ਆੜ੍ਹਤੀਆਂ ਨੇ ਬੰਦ ਕੀਤੀਆਂ ਮੰਡੀਆਂ
ਕਪੂਰਥਲਾ, 18 ਸਤੰਬਰ – ਆੜ੍ਹਤੀ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਹੋਈ। ਜਿਸ ਵਿੱਚ ਅਲੱਗ-ਅਲੱਗ ਏਜੰਸੀਆਂ ਦੇ ਇੰਸਪੈਕਟਰ ਅਤੇ 11 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਅਹਿਮ ਮੀਟਿੰਗ ਉਪਰੰਤ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਸਤਪਾਲ ਮਦਾਨ, ਬਲਦੇਵ ਸਿੰਘ ਮੰਗਾ, ਜਤਿੰਦਰਜੀਤ ਸਿੰਘ ਜੱਜੀ, ਸੁਰਿੰਦਰਜੀਤ ਸਿੰਘ, ਸਤਪਾਲ ਮਨਚੰਦਾ, ਦੀਪਕ ਨਈਅਰ ਨੇ ਕਿਹਾ ਕਿ ਅੱਜ ਇੰਸਪੈਕਟਰ ਮੰਡੀ ਵਿੱਚ ਝੋਨੇ ਦੀ ਖਰੀਦ ਕਰਾਉਣ ਲਈ ਆਏ ਸਨ, ਪਰ ਅਸੀਂ ਝੋਨੇ ਦੀ ਸਰਕਾਰੀ ਖਰੀਦ ਕਰਵਾਉਣ ਤੋਂ ਸਾਫ ਮਨਾ ਕਰ ਦਿੱਤਾ ਹੈ।
ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ
ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ “ਪਿਛਲੇ 2 ਦਿਨ੍ਹਾਂ ਤੋਂ ਸੁਲਤਾਨਪੁਰ ਲੋਧੀ ਦੀ ਮੰਡੀ ਪੂਰਨ ਤੌਰ ਉੱਤੇ ਬੰਦ ਹੈ ਅਤੇ ਨਾ ਹੀ ਇੱਥੇ ਝੋਨੇ ਦੀ ਖਰੀਦ ਹੋ ਰਹੀ ਹੈ ਕਿਉਂਕਿ ਇਸ ਵਾਰ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਦਾ ਨਵਾਂ ਕਾਨੂੰਨ ਲਿਆਂਦਾ ਗਿਆ ਹੈ, ਜਿਸ ਵਿੱਚ ਮੰਡੀ ਵਿੱਚ ਕੋਈ ਵੀ ਝੋਨੇ ਦੀ ਟਰਾਲੀ ਲੈ ਕੇ ਕਿਸਾਨ ਆਉਂਦਾ ਹੈ, ਤਾਂ ਕਿਸਾਨ ਦੀ ਬਾਇਓਮੈਟ੍ਰਿਕਸ ਰਾਹੀਂ ਉਸ ਦੀ ਫੋਟੋ ਹੋਵੇਗੀ ਪਰ ਇਹ ਸੰਭਵ ਨਹੀਂ ਹੈ। ਜਿਸ ਨਾਲ ਕਿਸਾਨ ਭਰਾਵਾਂ ਅਤੇ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”
‘ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਸਾਡੇ ਵੱਲੋਂ ਝੋਨੇ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਜਾਵੇਗਾ’
ਆੜ੍ਹਤੀ ਐਸੋਸੀਏਸ਼ਨ ਨੇ ਕਿਹਾ ਕਿ “ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਸਾਡੇ ਵੱਲੋਂ ਝੋਨੇ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਮੰਡੀ ਵਿੱਚ ਬਹੁਤ ਸਾਰਾ ਝੋਨਾ ਆ ਚੁੱਕਾ ਹੈ, ਪਰ ਆੜ੍ਹਤੀਆ ਵੱਲੋਂ ਖਰੀਦ ਨਹੀਂ ਕੀਤੀ ਜਾ ਰਹੀ ਕਿਉਂਕਿ ਹਰ ਸਾਲ ਸਾਡੇ ‘ਤੇ ਨਵਾਂ ਕਾਨੂੰਨ ਥੋਪ ਦਿੱਤਾ ਜਾਂਦਾ ਹੈ। ਜਿਸ ਦਾ ਕਿਸਾਨ ਵੀਰਾਂ ਅਤੇ ਆੜ੍ਹਤੀਆਂ ਨੂੰ ਨੁਕਸਾਨ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦਾ, ਉਦੋਂ ਤੱਕ ਮੰਡੀ ਬੰਦ ਰਹੇਗੀ ਅਤੇ ਝੋਨੇ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਜਾਵੇਗਾ।”
Share this content:



Post Comment