‘ਆਪ’ ਦੇ ਬਾਗੀ ਸੰਸਦ ਮੈਂਬਰ ਭਾਜਪਾ ਦੇ ਰਾਜ ਸਭਾ ਮੈਂਬਰਾਂ ‘ਚ ਹੋਏ ਸ਼ਾਮਿਲ
ਨਵੀਂ ਦਿੱਲੀ, 27 ਅਪ੍ਰੈਲ – ਰਾਘਵ ਚੱਢਾ ਸਣੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਬੀਜੇਪੀ ਵਿੱਚ ਜਾਣ ਨੂੰ ‘ਆਪ’ ਨੇ ਪੰਜਾਬ ਨਾਲ ਧੋਖਾ ਕਰਾਰ ਦਿੱਤਾ ਹੈ ਅਤੇ ਪਾਰਟੀ ਵਰਕਰ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪਰ ਇਸ ਬਿਰਤਾਂਤ ਦੇ ਵਿਰੋਧ ਵਿੱਚ ਬੋਲਦਿਆਂ ‘ਆਪ’ ਛੱਡਣ ਵਾਲੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦਾਅਵਾ ਕੀਤਾ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਪਿਛਲੇ ਸਮੇਂ ਵਿੱਚ ਸਾਈਡਲਾਈਨ ਕੀਤਾ ਜਾ ਰਿਹਾ ਸੀ ਅਤੇ ਰਾਘਵ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਬਾਅਦ ਹਾਲਾਤ ਹੋਰ ਵਿਗੜ ਗਏ।
ਐਤਵਾਰ ਨੂੰ ‘ਆਪ’ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ‘ਫੋਨ ਕਾਲ ਆਈ ਸੀ ਕਿ ਅਲੱਗ ਧੜਾ ਬਣਾ ਕੇ ਭਾਜਪਾ ਦਾ ਸਮਰਥਨ ਕਰਨਾ ਹੈ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ’। ਉੱਧਰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਵਿੱਚ ਰਲੇਵਾਂ ਕਰਨ ਵਾਲੇ ਸੱਤ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਰਾਜ ਸਭਾ ਮੈਂਬਰਾਂ ਦੇ ਪਾਰਟੀ ਬਦਲਣ ਦੇ ਹਾਲਾਤ ਕਿਵੇਂ ਬਣੇ
ਸ਼ੁੱਕਰਵਾਰ ਨੂੰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਆਮ ਆਦਮੀ ਪਾਰਟੀ ਛੱਡ ਬੀਜੇਪੀ ਜੁਆਇਨ ਕਰ ਲਈ ਸੀ। ਇਸ ਮੌਕੇ ਰਾਘਵ ਚੱਢਾ ਨੇ ਹਰਭਜਨ ਸਿੰਘ, ਰਾਜਿੰਦਰ ਗੁਪਤਾ, ਸਵਾਤੀ ਮਾਲੀਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਦੇ ਸ਼ਾਮਿਲ ਹੋਣ ਦੀ ਵੀ ਗੱਲ ਕਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਅਤੇ ਇਨ੍ਹਾਂ ਰਾਜਸਭਾ ਮੈਂਬਰਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ। ਪਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, “2022 ਦੀਆਂ ਪੰਜਾਬ ਚੋਣਾਂ ਵਿੱਚ ਪਾਰਟੀ ਨੂੰ ਬਹੁਤ ਇਤਿਹਾਸਕ ਫਤਵਾ ਮਿਲਿਆ।
“ਸੰਦੀਪ ਪਾਠਕ ਅਤੇ ਰਾਘਵ ਚੱਢਾ ਨੇ ਟਿਕਟਾਂ ਵੰਡ, ਉਮੀਦਵਾਰਾਂ ਦੀ ਚੋਣ ਕਰਨ ਅਤੇ ਸਮੁੱਚੀ ਰਣਨੀਤੀ ਵਿੱਚ ਵੱਡੀ ਭੂਮਿਕਾ ਨਿਭਾਈ। ਪਰ ਜਦੋਂ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ, ਤਾਂ ਉਹ ਨਿਰਾਸ਼ ਹੋ ਗਏ। ਫਿਰ, ਪਿਛਲੇ ਦੋ ਸਾਲਾਂ ਵਿੱਚ, ਖਾਸ ਕਰਕੇ ਦਿੱਲੀ ਚੋਣਾਂ ਹਾਰਨ ਤੋਂ ਬਾਅਦ, ਇੱਕ ਨਵੀਂ ਟੀਮ ਨੇ ਕਮਾਨ ਸੰਭਾਲੀ। ਪਾਠਕ ਜੀ ਇਹੋ ਦੱਸਦੇ ਸਨ। ਸਾਹਨੀ ਨੇ ਅੱਗੇ ਕਿਹਾ, “ਜਦੋਂ ਰਾਘਵ ਜੀ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਤਾਂ ਇਸ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ।
ਅਗਲੇ ਦਿਨ, ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤੀ। ਕਿਤੇ ਨਾ ਕਿਤੇ, ਇਨ੍ਹਾਂ ਦੋ ਮੁੱਖ ਆਗੂਆਂ ਨੂੰ ਪਾਸੇ ਕਰਨ ਅਤੇ ਅਣਦੇਖਾ ਕਰਨ ਨਾਲ ਨਿਰਾਸ਼ਾ ਵਧਦੀ ਗਈ, ਜੋ ਆਖਰਕਾਰ ਫੈਲ ਗਈ। “ਉਨ੍ਹਾਂ ਨੇ ਸਾਡੇ ਵਰਗੇ ਹੋਰ ਸੰਸਦ ਮੈਂਬਰਾਂ ਨਾਲ ਗੱਲ ਕੀਤੀ ਅਤੇ ਇਹ ਸਪੱਸ਼ਟ ਹੋ ਗਿਆ ਕਿ ਸਾਰਿਆਂ ਵਿੱਚ ਅਸੰਤੁਸ਼ਟੀ ਸੀ। ਸਾਨੂੰ ਲੱਗਾ ਕਿ ਅਸੀਂ ਪੰਜਾਬ ਦੀ ਉਸ ਤਰ੍ਹਾਂ ਸੇਵਾ ਨਹੀਂ ਕਰ ਸਕੇ ਜਿਸ ਤਰ੍ਹਾਂ ਸਾਨੂੰ ਕਰਨੀ ਚਾਹੀਦੀ ਹੈ। ਪੰਜਾਬ ਦੇ ਮਸਲੇ ਚੁੱਕਣ ਬਾਰੇ ਉਨ੍ਹਾਂ ਕਿਹਾ, “ਸਾਡੇ ਵਿੱਚੋਂ ਕਿਸੇ ਨੇ ਵੀ ਪੰਜਾਬ ਜਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ। ਕੋਈ ਕੁਝ ਵੀ ਕਹਿ ਸਕਦਾ ਹੈ, ਪਰ ਅਸੀਂ ਹਮੇਸ਼ਾ ਸੇਵਾ ਕੀਤੀ ਹੈ ਅਤੇ ਅਸੀਂ ਸੇਵਾ ਕਰਦੇ ਰਹਾਂਗੇ। “ਇਹ ਸਮਾਂ ਦੱਸੇਗਾ, ਇਤਿਹਾਸ ਗਵਾਹ ਬਣੇਗਾ ਕਿ ਅਸੀਂ ਕਿੰਨਾ ਕੁਝ ਕਰਦੇ ਹਾਂ। ਅਸੀਂ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਸੀ ਅਤੇ ਅਸੀਂ ਨਹੀਂ ਰੁਕਾਂਗੇ।
Share this content:



Post Comment