Loading Now

ਏ ਆਈ ਦੇ ਯੁੱਗ ’ਚ ਰੁਜ਼ਗਾਰ ਦਾ ਭਵਿੱਖ

ਏ ਆਈ ਦੇ ਯੁੱਗ ’ਚ ਰੁਜ਼ਗਾਰ ਦਾ ਭਵਿੱਖ

‘ਏ ਆਈ ਤੁਹਾਡੀ ਨੌਕਰੀ ਖਾ ਜਾਵੇਗਾ।’’ ਪਿਛਲੇ ਦੋ-ਤਿੰਨ ਸਾਲਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਹਫ਼ਤਾ ਲੰਘਿਆ ਹੋਵੇ ਜਦੋਂ ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਜਾਂ ਸੋਸ਼ਲ ਮੀਡੀਆ ’ਤੇ ਅਜਿਹੀ ਸੁਰਖੀ ਨਾ ਦਿਖਾਈ ਦਿੱਤੀ ਹੋਵੇ। ਇੱਕ ਪਾਸੇ ਵੱਡੀਆਂ ਤਕਨਾਲੋਜੀ ਕੰਪਨੀਆਂ ਅਰਬਾਂ ਡਾਲਰ ਆਰਟੀਫੀਸ਼ੀਅਲ ਇੰਟੈਂਲੀਜੈਂਸ- ਏ ਆਈ ਦੇ ਵਿਕਾਸ ’ਤੇ ਖਰਚ ਕਰ ਰਹੀਆਂ ਹਨ, ਦੂਜੇ ਪਾਸੇ ਵਿਸ਼ਵ ਭਰ ਦੀ ਕਾਰਜਸ਼ਕਤੀ ਦੇ ਮਨ ਵਿੱਚ ਇੱਕੋ ਸਵਾਲ ਉੱਠ ਰਿਹਾ ਹੈ- ਕੀ ਆਉਣ ਵਾਲੇ ਦਹਾਕੇ ਵਿੱਚ ਮਨੁੱਖੀ ਕਰਮਚਾਰੀ ਮਸ਼ੀਨਾਂ ਅੱਗੇ ਬੇਰੁਜ਼ਗਾਰ ਹੋ ਜਾਣਗੇ? ਇਹ ਚਿੰਤਾ ਬੇਬੁਨਿਆਦ ਨਹੀਂ ਹੈ। ਅੱਜ ਏ ਆਈ ਕੇਵਲ ਜਾਣਕਾਰੀ ਦੇਣ ਵਾਲਾ ਸਾਧਨ ਨਹੀਂ ਰਿਹਾ। ਇਹ ਰਿਪੋਰਟਾਂ ਲਿਖ ਰਿਹਾ ਹੈ, ਕੰਪਿਊਟਰ ਕੋਡ ਤਿਆਰ ਕਰ ਰਿਹਾ ਹੈ, ਡਿਜ਼ਾਈਨ ਬਣਾ ਰਿਹਾ ਹੈ, ਗਾਹਕਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ, ਬਿਮਾਰੀਆਂ ਦੀ ਪਛਾਣ ਵਿੱਚ ਡਾਕਟਰਾਂ ਦੀ ਮਦਦ ਕਰ ਰਿਹਾ ਹੈ ਅਤੇ ਕਾਨੂੰਨੀ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਵੀ ਕਰ ਰਿਹਾ ਹੈ।

ਜਿਹੜੇ ਕੰਮ ਪਹਿਲਾਂ ਸਿਰਫ਼ ਮਨੁੱਖ ਕਰ ਸਕਦੇ ਸਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਹੁਣ ਏ ਆਈ ਦੀ ਪਹੁੰਚ ਵਿੱਚ ਹਨ। ਪਰ ਕੀ ਇਸਦਾ ਮਤਲਬ ਇਹ ਹੈ ਕਿ ਅਸੀਂ ਨੌਕਰੀਆਂ ਦੇ ਮਹਾਂ ਵਿਨਾਸ਼ ਵੱਲ ਵਧ ਰਹੇ ਹਾਂ? ਇਸ ਸਵਾਲ ਦਾ ਜਵਾਬ ‘ਹਾਂ’ ਜਾਂ ‘ਨਾ’ ’ਚ ਨਹੀਂ ਦਿੱਤਾ ਜਾ ਸਕਦਾ। ਅਸਲ ਤਸਵੀਰ ਇਸ ਤੋਂ ਕਿਤੇ ਵੱਧ ਗੁੰਝਲਦਾਰ ਹੈ। ਇਤਿਹਾਸ ਦੱਸਦਾ ਹੈ ਕਿ ਹਰ ਵੱਡੀ ਤਕਨਾਲੋਜੀ ਜਿਵੇਂ ਭਾਫ਼ ਦਾ ਇੰਜਣ, ਬਿਜਲੀ, ਕੰਪਿਊਟਰ ਜਾਂ ਇੰਟਰਨੈੱਟ ਨੇ ਕੁਝ ਰੁਜ਼ਗਾਰ ਖ਼ਤਮ ਕੀਤੇ ਪਰ ਨਾਲ ਹੀ ਨਵੇਂ ਪੇਸ਼ੇ ਅਤੇ ਉਦਯੋਗ ਵੀ ਪੈਦਾ ਕੀਤੇ। ਏ ਆਈ ਵੀ ਇਸੇ ਪਰਿਵਰਤਨ ਦੀ ਇੱਕ ਨਵੀਂ ਅਤੇ ਉਨ੍ਹਾਂ ਨਾਲੋਂ ਕਿਤੇ ਵੱਧ ਤੇਜ਼ ਲਹਿਰ ਹੈ। ਵਿਸ਼ਵ ਆਰਥਿਕ ਮੰਚ (World Economic Forum) ਦੀ ਫਿਊਚਰ ਔਫ ਜੌਬਜ਼ ਰਿਪੋਰਟ 2025 ਅਨੁਸਾਰ ਸਾਲ 2030 ਤੱਕ ਲਗਪਗ 92 ਮਿਲੀਅਨ ਨੌਕਰੀਆਂ ਪ੍ਰਭਾਵਿਤ ਜਾਂ ਵਿਸਥਾਪਿਤ ਹੋ ਸਕਦੀਆਂ ਹਨ, ਪਰ ਇਸਦੇ ਨਾਲ ਹੀ 170 ਮਿਲੀਅਨ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਵੀ ਹੈ।

ਇਸ ਦਾ ਅਰਥ ਹੈ ਕਿ ਕੁੱਲ ਮਿਲਾ ਕੇ ਲਗਪਗ 78 ਮਿਲੀਅਨ ਨਵੀਆਂ ਨੌਕਰੀਆਂ ਦਾ ਵਾਧਾ ਹੋ ਸਕਦਾ ਹੈ। ਇਹ ਅੰਕੜੇ ਇੱਕ ਮਹੱਤਵਪੂਰਨ ਗੱਲ ਵੱਲ ਇਸ਼ਾਰਾ ਕਰਦੇ ਹਨ- ਸੰਕਟ ਨੌਕਰੀਆਂ ਦਾ ਨਹੀਂ, ਹੁਨਰ ਦਾ ਹੈ। ਜਿਨ੍ਹਾਂ ਕੋਲ ਨਵਾਂ ਹੁਨਰ ਹੋਵੇਗਾ ਉਨ੍ਹਾਂ ਲਈ ਮੌਕੇ ਵਧਣਗੇ। ਜਿਹੜੇ ਆਪਣੇ ਆਪ ਨੂੰ ਨਹੀਂ ਬਦਲਣਗੇ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਨੇ 2024 ਵਿੱਚ ਅਨੁਮਾਨ ਲਾਇਆ ਕਿ ਦੁਨੀਆ ਦੀਆਂ ਲਗਪਗ 40 ਫ਼ੀਸਦੀ ਨੌਕਰੀਆਂ ਕਿਸੇ ਨਾ ਕਿਸੇ ਪੱਧਰ ’ਤੇ ਏ ਆਈ ਦੇ ਪ੍ਰਭਾਵ ਹੇਠ ਆ ਸਕਦੀਆਂ ਹਨ। ਵਿਕਸਿਤ ਦੇਸ਼ਾਂ ਵਿੱਚ ਇਹ ਅਨੁਪਾਤ ਹੋਰ ਵੀ ਵੱਧ ਹੈ, ਕਿਉਂਕਿ ਉੱਥੇ ਗਿਆਨ ਆਧਾਰਿਤ ਅਤੇ ਦਫ਼ਤਰੀ ਕੰਮਾਂ ਦਾ ਹਿੱਸਾ ਜ਼ਿਆਦਾ ਹੈ। ਪਰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਏ ਆਈ ਨੌਕਰੀਆਂ ਨੂੰ ਖ਼ਤਮ ਨਹੀਂ ਕਰੇਗਾ ਸਗੋਂ ਕਈ ਖੇਤਰਾਂ ਵਿੱਚ ਇਹ ਮਨੁੱਖੀ ਉਤਪਾਦਕਤਾ ਅਤੇ ਆਮਦਨ ਵਿੱਚ ਵੀ ਵਾਧਾ ਕਰ ਸਕਦਾ ਹੈ।

ਭਾਰਤ ਅਤੇ ਪੰਜਾਬ ਲਈ ਇਹ ਚਰਚਾ ਹੋਰ ਵੀ ਮਹੱਤਵਪੂਰਨ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਧ ਨੌਜਵਾਨ ਕਾਰਜਸ਼ਕਤੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਜੇਕਰ ਸਾਡੇ ਵਿਦਿਆਰਥੀ ਅਤੇ ਕਰਮਚਾਰੀ ਸਮੇਂ ਸਿਰ ਏ ਆਈ, ਡੇਟਾ ਸਾਇੰਸ, ਸਾਈਬਰ ਸੁਰੱਖਿਆ, ਡਿਜੀਟਲ ਹੁਨਰ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਿਕਸਿਤ ਕਰ ਲੈਂਦੇ ਹਨ ਤਾਂ ਏ ਆਈ ਉਨ੍ਹਾਂ ਲਈ ਇੱਕ ਵੱਡਾ ਮੌਕਾ ਸਾਬਿਤ ਹੋ ਸਕਦਾ ਹੈ। ਪਰ ਜੇ ਸਿੱਖਿਆ ਅਤੇ ਹੁਨਰ ਦੇ ਵਿਕਾਸ ਦੀ ਰਫ਼ਤਾਰ ਹੌਲੀ ਰਹੀ ਤਾਂ ਇਹੀ ਤਕਨਾਲੋਜੀ ਰੁਜ਼ਗਾਰ ਦੇ ਖੇਤਰ ਵਿੱਚ ਅਸਮਾਨਤਾ ਨੂੰ ਹੋਰ ਡੂੰਘਾ ਕਰ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਭਰਮ ਦੂਰ ਕਰਨਾ ਹੋਵੇਗਾ ਕਿ ਏ ਆਈ ਮਨੁੱਖਾਂ ਨਾਲ ਜੰਗ ਨਹੀਂ ਲੜ ਰਿਹਾ, ਏ ਆਈ ਉਨ੍ਹਾਂ ਮਨੁੱਖਾਂ ਨਾਲ ਮੁਕਾਬਲਾ ਕਰ ਰਿਹਾ ਹੈ ਜੋ ਆਪਣੇ ਹੁਨਰ ਨੂੰ ਸਮੇਂ ਨਾਲ ਨਹੀਂ ਬਦਲ ਰਹੇ। ਅਸਲ ਸਵਾਲ ਇਹ ਨਹੀਂ ਕਿ ‘‘ਕੀ ਏ ਆਈ ਤੁਹਾਡੀ ਨੌਕਰੀ ਖਾ ਲਵੇਗਾ?’’ ਸਗੋਂ ਇਹ ਹੈ ਕਿ ‘‘ਕੀ ਤੁਸੀਂ ਏ ਆਈ ਨਾਲ ਮਿਲ ਕੇ ਕੰਮ ਕਰਨ ਲਈ ਖੁਦ ਨੂੰ ਤਿਆਰ ਕਰ ਰਹੇ ਹੋ?’’ ਕੁਝ ਕੰਮਾਂ ਵਿੱਚ ਏ ਆਈ ਮਨੁੱਖਾਂ ਨਾਲੋਂ ਵੱਧ ਨਿਪੁੰਨ ਹੈ। ਇਸੇ ਕਾਰਨ ਇੱਕ ਅਕਾਊਂਟੈਂਟ, ਅਧਿਆਪਕ, ਡਾਕਟਰ ਜਾਂ ਵਕੀਲ ਦੀ ਨੌਕਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗੀ ਪਰ ਉਨ੍ਹਾਂ ਦੇ ਰੋਜ਼ਾਨਾ ਦੇ ਕਈ ਕੰਮ ਏ ਆਈ ਦੀ ਮਦਦ ਨਾਲ ਤੇਜ਼, ਕਿਫਾਇਤੀ ਅਤੇ ਵੱਧ ਸਹੀ ਢੰਗ ਨਾਲ ਹੋਣਗੇ। ਭਵਿੱਖ ਵਿੱਚ ਸਭ ਤੋਂ ਅਨਮੋਲ ਕਰਮਚਾਰੀ ਉਹ ਹੋਵੇਗਾ ਜੋ ਏ ਆਈ ਨੂੰ ਆਪਣਾ ਸਹਾਇਕ ਬਣਾਏਗਾ, ਨਾ ਕਿ ਉਸ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦਾ ਸਭ ਤੋਂ ਵੱਡਾ ਅਸਰ ਉਨ੍ਹਾਂ ਖੇਤਰਾਂ ’ਤੇ ਪਵੇਗਾ ਜਿੱਥੇ ਕੰਮ ਨਿਯਮ- ਆਧਾਰਿਤ, ਦੁਹਰਾਏ ਜਾਣ ਵਾਲੇ ਅਤੇ ਡਿਜੀਟਲ ਰੂਪ ਵਿੱਚ ਉਪਲਬਧ ਹਨ। ਡੇਟਾ ਐਂਟਰੀ, ਰੁਟੀਨ ਕਸਟਮਰ ਸਪੋਰਟ, ਬੁਨਿਆਦੀ ਅਕਾਊਂਟਿੰਗ, ਸਧਾਰਨ ਅਨੁਵਾਦ, ਦਸਤਾਵੇਜ਼ਾਂ ਦੀ ਛਾਂਟ, ਰਿਪੋਰਟਾਂ ਦਾ ਪਹਿਲਾ ਖਰੜਾ ਤਿਆਰ ਕਰਨਾ ਅਤੇ ਸਧਾਰਨ ਪ੍ਰੋਗਰਾਮਿੰਗ ਵਰਗੇ ਕੰਮਾਂ ਵਿੱਚ ਏ ਆਈ ਪਹਿਲਾਂ ਹੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।

ਇਸ ਦੇ ਉਲਟ, ਉਹ ਪੇਸ਼ੇ ਜਿਨ੍ਹਾਂ ਵਿੱਚ ਰਚਨਾਤਮਿਕਤਾ, ਮਨੁੱਖੀ ਸੰਵੇਦਨਾ, ਨੈਤਿਕ ਫ਼ੈਸਲੇ, ਅਗਵਾਈ, ਆਲੋਚਨਾਤਮਕ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਦੀ ਲੋੜ ਹੈ, ਉਨ੍ਹਾਂ ਵਿੱਚ ਮਨੁੱਖ ਦੀ ਭੂਮਿਕਾ ਹੋਰ ਮਹੱਤਵਪੂਰਨ ਬਣੇਗੀ। ਡਾਕਟਰ ਦੀ ਕਲੀਨਿਕਲ ਸਮਝ, ਅਧਿਆਪਕ ਦੀ ਪ੍ਰੇਰਣਾਦਾਇਕ ਭੂਮਿਕਾ, ਵਿਗਿਆਨੀ ਦੀ ਖੋਜੀ ਸੋਚ, ਜੱਜ ਦਾ ਨਿਆਂਇਕ ਵਿਵੇਕ ਅਤੇ ਉਦਯੋਗਪਤੀ ਦੀ ਦੂਰਦਰਸ਼ਤਾ- ਇਹ ਸਭ ਕੁਝ ਅਜੇ ਵੀ ਮਨੁੱਖੀ ਯੋਗਤਾਵਾਂ ’ਤੇ ਨਿਰਭਰ ਹੈ। ਇਹੀ ਕਾਰਨ ਹੈ ਕਿ ਮਾਈਕ੍ਰੋਸੌਫਟ ਅਤੇ ਲਿੰਕਡਇਨ ਦੀ 2025 ਕੰਮ ਰੁਝਾਨ ਸੂਚਕ ਅੰਕ (Work Trend Index) ਰਿਪੋਰਟ ਵਿੱਚ ‘‘ਫਰੰਟੀਅਰ ਫਰਮ’ (Frontier Firm) ਦੀ ਧਾਰਨਾ ਪੇਸ਼ ਕੀਤੀ ਗਈ ਹੈ। ਇਸ ਅਨੁਸਾਰ ਭਵਿੱਖ ਦੀਆਂ ਸਫ਼ਲ ਸੰਸਥਾਵਾਂ ਉਹ ਹੋਣਗੀਆਂ ਜਿੱਥੇ ਮਨੁੱਖੀ ਕਰਮਚਾਰੀ ਅਤੇ ਏ ਆਈ ਏਜੰਟ ਇਕੱਠੇ ਕੰਮ ਕਰਨਗੇ। ਏ ਆਈ ਡੇਟਾ ਵਿਸ਼ਲੇਸ਼ਣ, ਦਸਤਾਵੇਜ਼ ਤਿਆਰ ਕਰਨ ਅਤੇ ਰੁਟੀਨ ਕੰਮਾਂ ਨੂੰ ਸੰਭਾਲੇਗਾ, ਜਦਕਿ ਮਨੁੱਖ ਰਣਨੀਤੀ, ਨਵੀਨਤਾ, ਟੀਮ ਪ੍ਰਬੰਧਨ ਅਤੇ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਨਿਭਾਏਗਾ। ਇਹ ਮਾਡਲ ‘ਮਨੁੱਖ ਬਨਾਮ ਏ ਆਈ’ ਨਹੀਂ ਸਗੋਂ ‘ਮਨੁੱਖ + ਏ ਆਈ’ ਹੈ।

ਇਸੇ ਤਰ੍ਹਾਂ ਅਮਰੀਕੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਸੌਫਟਵੇਅਰ ਬਣਾਉਣ ਵਾਲੀ ਕੰਪਨੀ Anthropic ਦੇ 2025 ਦੇ ਆਰਥਿਕ ਵਿਸ਼ਲੇਸ਼ਣ ਨੇ ਦਰਸਾਇਆ ਹੈ ਕਿ ਮੌਜੂਦਾ ਏ ਆਈ ਦੀ ਵਰਤੋਂ ਵਿੱਚ ਬਹੁਤੇ ਮਾਮਲਿਆਂ ਵਿੱਚ ਏ ਆਈ ਪੂਰੀ ਨੌਕਰੀ ਦੀ ਥਾਂ ਨਹੀਂ ਲੈ ਰਿਹਾ ਸਗੋਂ ਕਰਮਚਾਰੀਆਂ ਦੀ ਕਾਰਗੁਜ਼ਾਰੀ ਅਤੇ ਉਤਪਾਦਕਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਰਿਹਾ ਹੈ। ਇਹ ਨਤੀਜਾ ਇਸ ਧਾਰਨਾ ਨੂੰ ਕਮਜ਼ੋਰ ਕਰਦਾ ਹੈ ਕਿ ਹਰ ਦਫ਼ਤਰੀ ਨੌਕਰੀ ਜਲਦੀ ਹੀ ਖ਼ਤਮ ਹੋ ਜਾਵੇਗੀ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਖ਼ਤਰਾ ਨਹੀਂ ਹੈ। ਜਿਹੜੇ ਕਰਮਚਾਰੀ ਸਾਲਾਂ ਤੱਕ ਇੱਕੋ ਢੰਗ ਨਾਲ ਕੰਮ ਕਰਦੇ ਰਹਿਣਗੇ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਤੋਂ ਇਨਕਾਰ ਕਰਨਗੇ, ਉਹ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ। ਇਤਿਹਾਸ ਗਵਾਹ ਹੈ ਕਿ ਉਦਯੋਗਿਕ ਕ੍ਰਾਂਤੀ ਨੇ ਵੀ ਉਨ੍ਹਾਂ ਨੂੰ ਪਿੱਛੇ ਛੱਡਿਆ ਸੀ ਜਿਨ੍ਹਾਂ ਨੇ ਨਵੀਆਂ ਮਸ਼ੀਨਾਂ ਅਤੇ ਹੁਨਰ ਨੂੰ ਸਵੀਕਾਰ ਨਹੀਂ ਕੀਤਾ। ਏ ਆਈ ਦਾ ਯੁੱਗ ਵੀ ਇਸ ਤੋਂ ਵੱਖਰਾ ਨਹੀਂ ਹੋਵੇਗਾ। ਪੰਜਾਬ ਦੇ ਸੰਦਰਭ ਵਿੱਚ ਇਹ ਚੁਣੌਤੀ ਹੋਰ ਗੰਭੀਰ ਹੈ। ਸਾਡੇ ਬਹੁਤ ਸਾਰੇ ਨੌਜਵਾਨ ਅਜੇ ਵੀ ਸਿਰਫ਼ ਡਿਗਰੀ ਨੂੰ ਰੁਜ਼ਗਾਰ ਦੀ ਗਾਰੰਟੀ ਸਮਝਦੇ ਹਨ।

ਪਰ ਹੁਣ ਰੁਜ਼ਗਾਰਦਾਤਾ ਕੇਵਲ ਅਕਾਦਮਿਕ ਯੋਗਤਾ ਨੂੰ ਨਹੀਂ, ਸਗੋਂ ਏ ਆਈ ਸਾਖਰਤਾ, ਡੇਟਾ ਵਿਸ਼ਲੇਸ਼ਣ, ਡਿਜੀਟਲ ਸਹਿਯੋਗ, ਸੰਚਾਰ ਕੌਸ਼ਲ ਅਤੇ ਲਗਾਤਾਰ ਸਿੱਖਣ ਦੀ ਸਮਰੱਥਾ ਨੂੰ ਤਰਜੀਹ ਦੇ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇੱਕ ਸਧਾਰਨ ਗ੍ਰੈਜੂਏਟ ਨਾਲੋਂ ਉਹ ਵਿਅਕਤੀ ਵੱਧ ਮੁੱਲਵਾਨ ਹੋਵੇਗਾ ਜੋ ਏ ਆਈ ਦੀ ਮਦਦ ਨਾਲ ਆਪਣੀ ਉਤਪਾਦਕਤਾ ਨੂੰ ਦੋ ਜਾਂ ਤਿੰਨ ਗੁਣਾ ਵਧਾ ਸਕੇ। ਇਸ ਲਈ ਅੱਜ ਦੀ ਸਭ ਤੋਂ ਵੱਡੀ ਲੋੜ ਨੌਕਰੀ ਬਚਾਉਣ ਦੀ ਨਹੀਂ, ਸਗੋਂ ਆਪਣੇ ਹੁਨਰ ਨੂੰ ਨਵਿਆਉਣ ਅਤੇ ਨਵੇਂ ਹੁਨਰ ਸਿੱਖਣ ਦੀ ਹੈ। ਜਿਹੜੇ ਵਿਦਿਆਰਥੀ, ਅਧਿਆਪਕ ਅਤੇ ਪੇਸ਼ੇਵਰ ਅੱਜ ਤੋਂ ਹੀ ਏ ਆਈ ਨੂੰ ਸਮਝਣਾ ਅਤੇ ਵਰਤਣਾ ਸ਼ੁਰੂ ਕਰ ਦੇਣਗੇ, ਉਹ ਇਸ ਬਦਲਾਅ ਦੇ ਆਗੂ ਬਣਨਗੇ। ਬਾਕੀਆਂ ਲਈ ਏ ਆਈ ਸੱਚਮੁੱਚ ਹੀ ਸੰਕਟ ਸਾਬਿਤ ਹੋ ਸਕਦਾ ਹੈ।

ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਵੀ ਇਸ ਬਦਲਦੇ ਦੌਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਨੂੰ ਕੇਵਲ ਡਿਗਰੀ ਕੇਂਦਰਿਤ ਨਹੀਂ, ਸਗੋਂ ਹੁਨਰ ਕੇਂਦਰਿਤ, ਬਹੁ-ਵਿਸ਼ਾਗਤ, ਲਚਕਦਾਰ ਅਤੇ ਰੁਜ਼ਗਾਰਮੁਖੀ ਬਣਾਉਣ ’ਤੇ ਜ਼ੋਰ ਦਿੰਦੀ ਹੈ। ਨੀਤੀ ਦਾ ਉਦੇਸ਼ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ ਜੋ ਸਿਰਫ਼ ਜਾਣਕਾਰੀ ਯਾਦ ਨਾ ਕਰਨ, ਸਗੋਂ ਆਲੋਚਨਾਤਮਕ ਚਿੰਤਨ, ਸਮੱਸਿਆ ਹੱਲ, ਰਚਨਾਤਮਿਕਤਾ, ਡਿਜੀਟਲ ਸਾਖਰਤਾ ਅਤੇ ਜੀਵਨ ਭਰ ਸਿੱਖਣ ਵਰਗੀਆਂ 21ਵੀਂ ਸਦੀ ਦੀਆਂ ਯੋਗਤਾਵਾਂ ਨਾਲ ਲੈਸ ਹੋਣ। ਨੀਤੀ ਵਿੱਚ ਕੋਡਿੰਗ, ਕੰਪਿਊਟੇਸ਼ਨਲ ਸੋਚ, ਖੋਜ, ਨਵੀਨਤਾ, ਉਦਯੋਗਤਾ ਅਤੇ ਏ ਆਈ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਅਧਿਐਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਭਾਰਤ ਸਰਕਾਰ ਦਾ ਇੰਡੀਆ ਏ ਆਈ ਮਿਸ਼ਨ ਇਹ ਦਰਸਾਉਂਦਾ ਹੈ ਕਿ ਭਾਰਤ ਏ ਆਈ ਨੂੰ ਕੇਵਲ ਚੁਣੌਤੀ ਨਹੀਂ ਸਗੋਂ ਵਿਕਾਸ ਦੇ ਮੌਕੇ ਵਜੋਂ ਵੀ ਦੇਖ ਰਿਹਾ ਹੈ। ਭਵਿੱਖ ਉਨ੍ਹਾਂ ਦਾ ਹੋਵੇਗਾ ਜੋ ਸਿੱਖਣਾ ਨਹੀਂ ਛੱਡਣਗੇ, ਆਪਣੇ ਹੁਨਰ ਨੂੰ ਲਗਾਤਾਰ ਨਿਖਾਰਦੇ ਰਹਿਣਗੇ ਅਤੇ ਏ ਆਈ ਨੂੰ ਮੁਕਾਬਲੇਬਾਜ਼ ਨਹੀਂ, ਸਗੋਂ ਆਪਣੇ ਸਹਿਯੋਗੀ ਵਜੋਂ ਅਪਣਾਉਣਗੇ।

Share this content:

Post Comment