Loading Now

ਅਮਰੀਕਾ ਨੇ ਕੈਨੇਡੀਅਨ ਵਸਤਾਂ ’ਤੇ ਲਾਈ ਪਾਬੰਦੀ

ਅਮਰੀਕਾ ਨੇ ਕੈਨੇਡੀਅਨ ਵਸਤਾਂ ’ਤੇ ਲਾਈ ਪਾਬੰਦੀ

ਟੋਰਾਂਟੋ, 10 ਅਮਰੀਕਾ ਨੇ ਕੈਨੇਡਾ ਤੋਂ ਆਉਣ ਵਾਲੇ ਡੇਅਰੀ ਉਤਪਾਦਾਂ, ਸ਼ਰਾਬ ਅਤੇ ਮੋਟਰਸਾਈਕਲਾਂ ’ਤੇ ਪਾਬੰਦੀ ਲਾ ਦਿੱਤੀ ਹੈ। ਦੋਵੇਂ ਮੁਲਕਾਂ ਵਿਚਾਲੇ ਵਪਾਰਕ ਜੰਗ ਵਧਣ ਮਗਰੋਂ ਵ੍ਹਾਈਟ ਹਾਊਸ ਨੇ ਵਸਤਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਇਹ ਪਾਬੰਦੀ ਤਿੰਨ ਹਫ਼ਤਿਆਂ ’ਚ ਲਾਗੂ ਹੋਵੇਗੀ। ਕੈਨੇਡਾ ਵੱਲੋਂ ਅਮਰੀਕੀ ਵਸਤਾਂ ’ਤੇ 20 ਅਰਬ ਡਾਲਰ ਦੇ ਜਵਾਬੀ ਟੈਰਿਫ ਲਾਏ ਜਾਣ ਮਗਰੋਂ ਵਾਸ਼ਿੰਗਟਨ ਨੇ ਕਾਰਵਾਈ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕੈਨੇਡੀਅਨ ਉਤਪਾਦਾਂ ਨੂੰ ਵੱਡੇ, ਲੰਮੇ ਸਮੇਂ ਦੇ ਅਮਰੀਕੀ ਸਰਕਾਰੀ ਠੇਕਿਆਂ ਤੋਂ ਬਾਹਰ ਰੱਖਣ ਦੀ ਕਾਰਵਾਈ ਕੀਤੀ ਕਿਉਂਕਿ ਕੈਨੇਡਾ ਦੇ ਜਵਾਬੀ ਟੈਰਿਫ ਲਾਗੂ ਹੋ ਗਏ ਸਨ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ’ਤੇ ਮੁਲਕ ਦੀ ਨਿਰਭਰਤਾ ਘਟਾਉਣ ਦਾ ਅਹਿਦ ਲਿਆ ਹੈ। ਟਰੰਪ ਨੇ ਅਮਰੀਕੀ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਨੂੰ ਹੁਕਮ ਦਿੱਤੇ ਕਿ ਉਹ ਕੈਨੇਡੀਅਨ ਉਤਪਾਦਾਂ ਨੂੰ ਉਦੋਂ ਤੱਕ ਇਨ੍ਹਾਂ ਠੇਕਿਆਂ ਲਈ ਅਯੋਗ ਐਲਾਨੇ ਜਦੋਂ ਤੱਕ ਕੈਨੇਡਾ ਅਮਰੀਕੀ ਉਤਪਾਦਾਂ ਲਈ ਪੂਰੀ ਅਤੇ ਨਿਰਪੱਖ ਆਪਸੀ ਸਾਂਝ ਦੀ ਇਜਾਜ਼ਤ ਨਹੀਂ ਦਿੰਦਾ।

ਇਸ ਤੋਂ ਪਹਿਲਾਂ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਰਣਨੀਤੀ ਵਧੇਰੇ ਆਤਮ-ਨਿਰਭਰ ਬਣਨ ਬਾਰੇ ਹੈ। ਉਨ੍ਹਾਂ ਕਿਹਾ, ‘‘ਇਹ ਇਸ ਗੱਲ ਨੂੰ ਯਕੀਨੀ ਬਣਾਉਣ ਬਾਰੇ ਹੈ ਕਿ ਕੋਈ ਵੀ ਮੁਲਕ ਕਿਸੇ ਨੂੰ ਬੰਧਕ ਬਣਾ ਕੇ ਨਾ ਰੱਖ ਸਕੇ ਅਤੇ ਅਸੀਂ ਉਸੇ ਤਰ੍ਹਾਂ ਰਹਿ ਸਕੀਏ ਜਿਵੇਂ ਅਸੀਂ ਰਹਿਣਾ ਚਾਹੁੰਦੇ ਹਾਂ।’’ ਕੈਨੇਡਾ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਮੇਲ-ਜੋਲ ਵਧਾਇਆ ਜਾ ਰਿਹਾ ਹੈ ਤਾਂ ਕਿ ਉਸ ਨਾਲ ਕੋਈ ਵਪਾਰ ਸਮਝੌਤਾ ਕੀਤਾ ਜਾ ਸਕੇ।

ਇੱਕ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਪਹਿਲਾਂ ਹੀ ਸੂਬਿਆਂ, ਖੇਤਰਾਂ ਅਤੇ ਮਜ਼ਦੂਰ ਗਰੁੱਪਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ ਤਾਂ ਕਿ ਯੂਰੋਪੀਅਨ ਯੂਨੀਅਨ ਨਾਲ ਗੂੜ੍ਹੇ ਰਿਸ਼ਤੇ ਕਾਇਮ ਕਰਨ ਦੇ ਰਾਹ ਲੱਭੇ ਜਾ ਸਕਣ। ਉਂਜ ਕਾਰਨੀ ਅਗਲੇ ਹਫ਼ਤੇ ਫਰਾਂਸ ਦੇ ਦੌਰੇ ’ਤੇ ਜਾਣਗੇ ਜਿੱਥੇ ਉਹ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਅਨ ਵੱਲੋਂ 16 ਸਤੰਬਰ ਨੂੰ ਦਿੱਤੇ ਜਾਣ ਵਾਲੇ ਭਾਸ਼ਣ ’ਚ ਸ਼ਾਮਲ ਹੋਣਗੇ ਅਤੇ ਅਗਲੇ ਦਿਨ ਉਹ ਯੂਰੋਪੀਅਨ ਸੰਸਦ ਨੂੰ ਸੰਬੋਧਨ ਕਰਨਗੇ। ਅਮਰੀਕਾ ਅਤੇ ਕੈਨੇਡਾ ਦੇ ਵਪਾਰਕ ਮਤਭੇਦਾਂ ਕਾਰਨ ਦੁਨੀਆ ਦੇ ਸਭ ਤੋਂ ਨਜ਼ਦੀਕੀ ਮੁਲਕਾਂ ’ਚ ਤਰੇੜ ਪੈ ਗਈ ਹੈ। ਦੋਵੇਂ ਮੁਲਕਾਂ ਦੇ ਅਰਥਚਾਰੇ ਇੱਕ-ਦੂਜੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ।

Share this content:

Post Comment