Loading Now

ਇੱਕ ਅਧਿਆਪਕ ਦੀ ਅਸਲੀ ਸਫਲਤਾ/ਰਜਿੰਦਰ ਕੌਰ

ਇੱਕ ਅਧਿਆਪਕ ਦੀ ਅਸਲੀ ਸਫਲਤਾ/ਰਜਿੰਦਰ ਕੌਰ

ਅਧਿਆਪਕ ਦੀ ਪਹਿਚਾਣ ਉਸਦੇ ਵਿਦਿਆਰਥੀਆਂ ਵਿੱਚ ਦਿਖਾਈ ਦਿੰਦੀ ਹੈ, ਬਿਲਕੁਲ ਉਸੇ ਤਰ੍ਹਾਂ ਵਿਦਿਆਰਥੀਆਂ ਦੀ ਪਹਿਚਾਣ ਉਸਦੇ ਅਧਿਆਪਕ ਵਿੱਚੋਂ ਦਿਖਦੀ ਹੈ। ਜਦੋਂ ਵਿਦਿਆਰਥੀ ਆਪਣੇ ਅਧਿਆਪਕ ਦੀਆਂ ਸਿੱਖਿਆਵਾਂ ਨੂੰ ਸਾਰੀ ਉਮਰ ਆਪਣੇ ਦਿਲ ਵਿੱਚ ਵਸਾ ਲੈਂਦੇ ਹਨ ਅਤੇ ਜੀਵਨ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਅਮਲ ਵਿੱਚ ਲਿਆਉਂਦੇ ਹਨ, ਤਾਂ ਅਧਿਆਪਕ ਦਾ ਜੀਵਨ ਸੱਚਮੁੱਚ ਸਫਲ ਹੋ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਭਾਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਸਿੱਖਿਆ ਦੇ ਖੇਤਰ ਵਿੱਚ ਆ ਗਈ ਹੈ, ਪਰ ਇਹ ਕਦੇ ਵੀ ਇਕ ਪ੍ਰੇਰਣਾਦਾਇਕ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ। ਅਧਿਆਪਕ ਉੱਤੇ ਵਿਦਿਆਰਥੀਆਂ ਨੂੰ ਸਫਲ ਬਨਾਉਣ ਦੇ ਨਾਲ-ਨਾਲ ਪੂਰੇ ਸਮਾਜ ਨੂੰ ਸਿਰਜਣ ਦੀ ਪਵਿੱਤਰ ਜ਼ਿੰਮੇਵਾਰੀ ਹੁੰਦੀ ਹੈ। ਕਲਾਸ ਦੇ ਕਮਰੇ ਵਿੱਚੋਂ ਹੀ ਉਹ ਮਜ਼ਬੂਤ ਨੀਂਹ ਰੱਖੀ ਜਾਂਦੀ ਹੈ ਜਿਸ ਉੱਤੇ ਸਮਾਜ, ਸੂਬਾ, ਦੇਸ਼ ਤੇ ਸੰਸਾਰ ਤਿਆਰ ਹੁੰਦਾ ਹੈ। ਇੱਕ ਸਫਲ ਅਧਿਆਪਕ ਇਸ ਫ਼ਰਜ਼ ਤੋਂ ਕਦੇ ਵੀ ਪਿੱਛੇ ਨਹੀਂ ਹਟ ਸਕਦਾ ਅਤੇ ਨਾ ਹੀ ਉਸਨੂੰ ਹਟਣਾ ਚਾਹੀਦਾ ਹੈ। ਉਹ ਆਪਣੇ ਪੇਸ਼ੇ ਨੂੰ ਗੈਰ-ਜ਼ਿੰਮੇਵਾਰੀ ਤੋਂ ਬਚਾਉਂਦਾ ਹੈ ਅਤੇ ਇਮਾਨਦਾਰੀ, ਜ਼ਿੰਮੇਵਾਰੀ ਅਤੇ ਦੂਰਦਰਸ਼ੀ ਸੋਚ ਦਾ ਨਮੂਨਾ ਪੇਸ਼ ਕਰਦਾ ਹੈ।

ਵਿਦਿਆਰਥੀ ਆਪਣੇ ਜੀਵਨ ਦੇ ਸਭ ਤੋਂ ਅਹਿਮ ਸਾਲ ਇੱਕ ਅਧਿਆਪਕ ਦੀ ਪਰਿਪੱਕ ਸ਼ਖਸੀਅਤ ਹੇਠ ਬਿਤਾਉਂਦੇ ਹਨ। ਕਈ ਵਾਰ ਅਧਿਆਪਕ ਨੂੰ ਲੱਗਦਾ ਹੈ ਕਿ ਸ਼ਾਇਦ ਵਿਦਿਆਰਥੀ ਉਸ ਦੀਆਂ ਸਿੱਖਿਆਵਾਂ ਨੂੰੰ ਭੁੱਲ ਜਾਣਗੇ। ਪਰ ਅਸਲ ਵਿੱਚ, ਉਹਨਾਂ ਕੱਚੀਆਂ ਸਲੇਟਾਂ ਉੱਤੇ ਉੱਕਰੇ ਸ਼ਬਦ ਹਮੇਸ਼ਾਂ ਲਈ ਰਹਿ ਜਾਂਦੇ ਹਨ। ਇਹ ਹੌਲੀ-ਹੌਲੀ ਜੀਵਨ ਦੇ ਅਸੂਲ ਬਣਕੇ ਹਰ ਵੇਲੇ ਵਿਦਿਆਰਥੀਆਂ ਨੂੰ ਰਸਤਾ ਦਿਖਾਉਂਦੇ ਹਨ। ਜੇਕਰ ਵਿਦਿਆਰਥੀ ਅਧਿਆਪਕ ਨੂੰ ਚੇਤੇ ਕਰਦਿਆਂ ਆਪਣੇ ਜੀਵਨ ਵਿੱਚ ਅੱਗੇ ਵੱਧ ਰਿਹਾ ਹੁੰਦਾ ਹੈ ਤਾਂ ਸਮਝੋ ਇੱਕ ਅਧਿਆਪਕ ਦਾ ਜੀਵਨ ਸਫਲ ਹੋ ਗਿਆ ਹੈ ਅਤੇ ਉਸਨੇ ਸਵਰਗਾਂ ਦਾ ਸੁੱਖ ਮਾਣ ਲਿਆ ਹੈ।ਆਓ, ਇਸ ਅਧਿਆਪਕ ਦਿਵਸ ‘ਤੇ ਅਸੀਂ ਸਭ ਅਧਿਆਪਕ ਇਹ ਅਹਿਦ ਕਰੀਏ ਕਿ ਅਸੀਂ ਵਿਦਿਆਰਥੀਆਂ ਨੂੰ ਗਿਆਨ ਦੇਣ ਦੇ ਨਾਲ-ਨਾਲ ਚੰਗੇ ਮਨਾਂ, ਮਜ਼ਬੂਤ ਸਮਾਜ ਅਤੇ ਬਿਹਤਰ ਸੰਸਾਰ ਦੀ ਰਚਨਾ ਕਰਕੇ ਸਫਲ ਬਨਾਵਾਂਗੇ।

-ਰਜਿੰਦਰ ਕੌਰ

-ਪ੍ਰਿੰਸੀਪਲ

-ਸਕੂਲ ਆਫ ਐਮੀਨੈਂਸ

-ਭੁੱਚੋ ਕਲਾਂ (ਬਠਿੰਡਾ)

Share this content:

Post Comment