ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ
ਚੰਡੀਗੜ੍ਹ, 8 ਸਤੰਬਰ – ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਸੂਬੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ ਆਈ ਐੱਮ) ਮੌਕੇ ਯੂ ਏ ਈ ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ ਏ ਈ ਆਈ ਆਈ ਸੀ) ਦੇ ਸਕੱਤਰ ਜਨਰਲ ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਸੂਬੇ ਵਿੱਚ ਨਿਵੇਸ਼ ਲਿਆਉਣ ਦੇ ਅਥਾਹ ਤੇ ਵਿਆਪਕ ਮੌਕਿਆਂ ਬਾਰੇ ਚਰਚਾ ਕੀਤੀ। ਸ੍ਰੀ ਅਰੋੜਾ ਨੇ ਅਬਦੁੱਲਾ ਅਹਿਮਦ ਅਲ ਸੁਵੈਦੀ ਨੂੰ ਪੰਜਾਬ ਦੀਆਂ ਆਰਥਿਕ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਯੂ ਏ ਈ ਦੇ ਨਿਵੇਸ਼ਕਾਂ ਨੂੰ ਸਰਕਾਰੀ, ਅਰਧ- ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਸ੍ਰੀ ਅਰੋੜਾ ਨੇ ਯੂ ਏ ਈ ਆਈ ਆਈ ਸੀ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਜਾਂ ਕਾਰੋਬਾਰ ਵਿਸਥਾਰ ਦੇ ਚਾਹਵਾਨ ਨਿਵੇਸ਼ਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਪ੍ਰਸ਼ਾਸਕੀ ਸਹਿਯੋਗ, ਮਾਰਗਦਰਸ਼ਨ ਅਤੇ ਮਾਲ-ਢੁਆਈ ਤੇ ਹੋਰ ਪ੍ਰਬੰਧਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ‘ਇਨਵੈਸਟ ਪੰਜਾਬ’ ਰਾਹੀਂ ਆਸਾਨੀ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ, ਜੋ ਸੁਚਾਰੂ ਅਤੇ ਮੁਸ਼ਕਲ ਰਹਿਤ ਨਿਵੇਸ਼ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਤੁਰੰਤ ਕਾਨੂੰਨੀ ਪ੍ਰਵਾਨਗੀਆਂ ਅਤੇ ਮਨਜ਼ੂਰੀਆਂ ਪ੍ਰਦਾਨ ਲਈ ਸੂਬੇ ਦਾ ਇੱਕ ਸਿੰਗਲ-ਵਿੰਡੋ ਪਲੇਟਫਾਰਮ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਮੁਲਾਕਾਤ ਅਹਿਮ ਮੀਲ ਪੱਥਰ ਸਾਬਤ ਹੋਵੇਗੀ, ਜੋ ਦੁਵੱਲੇ ਆਰਥਿਕ ਸਹਿਯੋਗ, ਮਜ਼ਬੂਤ ਵਪਾਰਕ ਸਬੰਧਾਂ ਅਤੇ ਪੰਜਾਬ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਦਾ ਰਾਹ ਪੱਧਰਾ ਕਰੇਗੀ।
Share this content:



Post Comment