Loading Now

ਹਾਸਰਸ ਕਵਿਤਾ/”ਚਾਚਾ ਮੰਡੀ ਜਾਵੇ”/ਦਲਜੀਤ ਸਿੰਘ ਕਾਹਲੋਂ

ਹਾਸਰਸ ਕਵਿਤਾ/”ਚਾਚਾ ਮੰਡੀ ਜਾਵੇ”/ਦਲਜੀਤ ਸਿੰਘ ਕਾਹਲੋਂ

ਅੱਜ ਦੀ ਦਿਹਾੜੀ ਲੱਗ ਗਈ ਲੇਖੇ ।

ਚਾਚੀ , ਚਾਚੇ ਦੇ ਮੂੰਹ ਵੱਲ ਵੇਖੇ ॥

ਸੋਚੇ ,ਚੱਕ ਲਿਆ ਪੈਂਨ ਹੁਣ ਨਹੀਂ ਮੁੜਦਾ।

ਫੁਰਨਾ ਇਹਨੂੰ ਕਿੱਥੋਂ ਫੁਰਦਾ ?

ਪਤਾ ਨਹੀਂ ਕਿੱਥੋਂ ਵਿਚਾਰ ਲਿਆਵੇ ?

ਨਾਲ ਕਲਪਨਾ ਜਾਨ ਜਿਹੀ ਪਾਵੇ ॥

ਸ਼ਬਦਾਂ ਇਹਦਿਆ ਦਾ ਭੰਡਾਰ ।

ਲਿਖਤ ਨੂੰ ਦੇਵੇ ਕਿਵੇਂ ਸ਼ਿੰਗਾਰ ॥

ਨਾਲ ਕਲਮ ਦੇ ਲਿਖਦਾ ਜਾਵੇ ।

ਲਿਖੇ ਓਹੋ ਜੋ ਮੰਨ ਨੂੰ ਭਾਵੇ ॥

ਰਹੇ ਕਲਮ ਨਾਲ ਹਰਦੱਮ ਭਿੜਦਾ ।

ਛਪੇ ਲਿਖਤ ਤਾਂ ਜਾਵੇ ਖਿੜਦਾ ॥

“ਅਖੇ ਚੱਕ ਲੈ ਝੋਲ਼ਾ ! ਚਾਚੀ ਕਹਿੰਦੀ “।

“ਔਹ ਖਾਲੀ ਪੈਂਟਰੀ !ਖਾਣ ਨੂੰ ਪੈਂਦੀ “॥

ਇੱਕ ਫੁੱਟ ਲੰਬੀ ਲਿਸਟ ਫੜਾ ਤੀ।

ਜਾਂਦੀ ਜਾਂਦੀ ਨੇ ਲੁੱਪੀ ਲਾਤੀ ॥

ਫੜੀ ਲਿਸਟ ਤੇ ਚੱਕਿਆ ਸਾਈਕਲ ।

ਭੱਜਿਆ ਜਾਵੇ,ਜਿਵੇਂ ਜੈਕਸਨ ਮਾਈਕਲ॥

ਸਾਈਕਲ ਦੀਆਂ ਕਢਾਈਆਂ ਚੀਕਾਂ ।

ਕੱਚੇ ਪਹੇ ਤੇ ਪਾਈਆਂ ਲੀਕਾਂ ॥

ਚਾਚਾ ਗਾਉਂਦਾ ਜਾਵੇ।

ਮੰਨ ਪਰਚਾਉਂਦਾ ਜਾਵੇ॥

“ਬਈ ਚਾਚਾ ਮੰਡੀ ਜਾਵੇ।

ਡੰਡੀਓ ਡੰਡੀ ਜਾਵੇ॥

ਬਈ ਸੱਜੇ ਖੱਬੇ ਵੇਖੇ ।

ਚਾਚੇ ਦੇ ਕਾਹਦੇ ਲੇਖੇ ॥

ਬਈ ਚਾਚਾ ਚੱਕੇ ਫੱਟੇ।

ਸਿਰ ਤੱਕ ਆਵਣ ਘੱਟੇ॥

ਬਈ ਪੈਡਲ ਮਾਰੀ ਜਾਵੇ ।

ਧੁੱਦਲ ਉਭਾਰੀ ਜਾਵੇ॥

ਬਈ ਚਾਚਾ ਮੰਡੀ ਜਾਵੇ।

ਡੰਡੀਓ ਡੰਡੀ ਜਾਵੇ॥

ਬਈ ਡੰਡੀਓ ਡੰਡੀ ਜਾਵੇ”॥

ਸਫ਼ਰ ਵੀ ਮੁੱਕ ਗਿਆ ਗਾਂਦੇ ਗਾਂਦੇ ।

ਸਾਈਕਲ ਰੁਕ ਗਿਆ ਜਾਂਦੇ ਜਾਂਦੇ ॥

ਪਜਾਮਾ ਸਾਂਭਣੇ ਦਾ ਚੱਜ ਕਿੱਥੋਂ ਆਵੇ ।

ਚਾਚੇ ਨੂੰ ਨਾ ਆਵੇ। ਚਾਚੇ ਨੂੰ ਨਾ ਆਵੇ॥

ਕਾਹਲੀ ਚਿ ਚਾਚੇ ਪੰਗਾ ਪਾਇਆ ।

ਪਜਾਮਾ ਵਿੱਚ ਚੇਨ ਦੇ ਆਇਆ ॥

ਚਾਚਾ ਖਿੱਚੀ ਪਜਾਮਾ ਜਾਵੇ।

ਪਜਾਮਾ ਰਤਾ ਬਾਹਰ ਨਾ ਆਵੇ ॥

ਪਜਾਮਾ ਐਸਾ ਚੇਨ ਵਿੱਚ ਅੜਿਆ ।

ਚਾਚੇ ਖਿੱਚਦੇ ਨੂੰ ਸਾਹ ਚੜ੍ਹਿਆ॥

ਪਜਾਮਾ ਹੋਇਆ ਲੀਰਾਂ ਲੀਰਾਂ ।

ਚਾਚਾ ਫਿਰਦਾ ਵਾਂਗ ਫ਼ਕੀਰਾਂ ॥

ਪਾਈ ਫਿਰੇ ਪਜਾਮਾ ਪਾਟਾ।

ਉੱਤੋਂ ਚਾਚੇ ਦਾ ਧੌਲਾ ਝਾਟਾ ॥

ਅੰਤ ਨੂੰ ਜਾ ਪਹੁੰਚਾ ਫਗਵਾੜੇ ॥

ਪਹੁੰਚਣੋਂ ਪਹਿਲਾਂ ਈਂ ਕੱਪੜੇ ਪਾੜੇ ॥

ਚਾਚਾ ਵਿੱਚ ਸ਼ਹਿਰ ਜਾ ਵੜਿਆ ।

ਸਾਈਕਲ ਮੰਡੀ ਜਾ ਕੇ ਖੜਿਆ ॥

ਚਾਚਾ ਜਾਂਦਿਆਂ ਈਂ ਲਿਸਟ ਫੜਾਏ ।

ਝੋਲੇ ਭਰਦਿਆਂ ਈਂ ਮੋੜੇ ਪਾਏ ॥

ਚਾਚਾ ਨਾਲ਼ੇ ਬਣਾਵੇ ਵਿਧੀਆਂ ।

ਨਾਲੇ ਪੰਧ ਮੁਕਾਵੇ ਬਈ ॥

ਸਾਈਕਲ ਦੇ ਚੱਕੀ ਜਾਵੇ ਫੱਟੇ ।

ਨਾਲੇ ਘਰ ਵੱਲ ਆਵੇ ਬਈ ॥

ਸੋਚੇ,ਘਰ ਵੜਦਿਆਂ ਹਊ ਕੁਪੱਤ ।

ਕਿਉਂ ਮਾਰੀ ਗਈ ਸੀ ਮੇਰੀ ਮੱਤ ॥

ਕਾਹਲੀ ਕਰਦਿਆਂ ਕੱਪੜੇ ਪਾੜੇ ।

ਜਿਹਦੇ ਕਰਕੇ ਹੋਏ ਕਬਾੜੇ ॥

ਹੁਣ ਲੱਗੂਗੀ ਮੇਰੀ ਕਲਾਸ ਬਈ ।

ਚਾਚੀ ਪੁੱਛਣਾ ਨਾ ਪਾਣੀ ਗਲਾਸ ਬਈ ॥

ਹੁਣ ਘਰ ਜਾਣੇ ਤੋਂ ਡਰਦਾ ਏ ।

ਨਾਲੇ ਠੰਡੇ ਹਾਉਕੇ ਭਰਦਾ ਏ ॥

ਆਖਿਰ ਪਹੁੰਚਿਆ ਕਾਹਲੀ ਕਾਹਲੀ ।

ਅੰਦਰੋਂ ਚਿੰਤਾ ਖਾਵੇ ਬਾਹਲ਼ੀ ॥

ਜਾਂਦਿਆਂ ਝੱਟ-ਪੱਟ ਬੈੱਲ਼ ਵਜਾਈ ।

ਚਾਚੀ ਕਾਹਲੀ ਕਾਹਲੀ ਆਈ ॥

ਚਾਚਾ ਦਿਸੇ ਘਬਰਾਇਆ-ਸੰਗਿਆ।

ਪਾਟਿਆ ਪਜਾਮਾ ਉਤਾਂਹ ਨੂੰ ਟੰਗਿਆ ॥

ਚੋਰ ਨੂੰ ਮਾਰੇ ਆਪਣਾ ਈ ਪਾਲਾ ।

ਤਾਂਈਉਂ ਕਰਦਾ ਘਾਲਾ- ਮਾਲਾ ॥

ਚਾਚੀ ਕਹਿੰਦੀ ਇਹ ਕੀ ਕਰਤਿਆ ?

ਕਹਿੰਦਾ ਰੱਬ ਦਾ ਭਾਣਾ ਵਰਤਿਆ ॥

ਕਹਿੰਦੀ ਨਵਾਂ ਪਜਾਮਾ ਪੜਵਾ ਆਇਆਂ?

ਹਜ਼ਾਰਾਂ ਨੂੰ ਥੁੱਕ ਲਗਵਾ ਆਇਆਂ ?

ਤੇਰੀ ਪਹਿਲਾਂ ਈਂ ਨੀਤ ਸੀ ਮਾੜੀ ।

ਤਾਈਉਂ ਇਹ ਚੰਦ ਤੂੰ ਚਾਹੜੀ ॥

ਸਾਰਾ ਖੇਲ ਇਹ ਲਿਖਣ ਲਿਖਾਉਣ ਦਾ ਸੀ।

ਮੁੜ ਛੇਤੀ ਘਰ ਵੱਲ ਆਉਣ ਦਾ ਸੀ ॥

ਚਾਚੀ ਕਹਿੰਦੇ ਏਨੀ ਚੰਗੀ।

ਰੋਸਾ ਝਾੜਕੇ ਹੋ ਗਈ ਠੰਡੀ ॥

ਕਹਿੰਦੀ ਡਿਗਿਆ ਤਾਂ ਨਹੀਂ?

ਕਿਤੇ ਸੱਟ ਤਾਂ ਨਹੀਂ ਲੱਗੀ ?

ਸੁਣ ਚਾਚਾ ਹੋਇਆ ਬਈ ਨੌਰਮਲ ।

ਕਹਿੰਦਾ ਤੇਰਾ ਦਿਲ ਹੈ ਬੜਾ ਬਈ ਕੋਮਲ ॥

ਚਾਚੀ ਵੀ ਬੋਲੀ ਫੇਰ ਸੰਗਦੀ ਸੰਗਦੀ ।

ਕਹਿੰਦੀ ਤੇਰੀਆਂ ਖੈਰਾਂ ਰੱਬ ਤੋਂ ਮੰਗਦੀ ॥

ਕਹਿੰਦੀ ਲਿਆਓ ਨਿਆਣਿਓ ਛੇਤੀ ਲਿਆਓ।

ਬਾਪੂ ਆਪਣੇ ਨੂੰ ਰੂਹ ਅਫਜਾ ਪਲਾਓ॥

ਸੁਣਦੇ ਸਾਰ ਸੋਚੇ ਟੱਲ ਗਿਆ ਖ਼ਤਰਾ ।

ਅੰਦਰੋ ਅੰਦਰੀ ਬੜਾ ਹੀ ਚਤਰਾ ॥

ਇਕਦਮ ਚਾਚੇ ਚਾਅ ਜਿਹਾ ਚੜ੍ਹਿਆ।

ਚੱਕਿਆ ਪੈਂਨ ਜਾ ਉਹੀ ਕੰਮ ਫੜਿਆ॥

ਚੱਕਿਆ ਪੈਂਨ ਜਾ ਉਹੀ ਕੰਮ ਫੜਿਆ ॥

Daljit-singh-khalon ਹਾਸਰਸ ਕਵਿਤਾ/"ਚਾਚਾ ਮੰਡੀ ਜਾਵੇ"/ਦਲਜੀਤ ਸਿੰਘ ਕਾਹਲੋਂ

Share this content:

Post Comment