ਆਧਾਰ, ਵੋਟਰ ਆਈਡੀ ਤੇ ਪਾਸਪੋਰਟ ਨਹੀਂ, ਹੁਣ ਇਸ ਦਸਤਾਵੇਜ ਨੂੰ ਮੰਨਿਆ ਜਾਵੇਗਾ ਭਾਰਤੀ ਨਾਗਰਿਕਤਾ ਦਾ ਸਬੂਤ
ਨਵੀਂ ਦਿੱਲੀ, 26 ਜੂਨ – ਤੁਸੀਂ ਭਾਰਤ ਦੇ ਨਾਗਰਿਕ ਹੋ, ਇਸ ਗੱਲ ਨੂੰ ਕਿਵੇਂ ਪ੍ਰਮਾਣਿਤ ਕਰੋਗੇ? ਤੁਹਾਡੇ ਹੱਥ ਵਿਚ ਮੌਜੂਦ ਆਧਾਰ ਕਾਰਡ, ਵੋਟਰ ਆਈਡੀ ਕਾਰਡ ਤੇ ਪਾਸਪੋਰਟ ਵੀ ਜੇਕਰ ਤੁਹਾਡੀ ਨਾਗਰਿਕਤਾ ਦਾ ਸਬੂਤ ਨਹੀਂ ਹਨ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਇਸ ਗੱਲ ਨੂੰ ਸਾਬਤ ਕਰੋਗੇ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ? ਇਹ ਇੱਕ ਅਜਿਹਾ ਸਵਾਲ ਹੈ ਜਿਸ ਨੇ ਮੌਜੂਦਾ ਸਮੇਂ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਤਕ ਵੱਡੀ ਬਹਿਸ ਛੇੜ ਦਿੱਤੀ ਹੈ। ਇਸ ਗੱਲ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ (MEA) ਦੇ ਇਕ ਛੋਟੇ ਜਿਹੇ ਸਪੱਸ਼ਟੀਕਰਨ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਮੰਤਰਾਲੇ ਨੇ ਸਾਫ਼ ਕਿਹਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ‘ਤੇ ਸਿਰਫ਼ ਇੱਕ ਯਾਤਰਾ ਦਸਤਾਵੇਜ਼ ਹੈ, ਇਸ ਨੂੰ ਆਪਣੇ ਆਪ ਵਿੱਚ ਨਾਗਰਿਕਤਾ ਦਾ ਅੰਤਿਮ ਜਾਂ ਪੱਕਾ ਸਬੂਤ ਨਹੀਂ ਮੰਨਿਆ ਜਾ ਸਕਦਾ।
ਵਿਦੇਸ਼ ਮੰਤਰਾਲੇ ਨੇ ਕੀ ਕਿਹਾ?
ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ ਨੇ 24 ਜੂਨ ਨੂੰ 14ਵੇਂ ਪਾਸਪੋਰਟ ਸੇਵਾ ਦਿਵਸ ਦੇ ਮੌਕੇ ‘ਤੇ ਇਕ ਬ੍ਰੀਫਿੰਗ ਦੌਰਾਨ ਸਾਫ਼ ਕੀਤਾ ਕਿ ਭਾਰਤੀ ਪਾਸਪੋਰਟ ਨਾਗਰਿਕਤਾ ਦਾ ਸਬੂਤ ਨਹੀਂ ਹੈ। ਮੰਤਰਾਲੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਮੁੱਖ ਤੌਰ ‘ਤੇ ਇੱਕ ਯਾਤਰਾ ਦਸਤਾਵੇਜ਼ ਹੈ। ਇਸ ਦਾ ਮੁਢਲਾ ਮਕਸਦ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਇਜਾਜ਼ਤ ਦੇਣਾ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਪਛਾਣ ਤੇ ਰਾਸ਼ਟਰੀਅਤਾ ਨੂੰ ਸਥਾਪਿਤ ਕਰਨਾ ਹੈ। ਹਾਲਾਂਕਿ ਇਹ ਵਿਦੇਸ਼ਾਂ ਵਿੱਚ ਤੁਹਾਡੀ ਪਛਾਣ ਦੱਸਦਾ ਹੈ, ਪਰ ਇਹ ਆਪਣੇ ਆਪ ਵਿੱਚ ਨਾਗਰਿਕਤਾ ਦਾ ਫੈਸਲਾਕੁੰਨ ਸਬੂਤ ਨਹੀਂ ਹੈ।
ਮੰਤਰਾਲੇ ਦੇ ਬਿਆਨ ‘ਤੇ ਹੰਗਾਮਾ ਕਿਉਂ?
ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਤੋਂ ਬਾਅਦ ਆਮ ਜਨਤਾ ਤੋਂ ਲੈ ਕੇ ਮਸ਼ਹੂਰ ਸੰਗੀਤਕਾਰ ਜਾਵੇਦ ਅਖ਼ਤਰ ਅਤੇ ਵਿਰੋਧੀ ਧਿਰ ਦੇ ਕਈ ਵੱਡੇ ਆਗੂਆਂ ਨੇ ਸਰਕਾਰ ਤੋਂ ਸਿੱਧਾ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਆਖਰ ਆਮ ਆਦਮੀ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਕਿੱਥੇ ਜਾਵੇ? ਚਾਰੋਂ ਪਾਸੇ ਫੈਲੇ ਇਸ ਭੰਬਲਭੂਸੇ ਦਰਮਿਆਨ, ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਖਰ ਸਾਡਾ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਅਤੇ ਸਾਡੇ ਕੋਲ ਅਜਿਹੇ ਕਿਹੜੇ ਦਸਤਾਵੇਜ਼ ਹਨ ਜਿਨ੍ਹਾਂ ਨਾਲ ਇਹ ਸਾਬਤ ਹੋਵੇਗਾ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ? ਆਓ ਅਸੀਂ ਤੁਹਾਨੂੰ ਦੱਸਦੇ ਹਾਂ।
ਸਮਝੋ ਕੀ ਕਹਿੰਦਾ ਹੈ ਭਾਰਤ ਦਾ ਕਾਨੂੰਨ?
ਸਭ ਤੋਂ ਪਹਿਲਾਂ ਤੁਹਾਨੂੰ ਇਸ ਸੱਚਾਈ ਤੋਂ ਜਾਣੂ ਕਰਵਾ ਦੇਈਏ ਕਿ ਭਾਰਤੀ ਕਾਨੂੰਨ (ਨਾਗਰਿਕਤਾ ਐਕਟ, 1955) ਵਿੱਚ ਅਜਿਹਾ ਕੋਈ ਇੱਕ ਇਕੱਲਾ ਡਿਜੀਟਲ ਕਾਰਡ ਜਾਂ ਸਰਕਾਰੀ ਕਾਗਜ਼ ਨਹੀਂ ਹੈ, ਜਿਸ ਨੂੰ ਦਿਖਾਉਂਦੇ ਹੀ ਹਰ ਵਿਅਕਤੀ ਦੀ ਨਾਗਰਿਕਤਾ ਤੁਰੰਤ ਸਾਬਤ ਹੋ ਜਾਵੇ। ਭਾਰਤ ਵਿੱਚ ਨਾਗਰਿਕਤਾ ਕਿਸੇ ਇੱਕ ਪਛਾਣ ਪੱਤਰ ਨਾਲ ਨਹੀਂ, ਬਲਕਿ ਤੁਹਾਡੇ ਜਨਮ ਦੇ ਸਮੇਂ, ਸਥਾਨ ਅਤੇ ਮਾਤਾ-ਪਿਤਾ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਪੂਰੀ ਲੜੀ (ਚੇਨ) ਨੂੰ ਮਿਲਾ ਕੇ ਸਾਬਤ ਹੁੰਦੀ ਹੈ। ਅਦਾਲਤਾਂ ਤੇ ਸਰਕਾਰ ਅਨੁਸਾਰ, ਜਿੱਥੇ ਆਧਾਰ ਕਾਰਡ ਸਿਰਫ਼ ਤੁਹਾਡੀ ਪਛਾਣ ਅਤੇ ਪਤੇ ਦਾ ਜ਼ਰੀਆ ਹੈ, ਉੱਥੇ ਹੀ ਵੋਟਰ ਆਈਡੀ ਅਤੇ ਪਾਸਪੋਰਟ ਬਹੁਤ ਮਜ਼ਬੂਤ ਸਹਿਯੋਗੀ ਦਸਤਾਵੇਜ਼ ਤਾਂ ਹਨ, ਪਰ ਕਾਨੂੰਨੀ ਤੌਰ ‘ਤੇ ਇਹਨਾਂ ਨੂੰ ਵੀ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ ਤੁਹਾਡਾ ਜਨਮ ਸਰਟੀਫਿਕੇਟ (birth certificate) ਅਤੇ ਸਕੂਲ ਦੇ ਪੁਰਾਣੇ ਰਿਕਾਰਡ ਹੀ ਇਸ ਕਾਨੂੰਨੀ ਬੁਝਾਰਤ ਦੀ ਸਭ ਤੋਂ ਮਜ਼ਬੂਤ ਬੁਨਿਆਦ ਬਣਦੇ ਹਨ।
Share this content:



Post Comment