Loading Now

ਅਕਾਲੀ ਦਲ ਦਾ ਵੱਡਾ ਐਕਸ਼ਨ, ਇੱਕ ਹੋਰ ਆਗੂ ਨੂੰ ਪਾਰਟੀ ਵਿਚੋਂ ਕੱਢਿਆ ਬਾਹਰ!

ਅਕਾਲੀ ਦਲ ਦਾ ਵੱਡਾ ਐਕਸ਼ਨ, ਇੱਕ ਹੋਰ ਆਗੂ ਨੂੰ ਪਾਰਟੀ ਵਿਚੋਂ ਕੱਢਿਆ ਬਾਹਰ!

29-ਸਤਬੰਰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ  (ਸੰਯੁਕਤ ਸਕੱਤਰ) ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਹੈ। ਇਹ ਕਾਰਵਾਈ ਰੂਪ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਦਾਅਵੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ-ਵਾਰ ਅਨੁਸ਼ਾਸਨਹੀਣਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬਕਾਇਦਾ ਵੀਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਹੋਈ ਘਟਨਾ ਸਬੰਧੀ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. ਵਿੱਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀ।

ਲੰਘੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਰੂਪ ਕੌਰ ਨੇ ਦਾਅਵਾ ਕੀਤਾ ਕਿ ਬਹਿਰੀਨ ਦੀ ਔਰਤ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਆਪਣੇ ਨਾਲ ਹੋਏ ਹੱਡਬੀਤੇ ਅਨੁਭਵ ਸਾਂਝੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਨੇ ਕਈ ਅਜਿਹੇ ਨਾਮਵਰ ਵਿਅਕਤੀਆਂ ਦੇ ਨਾਂ ਲਏ ਹਨ, ਜਿਨ੍ਹਾਂ ਨੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਆਪਣੀ ਚੰਗੀ ਪੈਠ ਬਣਾਈ ਹੋਈ ਹੈ। ਰੂਪ ਕੌਰ ਨੇ ਕਿਸੇ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇਹਨਾਂ ਵਿੱਚੋਂ ਕੁਝ ਵਿਅਕਤੀ ਪ੍ਰਮੁੱਖ ਪੰਥਕ ਹਲਕਿਆਂ ਨਾਲ ਸਬੰਧਤ ਹਨ।

ਰੂਪ ਕੌਰ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਕਥਿਤ ਵਿਵਹਾਰ ਦਾ ਖੁਲਾਸਾ ਕਰਨਗੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਠੋਸ ਸਬੂਤ ਰੱਖ ਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਵੀ ਜਤਾਇਆ, ਪਰ ਨਾਲ ਹੀ ਕਿਹਾ ਕਿ ਜੇਕਰ ਉਹ ਸੁਰੱਖਿਅਤ ਰਹੇ ਤਾਂ ਇਹ ਖੁਲਾਸੇ ਜਾਰੀ ਰੱਖਣਗੇ।

Share this content:

Post Comment