Loading Now

ਅੱਜ ਤੋਂ ਹੋਵੇਗਾ ਕਿਸਾਨ ਮੇਲਿਆਂ ਦਾ ਆਗਾਜ਼, ਇਸ ਦਿਨ ਹੋਵੇਗਾ PAU ਦਾ ਦੋ ਰੋਜ਼ਾ ਕਿਸਾਨ ਮੇਲਾ

ਅੱਜ ਤੋਂ ਹੋਵੇਗਾ ਕਿਸਾਨ ਮੇਲਿਆਂ ਦਾ ਆਗਾਜ਼, ਇਸ ਦਿਨ ਹੋਵੇਗਾ PAU ਦਾ ਦੋ ਰੋਜ਼ਾ ਕਿਸਾਨ ਮੇਲਾ

ਲੁਧਿਆਣਾ, 9 ਸਤੰਬਰ – ਅੱਜ ਨਾਗ ਕਲਾਂ ਅੰਮ੍ਰਿਤਸਰ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਨਾਲ ਪੀਏਯੂ ਵੱਲੋਂ ਸਤੰਬਰ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਪੀਏਯੂ ਲੁਧਿਆਣਾ ਡਾ. ਤੇਜਿੰਦਰ ਸਿੰਘ ਰਿਆੜ ਅਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ 11 ਸਤੰਬਰ ਨੂੰ ਬੱਲੋਵਾਲ ਸੌਂਖੜੀ ਦਾ, 15 ਨੂੰ ਪਟਿਆਲਾ, 18 ਅਤੇ 19 ਨੂੰ ਪੀਏਯੂ ਦੇ ਮੁੱਖ ਕੈਂਪਸ ਦਾ, 22 ਨੂੰ ਫਰੀਦਕੋਟ, 25 ਤਰੀਕ ਨੂੰ ਬਠਿੰਡੇ ਦਾ ਅਤੇ 29 ਨੂੰ ਗੁਰਦਾਸਪੁਰ ਦਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਕਿਸਾਨ ਮੇਲਿਆਂ ਦੌਰਾਨ ਕਿਸਾਨ ਅਤੇ ਵਿਗਿਆਨੀਆਂ ਨੂੰ ਇੱਕੋ ਸਥਾਨ ਤੋਂ ਖੇਤੀ ਨਾਲ ਸਬੰਧਤ ਬਹੁਤ ਸਾਰੀਆਂ ਮੁਸ਼ਕਿਲਾਂ, ਸਮੱਸਿਆਵਾਂ ਦੇ ਨਾਲ ਨਾਲ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਹਨਾਂ ਬਾਰੇ ਵਿਚਾਰਨ ਦਾ ਇੱਕ ਮੰਚ ਮੁਹੱਈਆ ਕੀਤਾ ਜਾਂਦਾ ਹੈ।

ਇਥੇ ਨਾ ਸਿਰਫ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੁੰਦੇ ਹਨ ਬਲਕਿ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਕਾਢਾਂ ਅਤੇ ਖੇਤੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਜਨਕ ਜਵਾਬ ਦੇ ਕੇ ਇਸ ਯੋਗ ਬਣਾਇਆ ਜਾਂਦਾ ਹੈ ਕਿ ਉਹ ਆਉਂਦੀ ਫਸਲ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਲਾ ਕੇ ਵੱਧ ਤੋਂ ਵੱਧ ਝਾੜ ਪੈਦਾ ਕਰਨ ਅਤੇ ਆਪਣੇ ਆਮਦਨ ਵਿੱਚ ਵਾਧਾ ਕਰ ਸਕਣ। ਇਸ ਦੇ ਨਾਲ ਹੀ ਖੇਤੀ ਅਤੇ ਹੋਰ ਕਿੱਤਿਆਂ ਬਾਰੇ ਨਵੀਂ ਜਾਣਕਾਰੀ ਕਿਸਾਨਾਂ ਨੂੰ ਪਹੁੰਚਾਉਣ ਦਾ ਕਾਰਜ ਵੀ ਇਹ ਕਿਸਾਨ ਮੇਲੇ ਕਰਦੇ ਹਨ। ਇਸ ਮੇਲੇ ਦਾ ਇੱਕ ਹੋਰ ਉਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ ਜਿਸ ਵਿੱਚ ਪ੍ਰਾਈਵੇਟ ਸੈਕਟਰ ਵੱਲੋਂ ਨਵੀਂ ਖੇਤ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ । ਇਹ ਕਿਸਾਨ ਮੇਲੇ ਪੰਜਾਬ ਵਿੱਚ ਵਿਗਿਆਨਕ ਖੇਤੀ ਦਾ ਮੁੱਢ ਸਾਬਿਤ ਹੋਏ ਹਨ। ਇਹਨਾਂ ਮੇਲਿਆਂ ਰਾਹੀਂ ਬਹੁਤ ਸਾਰੇ ਅਗਾਂਹਵਧੂ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਕਿੱਤਾ ਬਨਾਉਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਫਲ ਰਹੇ।

Share this content:

Post Comment