Loading Now

ਕਈ ਵੱਡੇ ਹਸਪਤਾਲਾਂ ‘ਚ ਕੰਮ ਕਰਨ ਵਾਲਾ 11ਵੀਂ ਪਾਸ ‘ਡਾਕਟਰ’ ਗ੍ਰਿਫ਼ਤਾਰ

ਕਈ ਵੱਡੇ ਹਸਪਤਾਲਾਂ ‘ਚ ਕੰਮ ਕਰਨ ਵਾਲਾ 11ਵੀਂ ਪਾਸ ‘ਡਾਕਟਰ’ ਗ੍ਰਿਫ਼ਤਾਰ

ਜੈਪੁਰ, 28 ਨਵੰਬਰ – ਦਿੱਲੀ ਦੇ ਕਈ ਵੱਡੇ ਹਸਪਤਾਲਾਂ ਵਿਚ ਜਾਅਲੀ ਡਿਗਰੀ ਦੇ ਆਧਾਰ ’ਤੇ ਨੌਕਰੀ ਕਰਨ ਵਾਲੇ ਰਾਜਸਥਾਨ ਦੇ ਕਰੌਲੀ ਵਾਸੀ ਰਾਮਕਿਸ਼ੋਰ ਮਹਾਵਰ ਨੂੰ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਸਿਰਫ਼ 11ਵੀਂ ਪਾਸ ਸੀ। ਇਸ ਦੇ ਬਾਵਜੂਦ ਉਸ ਨੇ ਜਾਅਲੀ ਐੱਮਬੀਬੀਐੱਸ ਤੇ ਐੱਮਡੀ ਦੀਆਂ ਡਿਗਰੀਆਂ ਬਣਵਾਈਆਂ ਅਤੇ ਮੈਡੀਕਲ ਕੌਂਸਲ ਵਿਚ ਰਜਿਸਟ੍ਰੇਸ਼ਨ ਕਰਵਾ ਕੇ ਜੂਨੀਅਰ ਰੈਜ਼ੀਡੈਂਟ ਦੀ ਨੌਕਰੀ ਹਾਸਲ ਕਰ ਲਈ। ਦਿੱਲੀ ਤੋਂ ਗ੍ਰਿਫ਼ਤਾਰ ਰਾਮਕਿਸ਼ੋਰ ਤੋਂ ਪੁੱਛਗਿੱਛ ਮਗਰੋਂ ਐੱਸਓਜੀ ਦੀਆਂ ਵੱਖ-ਵੱਖ ਟੀਮਾਂ ਕਈ ਸੂਬਿਆਂ ਵਿਚ ਗਈਆਂ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਬਾਕੀਆਂ ਦੀ ਭਾਲ ਜਾਰੀ ਹੈ। ਰਾਜਸਥਾਨ ਐੱਸਓਜੀ ਮੁਤਾਬਕ, ਪੰਜ ਸੂਬਿਆਂ ਵਿਚ ਫੈਲੇ ਇਸ ਨੈੱਟਵਰਕ ਨੇ 40 ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਨਾਂ ’ਤੇ ਜਾਅਲੀ ਸਰਟੀਫਿਕੇਟ ਤਿਆਰ ਕੀਤੇ ਅਤੇ 350 ਨੌਜਵਾਨਾਂ ਨੂੰ ਪੰਜ ਤੋਂ ਅੱਠ ਲੱਖ ਰੁਪਏ ਲੈ ਕੇ ਐੱਮਬੀਬੀਐੱਸ ਅਤੇ ਐੱਮਡੀ ਦੀਆਂ ਜਾਅਲੀ ਡਿਗਰੀਆਂ ਵੇਚੀਆਂ।
ਇਸ ਜਾਅਲੀ ਡਿਗਰੀ ਰੈਕੇਟ ਦਾ ਪਰਦਾਫ਼ਾਸ਼ ਰਾਜਸਥਾਨ ਮੈਡੀਕਲ ਕੌਂਸਲ ਦੀ ਸ਼ਿਕਾਇਤ ਤੋਂ ਬਾਅਦ ਹੋਇਆ। ਕੌਂਸਲ ਦੇ ਰਜਿਸਟਰਾਰ ਨੇ 6 ਅਕਤੂਬਰ 2024 ਨੂੰ ਜੈਪੁਰ ਦੇ ਅਸ਼ੋਕ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਕੁਝ ਲੋਕ ਜਾਅਲੀ ਵਿੱਦਿਅਕ ਦਸਤਾਵੇਜ਼ਾਂ ਦੇ ਆਧਾਰ ’ਤੇ ਮੈਡੀਕਲ ਕੌਂਸਲ ਵਿਚ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਜਾਂਚ ਦੌਰਾਨ ਪੁਲਿਸ ਰਾਮਕਿਸ਼ੋਰ ਮਹਾਵਰ ਤੱਕ ਪਹੁੰਚੀ। ਪੁੱਛਗਿੱਛ ਵਿਚ ਤਿੰਨ ਹੋਰ ਮੁਲਜ਼ਮਾਂ ਦੀ ਭੂਮਿਕਾ ਵੀ ਸਾਹਮਣੇ ਆਈ। ਪੁਲਿਸ ਮੁਤਾਬਕ, ਇਹ ਸਾਰੇ ਆਨਲਾਈਨ ਮਾਧਿਅਮਾਂ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ ਅਤੇ ਕਦੇ ਆਹਮੋ-ਸਾਹਮਣੇ ਨਹੀਂ ਮਿਲੇ ਸਨ। ਗਿਰੋਹ ਦੇ ਹਰ ਮੈਂਬਰ ਦੀ ਵੱਖਰੀ ਭੂਮਿਕਾ ਸੀ। ਕੋਈ ਗਾਹਕਾਂ ਨਾਲ ਸੰਪਰਕ ਕਰਦਾ ਸੀ, ਕੋਈ ਜਾਅਲੀ ਸਰਟੀਫਿਕੇਟ ਤਿਆਰ ਕਰਦਾ ਸੀ ਅਤੇ ਕੋਈ ਇਨ੍ਹਾਂ ਨੂੰ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ’ਤੇ ਅਪਲੋਡ ਕਰਦਾ ਸੀ। ਇਸ ਗਿਰੋਹ ਦਾ ਨੈੱਟਵਰਕ ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੱਕ ਫੈਲਿਆ ਹੋਇਆ ਸੀ। ਪੁਲਿਸ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਗਿਰੋਹ ਦਾ ਸਰਗਨਾ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਖੁੱਰਮ ਤੌਫ਼ੀਕ ਹੈ। ਉਹ 2022 ਤੋਂ ਤਕਨੀਕੀ ਤਰੀਕਿਆਂ ਨਾਲ ਸੁਰੱਖਿਆ ਵਿਚ ਸੰਨ੍ਹ ਲਾ ਕੇ ਜਾਅਲੀ ਡਿਗਰੀਆਂ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ’ਤੇ ਅਪਲੋਡ ਕਰਦਾ ਸੀ। ਤੌਫ਼ੀਕ ਨੂੰ ਵੀਰਵਾਰ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗਿਰੋਹ ਦਾ ਦੂਜਾ ਗਵਾਲੀਅਰ ਦਾ ਮਨੀਸ਼ ਮਾਂਝੀ ਹੈ। ਉਹ ਜਾਅਲੀ ਅੰਕ-ਸੂਚੀਆਂ ਅਤੇ ਡਿਪਲੋਮੇ ਤਿਆਰ ਕਰਦਾ ਸੀ। ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਦਾ ਰਹਿਣ ਵਾਲਾ ਸੱਤਿਆਜੀਤ ਪਾਣੀਗ੍ਰਹੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ਼ ਵਿਚ ਫਸਾ ਕੇ ਜਾਅਲੀ ਡਿਗਰੀਆਂ ਦਾ ਸੌਦਾ ਕਰਦਾ ਸੀ। ਸੱਤਿਆਜੀਤ ਨੂੰ ਵੀਰਵਾਰ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ।

Share this content:

Post Comment