Loading Now

ਅਕਾਦਮਿਕ ਸੈਸ਼ਨ 2026-27 ਲਈ ਜਲਦੀ ਹੀ ਖੁੱਲ੍ਹਣਗੇ ਸਕਾਲਰਸ਼ਿਪ ਪੋਰਟਲ

ਅਕਾਦਮਿਕ ਸੈਸ਼ਨ 2026-27 ਲਈ ਜਲਦੀ ਹੀ ਖੁੱਲ੍ਹਣਗੇ ਸਕਾਲਰਸ਼ਿਪ ਪੋਰਟਲ

ਹੁਸ਼ਿਆਰਪੁਰ, 19 ਮਈ – ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਨੇ ਅਕਾਦਮਿਕ ਸੈਸ਼ਨ 2026-2027 ਲਈ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਸੰਬੰਧੀ ਇੱਕ ਮਹੱਤਵਪੂਰਨ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ ਸਿਰ ਯੋਗ ਵਿਦਿਆਰਥੀਆਂ ਦੇ ਦਸਤਾਵੇਜ਼ ਪੂਰੇ ਕਰਵਾ ਲੈਣ ਤਾਂ ਜੋ ਕੋਈ ਵੀ ਲੋੜਵੰਦ  ਵਿਦਿਆਰਥੀ ਇਸ ਲਾਭ ਤੋਂ ਵਾਂਝਾ ਨਾ ਰਹਿ ਜਾਵੇ।

ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ ਅਰਜ਼ੀ ਪ੍ਰਕਿਰਿਆ

ਜਾਰੀ ਹੁਕਮਾਂ ਅਨੁਸਾਰ ਕੇਂਦਰ ਪ੍ਰਾਯੋਜਿਤ ਸਕਾਲਰਸ਼ਿਪ ਯੋਜਨਾਵਾਂ, ਜਿਵੇਂ ਕਿ ਐਸਸੀ ਅਤੇ ਓਬੀਸੀ ਵਰਗਾਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ, ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ ਮਈ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕਾਲਰਸ਼ਿਪ ਯੋਜਨਾਵਾਂ ਲਈ ਈ-ਪੰਜਾਬ ਪੋਰਟਲ ਅਗਸਤ ਦੇ ਪਹਿਲੇ ਹਫ਼ਤੇ ਤੱਕ ਚਾਲੂ ਕੀਤਾ ਜਾਵੇਗਾ।

ਅਪਲਾਈ ਕਰਨ ਲਈ ਇਹ ਦਸਤਾਵੇਜ਼ ਹਨ ਬੇਹੱਦ ਜ਼ਰੂਰੀ

ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਦਾਖਲੇ ਦੇ ਸਮੇਂ ਹੀ ਯੋਗ ਵਿਦਿਆਰਥੀਆਂ ਦੀ ਪਛਾਣ ਕਰ ਲਈ ਜਾਵੇ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਆਧਾਰ ਕਾਰਡ ਨੰਬਰ ਸਮੇਤ ਸਾਰੇ ਲੋੜੀਂਦੇ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰੱਖਣ ਲਈ ਕਿਹਾ ਗਿਆ ਹੈ। ਮਹੱਤਵਪੂਰਨ ਨੋਟ: ਵਿਦਿਆਰਥੀਆਂ ਦੇ ਬੈਂਕ ਖਾਤੇ ਚਾਲੂ ਹੋਣੇ ਲਾਜ਼ਮੀ ਹਨ। ਇਸ ਦੇ ਨਾਲ ਹੀ, ਬੈਂਕ ਖਾਤਾ ਆਧਾਰ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ। ਜਿਨ੍ਹਾਂ ਬੈਂਕਾਂ ਦਾ ਆਪਸ ਵਿੱਚ ਰਲੇਵਾਂ (ਮਰਜ਼) ਹੋਇਆ ਹੈ, ਉਨ੍ਹਾਂ ਦੇ ਨਵੇਂ ਆਈਐਫਐਸਸੀ ਕੋਡ ਨੂੰ ਅਪਡੇਟ ਕਰਨਾ ਵੀ ਬੇਹੱਦ ਜ਼ਰੂਰੀ ਹੈ।

ਮੁਸ਼ਕਲਾਂ ਦੇ ਹੱਲ ਲਈ ਨਿਯੁਕਤ ਕੀਤੇ ਅਧਿਕਾਰੀ

ਸਕਾਲਰਸ਼ਿਪ ਅਰਜ਼ੀਆਂ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਸਕੂਲ ਮੁਖੀ ਨੂੰ ਸਕੂਲ ਪੱਧਰ ‘ਤੇ ਨੋਡਲ ਅਧਿਕਾਰੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜ਼ਿਲ੍ਹਾ ਪੱਧਰ ‘ਤੇ ਮਨਜ਼ੂਰੀ ਅਥਾਰਟੀ ਨਿਯੁਕਤ ਕੀਤਾ ਗਿਆ ਹੈ। ਜੇਕਰ ਸਮੱਸਿਆ ਦਾ ਹੱਲ ਸਕੂਲ ਜਾਂ ਜ਼ਿਲ੍ਹਾ ਪੱਧਰ ‘ਤੇ ਨਹੀਂ ਹੁੰਦਾ, ਤਾਂ ਵਿਸਥਾਰ ਨਾਲ ਕਾਰਨ ਦਰਜ ਕਰਕੇ ਮੁੱਖ ਦਫ਼ਤਰ ਨੂੰ scholarshipgrievance@gmail.com ’ਤੇ ਈਮੇਲ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ।

Share this content:

Post Comment