ਈਰਾਨ ਦੀ ਅਰਥਵਿਵਸਥਾ ਨੂੰ ਨਿਸ਼ਾਨਾ ਬਣਾਏਗਾ ਅਮਰੀਕਾ
ਵਾਸ਼ਿੰਗਟਨ, 20 ਅਗਸਤ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਆਰਥਿਕ ਕਾਰਵਾਈ ਦਾ ਐਲਾਨ ਕੀਤਾ ਹੈ। ਟਰੰਪ ਨੇ ਇਸ ਨੂੰ Economic D-Day ਯਾਨੀ ਈਰਾਨ ਖ਼ਿਲਾਫ਼ ਆਰਥਿਕ ਜੰਗ ਦੀ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਹੁਣ ਈਰਾਨ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਲਈ ਬੇਹੱਦ ਸਖ਼ਤ ਕਦਮ ਚੁੱਕੇਗਾ। ਇੰਨਾ ਹੀ ਨਹੀਂ, ਜੋ ਦੇਸ਼ ਜਾਂ ਸੰਸਥਾਵਾਂ ਈਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਦਦ ਦੇਣਗੀਆਂ, ਉਨ੍ਹਾਂ ਨੂੰ ਵੀ ਗੰਭੀਰ ਆਰਥਿਕ ਨਤੀਜੇ ਭੁਗਤਣੇ ਪੈ ਸਕਦੇ ਹਨ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਕਿਹਾ ਕਿ ਅਮਰੀਕਾ ਅਜਿਹਾ ਆਰਥਿਕ ਅਭਿਆਨ ਸ਼ੁਰੂ ਕਰ ਰਿਹਾ ਹੈ, ਜਿਹੜਾ ਕਿਸੇ ਦੇਸ਼ ਖ਼ਿਲਾਫ਼ ਪਹਿਲਾਂ ਕਦੇ ਨਹੀਂ ਕੀਤਾ ਗਿਆ। ਉਨ੍ਹਾਂ ਮੁਤਾਬਕ, ਈਰਾਨ ਨੂੰ ਗੱਲਬਾਤ ਅਤੇ ਸਮਝੌਤੇ ਦੇ ਕਈ ਮੌਕੇ ਦਿੱਤੇ ਗਏ, ਪਰ ਉਸ ਨੇ ਇਨ੍ਹਾਂ ਮੌਕਿਆਂ ਦਾ ਫਾਇਦਾ ਨਹੀਂ ਚੁੱਕਿਆ।
ਕਮਜ਼ੋਰ ਹੋ ਚੁੱਕਾ ਈਰਾਨ: ਟਰੰਪ
ਟਰੰਪ ਨੇ ਈਰਾਨ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਵੀ ਕਾਫ਼ੀ ਸਖ਼ਤ ਬਿਆਨ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਦੀ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਫੌਜੀ ਫੈਕਟਰੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੀ ਮੁਦਰਾ ਵੀ ਕਮਜ਼ੋਰ ਹੋ ਚੁੱਕੀ ਹੈ। ਟਰੰਪ ਦੇ ਮੁਤਾਬਕ, ਈਰਾਨ ਇਸ ਸਮੇਂ ਬੇਹੱਦ ਮੁਸ਼ਕਲ ਸਥਿਤੀ ਵਿੱਚ ਹੈ।
ਦੂਜੇ ਦੇਸ਼ਾਂ ਨੂੰ ਵੀ ਚੇਤਾਵਨੀ
ਟਰੰਪ ਦਾ ਨਵਾਂ ਐਲਾਨ ਸਿਰਫ਼ ਈਰਾਨ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਬੈਂਕ, ਕੰਪਨੀਆਂ, ਹਵਾਈ ਅੱਡੇ ਜਾਂ ਸਰਕਾਰੀ ਸੰਸਥਾਵਾਂ ਈਰਾਨ ਨੂੰ ਆਰਥਿਕ ਮਦਦ ਪਹੁੰਚਾਉਂਦੀਆਂ ਹਨ ਤਾਂ ਉਨ੍ਹਾਂ ਦੇਸ਼ਾਂ ਖ਼ਿਲਾਫ਼ ਵੀ ਅਮਰੀਕਾ ਸਖ਼ਤ ਆਰਥਿਕ ਕਦਮ ਚੁੱਕ ਸਕਦਾ ਹੈ। ਟਰੰਪ ਨੇ ਖ਼ਾਸ ਤੌਰ ‘ਤੇ ਈਰਾਨ ਦੀ ਮਦਦ ਕਰਨ ਵਾਲੇ ਕਈ ਤਰੀਕਿਆਂ ਨੂੰ ਰੋਕਣ ਦੀ ਗੱਲ ਕਹੀ ਹੈ। ਇਨ੍ਹਾਂ ਵਿੱਚ ਤੇਲ ਦੀ ਤਸਕਰੀ, ਕਰੰਸੀ ਸਵੈਪ, ਨਕਦ ਪੈਸੇ ਦਾ ਟਰਾਂਸਫਰ, ਐਕਸਚੇਂਜ ਹਾਊਸ, ਜਹਾਜ਼ਾਂ ਦੀ ਰਜਿਸਟ੍ਰੇਸ਼ਨ ਪ੍ਰਣਾਲੀ ਅਤੇ ਫਰਜ਼ੀ ਜਾਂ ਹੋਰ ਕੰਪਨੀਆਂ ਰਾਹੀਂ ਕਾਰੋਬਾਰ ਸ਼ਾਮਲ ਹਨ। ਟਰੰਪ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਤੋਂ ਵੀ ਇਸ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਟਰੰਪ ਦਾ ਕਹਿਣਾ ਹੈ ਕਿ ਈਰਾਨ ਨੂੰ ਆਰਥਿਕ ਤੌਰ ‘ਤੇ ਅਲੱਗ-ਥਲੱਗ ਕਰਨਾ ਜ਼ਰੂਰੀ ਹੈ, ਤਾਂ ਜੋ ਉਸ ਦੀ ਫੌਜੀ ਅਤੇ ਦੂਜੇ ਦੇਸ਼ਾਂ ਵਿੱਚ ਪ੍ਰਭਾਵ ਵਧਾਉਣ ਦੀ ਸਮਰੱਥਾ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਰੀਬ ਛੇ ਮਹੀਨਿਆਂ ਤੋਂ ਜਾਰੀ ਤਣਾਅ
ਅਮਰੀਕਾ-ਈਰਾਨ ਜੰਗ ਨੂੰ ਕਰੀਬ ਛੇ ਮਹੀਨੇ ਹੋ ਗਏ ਹਨ। ਫਰਵਰੀ ਵਿੱਚ ਈਰਾਨ ਦੇ ਮਹੱਤਵਪੂਰਨ ਟਿਕਾਣਿਆਂ ‘ਤੇ ਹਮਲਿਆਂ ਤੋਂ ਬਾਅਦ ਇਹ ਜੰਗ ਹੋਰ ਵਧ ਗਈ ਸੀ। ਇਸ ਦੇ ਜਵਾਬ ਵਿੱਚ ਈਰਾਨ ਨੇ ਵੀ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਅਤੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ। ਕੁਝ ਸਮੇਂ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਅਤੇ ਗੱਲਬਾਤ ਨਾਲ ਤਣਾਅ ਘਟਣ ਦੀ ਉਮੀਦ ਬਣੀ ਸੀ। ਹਾਲਾਂਕਿ, ਬਾਅਦ ਵਿੱਚ ਹੋਰਮੁਜ਼ ਸਟ੍ਰੇਟ ਵਿੱਚ ਈਰਾਨ ਵੱਲੋਂ ਕਾਰਗੋ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸਥਿਤੀ ਮੁੜ ਵਿਗੜ ਗਈ। ਟਰੰਪ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਈਰਾਨ ਨਾਲ ਗੱਲਬਾਤ ਫਿਲਹਾਲ ਅੱਗੇ ਨਹੀਂ ਵਧ ਰਹੀ ਹੈ। ਉਨ੍ਹਾਂ ਨੇ ਹੋਰਮੁਜ਼ ਨੂੰ ਲੈ ਕੇ ਵੀ ਬੇਹੱਦ ਸਖ਼ਤ ਬਿਆਨ ਦਿੱਤਾ ਹੈ। ਅਮਰੀਕਾ ਪਹਿਲਾਂ ਹੀ ਈਰਾਨ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਚੁੱਕਾ ਹੈ ਅਤੇ ਹੁਣ ਨਵੇਂ ਆਰਥਿਕ ਦਬਾਅ ਦੀ ਤਿਆਰੀ ਕਰ ਰਿਹਾ ਹੈ।
ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਅਜਿਹਾ ਐਕਸ਼ਨ: ਅਮਰੀਕਾ
ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਵੀ ਪਿਛਲੇ ਹਫ਼ਤੇ ਕਿਹਾ ਸੀ ਕਿ ਈਰਾਨ ਨੂੰ ਅਜਿਹੀ ਆਰਥਿਕ ਅਲੱਗ-ਥਲੱਗ ਦਾ ਸਾਹਮਣਾ ਕਰਨਾ ਪਵੇਗਾ, ਜਿਹੜੀ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ। ਟਰੰਪ ਨੇ ਵੀ ਸੰਕੇਤ ਦਿੱਤਾ ਹੈ ਕਿ ਅਮਰੀਕਾ ਕੋਲ ਈਰਾਨ ਖ਼ਿਲਾਫ਼ ਅਜੇ ਕਈ ਹੋਰ ਸਖ਼ਤ ਕਦਮ ਚੁੱਕਣ ਦੇ ਵਿਕਲਪ ਮੌਜੂਦ ਹਨ। ਇਸ ਪੂਰੇ ਘਟਨਾਕ੍ਰਮ ਨਾਲ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।
Share this content:



Post Comment