ਕਪੂਰਥਲਾ ਵਿੱਚ ਸਸਕਾਰ ਤੇ ਭੋਗ ਤੋਂ ਬਾਅਦ ਜਿਉਂਦਾ ਨਿਕਲਿਆ ਮੁੰਡਾ
ਕਪੂਰਥਲਾ, 5 ਸਤੰਬਰ – ਆਪਣੇ ਲੜਕੇ ਨੂੰ ਮਿ੍ਤਕ ਸਮਝ ਕੇ ਸਸਕਾਰ ਕਰਨ ਉਪਰੰਤ ਭੋਗ ਪਾਉਣ ਤੋਂ ਲਗਭਗ 15 ਦਿਨ ਬਾਅਦ ਜਦੋਂ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਇਕ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਜੇਲ੍ਹ ਵਿਚ ਬੰਦ ਹੈ ਤਾਂ ਪਹਿਲਾਂ ਤਾਂ ਪਰਿਵਾਰ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਜੇਲ੍ਹ ਵਿਚ ਜਾ ਕੇ ਆਪਣੇ ਲੜਕੇ ਨੂੰ ਦੇਖਿਆ ਤਾਂ ਪਰਿਵਾਰ ਵਿਚ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਕਾਦੂਪੁਰ ਦੇ ਵਸਨੀਕ ਲੜਕੇ ਦੇ ਪਿਤਾ ਟੀਟੀ ਤੇ ਭਰਾ ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਲੜਕਾ ਰਵੀ ਕੁਮਾਰ ਬੀਤੀ 5 ਅਗਸਤ ਨੂੰ ਘਰੋਂ ਗਿਆ ਸੀ ਪਰ ਮੁੜ ਕੇ ਨਹੀਂ ਆਇਆ, ਜਿਸਦੀ ਉਹ ਆਪਣੇ ਪੱਧਰ ‘ਤੇ ਭਾਲ ਕਰਦੇ ਰਹੇ ਪਰ ਕਿਤੇ ਨਾ ਮਿਲਣ ‘ਤੇ ਉਹ ਬੀਤੀ 11 ਅਗਸਤ ਨੂੰ ਥਾਣਾ ਸਿਟੀ ਕਪੂਰਥਲਾ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਏ, ਇਸੇ ਦੌਰਾਨ ਪੁਲਿਸ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਇਕ ਕਾਂਜਲੀ ਰੋਡ ‘ਤੇ ਟਰੇਨਿੰਗ ਸੈਂਟਰ ਨੇੜੇ ਗਲੀ ਸੜੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਦੀ ਉਨ੍ਹਾਂ ਨੇ ਫ਼ੋਟੋ ਪਰਿਵਾਰਕ ਮੈਂਬਰਾਂ ਨੂੰ ਦਿੱਤੀ |
ਪਰਿਵਾਰਕ ਮੈਂਬਰਾਂ ਤੇ ਹੋਰਾਂ ਨੇ ਕੁੱਝ ਦਿਨ ਬਾਅਦ ਉਸਦੀ ਪਹਿਚਾਣ ਆਪਣੇ ਲੜਕੇ ਰਵੀ ਕੁਮਾਰ ਵਜੋਂ ਕਰਕੇ ਉਸਦਾ 13 ਅਗਸਤ ਨੂੰ ਸਸਕਾਰ ਕਰ ਦਿੱਤਾ ਤੇ 15 ਅਗਸਤ ਨੂੰ ਉਸਦਾ ਭੋਗ ਵੀ ਪਾ ਦਿੱਤਾ | ਪਰ ਬੀਤੀ 2 ਸਤੰਬਰ ਨੂੰ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਇਕ ਫੋਨ ਆਉਂਦਾ ਹੈ ਕਿ ਤੁਹਾਡੇ ਲੜਕੇ ਦਾ ਨਾਂਅ ਰਵੀ ਕੁਮਾਰ ਹੈ, ਜੋ ਜੇਲ੍ਹ ਵਿਚ ਬੰਦ ਹੈ ਤਾਂ ਪਰਿਵਾਰ ਇਕ ਦਮ ਹੈਰਾਨ ਰਹਿ ਗਿਆ, ਜਿਸ ‘ਤੇ ਉਹ ਅਗਲੇ ਦਿਨ ਹੀ ਕੇਂਦਰੀ ਜੇਲ੍ਹ ਪੁੱਜੇ ਤੇ ਆਪਣੇ ਲੜਕੇ ਰਵੀ ਨੂੰ ਜਿਉਂਦਾ ਦੇਖ ਕੇ ਖ਼ੁਸ਼ੀ ਵਿਚ ਬਾਗੋਬਾਗ ਹੋ ਗਏ |
Share this content:



Post Comment