ਕਵਿਤਾ/ਸੰਵਾਦ/ਯਸ਼ ਪਾਲ
*”ਬਹੁਤੀ ਦੇਰ ਨਹੀਂ*
*ਜਲਦੀ ਹੀ*
*ਤੁਹਾਡਾ ਇਹ ਸ਼ਹਿਰ*
*ਬਣ ਜਾਏਗਾ*
*’ਈ-ਸਮਾਰਟ ਸਿਟੀ’*
*ਜ਼ਮੀਨ ਦੇ ਹੇਠਾਂ*
*’ਮੈਟਰੋ’*
*ਜ਼ਮੀਨ ਦੇ ਉੱਪਰ*
*ਤੁਸੀਂ*
*ਦਨਦਨਾਉਂਦੇ*
*ਪਹੁੰਚ ਜਾਉੰਗੇ*
*ਘੰਟੇ ਕੁ ‘ਚ*
*ਸ਼ਹਿਰ ਦੇ*
*ਇਸ ਕਿਨਾਰੇ ਤੋਂ*
*ਉਸ ਕਿਨਾਰੇ ਤੱਕ*
*ਤਿੰਨ ਘੰਟਿਆਂ ‘ਚ*
*ਦੂਜੇ ਸ਼ਹਿਰ*
*ਬੰਦੂਕ-ਗੋਲੀ ਦੀ*
*’ਸਪੀਡ’ ਨਾਲ”*
*”ਪਰ ਸਾਬ੍ਹ!*
*ਇੰਨੀ ਛੇਤੀ*
*ਕਿਤੇ ਵੀ ਜਾਕੇ*
*ਅਸੀਂ ਕਰਾਂਗੇ ਕੀ?*
*ਕੋਈ ਕੰਮ ਧੰਦਾ*
*ਤਾਂ ਹੈ ਨ੍ਹੀ”*
*”ਯਾਰ!*
*ਗਜ਼ਬ ਕਰਦੇ ਹੋਂ*
*ਗਜ਼ਬ*
*ਸ਼ਹਿਰ ਨੂੰ*
*ਈ-ਸਮਾਰਟ*
*ਬਣਾਈਏ ਅਸੀਂ*
*ਰਾਜਮਾਰਗ*
*ਬਣਾਈਏ ਅਸੀਂ*
*ਤੇ ਤੁਸੀਂ ਹੋ ਕਿ*
*ਮਾਮੂਲੀ ਨੋਕਰੀ ਦਾ*
*ਜੁਗਾੜ ਤੱਕ*
*ਨ੍ਹੀ ਕਰ ਸਕਦੇ*
*ਕਿਸ ਕੰਮ ਦੀ ਹੈ*
*ਤੁਹਾਡੀ*
*ਪੜ੍ਹਾਈ-ਲਿਖਾਈ”*
*”ਇਹੋ ਤਾਂ*
*ਕਹਿ ਰਹੇ ਹਾਂ*
*ਸਾਬ੍ਹ!*
*ਬਾਪੂ ਦੀ*
*ਗਾੜ੍ਹੀ ਕਮਾਈ*
*ਫੂਕਣ*
*ਆਪਣੀਆਂ ਹੱਡੀਆਂ*
*ਤੇ ਲਹੂ*
*ਮਚਾਉਣ ਤੋਂ ਬਾਅਦ*
*ਇਹ ਜੋ*
*ਮਿਲਿਆ ਹੈ*
*ਕਾਗ਼ਜ਼ ਦਾ ਪੁਰਜ਼ਾ*
*ਇਸ ਦੀ*
*ਨਾ ਤਾਂ ਬਣ ਸਕਦੀ ਹੈ*
*ਪੀਪਣੀ*
*ਨਾ ਇਸ ਨਾਲ*
*ਪੂੰਝੇ ਜਾ ਸਕਦੇ ਨੇ*
*ਚਿੱਤੜ*
*ਐਮ.ਏ ਪੀ.ਐਚ.ਡੀ ਕਰਕੇ*
*ਪੜ੍ਹਾਉਂਦੇ ਸੀ*
*ਪੰਦਰਾਂ ਹਜ਼ਾਰ ‘ਤੇ*
*ਉਹ ਵੀ*
*ਨਹੀਂ ਮਿਲੇ*
*ਛੇ ਮਹੀਨੇ ਤੋਂ*
*ਤੇ ਉਸੇ ਕਾਲਜ ‘ਚ*
*ਲੱਗ ਗਏ ਹਾਂ*
*’ਸਕਿਓਰਿਟੀ’ ‘ਚ*
*ਪੱਚੀ ਤਾਂ ਮਿਲ ਹੀ ਰਹੇ ਨੇ*
*ਸਾਡੇ ਬਾਪੂ*
*ਨਹੀਂ ਲਾ ਸਕੇ ਉਨਾਂ ਪੈਸਾ*
*ਸਾਡੀ ਸਿੱਖਿਆ ‘ਤੇ*
*ਇੰਨਿਆਂ ‘ਚ*
*ਦਨਦਨਾਉਂਦੇ*
*ਕਿੱਥੇ ਜਾਈਏ ਅਸੀਂ!*
*ਤੁਹਾਡੀਆਂ ਸਹੂਲਤਾਂ*
*ਸਾਡੇ ਵਰਗਿਆਂ ਲਈ*
*ਨਹੀਂ ਹਨ*
*ਸਾਬ੍ਹ!*
*ਸਾਡੀ ਔਕਾਤ ਤੋਂ*
*ਬਾਹਰ ਨੇ*
*ਤੁਹਾਡੀਆਂ ਸਹੂਲਤਾਂ ਦੇ*
*ਟੈਕਸ*
*ਸਾਬ੍ਹ!*
*ਅਸੀਂ ਤਾਂ ਸਿਰਫ਼*
*ਬਾਰਾਂ ਅੰਕਾਂ ਦਾ*
*ਆਧਾਰ ਕਾਰਡ ਦਾ*
*ਨੰਬਰ ਭਰ ਹਾਂ*
*ਬੰਦੇ ਥੋੜ੍ਹੇ ਹੀ ਹਾਂ”*
*”ਹੁਣ ਦੇਖੋ ਭਾਈ*
*ਇੰਨੇ ਵੱਡੇ ਮੁਲਕ ਨੂੰ*
*ਵਿਕਸਿਤ ਬਣਾਉਣ ਲਈ*
*ਕੁਸ਼ ਕੁਰਬਾਨੀ ਤਾਂ*
*ਦੇਣੀ ਹੀ ਪਵੇਗੀ*
*ਅਸੀਂ*
*ਗਲਤ ਤਾਂ ਨਹੀਂ ਨਾ*
*ਕਹਿ ਰਹੇ!”*
*”ਜੀ ਸਾਬ੍ਹ!*
*ਕੁਰਬਾਨੀ ਦੇਣ ‘ਚ*
*ਕੋਈ ਉਜ਼ਰ ਨਹੀਂ ਹੈ?*
*ਬਿਸਮਿਲ*
*ਅਸ਼ਫ਼ਾਕ*
*ਆਜ਼ਾਦ*
*ਭਗਤ ਸਿੰਘ*
*ਰਾਜਗੁਰੂ*
*ਸੁਖਦੇਵ*
*ਜਤਿਨ*
*ਵਿਦਿਆਰਥੀ ਜੀ ਵਰਗੇ*
*ਹਜ਼ਾਰਾਂ-ਲੱਖਾਂ*
*ਸ਼ਹੀਦਾਂ ਨੇ*
*ਕੁਰਬਾਨੀ ਤਾਂ*
*ਦਿੱਤੀ ਹੀ ਸੀ ਨਾ*
*ਸਾਬ੍ਹ!*
*ਦਾਬੋਲਕਰ,ਗੌਰੀ*
*ਪੰਸਾਰੇ, ਕਲਬੁਰਗੀ*
*ਹਜ਼ਾਰਾਂ ਕਿਸਾਨ ਮਜ਼ਦੂਰ*
*ਆਦਿਵਾਸੀ*
*ਦੇ ਹੀ ਤਾਂ ਰਹੇ ਨੇ*
*ਕੁਰਬਾਨੀ*
*ਪਰ*
*ਉਨ੍ਹਾਂ ਦੀ ਸ਼ਹਾਦਤ ਦੀ*
*ਨੀਂਹ ‘ਤੇ*
*ਕਿਨ੍ਹਾਂ ਦੇ ਮਹਿਲ*
*ਖੜ੍ਹੇ ਨੇ*
*ਇਹ ਜੋ*
*ਪਾਰਲੀਮੈਂਟਾਂ ‘ਚ*
*ਸਾਨ੍ਹਾਂ ਵਾਂਗ ਪਲੇ ਨੇ*
*ਉਨ੍ਹਾਂ ‘ਚੋਂ*
*ਕਿੰਨਿਆਂ ਦੇ*
*ਪੁਰਖਿਆਂ ਨੇ*
*ਇਸ ਮੁਲਕ ਲਈ*
*ਕੁਰਬਾਨੀ ਦਿੱਤੀ ਹੈ*
*ਕਿੰਨੇ ਲੜੇ ਨੇ”*
*”ਤੁਸੀਂ ਵੀ ਨਾ*
*ਇਤਿਹਾਸ ਫੜਕੇ*
*ਬਹਿ ਜਾਂਦੇ ਹੋ*
*ਵਰਤਮਾਨ ‘ਚ ਜੀਉ*
*ਵਰਤਮਾਨ ‘ਚ*
*ਇਹੋ ਜਿਹੀਆਂ*
*ਸੜਕਾਂ*
*ਇਹੋ ਜਿਹੇ*
*’ਫਲਾਈਓਵਰ’*
*ਕੋਮੀਮਾਰਗ*
*ਕਦੇ ਸੋਚੇ ਸੀ*
*ਸੁਪਨੇ ‘ਚ ਵੀ?*
*’ਏਅਰ ਕੰਡੀਸ਼ਨਡ ਟ੍ਰੇਨ’*
*ਚਮਚਮਾਉਂਦੇ ਮਾਲ*
*ਜਗਮਗਾਉਂਦੇ ਮੰਦਰ*
*ਟਿਮਟਿਮਾਉਂਦੇ ਘਾਟ”*
*”ਤੇ ਸਾਬ੍ਹ!*
*ਤੜਫ਼ਦੇ ਮਜ਼ਦੂਰ*
*ਵਿਲਕਦੇ ਕਿਸਾਨ*
*ਭਟਕਦੇ ਨੌਜਵਾਨ*
*ਬੁੜਬੁੜਾਉਂਦੇ ਬਿਰਧ*
*ਰੋਂਦੀਆਂ ਬੱਚੀਆਂ”*
*”ਤੁਸੀਂ ਸਾਲੇ*
*ਕਮਿਊਨਿਸਟ*
*ਸਭ ਇੱਕੋ ਜਿਹੇ*
*ਸੋਚਦੇ ਹੋ*
*ਖਾਈ,ਨਾਲੇ,ਗਟਰ*
*ਤੇ ਬੰਜਰ ਤੋਂ ਉੱਪਰ*
*ਨਜ਼ਰ ਹੀ ਨਹੀਂ ਉਠਦੀ*
*ਜ਼ਰਾ ਇੱਕ ਵਾਰ*
*’ਸੀ-ਲਿੰਕ’ ਤੋਂ ਹੁੰਦੇ ਹੋਏ*
*’ਕੋਸਟਲ ਰੋਡ’ ਫੜਕੇ*
*ਦੱਖਣੀ ਮੁੰਬਈ ਵੱਲ*
*ਜਾਂਦੇ ਹੋਏ*
*ਜ਼ਰਾ ਇੱਕ ਵਾਰ ਦੇਖੋ*
*ਸ਼ਹਿਰ ਦੀ ‘ਸਕਾਈ’ ਲਾਈਨ*
*ਤੇ ਸੱਚ-ਸੱਚ ਦੱਸੋ*
*ਕਿ ਸਿੰਗਾਪੁਰ ਵਰਗਾ*
*ਦਿਸਦੈ ਕਿ ਨਹੀਂ”*
*”ਸਾਬ੍ਹ!*
*ਅਸੀਂ ਰਹਿੰਦੇ ਹਾਂ*
*ਝੁੱਗੀਆਂ-ਝੋਪੜੀਆਂਂ ‘ਚ*
*ਸਾਡੀ ਗਲੀ ‘ਚੋਂ*
*ਨਹੀਂ ਦਿਸਦੀ*
*ਇੱਕ ਲਕੀਰ ਵਰਗੀ*
*ਤੁਹਾਡੀ ‘ਸਕਾਈ’ ਵੀ*
*ਹੁੰਮਸ ਦੇ ਝੰਬੇ*
*ਦਿਨ ਭਰ*
*ਨਿੱਕੀ ਜਿਹੀ ਖੋਲ਼ੀ ਦੀ*
*ਗਲੀ ਦੀ ਨੁੱਕੜ ‘ਚ*
*ਇੰਤਜ਼ਾਰ ਕਰਦੇ ਹਾਂ*
*ਅੱਛੇ ਦਿਨ ਦਾ*
*ਭੀੜ੍ਹ ਵਧ ਜਾਏ*
*ਤਾਂ ਪੁਲਸ ਕੁੱਟ ਕੇ*
*ਵਾੜ ਦਿੰਦੀ ਹੈ*
*ਖੋਲ਼ੀ ‘ਚ*
*ਦਰ-ਅਸਲ*
*ਸਾਬ੍ਹ!*
*ਅਸੀਂ ਲੋਕ*
*ਤੁਹਾਡੀ ਦੁਨੀਆਂ ‘ਚ*
*ਰਹਿੰਦੇ ਹਾਂ*
*ਇੰਨਾ ਹੇਠਾਂ*
*ਕਿ ਸਿਰ ਉਠਾਉਣ ‘ਤੇ ਵੀ*
*ਦਿਸਦੇ ਹਾਂ*
*ਰੀਂਗਦੇ ਹੋਏ*
*ਇਸ ਕਰਕੇ*
*ਦਿਖਾਈ ਨਹੀਂ ਦਿੰਦੇ*
*ਤੁਹਾਨੂੰ*
*ਤੁਹਾਡੀਆਂ*
*ਗੱਡੀਆਂ ਦੇ*
*ਕਾਲੇ ਸ਼ੀਸ਼ੇ*
*ਰੇਸ਼ਮੀ ਪਰਦੇ*
*ਤੇ ਮੁਰਦਘਾਟ ਵਰਗੇ*
*ਠੰਡੇ ਆਲੇ-ਦੁਆਲੇ ਦੇ*
*ਬਾਹਰ ਵੀ*
*ਰਹਿੰਦਾ ਹੈ ਕੋਈ*
*ਇਸਦਾ*
*ਤੁਹਾਨੂੰ ਇਲਮ ਹੀ ਨਹੀਂ*
*ਤੁਹਾਡਾ*
*’ਈ-ਮਾਰਟ’ ਸਿਟੀ*
*ਤੁਹਾਡਾ ਧੰਦਾ ਹੈ*
*ਸਾਡੀ ਸਹੂਲਤ ਨਹੀਂ*
*ਸਾਡੇ ਤੱਕ*
*ਪਹੁੰਚਣ ਵਾਲੀਆਂ*
*ਮੁਰਦਾ ਸੜਕਾਂ*
*ਕਰ ਚੁੱਕੀਆਂ ਨੇ*
*ਖ਼ੁਦਕਸ਼ੀ*
*ਪ੍ਰਸੂਤਾ ਲਈ*
*ਸਾਡੀਆਂ ਮਾਂਵਾਂ*
*ਲਿਜਾਈਆਂ ਜਾਂਦੀਆਂ ਨੇ*
*ਮੰਜੇ ‘ਤੇ ਲੱਦਕੇ*
*ਉਸ ਹਸਪਤਾਲ ‘ਚ*
*ਜਿੱਥੇ*
*ਚਮਤਕਾਰ ਹੀ*
*ਬੱਚੇ ਬਣਾਉਂਦਾ ਹੈ*
*ਡਾਕਟਰ ਨਹੀਂ*
*ਤੇ ਹਾਸੋਹੀਣਾ*
*ਕਿੱਸਾ ਇਹ*
*ਕਿ ਆਲੀਸ਼ਾਨ ਮਹਾਂਮਾਰਗ*
*ਲੰਘਦਾ ਹੈ*
*ਸਾਡੇ ਪਿੰਡ ਵਿਚਦੀ*
*ਸਾਡੇ ਹਸਪਤਾਲਾਂ ‘ਚ*
*ਮਰੀਜਾਂ ਤੋਂ ਜਿਆਦਾ*
*ਹੁੰਦੀ ਹੈ*
*ਕੁੱਤੇ ਬਿੱਲੀਆਂ*
*ਤੇ ਚੂਹਿਆਂ ਦੀ ਤਾਦਾਦ*
*ਮਹਿੰਗੀਆਂ ਦਵਾਈਆਂ*
*ਲੈਣੀਆਂ ਪੈਂਦੀਆਂ ਨੇ*
*ਬਾਜ਼ਾਰ ਤੋਂ*
*ਸਾਡੇ ਸਕੂਲ*
*ਅੱਜ ਵੀ ਨੇ*
*ਅਜਾਇਬ ਘਰ ਦਾ*
*ਨਮੂਨਾ*
*ਜਨਤਕ ਪਿਸ਼ਾਬ-ਘਰ*
*ਤੇ ਸਕੂਲ ‘ਚ*
*ਸਿਰਫ਼*
*ਗੰਧ ਦਾ ਹੀ ਫਰਕ ਹੈ*
*ਇਹ ਉਹੀ ਜਗ੍ਹਾ ਹੈ*
*ਜਿੱਥੇ ਸਾਡਾ ਭਵਿੱਖ*
*ਹੋ ਰਿਹਾ ਗਰਕ ਹੈ*
*ਚਿੜੀਆ-ਘਰ ‘ਚੋਂ ਭੱਜੇ*
*ਬਦਹਵਾਸ ਜਾਨਵਰਾਂ ਵਾਂਗ*
*ਸਾਡੀ ਦੁਨੀਆਂ ਦੇ ਲੋਕ*
*ਲੱਭ ਰਹੇ ਨੇ*
*ਅਜਿਹੀ ਠਾਹਰ*
*ਜਿੱਥੇ ਮਰ ਸਕਣ*
*ਸਕੂਨ ਨਾਲ*
*ਤੁਸੀਂ ਠੀਕ ਕਹਿੰਦੇ ਹੋ*
*ਵਿਕਾਸ ਲਈ*
*ਕਿਸੇ ਨੂੰ ਤਾਂ*
*ਮਰਨਾ ਪੈਂਦਾ ਹੀ ਹੈ*
*ਆਜ਼ਾਦੀ ਤੋਂ ਪਹਿਲਾਂ*
*ਮਰਦਾ ਸੀ*
*ਬਹਾਦਰ*
*ਆਜ਼ਾਦੀ ਤੋਂ ਬਾਅਦ*
*ਮਰਦਾ ਹੈ*
*ਸਾਡੇ ਵਰਗਾ*
*ਡਰਪੋਕ”*
*”ਤੁਸੀਂ ਲੋਕ ਯਾਰ*
*ਜਦ ਦੇਖੋ*
*ਕਰਨ ਲੱਗ ਜਾਂਦੇ ਹੋ*
*ਮਰਨ ਦੀਆਂ ਗੱਲਾਂ*
*ਜਾਓ*
*ਮੈਂ ਤੁਹਾਡੇ ਨਾਲ*
*ਗੱਲ ਹੀ ਨ੍ਹੀ ਕਰਨੀ*
*ਤੁਸੀਂ ਲੋਕ*
*ਬਹੁਤ ਘਟੀਆ ਹੋ!”*
*#ਹੂਬਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:


Post Comment