ਅਮਰੀਕਾ ਤੋਂ ਡਿਪੋਰਟ ਹੋਈ ਹਰਜੀਤ ਕੌਰ ਦਾ ਛਲਕਿਆ ਦਰਦ
ਐੱਸ ਏ ਐੱਸ ਨਗਰ, 27 ਸਤੰਬਰ – ਅਮਰੀਕਾ ਵਿੱਚ 32 ਸਾਲ ਬਿਤਾਉਣ ਤੋਂ ਬਾਅਦ ਡਿਪੋਰਟ ਕੀਤੀ ਗਈ ਪੰਜਾਬ ਮੂਲ ਦੀ 73 ਸਾਲਾ ਬਜ਼ੁਰਗ ਔਰਤ ਹਰਜੀਤ ਕੌਰ ਨੇ ਹੁਣ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰੀ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ। ਹਰਜੀਤ ਕੌਰ, ਜੋ ਇਸ ਸਮੇਂ ਮੋਹਾਲੀ ਵਿੱਚ ਆਪਣੀ ਭੈਣ ਦੇ ਘਰ ਰਹਿ ਰਹੀ ਹੈ, ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਛੇ ਮਹੀਨਿਆਂ ਬਾਅਦ ਹਾਜ਼ਰੀ ਲਗਾਉਣ ਦੀ ਲੋੜ ਹੁੰਦੀ ਸੀ। ਉਹ ਨਿਯਤ ਤਰੀਕ ‘ਤੇ ਅਮਰੀਕੀ ਦਫ਼ਤਰ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਗ੍ਰਿਫ਼ਤਾਰੀ ਦੇ ਸਮੇਂ ਦੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ-
ਠੰਢੇ ਕਮਰੇ ਵਿੱਚ ਕੈਦ: ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇੱਕ ਬਹੁਤ ਹੀ ਠੰਢੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਠੰਢ ਤੋਂ ਬਚਣ ਲਈ ਕੁਝ ਮੰਗਿਆ ਤਾਂ ਉਨ੍ਹਾਂ ਨੂੰ ਸਿਰਫ਼ ਐਲੂਮੀਨੀਅਮ ਫੌਇਲ ਦਾ ਇੱਕ ਟੁਕੜਾ ਦਿੱਤਾ ਗਿਆ। 10 ਦਿਨਾਂ ਤੱਕ ਤਸੀਹੇ: ਅਗਲੀ ਸਵੇਰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਉਨ੍ਹਾਂ ਨੂੰ ਐਰੀਜ਼ੋਨਾ ਦੇ ਬੇਕਸਵਿਡ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ 10 ਦਿਨ ਵੱਖ-ਵੱਖ ਡਿਟੈਂਸ਼ਨ ਸੈੱਲਾਂ ਵਿੱਚ ਰੱਖਿਆ ਗਿਆ। ਉਨ੍ਹਾਂ ਨੂੰ ਸੌਣ ਲਈ ਇੱਕ ਛੋਟਾ ਜਿਹਾ ਫੱਟਾ ਦਿੱਤਾ ਗਿਆ।
ਭੋਜਨ ਦੀ ਮੁਸ਼ਕਲ: ਖਾਣੇ ਵਿੱਚ ਉਨ੍ਹਾਂ ਨੂੰ ਠੰਢੀ ਬਰੈੱਡ ਅਤੇ ਬੀਫ ਦਿੱਤਾ ਜਾਂਦਾ ਸੀ, ਜਿਸ ਨੂੰ ਉਹ ਖਾ ਨਹੀਂ ਸਕਦੇ ਸਨ। ਇਸ ਕਰਕੇ ਉਨ੍ਹਾਂ ਨੇ 10 ਦਿਨ ਚਿਪਸ, ਦੋ ਬਿਸਕੁਟ ਅਤੇ ਪਾਣੀ ‘ਤੇ ਹੀ ਗੁਜ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਦਿਨਾਂ ਦੌਰਾਨ ਮਹਿਸੂਸ ਹੁੰਦਾ ਸੀ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ। ਹਰਜੀਤ ਕੌਰ, ਜੋ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ, ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ 24 ਸਤੰਬਰ ਨੂੰ ਗੈਰਕਾਨੂੰਨੀ ਤੌਰ ‘ਤੇ ਰਹਿਣ ਦੇ ਦੋਸ਼ ਹੇਠ ਬੇੜੀਆਂ ਲਗਾ ਕੇ ਭਾਰਤ ਡਿਪੋਰਟ ਕੀਤਾ ਸੀ। ਪਰਿਵਾਰ ਦਾ ਤਰਕ ਹੈ ਕਿ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
Share this content:


Post Comment