ਅਰਜਨਟੀਨਾ ਦੇ ਰਾਸ਼ਟਰਪਤੀ ਦੇ ਸਹਿਯੋਗੀ ਕੈਬਨਿਟ ਮੁਖੀ ਮੈਨੂਅਲ ਅਡੋਰਨੀ ਨੇ ਦੀਤਾ ਅਸਤੀਫ਼ਾ
29, ਜੂਨ – ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ ਦੇ ਸਹਿਯੋਗੀ ਅਤੇ ਕੈਬਨਿਟ ਮੁਖੀ ਮੈਨੂਅਲ ਅਡੋਰਨੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸ਼ਨਿਚਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਇਸ ਘਟਨਾ ਨਾਲ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤਰਜਮਾਨ ਰਹਿ ਚੁੱਕੇ ਅਡੋਰਨੀ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਹਨ। ਫੈਡਰਲ ਜਾਂਚ ਏਜੰਸੀਆਂ ਉਨ੍ਹਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਜਾਇਦਾਦ ਮਾਮਲੇ ਦੀ ਜਾਂਚ ਕਰ ਰਹੀਆਂ ਹਨ; ਹਾਲਾਂਕਿ ਅਡੋਰਨੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਜਾਇਜ਼ ਸਰੋਤਾਂ ਤੋਂ ਜਾਇਦਾਦ ਬਣਾਈ ਹੈ ਜਿਨ੍ਹਾਂ ਵਿੱਚ ਕ੍ਰਿਪਟੋਕਰੰਸੀ ਨਿਵੇਸ਼ ਵੀ ਸ਼ਾਮਲ ਹੈ।
ਸ਼ਾਨਦਾਰ ਵਿਦੇਸ਼ ਦੌਰਿਆਂ, ਮਹਿੰਗੀਆਂ ਜਾਇਦਾਦਾਂ ਦੀ ਖ਼ਰੀਦ ਅਤੇ ਨਿੱਜੀ ਜਹਾਜ਼ਾਂ ਦੀ ਵਰਤੋਂ ਬਾਰੇ ਖ਼ੁਲਾਸੇ ਸਾਹਮਣੇ ਆਉਣ ਬਾਅਦ ਅਡੋਰਨੀ ਦੀ ਆਲੋਚਨਾ ਸ਼ੁਰੂ ਹੋ ਗਈ ਸੀ। ਮਿਲੇਈ ਨੇ ਬੀਤੇ ਵਰ੍ਹੇ ਅਡੋਰਨੀ ਨੂੰ ਕੈਬਨਿਟ ਮੁਖੀ ਬਣਾਇਆ ਸੀ। ਦਬਾਅ ਪੈਣ ’ਤੇ ਅਡੋਰਨੀ ਨੇ ਬਲੈਕ ਵਿੱਚ ਡਾਲਰ ਖ਼ਰੀਦਣ ਅਤੇ ਕਰੀਬ 5 ਲੱਖ ਡਾਲਰ ਦੀ ਬਚਤ ਟੈਕਸ ਅਧਿਕਾਰੀਆਂ ਤੋਂ ਛਿਪਾਉਣ ਦੀ ਗੱਲ ਮੰਨੀ ਸੀ। ਦੂਜੇ ਪਾਸੇ, ਰਾਸ਼ਟਰਪਤੀ ਮਿਲੇਈ ਨੇ ਅਡੋਰਨੀ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਬੇਕਸੂਰ ਹਨ ਅਤੇ ਉਹ ਆਪਣੇ ਮੰਤਰੀਆਂ ਦਾ ਅੰਤ ਤੱਕ ਸਾਥ ਦੇਣਗੇ। ਰਾਸ਼ਟਰਪਤੀ ਦੀ ਭੈਣ ਅਤੇ ਸੀਨੀਅਰ ਸਲਾਹਕਾਰ ਕਰੀਨਾ ਮਿਲੇਈ ਨੇ ਵੀ ਅਡੋਰਨੀ ਦੇ ਕੰਮ ਦੀ ਸ਼ਲਾਘਾ ਕੀਤੀ।
Share this content:



Post Comment