ਆਗੂਆਂ ਦੀ ਰਿਹਾਈ ਲਈ ਸੀਜੇਪੀ ਪਹੁੰਚੀ ਦਿੱਲੀ ਹਾਈ ਕੋਰਟ
ਨਵੀਂ ਦਿੱਲੀ, 21 ਅਕਤੂਬਰ – ਕੌਕਰੇਚ ਜਨਤਾ ਪਾਰਟੀ (ਸੀਜੇਪੀ) ਨੇ ਮੰਗਲਵਾਰ ਨੂੰ ਆਪਣੇ ਦੋ ਸੀਨੀਅਰ ਆਗੂਆਂ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਦੀ ਹਿਰਾਸਤ ਵਧਾਏ ਜਾਣ ਖ਼ਿਲਾਫ਼ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਾਰਟੀ ਨੇ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ (ਐੱਸਈਐੱਮ) ਵੱਲੋਂ ਜਾਰੀ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਦੋਸ਼ ਲਾਇਆ ਕਿ ਇਹ ਕਾਰਵਾਈ ਸੰਵਿਧਾਨ ਦੀ ਧਾਰਾ 21 ਤਹਿਤ ਨਾਗਰਿਕਾਂ ਨੂੰ ਮਿਲੇ ਨਿੱਜੀ ਆਜ਼ਾਦੀ ਦੇ ਬੁਨਿਆਦੀ ਹੱਕ ਦਾ ਸਿੱਧਾ ਘਾਣ ਹੈ। ਹਾਈ ਕੋਰਟ ਵਿੱਚ ਦਾਇਰ ਰਿੱਟ ਪਟੀਸ਼ਨ ਰਾਹੀਂ ਪਾਰਟੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ), 2023 ਦੀ ਧਾਰਾ 126 ਅਤੇ 170 ਤਹਿਤ 19 ਅਕਤੂਬਰ ਨੂੰ ਪਾਸ ਕੀਤੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਪਾਰਟੀ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਤੋਂ ਤੁਰੰਤ, ਇੱਥੋਂ ਤੱਕ ਕਿ ਰਾਤ ਵੇਲੇ ਵੀ ਹੰਗਾਮੀ ਸੁਣਵਾਈ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ ਮੁਤਾਬਕ ਦਾਸ ਅਤੇ ਰਾਂਕਾ ਨੂੰ ਸਭ ਤੋਂ ਪਹਿਲਾਂ 10 ਅਕਤੂਬਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਅਗਲੇ ਦਿਨ ਦੋਵਾਂ ਖ਼ਿਲਾਫ਼ ਅਹਿਤਿਆਤੀ ਕਾਰਵਾਈ ਸ਼ੁਰੂ ਕਰਦਿਆਂ 50-50 ਹਜ਼ਾਰ ਰੁਪਏ ਦੇ ਮੁਚੱਲਕਿਆਂ ’ਤੇ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ, 13 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਤਿਰੰਗੇ ਝੰਡੇ ਸਮੇਤ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਗਿਆ। ਪਾਰਟੀ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਦੋਵਾਂ ਆਗੂਆਂ ਨੂੰ 14 ਅਕਤੂਬਰ ਦੇ ਤੜਕਸਾਰ ਬੀਐੱਨਐੱਸਐੱਸ ਦੀਆਂ ਧਾਰਾਵਾਂ 126 ਤੇ 170 ਤਹਿਤ ਗ੍ਰਿਫ਼ਤਾਰ ਦਿਖਾਇਆ ਗਿਆ ਅਤੇ ਧਾਰਾ 135(4) ਅਧੀਨ ਪੰਜ ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
Share this content:



Post Comment