Loading Now

ਕਵਿਤਾ/ਕੌਣ ਲੜੇਗਾ?/ਯਸ਼ਪਾਲ

ਕਵਿਤਾ/ਕੌਣ ਲੜੇਗਾ?/ਯਸ਼ਪਾਲ

*ਮੰਦਰ ਤੋਂ ਪਹਿਲਾਂ*
*ਮਸਜਿਦ ਸੀ*
*ਮਸਜਿਦ ਤੋਂ ਪਹਿਲਾਂ*
*ਮੰਦਰ ਸੀ*
*ਉਸ ਮੰਦਰ ਤੋਂ ਪਹਿਲਾਂ*
*ਕੀ ਸੀ*

*ਸ਼ਾਇਦ*
*ਇੱਕ ਖੇਤ ਸੀ*
*ਹੋਵੇਗਾ*
*ਜਾਂ ਕਣਕ ਦਾ*
*ਜਾਂ ਝੋਨੇ ਦਾ*

*ਰਿਸ਼ਤਾ ਸੀ*
*ਸਭ ਦੀ ਭੁੱਖ ਨਾਲ*
*ਭੁੱਖ ਦਾ*
*ਕੋਈ ਮਜ਼੍ਹਬ ਨਹੀਂ*

*ਕਦ ਦਾ ਜ਼ਬਤ ਹੋਇਆ*
*ਉਹ ਖੇਤ*
*ਕੌਣ ਲੜੇਗਾ*
*ਉਸ ਖੇਤ ਲਈ?*

*ਖੇਤ ਤੋਂ ਪਹਿਲਾਂ*
*ਕੀ ਸੀ*

*ਅੱਲਾ-ਰਾਮ ਤੋਂ*
*ਪਹਿਲਾਂ*
*ਕਾਬ੍ਹਾ-ਕਾਸ਼ੀ ਤੋਂ*
*ਪਹਿਲਾਂ*
*ਰਾਮ ਰਾਮ-ਸਲਾਮ ਤੋਂ ਪਹਿਲਾਂ*
*ਸ਼ਾਇਦ*
*ਇੱਕ ਘਣਾ ਜੰਗਲ ਸੀ*
*ਜੰਗਲ ‘ਚ*
*ਸਭ ਮੰਗਲ ਸੀ*

*ਆਦਮ ਅਜੇ*
*ਆਦਮੀ ਨਹੀਂ ਸੀ*
*ਨਹੀਂ ਸੀ ਜਾਣਦਾ ਅਜੇ*
*ਅੱਗ ਲਾਉਣੀ*
*ਅੱਗ ਦਾ*
*ਕੋਈ ਮਜ਼੍ਹਬ ਨਹੀਂ*

*ਸੜ ਕੇ ਰਾਖ ਹੋਇਆ*
*ਜੋ ਜੰਗਲ*
*ਕੌਣ ਲੜੇਗਾ*
*ਉਸ ਜੰਗਲ ਲਈ?*

*ਜੰਗਲ ਤੋਂ ਵੀ ਪਹਿਲਾਂ*
*ਕੀ ਸੀ*
*ਭਾਂਅ ਭਾਂਅ ਕਰਦਾ*
*ਸਵਰਗ-ਲੋਕ ਸੀ*
*ਹਰ ਪਾਸੇ ਹੀ*
*ਧੂੰਆਂਧਾਰ ਸੀ*

*ਤੂੰ ਕਿੱਥੇ ਸੀ*
*ਮੈਂ ਕਿੱਥੇ ਸੀ*
*ਨਾ ਕੋਈ ਹਿੰਦੂ ਸੀ*
*ਨਾ ਮੁਸਲਮਾਂ ਸੀ*

*ਨਾ ਕਿਸੇ ਦਾ*
*ਨਾਮੋ-ਨਿਸ਼ਾਂ ਸੀ*
*ਬੇਨਾਮੋਨਿਸ਼ਾਂ ਦਾ*
*ਕੋਈ ਮਜ੍ਹਬ ਨਹੀਂ ਸੀ*

*ਨਰਕ-ਲੋਕ ਹੈ ਬਣਿਆ*
*ਉਹ ਸਵਰਗ-ਲੋਕ*
*ਕੌਣ ਲੜੇਗਾ*
*ਉਸ ਸਵਰਗ-ਲੋਕ ਲਈ?*

ਮੂਲ ਲੇਖਕ:
*ਸਰਬਜੋਤ ਬਹਿਲ*

ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(9814535005)

Share this content:

Post Comment