Loading Now

ਕਵਿਤਾ/ਦੱਸ ਪੰਜਾਬਾ/ਯਸ਼ ਪਾਲ

ਕਵਿਤਾ/ਦੱਸ ਪੰਜਾਬਾ/ਯਸ਼ ਪਾਲ

ਪੰਜਾਬ ਅੰਦਰ ‘ਫਿਰਕੂ ਦਹਿਸ਼ਤਗਰਦੀ ਤੇ ਹਕੂਮਤੀ ਦਹਿਸ਼ਤਗਰਦੀ’ ਦੇ 80ਵਿਆਂ ਦੇ ਦੌਰ ਅੰਦਰ ਲਿਖੀ ਇੱਕ ਨਜ਼ਮ ਜਿਸ ਦੀ ਅਜੋਕੇ ਚੱਲ ਰਹੇ/ਹਕੂਮਤੀ ਪਾਰਟੀਆਂ ਵੱਲੋਂ ਬਣਾਏ ਜਾ ਰਹੇ ਫਿਰਕੂ ਵੰਡੀਆਂ ਪਾਉਣ ਵਾਲੇ ਮਾਹੌਲ ਅੰਦਰ ਵੀ ਪ੍ਰਸੰਗਿਕਤਾ ਤੇ ਸਾਰਥਿਕਤਾ ਬਣਦੀ ਹੈ।

**
*ਕੀ ਹੋਇਆ ਤੈਨੂੰ ਦੱਸ ਪੰਜਾਬਾ!*
*ਕਿੱਧਰ ਗਈਆਂ ਛਾਵਾਂ*
*ਕਿਸ ਜ਼ਾਲਮ ਨੇ ਜ਼ਹਿਰ ਘੋਲੀ ਵਿੱਚ*
*ਤੇਰੇ ਪੰਜ ਦਰਿਆਵਾਂ।*
ਕੀ ਹੋਇਆ ਤੈਨੂੰ…..

*ਕਿੱਧਰ ਗਏ ਭੰਗੜੇ-ਗਿੱਧੇ*
*ਨਾ ਹੁਣ ਦਿੱਸਣ ਤੀਆਂ*
*ਬੰਬ-ਬੰਦੂਕਾਂ ਖਾ ਗਈਆਂ ਨੇ*
*ਤੇਰੇ ਪੁੱਤਰ-ਧੀਆਂ।*
ਕੀ ਹੋਇਆ ਤੈਨੂੰ….

*ਨਾ ਉਹ ਪੁੰਨੂ ਨਾ ਉਹ ਰਾਂਝੇ*
*ਨਾ ਸੱਸੀਆਂ ਨਾ ਹੀਰਾਂ*
*ਕਿਹੜੀ ਗੱਲੋਂ ਦੱਸ ਪੰਜਾਬਾ*
*ਰੁੱਸ ਗਈਆਂ ਤਕਦੀਰਾਂ।*
ਕੀ ਹੋਇਆ ਤੈਨੂੰ….

*ਨਾ ਉਹ ਪਿੱਪਲ, ਬੋਹੜ-ਬਰੋਟੇ*
*ਨਾ ਉਹ ਮੌਜ-ਬਹਾਰਾਂ*
*ਪੀਂਘ ਝੂਟਣਾ ਭੁੱਲ ਗਈਆਂ ਅੱਜ*
*ਤੇਰੀਆਂ ਉਹ ਮੁਟਿਆਰਾਂ।*
ਕੀ ਹੋਇਆ ਤੈਨੂੰ…

*ਨਾ ਉਹ ਕੌਡੀ ਨਾ ਉਹ ਧੁੰਮਾਂ*
*ਨਾ ਉਹ ਘੋਲ਼ ਪੁਰਾਣੇ*
*ਜਦੋਂ ਪੰਜਾਬਾ ਤੇਰਾ ਲੋਹਾ*
*ਮੰਨਦੇ ਸੀ ਜਰਵਾਣੇ।*
ਕੀ ਹੋਇਆ ਤੈਨੂੰ…..

*ਪਹਿਲਾਂ ਵਾਲੇ ਖੇਤ ਨਾ ਦਿਸਦੇ*
*ਨਾ ਹੁਣ ਦਿੱਸਣ ਲਹਿਰਾਂ*
*ਹਰ ਪਾਸੇ ਹੀ ਅੱਗ ਬਲਦੀ ਏ*
*ਫੁੱਟ ਪਈਆਂ ਨੇ ਜ਼ਹਿਰਾਂ।*
ਕੀ ਹੋਇਆ ਤੈਨੂੰ….

*ਕੌਣ ਕੁਲੱਛਣਾ ਸੇਹ ਦੇ ਤੱਕਲੇ*
*ਗੱਡ ਗਿਆ ਤੇਰੇ ਵੇਹੜੇ*
*ਅੱਜ ਭਾਈਆਂ ਦੇ ਭਾਈ ਵੈਰੀ*
*ਕੌਣ ਨਬੇੜੇ ਝੇੜੇ।*
ਕੀ ਹੋਇਆ ਤੈਨੂੰ….

*ਘਰ ਘਰ ਦੇ ਵਿੱਚ ਸੱਥਰ ਪੈਗੇ*
*ਘਰ ਘਰ ਆਉਣ ਮਕਾਣਾਂ*
*ਖੇੜਿਆਂ ਤੇ ਖੁਸ਼ੀਆਂ ਦੀ ਥਾਂ ‘ਤੇ*
*ਰੋਣਾ ਤੇ ਕੁਰਲਾਣਾ।*
ਕੀ ਹੋਇਆ ਤੈਨੂੰ…..

*ਅੱਜ ਪਥਰਾਏ ਨੈਣ ਮਾਵਾਂ ਦੇ*
*ਅੱਜ ਧੀਆਂ ਕੁਮਲਾਈਆਂ*
*ਅੱਜ ਅਲੂੰਏ ਬੋਟ ਘੁੱਗੀ ਦੇ*
*ਕੋਹ ਨੇ ਸੁੱਟੇ ਕਸਾਈਆਂ।*
ਕੀ ਹੋਇਆ ਤੈਨੂੰ…..

*ਅੱਜ ਦਾ ਸੂਰਜ ਠਰਿਆ-ਠਰਿਆ*
*ਅੱਜ ਦੀਆਂ ਬਲੀਆਂ ਰਾਤਾਂ*
*ਅੱਜ ਪਿਆਰ ਦੀ ਝੋਲੀ ਹੰਝੂ*
*ਪਾ ਗਿਆ ਕੋਈ ਸੁਗਾਤਾਂ।*
ਕੀ ਹੋਇਆ ਤੈਨੂੰ…..

*ਹਿੰਦੂ, ਸਿੱਖ ਜਾਂ ਮੁਸਲਿਮ ਬਣਗੇ*
*ਭੋਲੇ-ਭਾਲੇ ਬੰਦੇ*
*ਚੋਰ-ਉਚੱਕੇ ਬਣੇ ਚੌਧਰੀ*
*ਰਾਜੇ ਲੁੱਚੇ-ਲੰਡੇ।*
ਕੀ ਹੋਇਆ ਤੈਨੂੰ…..

*ਕਦੇ ਜਨੂੰਨੀ ਟੋਲ਼ੇ ਬਣ ਕੇ*
*ਜਾਂ ਬਣ ਪੁਲਸੀ ਧਾੜਾਂ*
*ਸ਼ੇਰਾਂ ਵਰਗੇ ਪੁੱਤਰ ਤੇਰੇ*
*ਖਾ ਗਈਆਂ ਸਰਕਾਰਾਂ।*
ਕੀ ਹੋਇਆ ਤੈਨੂੰ…..

*ਪਰ ਪੰਜਾਬਾ ਕਾਹਤੋਂ ਝੂਰੇਂ*
*ਕਿਉਂ ਹੈ ਚੁੱਪ-ਖਾਮੋਸ਼ੀ*
*ਤੇਰੇ ਪੁੱਤਰਾਂ ਸੌਂਹ ਖਾਧੀ ਹੈ*
*ਲੱਭ ਲੈਣਗੇ ਦੋਸ਼ੀ।*
ਕੀ ਹੋਇਆ ਤੈਨੂੰ…..

*ਕਿਸ ਜ਼ਾਲਮ ਨੇ ਚੱਲੀਆਂ ਚਾਲ਼ਾਂ*
*ਕਿਸ ਦੀ ਹੈ ਹੁਸ਼ਿਆਰੀ*
*ਕੌਣ ਕਸਾਈ ਪਾੜ ਕੇ ਸਾਨੂੰ*
*ਕਰਦਾ ਹੈ ਸਰਦਾਰੀ।*
ਕੀ ਹੋਇਆ ਤੈਨੂੰ…..

*ਆਓ! ਪੰਜਾਬੀਓ ਰਲ ਮਿਲ ਸਾਰੇ*
*ਕੋਈ ਤਦਬੀਰ ਬਣਾਈਏ*
*ਪੰਜ-ਆਬਾਂ ਦੀ ਧਰਤ ਨੂੰ ਲੋਕੋ*
*ਸੜਨ ਤੋਂ ਅੱਜ ਬਚਾਈਏ*
ਕੀ ਹੋਇਆ ਤੈਨੂੰ……

*ਨਹੀਂ ਤਾਂ ਵਕਤ ਖੁੰਝਾ ਕੇ ਸਾਨੂੰ*
*ਪੈ ਜਾਣਾ ਪਛਤਾਉਣਾ*
*ਇਹ ਪੰਜਾਬ ਹੈ ਫੁੱਲ ਗੁਲਾਬੀ*
*ਹੱਥ ਨਾ ਮੁੜ ਕੇ ਆਉਣਾ।*
ਕੀ ਹੋਇਆ ਤੈਨੂੰ….

*#ਨਵਕਿਰਨ*

ਪੇਸ਼ਕਸ਼:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment