ਕਵਿਤਾ/ਘੀਸੂ
ਦੀਦਾਰ ਸਿੰਘ ਸ਼ੇਤਰਾ
( ਜਗਦੀਸ਼ ਬਾਗੀ ਨੂੰ ਯਾਦ ਕਰਦਿਆਂ)
ਕੌਣ ਜਾਣਦਾ ਸੀ
ਮਾਂ ਦਾ ਘੀਸੂ
ਕਦੀ
ਬਾਗ਼ੀ ਜਗਦੀਸ਼
ਬਣੇਗਾ।
ਉਸ ਦਾ
ਹਰ ਪਲ,
ਹਰ ਕੰਮ
ਸਾਡੀ ਹਿੱਕ ਤਣੇਗਾ।
ਮਾਂ ਧਰਤੀ ਦੇ
ਗਰਭ ਚੋਂ
ਨਿੱਤ ਨਵੇਂ ਦਿਨ
ਬਾਗ਼ੀ ਜਾਣੇਗਾ।
ਭਗਤਾ ਤਾਂ
ਸੱਚ ਮੁੱਚ ਹੀ ਭਗਤ ਬੰਦਾ ਸੀ।
ਉਹ
ਕਿਸੇ ਦੇ ਚਿਹਰੇ ‘ਤੇ ਚਲਾਉਂਦਿਆਂ ਉਸਤਰਾ
ਉਸ ਦੇ ਅੰਦਰੋਂ ਵੀ ਬੇਲੋੜੀ ਵਸਤਾਂ
ਬਾਹਰ ਕੱਢ ਮਾਰਦਾ ਸੀ
ਚਿਹਰੇ ਦੇ ਬਿਖਰੇ ਵਾਲ੍ਹਾਂ ਦੀ ਤਰ੍ਹਾਂ।
ਸਾਡੇ ਘਰ
ਸਾਡੀ ਹੀ ਮਾਂ ਵਾਂਗੂੰ
ਖਾਣਾ ਬਣਾਉਂਦੀ
ਸਾਨੂੰ ਰੋਟੀ ਫੜਾਉਂਦੀ
ਹਿੰਦੁਸਤਾਨੀ ਪੰਜਾਬੀ ਬੋਲਦੀ
ਲਾਡ ਲਡਾਉਂਦੀ
ਚਰਨੋ
ਇਹ ਨਾਂ
ਉਸ ਨੂੰ ਭਗਤੇ ਨੇ ਦਿੱਤਾ ਸੀ
ਕਿ ਮੇਰੇ ਪਿੰਡ ਵਾਸੀਆਂ ਨੇ
ਮੈਨੂੰ ਯਾਦ ਨਹੀਂ।
ਘੀਸੂ
ਸਾਡੇ ਹੀ ਹੱਥਾਂ ਵਿਚ ਪਲ੍ਹਿਆ ਸੀ
ਵੱਡਾ ਹੋਇਆ ਸੀ
ਕੜੀ ਵਰਗਾ ਜਵਾਨ
ਨਿਕਲ਼ਿਆ ਸੀ।
ਕਵਿਤਾ ਕਰਨੀ,
ਕਵਿਤਾ ਕਹਿਣੀ
ਹੀ ਨਹੀਂ
ਸੀ ਜਾਣਦਾ ਉਹ,
ਕਵਿਤਾ
ਜੀਊਣੀ ਵੀ
ਆਉਂਦੀ ਸੀ ਉਸਨੂੰ।
ਅੱਜ
ਕਈ ਦਹਾਕਿਆਂ ਬਾਅਦ
ਉਸ ਮੈਨੂੰ ਆ ਜਗਾਇਆ ਹੈ,
ਝੰਜੋੜਿਆ ਹੈ।
ਕਿਥੇ ਗਏ ਹਨ
ਤੁਹਾਡੇ ਇਨਕਲਾਬ ਦੇ ਨਾਹਰੇ !
ਰਾਤਾਂ ਨੂੰ
ਦਿਨਾਂ ਦਾ ਰੂਪ ਦੇਕੇ
ਵਿਚਰਨ ਦੇ ਪਲ।
ਜੰਗ ਬਾਜ਼
ਦਨਦਨਾ ਰਿਹਾ ਹੈ।
ਫਲਸਤੀਨ
ਕੁਰਲਾ ਰਿਹਾ ਹੈ।
ਗਾਜ਼ਾ ਪੱਟੀ
ਦੀਆਂ ਧੀਆਂ ਭੈਣਾਂ
ਦੇ ਵਿਰਲਾਪ
ਦੇਖੇ ਨਹੀਂ ਜਾ ਰਹੇ।
ਹੁਣ
ਡੱਬ ਚ ਪਿਸਟਲ
ਰੱਖਣ ਦੇ ਦਿਨ
ਨਹੀਂ ਹਨ।
ਨਾਂ ਹੀ
ਚਿੰਘਾੜਨ
ਲਲਕਾਰਨ
ਦੇ ਦਿਨ।
ਹੁਣ ਤਾਂ
ਵਿਚਾਰਾਂ ਨੂੰ ਸਾਣ ਦੀ
ਲੋੜ ਹੈ।
ਮੈਦਾਨੇ ਯੁੱਧ ਚ
ਜਾਣ ਦੀ
ਲੋੜ ਹੈ।
ਉੱਚੇ ਚੜ੍ਹ
ਕੁਰਲਾਉਣ ਦੀ
ਲੋੜ ਹੈ।
ਹਰ ਘੀਸੂ ਨੂੰ
ਬਾਗ਼ੀ ਜਗਦੀਸ਼
ਬਨਾਉਣ ਦੀ ਲੋੜ ਹੈ।
9814922559
Share this content:



Post Comment