦਾ ਪੁੱਤਰ ਨਹੀਂ ਹਾਂ | ਮੇਰੀ ਮਾਂ ਕੋਈ ਹੋਰ ਹੈ ਉਹ ਜਿਥੇ ਵੀ ਮੈਂ ਲੱਭ ਕੇ ਰਹਾਂਗਾ | ਮੈਨੂੰ ਪਤਾ ਹੈ ਮਾਂ ਦੇ ਪੈਰਾਂ ਵਿਚ ਜੱਨਤ ਹੁੰਦੀ ਹੈ | ਮੈਨੂੰ ਉਸ ਦੇ ਮਿਲਣ ਤੇ ਹੀ ਪੂਰਨ ਖੁਸ਼ੀ ਮਿਲੇਗੀ ਅਤੇ ਅਨੰਦੁ ਦਾ ਅਨੁਭਵ ਹੋਵੇਗਾ | ਕੁਝ ਵੀ ਕਰਨਾ ਪਵੇ ਮੈਂ ਉਸ ਨੂੰ ਜ਼ਰੂਰ ਹੀ ਲੱਭ ਲੈਣਾ ਹੈ | ਮੇਰਾ ਵਾਹਿਗੁਰੂ ਮੇਰੇ ਨਾਲ ਹੀ ਖੜੇਗਾ | ਉਹ ਹੀ ਮੈਨੂੰ ਰਸਤਾ ਦਿਖਾਵੇਗਾ | ਉਸ ਨੂੰ ਜਾਪਦਾ ਸੀ ਕਿ ਗੇਲੇ ਤੇ ਸਿਮਰੋ ਨੂੰ ਜ਼ਰੂਰ ਹੀ ਮਾਲੂਮ ਹੋਵੇਗਾ ਕਿਓਂ ਜੋ ਮੈਂ ਉਨ੍ਹਾਂ ਨੂੰ ਛੋਟੇ ਹੁੰਦੇ ਤੋਂ ਸਾਡੇ ਘਰ ਕੰਮ ਕਰਦਾ ਦੇਖਦਾ ਹਾਂ | ਲਖਵੀਰ ਨੇ ਡਾਕਟਰੀ ਇਲਾਜ ਲਈ ਡਾਕਟਰ ਨੂੰ ਸਾਰੇ ਬਿਲ ਦੇਣ ਦੀ ਜ਼ਿਮੇਵਾਰੀ ਲੈ ਲਈ ਅਤੇ ਆਖਿਆ ਕਿ ਜਿਤਨਾ ਮਰਜ਼ੀ ਖਰਚ ਹੋ ਜਾਵੇ ਤਿੰਨਾਂ ਨੂੰ ਪੂਰੀ ਤਰਾਂ ਠੀਕ ਹੋਣ ਤੋਂ ਪਹਿਲਾਂ ਛੁਟੀ ਨਹੀਂ ਦੇਣੀ ਹੈ | ਮੇਰੇ ਲਈ ਗੇਲਾ ਅਤੇ ਸਿਮਰੋ ਉਤਨੇ ਹੀ ਪਿਆਰੇ ਹਨ ਜਿਤਨੀ ਦਲਜੀਤ ਮੈਨੂੰ ਪਿਆਰੀ ਹੈ | ਇਸ ਲਈ ਸਾਰਿਆਂ ਦਾ ਪੂਰੇ ਧਿਆਨ ਨਾਲ ਇਲਾਜ ਕਰਨਾ ਹੈ | ਹਰ ਦੂਜੇ ਤੀਜੇ ਦਿਨ ਉਹ ਕੰਮ ਵਿਚੋਂ ਪਤਾ ਲੈਣ ਲਈ ਆ ਜਾਇਆ ਕਰਦਾ ਸੀ | ਇਕ ਦਿਨ ਜਦ ਉਸ ਨੂੰ ਜਾਪਿਆ ਕਿ ਸਿਮਰੋ ਦੀ ਹਾਲਤ ਕਾਫੀ ਠੀਕ ਹੈ ਤਾਂ ਉਹ ਉਸ ਕੋਲ ਬੈਠ ਗਿਆ ਤੇ ਘਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਛੋਹ ਲਈਆਂ |
ਉਸ ਨੇ ਪੁੱਛਿਆ ਕਿ ਤੂੰ ਮੈਨੂੰ ਇਹ ਦੱਸ ਕਿ ਕੀ ਮੈਂ ਦਲਜੀਤ ਕੌਰ ਦਾ ਪੁੱਤਰ ਹਾਂ ? ਸਿਮਰੋ ਇਸ ਸੁਆਲ ਨੂੰ ਸੁਣ ਹੈਰਾਨ ਹੋ ਗਈ | ਇਸ ਗੱਲ ਤੇ ਪਰਦਾ ਰੱਖਣ ਲਈ ਉਨ੍ਹਾਂ ਨੂੰ ਕਸਮਾਂ ਖਵਾਈਆਂ ਗਈਆਂ ਸਨ ਅਤੇ ਕੁਝ ਨਕਦ ਰਕਮ ਵੀ ਦਿਤੀ ਗਈ ਸੀ | ਸਿਮਰੋ ਉੱਤਰ ਦੇਣ ਵਿਚ ਹਿਚਕਚਾਹਟ ਮਹਿਸੂਸ ਕਰ ਰਹੀ ਸੀ | ਲਖਵੀਰ ਵੀ ਉਸ ਦਾ ਮਨ ਭਾਂਪ ਗਿਆ ਉਸ ਨੇ ਗਿਆ ਕਿ ਤੂੰ ਡਰ ਨਾ ਮੈਨੂੰ ਸੱਚੋ ਸੱਚ ਦੱਸ ਦੇ ਮੈਂ ਤੈਨੂੰ ਇਨਾਮ ਦੇਵਾਂਗਾ | ਤੁਹਾਨੂੰ ਆਪਣੇ ਕੋਲ ਰਖਾਂਗਾ ਜੇ ਕਰ ਤੁਸੀਂ ਵੱਖਰੇ ਰਹਿਣਾ ਹੈ ਤਾਂ ਵਧੀਆ ਘਰ ਪਾ ਕੇ ਦੇ ਸਕਦਾ ਹਾਂ | ਜਿਓਂ ਹੀ ਉਸ ਨੇ ਲਾਲਚ ਦਿਤਾ ਤਾਂ ਸਿਮਰੋ ਨੇ ਗੇਲੇ ਵੱਲ ਦੇਖਿਆ ਜੋ ਕੇ ਸੌਂ ਰਿਹਾ ਸੀ | ਸਿਮਰੋ ਨੇ ਲਖਵੀਰ ਨੂੰ ਕਿਹਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ | ਮੈਨੂੰ ਬਾਹਰ ਲੈ ਚੱਲ | ਲਖਵੀਰ ਸਮਝ ਗਿਆ ਕਿ ਸਿਮਰੋ ਉਸ ਨਾਲ ਵੱਖਰੇ ਹੋ ਕੇ ਗੱਲ ਕਰਨਾ ਚਾਹੁੰਦੀ ਹੈ | ਉਹ ਉਸ ਨੂੰ ਸਹਾਰਾ ਦੇ ਕੇ ਬਾਹਰ ਲੈ ਗਿਆ | ਨਰਸ ਨੇ ਦੇਖਿਆ ਪਰ ਕੁਝ ਨਾ ਬੋਲੀ | ਬਾਹਰ ਜਾ ਕੇ ਸਿਮਰੋ ਨੇ ਲਖਵੀਰ ਨੂੰ ਕਿਹਾ ਕਿ ਤੁਸੀਂ ਮੈਨੂੰ ਬਚਾਉਣਾ ਹੋਵੇਗਾ ਕਿਓਂਕਿ ਜੇ ਕਰ ਮਨਵੀਰ ਨੂੰ ਪਤਾ ਲੱਗਾ ਕਿ ਭੇਦ ਮੈਂ ਖੋਲਿਆ ਹੈ ਤਾਂ ਉਹ ਮੈਨੂੰ ਅਤੇ ਗੇਲੇ ਨੂੰ ਮਾਰ ਦੇਵੇਗਾ | ਲਖਵੀਰ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਮੈਂ ਇਸ ਗੱਲ ਦੀ ਕਿਸੇ ਨੂੰ ਖਬਰ ਵੀ ਨਹੀਂ ਹੋਣ ਦੇਵਾਂਗਾ | ਤੂੰ ਮੈਨੂੰ ਸਾਰੀ ਗੱਲ ਦੱਸ ਦੇ | ਸਿਮਰੋ ਬੋਲੀ ਕਿ ਤੂੰ ਦਲਜੀਤ ਕੌਰ ਦਾ ਨਹੀਂ ਸੁਰਜੀਤ ਕੌਰ ਦਾ ਪੁੱਤਰ ਹੈਂ |
ਤੇਰਾ ਪਿਤਾ ਰਜਵੰਤ ਸਿੰਘ ਇਕ ਦੁਰਘਟਨਾ ਵਿਚ ਪੂਰਾ ਹੋ ਗਿਆ ਸੀ ਅਤੇ ਭੋਗ ਤੋਂ ਬਾਅਦ ਹਨ ਸਾਰਿਆਂ ਨੇ ਰਲ ਕੇ ਤੇਰੀ ਮਾਂ ਨੂੰ ਪੇਕੇ ਭੇਜ ਦਿਤਾ ਸੀ ਅਤੇ ਤੇਰਾ ਪਾਲਣ ਪੋਸ਼ਣ ਦਲਜੀਤ ਕੌਰ ਜੋ ਤੇਰੀ ਚਾਚੀ ਲਗਦੀ ਹੈ ਤੇ ਤੇਰੀ ਦਾਦੀ ਨੇ ਰਲ ਕੇ ਕੀਤਾ ਹੈ | ਜਦੋਂ ਲਖਵੀਰ ਨੇ ਪੁੱਛਿਆ ਕਿ ਮੇਰੇ ਨਾਨਕੇ ਕਿਥੇ ਹਨ ਤਾਂ ਸਿਮਰੋ ਨੇ ਦੱਸ ਦਿਤਾ | ਇਹ ਸੁਣ ਕੇ ਲਖਵੀਰ ਮਨ ਹੀ ਮਨ ਬਹੁਤ ਖੁਸ਼ ਹੋਇਆ | ਉਹ ਵਾਪਿਸ ਸਿਮਰੋ ਨੂੰ ਅੰਦਰ ਛੱਡ ਆਇਆ ਤੇ ਨਰਸ ਨੂੰ ਉਸ ਨੂੰ ਦਵਾਈ ਦੇਣ ਲਈ ਕਿਹਾ ਕਿਓਂ ਜੋ ਬਾਕੀ ਮਰੀਜ਼ਾਂ ਨੂੰ ਦਵਾਈ ਦੇ ਬੈਠੀ ਸੀ | ਜਦੋਂ ਸਿਮਰੋ ਨੂੰ ਦਵਾਈ ਲਈ ਆਵਾਜ਼ ਦਿਤੀ ਸੀ ਤਾਂ ਲਖਵੀਰ ਨੇ ਥੋੜਾ ਇੰਤਜ਼ਾਰ ਕਰਨ ਲਈ ਕਹਿ ਦਿਤਾ ਸੀ | ਹੁਣ ਲਖਵੀਰ ਦਾ ਟੀਚਾ ਆਪਣੀ ਮਾਂ ਦੇ ਦਰਸ਼ਨ ਕਰਨਾ ਸੀ | ਉਹ ਆਪਣੇ ਨਾਨਕੇ ਘਰ ਵਿਚ ਜਾ ਕਿ ਆਪਣੀ ਅਸਲੀ ਮਾਂ ਸੁਰਜੀਤ ਕੌਰ ਨੂੰ ਮਿਲਣਾ ਚਾਹੁੰਦਾ ਸੀ | ਉਹ ਇਸ ਲਈ ਬਹੁਤ ਹੀ ਉਤਾਵਲਾ ਸੀ | ਸਿਮਰੋ ਨੇ ਨਾਨਕੇ ਪਿੰਡ ਦਾ ਅੰਦਾਜ਼ਾ ਦੇ ਦਿਤਾ ਸੀ | ਲਖਵੀਰ ਇਹ ਚਾਹੁੰਦਾ ਸੀ ਕਿ ਉਹ ਆਪਣੇ ਨਾਨਕੇ ਪਿੰਡ ਜਾ ਕੇ ਨਾਨਕੇ ਘਰ ਦੀ ਭਾਲ ਕਰੇ ਅਤੇ ਆਪਣੀ ਮਾਂ ਦੇ ਦਰਸ਼ਨ ਕਰ ਆਨੰਦ ਪ੍ਰਾਪਤ ਕਰੇ ਅਤੇ ਉਸ ਨੂੰ ਆਪਣੇ ਨਾਲ ਲਿਆ ਕੇ ਆਪਣੇ ਕੋਲ ਹੀ ਰੱਖੇ ਅਤੇ ਉਸ ਦੀ ਪੂਰੀ ਸੇਵਾ ਕਰੇ | ਅਗਲੇ ਦਿਨ ਹੀ ਨਾਨਕੇ ਪਿੰਡ ਪੁੱਜ ਗਿਆ | ਮਾਂ ਤੋਂ ਵਿਛੜੇ ਨੂੰ ਉਸ ਨੂੰ ਲਗਭਗ ਤਿੰਨ ਦਹਾਕੇ ਦਾ ਸਮਾਂ ਬੀਤ ਗਿਆ ਸੀ | ਉਸ ਪਿੰਡ ਦੀ ਨਵੀਂ ਪਨੀਰੀ ਨੂੰ ਸੁਰਜੀਤ ਕੌਰ ਜਾਂ ਉਸ ਦੇ ਮਾਪਿਆਂ ਦੇ ਘਰ ਦਾ ਕੋਈ ਵੀ ਇਲਮ ਨਹੀਂ ਸੀ | ਉਹ ਪਿੰਡ ਦੀ ਗਲੀ ਵਿਚ ਚਲਿਆ ਜਾ ਰਿਹਾ ਸੀ ਤਾਂ ਇਕ ਥਾਂ ਉਸ ਨੇ ਕੁਝ ਬਜ਼ੁਰਗ ਤਾਸ਼ ਖੇਡਦੇ ਮਿਲੇ | ਉਸ ਨੇ ਪੂਰੇ ਸਤਿਕਾਰ ਨਾਲ ਫਤਹਿ ਬੁਲਾਈ | ਉਸ ਨੇ ਪੁੱਛਿਆ ਕਿ ਸੁਰਜੀਤ ਕੌਰ ਜੋ ਮੇਰੇ ਪਿੰਡ ਕੌਲੀ ਜ਼ਿਲਾ ਸੰਗਰੂਰ ਵਿਚ ਵਿਆਹੀ ਸੀ | ਉਸ ਦਾ ਘਰ ਵਾਲਾ ਬੈੰਕ ਵਿਚ ਸੀ ਅਤੇ ਇਕ ਦੁਰਘਟਨਾ ਵਿਚ ਪੂਰਾ ਹੋ ਗਿਆ ਸੀ | ਇਹ ਲਗਭਗ 30 ਸਾਲ ਪਹਿਲਾਂ ਦੀ ਘਟਨਾ ਹੈ | ਮੈਂ ਉਨ੍ਹਾਂ ਦਾ ਘਰ ਲੱਭ ਰਿਹਾ ਹਾਂ |
ਇਸ ਲਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ | ਇਕ ਬਜ਼ੁਰਗ ਬੋਲਿਆ,ਹਾਂ! ਮੈਨੂੰ ਇਹ ਸਾਰੀ ਘਟਨਾ ਇੰਜ ਯਾਦ ਹੈ ਜਿਵੇਂ ਇਹ ਹਾਲੇ ਨੇੜੇ ਹੀ ਘਟੀ ਹੋਵੇ | ਮੈਂ ਵੀ ਉਸ ਦੇ ਭੋਗ ਤੇ ਗਿਆ ਸੀ ਕਿਓਂ ਜੋ ਸੁਰਜੀਤ ਕੌਰ ਮੇਰੀ ਹੀ ਭਤੀਜੀ ਲਗਦੀ ਹੈ ਬਹੁਤ ਕਹਿਣ ਦੇ ਬਾਵਜੂਦ ਸੁਰਜੀਤ ਕੌਰ ਨੇ ਹੋਰ ਵਿਆਹ ਨਹੀਂ ਕਰਵਾਇਆ ਅਤੇ ਉਹ ਵੀ ਆਪਣੇ ਪੁੱਤਰ ਦੇ ਵਿਯੋਗ ਵਿਚ, ਇਸ ਆਸ ਨਾਲ ਜੀਅ ਰਹੀ ਹੈ ਕਿ ਇਕ ਦਿਨ ਵਾਹਿਗੁਰੂ ਮੇਹਰ ਕਰੇਗਾ ਅਤੇ ਮੇਰਾ ਆਪਣੇ ਪੁੱਤਰ ਦਾ ਮੇਲ ਹੋਵੇਗਾ, ਦਿਨ ਕੱਟ ਰਹੀ ਹੈ | ਮੇਰੇ ਭਰਾ ਤਾਂ ਉਥੇ ਜਾ ਚੁਕਾ ਹੈ ਜਿਥੋਂ ਕਦੇ ਵੀ ਕੋਈ ਵਾਪਿਸ ਨਹੀਂ ਆਇਆ | ਇਹ ਬੋਲਦਿਆਂ ਉਸ ਦੀ ਅੱਖਾਂ ਵਿਚੋਂ ਨਮੀ ਝਲਕ ਰਹੀ ਸੀ | ਲਖਵੀਰ ਦਾ ਮਨ ਵੀ ਭਰ ਆਇਆ | ਕੁਝ ਰੁਕ ਕੇ ਉਸ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਚਾਚਾ ਜੀ ਮੈਨੂੰ ਸੁਰਜੀਤ ਕੌਰ ਨੂੰ ਮਿਲਾ ਦਿਓ | ਮੈਂ ਉਸ ਸੁਰਜੀਤ ਕੌਰ ਦਾ ਅਭਾਗਾ ਪੁੱਤਰ ਹਾਂ ਜਿਸ ਨੂੰ ਆਪਣੀ ਮਾਂ ਤੋਂ ਵਿਛੜੇ ਨੂੰਕਾਫੀ ਸਮਾਂ ਹੋ ਚੁੱਕਿਆ ਹੈ | ਮੈਂ ਇਹ ਸੋਚ ਸਕਦਾ ਹਾਂ ਕਿ ਉਸ ਨੇ ਦੁੱਖ ਵਿਚ ਇਤਨਾ ਸਮਾਂ ਕਿਵੇਂ ਅਥਰੂਆਂ ਦੇ ਸੰਗ ਬਿਤਾਇਆ ਹੋਵੇਗਾ | ਹੁਣ ਤੁਸੀਂ ਹੋਰ ਦੇਰ ਨਾ ਕਰੋ ਮੇਰੇ ਨਾਲ ਹੀ ਚਲੋ ਤਾਂ ਜੋ ਉਸ ਉਡੀਕਦੀ ਮਾਂ ਦੇ ਤਪਦੇ ਕਲੇਜੇ ਨੂੰ ਠੰਡ ਪਾ ਸਕਾਂ | ਲਖਵੀਰ ਨੇ ਚਾਚੇ ਨੂੰ ਨਾਲ ਲਿਆ ਅਤੇ ਘਰ ਵਲ ਚਲ ਪਏ |
ਜਦੋਂ ਘਰੇ ਪੁਜੇ ਤਾਂ ਦੇਖਿਆ ਕਿ ਲਖਵੀਰ ਦੀ ਨਾਨੀ ਅਤੇ ਮਾਂ ਘਰ ਦੇ ਦਰਵਾਜ਼ੇ ਵਿਚ ਬੈਠੀਆਂ ਹੋਈਆਂ ਸਨ ਅਤੇ ਗੱਲਾਂ ਵਿਚ ਰੁਝੀਆਂ ਹੋਈਆਂ ਸਨ | ਸੁਰਜੀਤ ਕੌਰ ਦਾ ਚਾਚਾ ਤਾਂ ਚੁੱਪ ਰਿਹਾ ਪਰ ਲਖਵੀਰ ਨੇ ਪਹਿਲਾਂ ਆਪਣੀ ਨਾਨੀ ਦੇ ਪੈਰ ਛੂਹੇ ਅਤੇ ਫਿਰ ਆਪਣੀ ਮਾਂ ਦੇ ਗੱਲ ਲੱਗ ਗਿਆ | ਜਦੋਂ ਮਾਂ-ਪੁੱਤ ਦਾ ਮੇਲ ਹੋਇਆ ਤਾਂ ਸੁਰਜੀਤ ਕੌਰ ਇਕ ਵਾਰ ਤਾਂ ਹੈਰਾਨ ਹੋਈ ਫਿਰ ਉਸ ਦੇ ਮਨ ਅੰਦਰ ਖਿਆਲ ਆਇਆ ਕਿ ਮੈਨੂੰ ਇਸ ਤਰਾਂ ਮਿਲਣ ਵਾਲਾ ਮੇਰਾ ਲੱਡੂ ਹੀ ਹੋ ਸਕਦਾ ਹੈ | ਜਦੋਂ ਉਸ ਨੇ ਲੱਡੂ ਦੀਆਂ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਵਹਿੰਦਾ ਡਿਠਾ ਤਾਂ ਉਹ ਵੀ ਆਪਣੀ ਖੁਸ਼ੀ ਨਾ ਸੰਭਾਲ ਸਕੀ ਅਤੇ ਰੋ ਕੇ ਆਪਣਾ ਮਨ ਹਲਕਾ ਕਰਨ ਲੱਗ ਪਈ | ਅਥਰੂ ਆਪਣੇ ਬੋਲਾਂ ਰਾਹੀਂ ਇਕ ਦੂਸਰੇ ਦਾ ਦੁੱਖ ਹਲਕਾ ਕਰ ਰਹੇ ਸਨ | ਜਦੋਂ ਇਸ ਅਵਸਥਾ ਵਿਚ ਕਾਫੀ ਸਮਾਂ ਲੰਘ ਗਿਆ ਤਾਂ ਬਜ਼ੁਰਗ ਚਾਚਾ ਬੋਲਿਆ ਕਿ ਭਰਜਾਈ ਇਹ ਤਾਂ ਦੋਹਤਵਾਨ ਹੈ ਜੋ ਆਪਣੀ ਮਾਂ ਸੁਰਜੀਤ ਕੌਰ ਨੂੰ ਚਿੰਬੜਿਆ ਹੋਇਆ ਹੈ | ਨਾਨੀ ਭਾਵੇਂ ਜਿਆਦਾ ਉਮਰ ਕਾਰਨ ਅੱਖਾਂ ਤੋਂ ਪੂਰਾ ਸਾਫ ਨਹੀਂ ਦੇਖ ਸਕਦੀ ਸੀ | ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀ ਸੀ ਕਿ ਪਰਮਾਤਮਾ ਨੇ ਮੇਹਰ ਕਰ ਮੇਰੀ ਧੀ ਦਾ ਕਾਲ਼ਜਾ ਠਾਰ ਦਿਤਾ ਹੈ | ਲਖਵੀਰ ਨੇ ਮਾਂ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਹੁਣ ਸਰਕਾਰੀ ਨੌਕਰ ਹਾਂ ਅਤੇ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗਾ | ਸੂਰਜੀਤ ਕੌਰ ਨੇ ਆਪਣੇ ਪੁੱਤ ਵਲ ਫਿਰ ਸਿਰ ਚੁੱਕ ਕੇ ਡਿਠਾ ਤੇ ਬੋਲੀ ,ਵਾਹ! ਵੇ ਲੱਡੂ ਤੂੰ ਤਾਂ ਕਮਾਲ ਕਰ ਦਿਤੀ | ਮੈਂ ਅੱਜ ਬਹੁਤ ਖੁਸ਼ ਹਾਂ | ਹੁਣ ਮੈਂ ਤੇਰੇ ਨਾਲ ਜ਼ਰੂਰ ਚਲਾਂਗੀ | ਤੂੰ ਮੈਨੂੰ ਇਹ ਦੱਸ ਕਿ ਮੇਰੀ ਨੂੰਹ ਕਿਹੋ ਜਿਹੀ ਹੈ ਉਸ ਨੂੰ ਨਾਲ ਲੈ ਕੇ ਆਉਣਾ ਸੀ |
ਲਖਵੀਰ ਨੇ ਕਿਹਾ ,ਮੇਰੀ ਭੋਲੀ ਮਾਂ ! ਮੇਰਾ ਪਹਿਲਾ ਕੰਮ ਤੈਨੂੰ ਲੱਭਣਾ ਸੀ | ਮੈਨੂੰ ਪਤਾ ਹੈ ਕਿ ਮਾਂ ਦੇ ਪੈਰਾਂ ਵਿਚ ਜੱਨਤ ਹੁੰਦੀ ਹੈ ਅਤੇ ਉਹ ਜੱਨਤ ਮੈਂ ਪਾ ਲਈ ਹੈ | ਮੈਨੂੰ ਖੂਬ ਆਨੰਦ ਮਿਲਿਆ ਹੈ | ਹੁਣ ਮੈਂ ਤੁਹਾਨੂੰ ਨਾਲ ਲਿਜਾਵਾਂਗਾ | ਫੇਰ ਆਪਾਂ ਰਲ ਕੇ ਤੇਰੀ ਨੂੰਹ ਦੀ ਤਲਾਸ਼ ਕਰਾਂਗੇ | ਤੂੰ ਮੇਰੇ ਸਿਰ ਤੇ ਹੱਥ ਰੱਖੀ ਅਸੀਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਾਂਗੇ |ਅਰਸਤੂ ਨੇ ਕਿਹਾ ਹੈ ਕਿ ਜਦੋਂ ਜੀਵਨ ਵਿਚ ਖੁਸ਼ੀ ਪ੍ਰਾਪਤ ਹੁੰਦੀ ਹੈ ਤਾਂ ਮਨੁੱਖ ਮਹਿਸੂਸ ਕਰਦਾ ਹੈ ਮੈਨੂੰ ਮੰਜ਼ਿਲ ਪ੍ਰਾਪਤ ਹੋ ਗਈ ਹੈ | ਸਿੱਖ ਮਤ ਵਿਚ ਇਸ ਖੁਸ਼ੀ ਨੂੰ ਅਨੰਦੁ ਦੀ ਅਵਸਥਾ ਆਖਿਆ ਗਿਆ ਹੈ | ਮੈਨੂੰ ਪਤਾ ਹੈ ਕਿ ਤੁਸੀਂ ਦੁਖਾਂ ਦੇ ਸਮੁੰਦਰ ਵਿਚ ਸੀ ਹੁਣ ਮੈਂ ਦੁਖਾਂ ਤੋਂ ਨਿਜਾਤ ਦਿਵਾ ਆਪਾਂ ਸਾਰੇ ਖੁਸ਼ੀਆਂ ਨੂੰ ਮਾਣਾਗੇ ਅਤੇ ਅਨੰਦ ਦੀ ਪ੍ਰਾਪਤੀ ਹੋਵੇਗੀ | ਮੈਂ ਆਪਣੇ ਦਾਦਾ,ਦਾਦੀ,ਚਾਚਾ ਅਤੇ ਚਾਚੀ ਨਾਲ ਵੀ ਸਾਂਝੀ ਕਰਾਂਗਾ | ਸ਼ਾਮ ਤਕ ਰੁਕ ਕੇ ਦੋਵੇਂ ਮਾਂ-ਪੁੱਤ ਘਰ ਲਈ ਚਲ ਪਏ |

ਡਾਕਟਰ ਅਜੀਤ ਸਿੰਘ ਕੋਟਕਪੂਰਾ
Share this content:



Post Comment