Loading Now

ਆਧੁਨਿਕ ਯੁੱਗ ਦਾ ਘਾਤਕ ਹਥਿਆਰ ‘ਡਰੋਨ’

ਆਧੁਨਿਕ ਯੁੱਗ ਦਾ ਘਾਤਕ ਹਥਿਆਰ ‘ਡਰੋਨ’

ਤੇਰ੍ਹਵੀਂ ਸਦੀ ਵਿੱਚ ਇੰਗਲਿਸ਼ ਲੌਂਗਬੋਅ (ਇੰਗਲੈਂਡ ਤੇ ਵੇਲਜ਼ ’ਚ ਮੱਧਕਾਲ ਦੌਰਾਨ ਵਰਤੀ ਜਾਂਦੀ ਵੱਡੀ ਕਮਾਨ/ਧਨੁਸ਼) ਇੱਕ ਖ਼ੌਫ਼ਨਾਕ ਹਥਿਆਰ ਵਜੋਂ ਉੱਭਰੀ। ਇਸ ਕਮਾਨ ਨੂੰ 13ਵੀਂ ਤੋਂ 15ਵੀਂ ਸਦੀ ਦਰਮਿਆਨ ਇੰਗਲੈਂਡ ਦੇ ਫ਼ੌਜੀ ਦਬਦਬੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੇ ਮੱਧਕਾਲੀ ਜੰਗ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਲਿਆਂਦਾ, ਇੰਗਲੈਂਡ ਦੀ ਫ਼ੌਜੀ ਤਾਕਤ ਲੋਹੇ ਦੇ ਬਖ਼ਤਰਬੰਦ ਕੱਪੜੇ ਪਾਉਣ ਵਾਲੇ ਕੁਲੀਨ ਵਰਗ ਦੇ ਹੱਥਾਂ ਵਿੱਚੋਂ ਨਿਕਲ ਕੇ ਸਾਧਾਰਨ ਤੀਰਅੰਦਾਜ਼ਾਂ ਦੇ ਹੱਥਾਂ ਵਿੱਚ ਚਲੀ ਗਈ। ਇਹ ਬਦਲਾਅ ਐਨਾ ਵੱਡਾ ਸੀ ਕਿ ਐਡਵਰਡ (ਤੀਜੇ) ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ ਕਿ “… ਹਰੇਕ ਤੰਦਰੁਸਤ ਵਿਅਕਤੀ ਐਤਵਾਰ ਅਤੇ ਛੁੱਟੀ ਵਾਲੇ ਦਿਨ ਤੀਰਅੰਦਾਜ਼ੀ ਦਾ ਅਭਿਆਸ ਕਰੇਗਾ ਅਤੇ ਬਾਕੀ ਸਾਰੀਆਂ ਖੇਡਾਂ ’ਤੇ ਪਾਬੰਦੀ ਹੋਵੇਗੀ।”

‘ਐਜਿਨਕੋਰਟ ਦੀ ਜੰਗ’ (1415) ਤਾਕਤ ਦੇ ਇਸ ਬਦਲਾਅ ਦੀ ਸਭ ਤੋਂ ਉੱਤਮ ਮਿਸਾਲ ਹੈ, ਜਿੱਥੇ ਲਗਪਗ 7,000 ਸਿਪਾਹੀਆਂ ਦੀ ਛੋਟੀ ਜਿਹੀ ਅੰਗਰੇਜ਼ ਫ਼ੌਜ ਨੇ (ਜਿਸ ਵਿੱਚ 5,000 ਤੀਰਅੰਦਾਜ਼ ਸਨ) ਬਖ਼ਤਰਬੰਦ ਘੋੜਸਵਾਰਾਂ ਵਾਲੀ ਬਹੁਤ ਵੱਡੀ ਫ਼ਰਾਂਸੀਸੀ ਫ਼ੌਜ (ਜਿਸ ਦੀ ਗਿਣਤੀ ਲਗਪਗ 20,000 ਸੀ) ਨੂੰ ਕਰਾਰੀ ਹਾਰ ਦਿੱਤੀ। ਇਸ ਵੱਡੀ ਕਮਾਨ (ਲੌਂਗਬੋਅ) ਨੇ ਆਮ ਲੋਕਾਂ ਨੂੰ ਫ਼ੌਜੀ ਤਾਕਤ ਦਾ ਅਹਿਮ ਹਿੱਸਾ ਬਣਾ ਦਿੱਤਾ ਅਤੇ ਇਸ ਨੇ ਵਪਾਰ ਤੇ ਦਸਤਕਾਰੀ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ। ਸ਼ੇਕਸਪੀਅਰ ਨੇ ਐਜਿਨਕੋਰਟ ਦੀ ਜੰਗ ਤੋਂ ਪਹਿਲਾਂ ਰਾਜਾ ਹੈਨਰੀ (ਪੰਜਵੇਂ) ਦੇ ਭਾਸ਼ਣ ਰਾਹੀਂ ਇਸ ਤਬਦੀਲੀ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ:

“ਅਸੀਂ ਕੁਝ ਲੋਕ, ਅਸੀਂ ਖ਼ੁਸ਼ਕਿਸਮਤ ਲੋਕ, ਅਸੀਂ ਭਰਾਵਾਂ ਦੀ ਇੱਕ ਟੋਲੀ ਹਾਂ; ਕਿਉਂਕਿ ਜੋ ਅੱਜ ਮੇਰੇ ਨਾਲ ਆਪਣਾ ਖ਼ੂਨ ਵਹਾਏਗਾ, ਉਹ ਮੇਰਾ ਭਰਾ ਬਣ ਜਾਵੇਗਾ; ਚਾਹੇ ਉਹ ਕਿੰਨਾ ਵੀ ਸਾਧਾਰਨ ਕਿਉਂ ਨਾ ਹੋਵੇ, ਇਹ ਦਿਨ ਉਸ ਦਾ ਰੁਤਬਾ ਉੱਚਾ ਕਰ ਦੇਵੇਗਾ।” ਅੱਜ ਦੇ ਦੌਰ ਵਿੱਚ ਡਰੋਨ ਇੱਕ ਖ਼ੌਫ਼ਨਾਕ ਹਥਿਆਰ ਬਣ ਕੇ ਉੱਭਰਿਆ ਹੈ। ਇਹ ਆਧੁਨਿਕ ਜੰਗ ਦੇ ਰੂਪ ਨੂੰ ਬਦਲ ਰਿਹਾ ਹੈ, ਜਿੱਥੇ ਬਹੁਤ ਛੋਟੇ ਦੇਸ਼ ਵੀ ਮਹਾਸ਼ਕਤੀਆਂ ਦੀ ਫ਼ੌਜੀ ਤਾਕਤ ਨੂੰ ਵੰਗਾਰ ਅਤੇ ਉਨ੍ਹਾਂ ਦੇ ਹੰਕਾਰ ਨੂੰ ਮਿੱਟੀ ਵਿੱਚ ਮਿਲਾ ਰਹੇ ਹਨ। ਅਸੀਂ ਰੂਸ-ਯੂਕਰੇਨ ਜੰਗ ਅਤੇ ਅਮਰੀਕਾ-ਇਜ਼ਰਾਈਲ-ਇਰਾਨ ਟਕਰਾਅ ਵਿੱਚ ਇਹ ਪ੍ਰਤੱਖ ਦੇਖ ਚੁੱਕੇ ਹਾਂ। ਡੇਵਿਡ ਨੇ ਗੋਲਾਯਥ ਨੂੰ ਸਫ਼ਲਤਾਪੂਰਵਕ ਟੱਕਰ ਦਿੱਤੀ ਹੈ ਕਿਉਂਕਿ ਹੁਣ ਡੇਵਿਡ ਦੇ ਹੱਥ ਵਿੱਚ ਇੱਕ ਨਵੀਂ ਗੁਲੇਲ ਹੈ, ਜਿਸ ਨੂੰ ‘ਡਰੋਨ’ ਕਿਹਾ ਜਾਂਦਾ ਹੈ। ਸਸਤੇ ਅਤੇ ਵੱਡੇ ਪੱਧਰ ’ਤੇ ਤਿਆਰ ਕੀਤੇ ਗਏ ਡਰੋਨਾਂ ਨੇ ਵੱਡੀਆਂ-ਵੱਡੀਆਂ ਫ਼ੌਜਾਂ ਤੇ ਜੰਗੀ ਬੇੜਿਆਂ ਨੂੰ ਉਲਝਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ।

ਅਸੀਂ ਰੂਸ ਦੀ ਉਦਾਹਰਣ ਦੇਖੀਏ। ਰੂਸ ਲੰਮੇ ਸਮੇਂ ਤੋਂ ਯੂਕਰੇਨ ’ਤੇ ਹਮਲਾ ਕਰਨ ਅਤੇ ਉਸ ਨੂੰ ਆਪਣੇ ਨਾਲ ਰਲਾਉਣ ਦੀ ਯੋਜਨਾ ਬਣਾ ਰਿਹਾ ਸੀ। ਉਸ ਨੂੰ ਅਜਿਹਾ ਕਰਨ ਦਾ ਬਹਾਨਾ ਨਾਟੋ ਦੇ ਲਗਾਤਾਰ ਹੋ ਰਹੇ ਪਸਾਰ ਤੋਂ ਮਿਲਿਆ, ਜਿਸ ਨੇ ਯੂਕਰੇਨ ਨੂੰ ਆਪਣਾ ਮੈਂਬਰ ਦੇਸ਼ ਬਣਾਉਣ ਦੀ ਧਮਕੀ ਦਿੱਤੀ ਸੀ ਤਾਂ ਜੋ ਰੂਸ ਦੀਆਂ ਸਰਹੱਦਾਂ ਤੱਕ ਪਹੁੰਚਿਆ ਜਾ ਸਕੇ। ਰੂਸੀਆਂ ਨੇ ਇਸ ਮੁਹਿੰਮ ਨੂੰ ‘ਵਿਸ਼ੇਸ਼ ਫ਼ੌਜੀ ਕਾਰਵਾਈ’ ਦਾ ਨਾਂ ਦਿੱਤਾ ਜੋ ਕਿ ਪੈਦਲ ਫ਼ੌਜ, ਤੋਪਖਾਨੇ, ਹਵਾਈ ਫ਼ੌਜ ਅਤੇ ਜਲ ਸੈਨਾ ਦੁਆਰਾ ਕੀਤਾ ਗਿਆ ਇੱਕ ਪੂਰਨ ਹਮਲਾ ਸੀ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦਾਅਵਾ ਕੀਤਾ ਸੀ ਕਿ ਇਹ ਕਾਰਵਾਈ ਕੁਝ ਹੀ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ। ਟੀਵੀ ਚੈਨਲਾਂ ’ਤੇ ਯੂਕਰੇਨ ਵੱਲ ਵਧਦੇ ਰੂਸੀ ਬਖ਼ਤਰਬੰਦ ਵਾਹਨਾਂ ਦੇ ਅੰਤਹੀਣ ਕਾਫ਼ਲੇ ਸਾਫ਼ ਦਿਖਾਈ ਦੇ ਰਹੇ ਸਨ, ਪਰ ਰੂਸ ਨੇ ਦੁਸ਼ਮਣ ਨੂੰ ਕਮਜ਼ੋਰ ਸਮਝਣ ਦੀ ਭੁੱਲ ਕਰ ਦਿੱਤੀ। ਇਸ ਜੰਗ ਵਿੱਚ ਯੂਕਰੇਨ ਨੂੰ ਅਮਰੀਕਾ ਅਤੇ ਨਾਟੋ ਵੱਲੋਂ ਹਥਿਆਰਾਂ, ਗੋਲਾ-ਬਾਰੂਦ ਅਤੇ ਖ਼ੁਫ਼ੀਆ ਜਾਣਕਾਰੀ ਦੀ ਭਰਪੂਰ ਮਦਦ ਮਿਲ ਰਹੀ ਸੀ।

ਹੌਲੀ-ਹੌਲੀ ਰੂਸੀ ਫ਼ੌਜ ਇਸ ਦਲਦਲ ਵਿੱਚ ਫਸ ਗਈ ਅਤੇ ਉਸ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਝੱਲਣਾ ਪਿਆ। ਯੂਕਰੇਨ ਨੇ ਸ਼ੁਰੂਆਤੀ ਪਛਾੜ ਤੋਂ ਉੱਭਰਦਿਆਂ ਵਿਸ਼ਾਲ ਰੂਸੀ ਫ਼ੌਜ ਦੇ ਕਦਮ ਰੋਕ ਦਿੱਤੇ। ਅਖ਼ਬਾਰ ‘ਦਿ ਹਿੰਦੂ’ ਦੇ ਇੱਕ ਹਾਲੀਆ ਲੇਖ ਮੁਤਾਬਿਕ ਯੂਕਰੇਨ ਨੇ ਆਮ ਨਾਗਰਿਕਾਂ ਦੀ ਵਰਤੋਂ ਵਾਲੇ ਵਪਾਰਕ ਡਰੋਨਾਂ ਨੂੰ ਬਹੁਤ ਤੇਜ਼ੀ ਨਾਲ ਜਾਸੂਸੀ ਅਤੇ ਹਮਲਾਵਰ ਹਥਿਆਰਾਂ ਵਿੱਚ ਬਦਲ ਦਿੱਤਾ। ਛੋਟੇ ਕੁਆਡਕਾਪਟਰ ਅਤੇ ਐੱਫ ਪੀ ਵੀ (ਫਰਸਟ ਪਰਸਨ ਵਿਊ) ਡਰੋਨਾਂ ਨੂੰ ਘੱਟ ਲਾਗਤ ਵਾਲੇ ਸਟੀਕ ਨਿਸ਼ਾਨਾ ਲਗਾਉਣ ਵਾਲੇ ਮਾਰੂ ਹਥਿਆਰਾਂ ਵਜੋਂ ਜੰਗ ਵਿੱਚ ਉਤਾਰਿਆ ਗਿਆ।

ਇਹ ਡਰੋਨ ਤਬਾਹੀ ਦਾ ਵੱਡਾ ਜ਼ਰੀਆ ਬਣੇ ਅਤੇ ਸਾਲ 2024 ਤੱਕ ਇਨ੍ਹਾਂ ਨੂੰ ਯੂਕਰੇਨੀ ਫ਼ੌਜ ਦੇ ਹਰ ਹਿੱਸੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਕਰ ਲਿਆ ਗਿਆ। ਸੰਖੇਪ ਵਿੱਚ ਕਹੀਏ ਤਾਂ ਡਰੋਨਾਂ ਨੇ ਜੰਗ ਦਾ ਪਾਸਾ ਹੀ ਪਲਟ ਦਿੱਤਾ। ਕਦੇ ਬਚਾਅ ਦੀ ਸਥਿਤੀ ਵਿੱਚ ਪਿੱਛੇ ਹਟ ਰਿਹਾ ਯੂਕਰੇਨ ਅੱਜ ਰੂਸ ਦੇ ਅੰਦਰ ਤੱਕ ਤੇਲ ਡਿੱਪੂਆਂ, ਹਵਾਈ ਅੱਡਿਆਂ, ਜੰਗੀ ਜਹਾਜ਼ਾਂ ਅਤੇ ਮਾਸਕੋ ਤੇ ਸੇਂਟ ਪੀਟਰਸਬਰਗ ਵਰਗੇ ਸ਼ਹਿਰਾਂ ’ਤੇ ਸਿੱਧੇ ਹਮਲੇ ਕਰ ਰਿਹਾ ਹੈ। ਰੂਸ ਦੀ ਤਿੰਨ ਦਿਨਾਂ ਦੀ ਇਹ ਕਾਰਵਾਈ ਹੁਣ ਇੱਕ ਅਜਿਹੀ ਲੰਮੀ ਜੰਗ ਵਿੱਚ ਬਦਲ ਚੁੱਕੀ ਹੈ, ਜੋ ਆਪਣੇ ਪੰਜਵੇਂ ਸਾਲ ਵਿੱਚ ਦਾਖ਼ਲ ਹੋ ਗਈ ਹੈ।

ਇਸੇ ਸੰਦਰਭ ਵਿੱਚ ਅਮਰੀਕਾ-ਇਜ਼ਰਾਈਲ ਦੀ ਇਰਾਨ ਨਾਲ ਜੰਗ ਦਾ ਜ਼ਿਕਰ ਕਰਨਾ ਵੀ ਵਾਜਬ ਹੋਵੇਗਾ। ਅਮਰੀਕਾ ਨੇ ਖਾੜੀ ਖੇਤਰ ਵਿੱਚ ਆਪਣੇ ਵੱਡੇ ਜੰਗੀ ਬੇੜੇ ਅਤੇ ਫ਼ੌਜਾਂ ਤਾਇਨਾਤ ਕਰਕੇ ਇਰਾਨ ਨੂੰ ਬਿਨਾਂ ਸ਼ਰਤ ਆਤਮ-ਸਮਰਪਣ ਕਰਨ ਲਈ ਕਿਹਾ। ਇਸ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਨੇ ਹਵਾਈ ਹਮਲਿਆਂ ਰਾਹੀਂ ਇਰਾਨ ਦੀ ਅਧਿਆਤਮਕ, ਫ਼ੌਜੀ ਅਤੇ ਖ਼ੁਫ਼ੀਆ ਲੀਡਰਸ਼ਿਪ ਦਾ ਖ਼ਾਤਮਾ ਕਰ ਦਿੱਤਾ ਅਤੇ ਇਰਾਨ ਨੂੰ ਨਕਸ਼ੇ ਤੋਂ ਮਿਟਾਉਣ ਦੀ ਧਮਕੀ ਦਿੱਤੀ। ਦਰਅਸਲ, ਅਮਰੀਕਾ ਇਰਾਨੀਆਂ ਦੇ ਸੱਭਿਆਚਾਰਕ ਜਜ਼ਬੇ, ਇਤਿਹਾਸ ਅਤੇ ਲੱਖਾਂ ਡਰੋਨਾਂ ਤੇ ਮਿਜ਼ਾਈਲਾਂ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਤਰੱਕੀ ਨੂੰ ਭੁੱਲ ਗਿਆ। ਇਰਾਨ ਕੋਲ ਲੀਡਰਸ਼ਿਪ ਦੀਆਂ ਅਗਲੀਆਂ ਸਫ਼ਾਂ ਅਤੇ ਰਣਨੀਤਕ ਸੂਝ-ਬੂਝ ਮੌਜੂਦ ਸੀ। ਨਤੀਜੇ ਵਜੋਂ, ਅਮਰੀਕਾ ਦੇ ਹੰਕਾਰ ਨੂੰ ਫਿਰ ਮਾਤ ਮਿਲੀ। ਇਰਾਨ ਨੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਖਾੜੀ ਦੇਸ਼ਾਂ ਵਿੱਚ ਅਮਰੀਕੀ ਟਿਕਾਣਿਆਂ ’ਤੇ ਜ਼ੋਰਦਾਰ ਹਮਲੇ ਕੀਤੇ। ਇਜ਼ਰਾਈਲ ਨੂੰ ਵੀ ਇਨ੍ਹਾਂ ਹਮਲਿਆਂ ਦਾ ਸੇਕ ਝੱਲਣਾ ਪਿਆ। ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਡਰੋਂ ਵਪਾਰਕ ਜਹਾਜ਼ਾਂ ਲਈ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨਾ ਇਰਾਨ ਦਾ ਇੱਕ ਵੱਡਾ ਰਣਨੀਤਕ ਦਾਅ ਸੀ, ਜਿਸ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਗੋਡਿਆਂ ਪਰਨੇ ਕਰ ਦਿੱਤਾ। ਇੱਕ ਵਾਰ ਫਿਰ ਇੱਕ ਦ੍ਰਿੜ੍ਹ ਫ਼ੌਜ ਦੇ ਹੱਥਾਂ ਵਿੱਚ ਮੌਜੂਦ ਸਸਤੇ ਅਤੇ ਆਮ ਡਰੋਨਾਂ ਨੇ ਆਪਣੀ ਤਾਕਤ ਤੋਂ ਕਿਤੇ ਵੱਡਾ ਮਾਅਰਕਾ ਮਾਰਦਿਆਂ ਇੱਕ ਮਹਾਸ਼ਕਤੀ ਅਤੇ ਉਸ ਦੀ ਸਮੁੱਚੀ ਫ਼ੌਜੀ ਮਸ਼ੀਨਰੀ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ।

ਡਰੋਨਾਂ ਦੁਆਰਾ ਸੰਚਾਲਿਤ ਇਸ ‘ਆਸਮਾਨੀ ਯੁੱਧ’ ਨੇ ਜੰਗ ਦੇ ਮੈਦਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਬਦੀਲੀਆਂ ਹਮੇਸ਼ਾ ਸਿਆਸੀ, ਸਮਾਜਿਕ ਅਤੇ ਆਰਥਿਕ ਉਲਟਫੇਰ ਲੈ ਕੇ ਆਉਂਦੀਆਂ ਹਨ। ‘ਇੰਗਲਿਸ਼ ਲੌਂਗਬੋਅ’ ਇਸ ਦੀ ਵੱਡੀ ਮਿਸਾਲ ਸੀ। ਇਤਿਹਾਸ ਵਿੱਚ ਅਜਿਹੀਆਂ ਕਈ ਹੋਰ ਉਦਾਹਰਨਾਂ ਮਿਲਦੀਆਂ ਹਨ ਜਿਵੇਂ ਮੰਗੋਲਾਂ ਦੇ ਧਨੁਸ਼, ਬਾਰੂਦ ਦੀ ਖੋਜ ਅਤੇ ਲੀ-ਐਨਫੀਲਡ ਰਾਈਫਲ। ਜਦੋਂ ਵੀ ਤਾਕਤ ਦਾ ਸੰਤੁਲਨ ਵਿਗੜਦਾ ਹੈ, ਪੁਰਾਣੀ ਵਿਵਸਥਾ ਟੁੱਟਦੀ ਹੈ ਅਤੇ ਨਵੇਂ ਸਾਮਰਾਜ ਤੇ ਗੱਠਜੋੜ ਉੱਭਰਦੇ ਹਨ। ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗੇਗਾ, ਪਰ ਬਦਲਾਅ ਅਟੱਲ ਹੈ।

ਇਹ ਸਥਿਤੀ ਸਾਨੂੰ ਇਸ ਸਵਾਲ ਵੱਲ ਲੈ ਕੇ ਆਉਂਦੀ ਹੈ ਕਿ ਇਸ ਸਭ ਦਾ ਭਾਰਤ ’ਤੇ ਕੀ ਅਸਰ ਪਵੇਗਾ? ਮੈਂ ਆਪਣੇ ਪਿਛਲੇ ਲੇਖਾਂ ਵਿੱਚ ਚੀਨ-ਪਾਕਿਸਤਾਨ-ਬੰਗਲਾਦੇਸ਼ ਦੇ ਉੱਭਰ ਰਹੇ ਗੱਠਜੋੜ ਦਾ ਜ਼ਿਕਰ ਕੀਤਾ ਹੈ। ਅਮਰੀਕਾ ਅਤੇ ਚੀਨ ਉੱਪਰ ਪਾਕਿਸਤਾਨ ਦਾ ਪ੍ਰਭਾਵ ਜਿਉਂ-ਜਿਉਂ ਵਧੇਗਾ, ਤਿਉਂ-ਤਿਉਂ ਉਸ ਦੀਆਂ ਲਾਲਸਾਵਾਂ ਵੀ ਵਧਣਗੀਆਂ (ਜਿਸ ਦਾ ਪ੍ਰਗਟਾਵਾ ਉਹ ਜੰਮੂ-ਕਸ਼ਮੀਰ ਦੇ ਸੰਦਰਭ ਵਿੱਚ ਕਈ ਵਾਰ ਕਰ ਚੁੱਕਾ ਹੈ)। ਦੂਜੇ ਪਾਸੇ, ਚੀਨ ਨੂੰ ਅਮਰੀਕਾ ਅਤੇ ਰੂਸ ਦੀਆਂ ਰਣਨੀਤਕ ਗ਼ਲਤੀਆਂ ਦਾ ਸਿੱਧਾ ਫ਼ਾਇਦਾ ਮਿਲ ਰਿਹਾ ਹੈ। ਚੀਨ ਦਾ ਰਵੱਈਆ ਲੱਦਾਖ਼, ਉੱਤਰ-ਪੂਰਬ ਦੇ ਨਾਲ-ਨਾਲ ਭਾਰਤ ਨਾਲ ਵਪਾਰ ਦੇ ਮਾਮਲੇ ਵਿੱਚ ਅਜੇ ਵੀ ਹਮਲਾਵਰ ਹੈ।

ਇੱਕੀਵੀਂ ਸਦੀ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ), ਰੋਬੋਟਿਕਸ, ਡਰੋਨ ਅਤੇ ਊਰਜਾ ਤਬਦੀਲੀ ਦਾ ਦੌਰ ਹੈ, ਜਿੱਥੇ ਨਵੇਂ ਫ਼ੌਜੀ ਅਤੇ ਆਰਥਿਕ ਗੱਠਜੋੜ ਬਣ ਰਹੇ ਹਨ। ਅਮਰੀਕਾ ਨੇ ਮੁਕਤ ਵਪਾਰ ਦੀ ਪੁਰਾਣੀ ਆਲਮੀ ਵਿਵਸਥਾ ਨੂੰ ਖ਼ਤਮ ਕਰ ਕੇ ਇਸ ਨਵੇਂ ਬਦਲਾਅ ਦੀ ਕਮਾਨ ਸੰਭਾਲ ਲਈ ਹੈ। ਬੇਸ਼ੱਕ, ਚੀਨ ਦੀ ਉਦਯੋਗਿਕ ਅਤੇ ਵਪਾਰਕ ਤਾਕਤ ਨੇ ਹੀ ਅਮਰੀਕਾ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।

18ਵੀਂ ਅਤੇ 19ਵੀਂ ਸਦੀ ਵਿੱਚ ਦੁਨੀਆ ਦੇ ਸਰੋਤਾਂ ’ਤੇ ਕਬਜ਼ਾ ਕਰਨ ਲਈ ਬਸਤੀਵਾਦੀਆਂ ਦੀ ਦੌੜ ਲੱਗੀ ਹੋਈ ਸੀ। ਅੱਜ ਇੱਕ ਵਾਰ ਫਿਰ ਤਾਕਤ ਦਾ ਪਹੀਆ ਘੁੰਮ ਰਿਹਾ ਹੈ ਅਤੇ ਮਹਾਸ਼ਕਤੀਆਂ ਦੁਨੀਆ ’ਤੇ ਦਬਦਬਾ ਬਣਾਉਣ ਲਈ ਆਹਮੋ-ਸਾਹਮਣੇ ਹਨ। ਇਸ ਉਥਲ-ਪੁਥਲ ਦੇ ਦੌਰ ਵਿੱਚ ਭਾਰਤ ਨੂੰ ਬਹੁਤ ਤੇਜ਼ੀ ਨਾਲ ਆਪਣੀ ਦਿਸ਼ਾ ਤੈਅ ਕਰਨੀ ਪਵੇਗੀ। ਸਾਡੀ ਆਰਥਿਕਤਾ ਮੱਧ-ਆਮਦਨ ਦੇ ਜਾਲ ਵਿੱਚ ਫਸ ਰਹੀ ਹੈ, ਜਿੱਥੇ ਵਿਕਾਸ ਤਾਂ ਹੋ ਰਿਹਾ ਹੈ ਪਰ ਰੁਜ਼ਗਾਰ ’ਚ ਵਾਧਾ ਨਹੀਂ ਹੋ ਰਿਹਾ। ਸਾਡੇ ਬਹੁਤੇ ਡਿਗਰੀਧਾਰੀ ਨੌਜਵਾਨਾਂ ਦੀ ਆਮਦਨ, ਟੈਕਸ ਦੀ ਹੱਦ ਤੋਂ ਵੀ ਘੱਟ ਹੈ ਅਤੇ ਉਨ੍ਹਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਇਹ ਸੁਮੇਲ ਬੇਹੱਦ ਘਾਤਕ ਹੈ, ਜਿਸ ਦਾ ਫ਼ਾਇਦਾ ਦੇਸ਼ ਵਿਰੋਧੀ ਅਨਸਰ ਅੰਦਰੂਨੀ ਕਲੇਸ਼ ਪੈਦਾ ਕਰਨ ਲਈ ਉਠਾ ਸਕਦੇ ਹਨ। ਐੱਫ ਪੀ ਵੀ ਡਰੋਨਾਂ ਨੇ ਦਿਖਾ ਦਿੱਤਾ ਹੈ ਕਿ ਇੱਕ ਬੰਦਾ ਵੀ ਕਿੰਨੀ ਵੱਡੀ ਤਬਾਹੀ ਮਚਾ ਸਕਦਾ ਹੈ।

ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ ਅਤੇ ਉੱਤਰ-ਪੂਰਬ ਦੀਆਂ ਸਰਹੱਦਾਂ ਰਾਹੀਂ ਹਥਿਆਰਾਂ, ਗੋਲਾ-ਬਾਰੂਦ ਅਤੇ ਨਸ਼ਿਆਂ ਦੀ ਤਸਕਰੀ ਲਈ ਡਰੋਨਾਂ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ। ਉੱਤਰ-ਪੂਰਬ ਅਤੇ ਜੰਮੂ ਕਸ਼ਮੀਰ ਵਰਗੇ ਸੰਵੇਦਨਸ਼ੀਲ ਇਲਾਕਿਆਂ ਦੇ ਆਪਸੀ ਮੱਤਭੇਦਾਂ ਨੂੰ ਸਾਰਿਆਂ ਦੀ ਸ਼ਮੂਲੀਅਤ ਅਤੇ ਵਿਕਾਸ ਦੀ ਭਾਵਨਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਹੈ। ਦੇਸ਼ ਨੂੰ ਅੰਦਰੂਨੀ ਤੌਰ ’ਤੇ ਇਕਜੁੱਟ ਹੋ ਕੇ ਰਣਨੀਤਕ ਭਾਈਵਾਲੀ ਅਤੇ ਕੂਟਨੀਤੀ ਰਾਹੀਂ ਆਪਣੇ ਕੌਮਾਂਤਰੀ ਗੱਠਜੋੜ ਮਜ਼ਬੂਤ ਕਰਨ ਦੀ ਲੋੜ ਹੈ।

 

Share this content:

Post Comment