ਇਪਲਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਰਦਿਆਂ ਆਨਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ
*ਉੱਘੇ ਕਹਾਣੀਕਾਰ ਅਜਮੇਰ ਸਿੱਧੂ ਅਤੇ ਬੀਬੀ ਪ੍ਰਿਤਪਾਲ ਕੌਰ ਉਦਾਸੀ ਬਤੌਰ ਵਿਸ਼ੇਸ਼ ਮਹਿਮਾਨ ਹੋਏ ਸ਼ਾਮਲ
ਇਟਲੀ, 5 ਮਈ – ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਅਤੇ ਸਾਹਿਤ ਸੁਰ ਸੰਗਮ ਸਭਾ ਵੱਲੋਂ ਸਾਂਝੇ ਤੌਰ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਆਨਲਾਈਨ ਸਾਹਿਤਕ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ, ਚਿੰਤਕ, ਲੇਖਕ, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਸਮਾਗਮ ਵਿੱਚ ਉੱਘੇ ਕਹਾਣੀਕਾਰ ਅਤੇ ਲੇਖਕ ਅਜਮੇਰ ਸਿੱਧੂ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਅਜਮੇਰ ਸਿੱਧੂ ਨੇ ਸੰਤ ਰਾਮ ਉਦਾਸੀ ਦੇ ਜੀਵਨ ਉੱਪਰ ਦੋ ਵੱਡੀਆਂ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ। ਇਸ ਸਮੇਂ ਸੰਤ ਰਾਮ ਉਦਾਸੀ ਧੀ ਬੀਬੀ ਪ੍ਰਿਤਪਾਲ ਕੌਰ ਉਦਾਸੀ ਯੂ ਐਸ ਏ ਵੀ ਖਾਸ ਤੌਰ ‘ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿੱਚ ਬਲਵਿੰਦਰ ਸਿੰਘ ਚਾਹਲ ਪ੍ਰਧਾਨ ਇਪਲਾ ਨੇ ਜੀ ਆਇਆਂ ਆਖਿਆ। ਜਿਸ ਤੋਂ ਬਾਅਦ ਅਜਮੇਰ ਸਿੱਧੂ ਨੇ ਸੰਤ ਰਾਮ ਉਦਾਸੀ ਦੇ ਜੀਵਨ, ਸੰਘਰਸ਼ ਅਤੇ ਕਾਵਿ ਰਚਨਾ ਉੱਪਰ ਬਹੁਤ ਵਿਸਥਾਰ ਨਾਲ ਗੱਲ ਕੀਤੀ। ਜਿਸ ਵਿੱਚ ਉਹਨਾਂ ਕਿਹਾ ਕਿ ਸੰਤ ਰਾਮ ਉਦਾਸੀ ਇੱਕ ਧਿਰ ਦਾ ਨਹੀਂ ਸਗੋਂ ਸਮੂਹ ਮਿਹਨਤਕਸ਼ ਲੋਕਾਂ ਦਾ ਵੱਡਾ ਕਵੀ ਸੀ।
ਜਿਸ ਨੇ ਸਾਧਾਰਨ ਲੋਕਾਂ ਦੀ ਆਵਾਜ਼ ਬਣ ਕੇ ਲਿਖਿਆ ਵੀ ਤੇ ਗਾਇਆ ਵੀ। ਸੰਤ ਰਾਮ ਉਦਾਸੀ ਦੀ ਧੀ ਬੀਬੀ ਪ੍ਰਿਤਪਾਲ ਕੌਰ ਨੇ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਉਹਨਾਂ ਦੀ ਘਾਲਣਾ ਬਾਰੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਕਵੀ ਦਰਬਾਰ ਵਿੱਚ ਗੁਰਚਰਨ ਸਿੰਘ ਜੋਗੀ, ਕਵੀ ਤੇ ਗੀਤਕਾਰ ਜਸਵੀਰ ਝੱਜ, ਪ੍ਰੇਮਪਾਲ ਸਿੰਘ ਇਟਲੀ, ਸਿੱਕੀ ਝੱਜੀ ਪਿੰਡ ਵਾਲਾ, ਆਰਤੀ ਬਕਸ਼ੀ ਆਰੂ, ਬਲਕਾਰ ਸਿੰਘ ਰੌੜ, ਆਤਮਜੀਤ ਕੌਰ, ਪ੍ਰੋ ਜਸਪਾਲ ਸਿੰਘ, ਲਖਵਿੰਦਰ ਸਿੰਘ, ਮਾਨਵੀ ਦਿੱਲੀ, ਤਰਨ ਬੱਲ ਭੈਣੀ ਸਾਹਿਬ, ਡਾ. ਸਿਮਰਨ ਸੇਠੀ ਦਿੱਲੀ , ਜਤਿੰਦਰ ਕੌਰ ਅਨੰਦਪੁਰ ਸਾਹਿਬ, ਅਮਰ ਕੌਰ ਬੇਦੀ, ਦੀਪ ਜਗਦੀਪ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਨੇ ਬਹੁਤ ਖੂਬਸੂਰਤੀ ਨਾਲ ਕੀਤਾ ਅਤੇ ਇਸ ਸਮਾਗਮ ਦੀਆਂ ਤਕਨੀਕੀ ਸੇਵਾਵਾਂ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਨਿਭਾਈਆਂ ਗਈਆਂ। ਅੰਤ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸ਼ਵਿੰਦਰ ਸਿੰਘ ਢਿੱਲੋਂ ਯੂ ਕੇ, ਮਨਜੋਤ ਸਿੰਘ ਦੇਤਵਾਲੀਆ, ਲੇਖਕ ਸ਼ਿੰਗਾਰਾ ਸਿੰਘ ਢਿੱਲੋਂ ਯੂ ਕੇ ਅਤੇ ਲੇਖਕ ਪ੍ਰੀਤ ਸੰਦਲ ਦੇ ਅਕਾਲ ਚਲਾਣੇ ਉੱਪਰ ਸ਼ੋਕ ਸਮਾਚਾਰ ਵੀ ਪੜ੍ਹਿਆ।
Share this content:



Post Comment