Loading Now

ਅੱਤਵਾਦ ਦਾ ਨਵਾਂ ਰੂਪ

ਅੱਤਵਾਦ ਦਾ ਨਵਾਂ ਰੂਪ

ਆਖ਼ਰ ਇਹ ਸ਼ੱਕ ਸੱਚ ਸਾਬਤ ਹੋਇਆ ਕਿ ਦਿੱਲੀ ’ਚ ਲਾਲ ਕਿਲ੍ਹੇ ਦੇ ਨੇੜੇ 10 ਲੋਕਾਂ ਦੀ ਜਾਨ ਲੈਣ ਵਾਲਾ ਕਾਰ ਧਮਾਕਾ ਅੱਤਵਾਦੀ ਘਟਨਾ ਹੋ ਸਕਦਾ ਹੈ। ਧਮਾਕਾਖੇਜ਼ ਸਮੱਗਰੀ ਨਾਲ ਲੈਸ ਕਾਰ ਦਾ ਚਾਲਕ ਡਾਕਟਰ ਉਮਰ ਮੁਹੰਮਦ ਉਨ੍ਹਾਂ ਸ਼ੱਕੀ ਅੱਤਵਾਦੀਆਂ ਦਾ ਸਾਥੀ ਨਿਕਲਿਆ, ਜਿਨ੍ਹਾਂ ਦੇ ਟਿਕਾਣਿਆਂ ਤੋਂ ਲਗਪਗ ਤਿੰਨ ਹਜ਼ਾਰ ਕਿੱਲੋ ਧਮਾਕਾਖੇਜ਼ ਸਮੱਗਰੀ ਤੇ ਘਾਤਕ ਹਥਿਆਰ ਬਰਾਮਦ ਕੀਤੇ ਗਏ ਸਨ।

ਅੱਤਵਾਦੀ ਦਿੱਲੀ ’ਚ ਜਿਸ ਤਰ੍ਹਾਂ 14 ਸਾਲਾਂ ਬਾਅਦ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ’ਚ ਸਫ਼ਲ ਹੋ ਗਏ, ਉਸ ਨੇ ਮੋਦੀ ਸਰਕਾਰ ਦੇ ਨਾਲ ਪੁਲਿਸ, ਖੁਫ਼ੀਆ ਸੰਗਠਨਾਂ ਅਤੇ ਅੱਤਵਾਦ ਰੋਕੂ ਏਜੰਸੀਆਂ ਦੀ ਚੁਣੌਤੀ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਅੱਤਵਾਦੀਆਂ ਤੇ ਉਨ੍ਹਾਂ ਦੇ ਟਿਕਾਣਿਆਂ ਤੱਕ ਤਾਂ ਪੁੱਜ ਗਈਆਂ, ਪਰ ਉਹ ਉਨ੍ਹਾਂ ਦੇ ਪੂਰੇ ਨੈਟਵਰਕ ਨੂੰ ਨਾਕਾਮ ਨਹੀਂ ਕਰ ਸਕੀਆਂ। ਕੇਂਦਰ ਸਰਕਾਰ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਇਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਸੁਰੱਖਿਆ ਏਜੰਸੀਆਂ ਆਖ਼ਰ ਇਸ ਪੂਰੇ ਅੱਤਵਾਦੀ ਨੈਟਵਰਕ ਨੂੰ ਤਬਾਹ ਕਰਨ ’ਚ ਸਮਰੱਥ ਹੋਣਗੀਆਂ, ਪਰ ਸਮੱਸਿਆ ਸਿਰਫ਼ ਇਕ ਅੱਤਵਾਦੀ ਨੈਟਵਰਕ ਦੀ ਨਹੀਂ ਹੈ।

ਪਿਛਲੇ ਦਿਨੀਂ ਕਈ ਅਜਿਹੇ ਅੱਤਵਾਦੀ ਨੈਟਵਰਕ ਫੜੇ ਗਏ ਹਨ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਰਗਰਮ ਹੋ ਕੇ ਅੱਤਵਾਦ ਦੀ ਸਾਜ਼ਿਸ਼ ਰਚ ਰਹੇ ਸਨ। ਸਪੱਸ਼ਟ ਹੈ ਕਿ ਸੁਰੱਖਿਆ ਏਜੰਸੀਆਂ ਤੇ ਵਿਸ਼ੇਸ਼ ਰੂਪ ਨਾਲ ਅੱਤਵਾਦ ਰੋਕੂ ਏਜੰਸੀਆਂ ਨੂੰ ਹੋਰ ਵੱਧ ਚੌਕਸ ਹੋਣਾ ਪਵੇਗਾ ਤੇ ਆਪਸੀ ਸਹਿਯੋਗ ਵੀ ਦਿਖਾਉਣਾ ਪਵੇਗਾ। ਕਸ਼ਮੀਰ ਦੇ ਅੱਤਵਾਦੀਆਂ ਨੇ ਜਿਸ ਤਰ੍ਹਾਂ ਫ਼ਰੀਦਾਬਾਦ ’ਚ ਟਿਕਾਣਾ ਬਣਾ ਲਿਆ, ਉਸ ਨੂੰ ਦੇਖਦੇ ਹੋਏ ਇਹ ਸਾਫ਼ ਹੈ ਕਿ ਉਹ ਦੇਸ਼ ’ਚ ਕਿਤੇ ਵੀ ਤੇ ਕਿਸੇ ਵੀ ਰੂਪ ’ਚ ਲੁਕੇ ਹੋ ਸਕਦੇ ਹਨ। ਦਿੱਲੀ ਨੂੰ ਦਹਿਲਾਉਣ ਵਾਲੀ ਘਟਨਾ ਲਈ ਜਿਨ੍ਹਾਂ ਅੱਤਵਾਦੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਉਨ੍ਹਾਂ ਦੇ ਤਾਰ ਜਿਸ ਤਰ੍ਹਾਂ ਪਾਕਿਸਤਾਨ ਨਾਲ ਜੁੜ ਰਹੇ ਹਨ, ਉਸ ’ਤੇ ਹੈਰਾਨੀ ਨਹੀਂ। ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਅੱਤਵਾਦ ਖਿ਼ਲਾਫ਼ ਨਵੀਂ ਨੀਤੀ ਦੇ ਤਹਿਤ ਕੀ ਪਾਕਿਸਤਾਨ ਖ਼ਿਲਾਫ਼ ਨਵੇਂ ਸਿਰੇ ਤੋਂ ਕੋਈ ਸਖ਼ਤ ਕਾਰਵਾਈ ਕੀਤੀ ਜਾਵੇਗੀ?

ਇਹ ਸਵਾਲ ਇਸ ਲਈ ਵੀ, ਕਿਉਂਕਿ ਆਪ੍ਰੇਸ਼ਨ ਸਿੰਧੂਰ ਅਜੇ ਜਾਰੀ ਹੈ। ਬਿਨਾਂ ਸ਼ੱਕ ਚੁਣੌਤੀ ਸਿਰਫ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਹੀ ਨਹੀਂ, ਇਸ ਦੀ ਵੀ ਹੈ ਕਿ ਉਸ ਦੇ ਉਕਸਾਵੇ ’ਚ ਆ ਕੇ ਕਸ਼ਮੀਰ ਤੋਂ ਲੈ ਕੇ ਕੇਰਲ ਤੱਕ ਅੱਤਵਾਦ ਦੇ ਰਾਹ ’ਤੇ ਚੱਲਣ ਵਾਲਿਆਂ ’ਤੇ ਕਿਵੇਂ ਲਗਾਮ ਲੱਗੇ। ਇਹ ਚੁਣੌਤੀ ਸਿਰਫ਼ ਸਰਕਾਰ ਦੇ ਸਾਹਮਣੇ ਹੀ ਨਹੀਂ, ਸਮਾਜ ਤੇ ਵਿਸ਼ੇਸ਼ ਰੂਪ ਨਾਲ ਮੁਸਲਿਮ ਸਮਾਜ ਦੇ ਸਾਹਮਣੇ ਵੀ ਹੈ। ਇਹ ਵੱਡੇ ਸੰਕਟ ਦਾ ਸੂਚਕ ਹੈ ਕਿ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵੀ ਅੱਤਵਾਦੀ ਬਣਨਾ ਪਸੰਦ ਕਰ ਰਹੇ ਹਨ। ਇਸ ਨਾਲ ਅੱਤਵਾਦ ਇਕ ਨਵੇਂ ਰੂਪ ’ਚ ਉੱਭਰ ਰਿਹਾ ਹੈ ਤੇ ਇਹ ਦੱਸ ਰਿਹਾ ਹੈ ਕਿ ਮਜ਼ਹਬੀ ਫ਼ਸਾਦ ਬਹੁਤ ਵੱਡੇ ਪੱਧਰ ’ਤੇ ਫੈਲ ਗਿਆ ਹੈ। ਇਸ ਗੰਭੀਰ ਸਮੱਸਿਆ ਦਾ ਸਾਹਮਣਾ ਤਦ ਸੰਭਵ ਹੈ, ਜਦ ਸਰਕਾਰੀ ਤੰਤਰ ਦੇ ਨਾਲ ਮੁਸਲਿਮ ਸਮਾਜ ਦੀ ਸਿਆਸੀ, ਧਾਰਮਿਕ ਲੀਡਰਸ਼ਿਪ ਇਹ ਦੇਖਣ ਨੂੰ ਤਿਆਰ ਹੋਵੇਗੀ ਕਿ ਉਸ ਦੇ ਪੜ੍ਹੇ-ਲਿਖੇ ਨੌਜਵਾਨ ਵੀ ਅੱਤਵਾਦ ਦਾ ਪਾਠ ਕਿਉਂ ਪੜ੍ਹ ਰਹੇ ਹਨ? ਬਿਨਾਂ ਸ਼ੱਕ ਉਹ ਅਜਿਹਾ ਤਦ ਹੀ ਕਰ ਸਕੇਗੀ, ਜਦ ਅੱਤਵਾਦ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੇ ਬਹਿਕਾਵੇ ’ਚ ਨਹੀਂ ਆਏਗੀ।

Share this content:

Post Comment