ਕਵਿਤਾ/ਪਾਣੀ ਦੇ ਸੁਪਨੇਯਡਾ ਅਮਰਜੀਤ ਟਾਂਡਾ
ਪਾਣੀ ਦੇ ਸੁਪਨੇ
ਨਦੀਆਂ ਦੇ ਹੰਝੂ ਸੁੱਕ ਗਏ ਹਨ
ਬੋਟ ਮਰ ਗਏ ਹਨ ਮੇਰੇ
ਸਾਹਾਂ ਵਾਂਗ ਹੌਲੀ ਹੌਲੀ
ਚੁੱਪ ਹੋ ਗਈਆਂ ਹਨ ਮੰਜ਼ਿਲਾਂ ਦੀਆਂ ਉਚਾਈਆਂ
ਨੈਣਾਂ ਦੀ ਅਸੀਸ ਵਰਗਾ
ਕੋਈ ਕੋਈ ਸਾਕ ਨਹੀਂ ਰਹਿ ਗਿਆ
ਚੋਗਾ ਵੀ ਕਰ ਗਿਆ ਹੈ
ਨਿਮਾਣੀਆਂ ਚੁੰਝਾਂ ਚੋਂ
ਆਲ੍ਹਣੇ ਸੜ ਗਏ
ਚਿੜੀਆਂ ਦੇ ਸੁਰ
ਬੇਆਵਾਜ਼ ਹੋ ਗਏ ਹਨ
ਅਸਮਾਨ ਨੇ
ਆਪਣੇ ਪਰ ਖੋਲ੍ਹ ਕੇ ਵੀ
ਪਲ ਭਰ ਛਾਂ ਨਾ ਕੀਤੀ
ਸੁੱਕ ਸੜ ਗਿਆ ਹੈ ਰੁੱਖ
ਪੱਤਿਆਂ ਦੀਆਂ ਉਮਰਾਂ
ਰਾਖ਼ ਹੋ ਗਈਆਂ ਹਨ
ਤੇ ਪੌਣ ਵੀ ਅੰਨ੍ਹੀਂ ਹੋ ਕੇ
ਯਾਦਾਂ ਦੇ ਰਾਗ ਗਾਉਣ ਲੱਗ ਪਈ ਹੈ
ਸ਼ਾਇਦ ਕਿਤੇ ਧਰਤ ਦੀ
ਕੁੱਖ ਅੰਦਰ
ਨਵੀਂ ਕਲੀ ਦਾ ਸੁਪਨਾ
ਅਜੇ ਵੀ ਧੜਕ ਰਿਹਾ ਹੈ
ਤੂੰ ਜ਼ਰਾ ਸਾਹ ਲੈ
ਥੱਕਿਆ ਹੋਵੇਂਗਾ
ਜੜ ਦੇਵਾਂਗੇ ਬੁੱਤ ਤੇਰੇ ‘ਤੇ ਵੀ ਸਿਤਾਰੇ
ਕੁਝ ਪਲ ਤੇਰੇ ਲਈ ਜਿਊਣ ਦੇ ਸਹਾਰੇ
ਐਵੇਂ ਕਾਹਲੇ ਨਹੀਂ ਪਈਦਾ
ਰੂਹਾਂ ਨੂੰ ਰੋਗ ਨਹੀਂ ਲਾਈਦੇ
ਉਮਰਾਂ ਨੂੰ ਉਮੀਦਾਂ ਜ਼ਰਾ ਲਾ
ਤੇਰੀਆਂ ਪਲਕਾਂ ਤੇ ਵੀ
ਨਵੇਂ ਸੁਪਨੇ ਜੜ ਦੇਵਾਂਗੇ
ਤੈਨੂੰ ਵੀ ਜਿਉਣ ਜੋਗਾ ਕਰ ਦਿਆਂਗੇ
Share this content:



Post Comment