Loading Now

ਕਵਿਤਾ/ਸੁਣਿਆ ਹੈ/ਯਸ਼ ਪਾਲ

ਕਵਿਤਾ/ਸੁਣਿਆ ਹੈ/ਯਸ਼ ਪਾਲ

ਸੁਣਿਆ ਹੈ…
ਜੰਗਲਾਂ ਦਾ ਵੀ
ਕੋਈ ਦਸਤੂਰ ਹੁੰਦਾ ਹੈ

ਸੁਣਿਆ ਹੈ…
ਸ਼ੇਰ ਦਾ
ਜਦ ਪੇਟ ਭਰ ਜਾਏ
ਤਾਂ ਉਹ ਹਮਲਾ ਨਹੀਂ ਕਰਦਾ
ਦਰਖ਼ਤਾਂ ਦੀ
ਸੰਘਣੀ ਛਾਂ ਹੇਠ
ਜਾ ਕੇ ਲੇਟ ਜਾਂਦਾ ਹੈ

ਹਵਾ ਦੇ ਤੇਜ ਬੁੱਲੇ
ਜਦ ਹਿਲਾਉਂਦੇ ਨੇ
ਦਰਖ਼ਤਾਂ ਨੂੰ
ਤਾਂ ਮੈਨਾ
ਆਪਣੇ ਬੱਚੇ ਛੱਡ ਕੇ
ਕਾਂ ਦੇ ਆਂਡਿਆਂ ਨੂੰ
ਸੰਭਾਲ ਲੈਂਦੀ ਹੈ
ਆਪਣੇ ਖੰਭਾਂ ਹੇਠ

ਸੁਣਿਆ ਹੈ…
ਕੋਈ ਬੱਚਾ ਡਿਗ ਪਵੇ
ਆਲ੍ਹਣੇ ‘ਚੋਂ
ਤਾਂ ਪੂਰਾ ਜੰਗਲ
ਜਾਗ ਉਠਦਾ ਹੈ

ਸੁਣਿਆ ਹੈ…
ਜੰਗਲਾਂ ਦਾ ਵੀ
ਕੋਈ ਦਸਤੂਰ ਹੁੰਦਾ ਹੈ

ਸੁਣਿਆ ਹੈ…
ਜਦ ਕਿਸੇ ਨਦੀ ਦੇ
ਪਾਣੀ ‘ਚ
ਲਰਜ਼ਦਾ ਹੈ
ਬੀਜੜੇ ਦੇ ਆਲ੍ਹਣੇ ਦਾ
ਗੰਦਮੀ ਰੰਗ

ਤਾਂ ਨਦੀ ਦੀਆਂ
ਰੂਪਹਿਲੀ ਮੱਛੀਆਂ
ਉਸ ਨੂੰ ਮੰਨ ਲੈਂਦੀਆਂ ਨੇ
ਆਪਣਾ ਗੁਆਂਢੀ

ਕਦੇ ਤੂਫ਼ਾਨ ਆ ਜਾਏ
ਕੋਈ ਪੁਲ ਟੁੱਟ ਜਾਏ
ਕਾਟੋ ਸੱਪ ਬੱਕਰੀ ਚੀਤਾ
ਨਾਲੋ-ਨਾਲ ਹੁੰਦੇ ਨੇ
ਕਿਸੇ ਲੱਕੜ ਦੇ ਫੱਟੇ ‘ਤੇ

ਸੁਣਿਆ ਹੈ..
ਜੰਗਲਾਂ ਦਾ ਵੀ
ਕੋਈ ਦਸਤੂਰ ਹੁੰਦਾ ਹੈ
ਕੋਈ ਕਾਨੂੰਨ ਹੁੰਦਾ ਹੈ

ਮੇਰੇ ਮਾਲਕ!
ਮੋਤ੍ਹਬਰਾਂ ਦੇ ਮੋਤ੍ਹਬਰ!
ਜਾਨੀ-ਜਾਣ!
ਇਨਸਾਫ਼ ਦੇ ਰਹਿਬਰ!

ਹੁਣ
ਲਾਗੂ ਕਰ
ਜੰਗਲਾਂ ਦਾ ਹੀ
ਕੋਈ ਦਸਤੂਰ
ਕੋਈ ਕਾਨੂੰਨ
ਮੇਰੇ ਇਸ ਮੁਲਕ ‘ਚ
ਮੇਰੇ ਇਸ ਸ਼ਹਿਰ ‘ਚ

#ਜ਼ੇਹਰਾ ਨਿਗ਼ਾਹ
(ਪਾਕਿਸਤਾਨੀ ਕਵਿੱਤਰੀ)

ਉਰਦੂ ਵੀਡੀਓ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment