UK ‘ਚ ਵਿਅਕਤੀ ਨੇ ਸਿੱਖ ਬੱਸ ਡਰਾਈਵਰ ‘ਤੇ ਕੀਤਾ ਹਮਲਾ, ਦਾੜ੍ਹੀ ਪੁੱਟੀ ਅਤੇ ਦਸਤਾਰ ਦੀ ਕੀਤੀ ਬੇ/ਅਦਬੀ
ਚੰਡੀਗੜ੍ਹ, 19 ਸਤੰਬਰ – ਯੂ.ਕੇ. ਦੇ ਸ਼੍ਰੋਪਸ਼ਾਇਰ ਅਧੀਨ ਆਉਂਦੇ ਸ਼ਹਿਰ ਟੈਲਫੋਰਡ ਵਿੱਚ ਇੱਕ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ, ਬੱਸ ਹਾਈਜੈਕ ਕਰਨ ਅਤੇ ਕਈ ਗੱਡੀਆਂ ਨੂੰ ਟੱਕਰਾਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਮੇਡਲੇ ਦੇ ਕੋਰਟ ਸਟ੍ਰੀਟ ਵਿੱਚ ਪੁਲੀਸ ਨੂੰ ਹਮਲੇ ਦੀ ਇਤਲਾਹ ਮਿਲੀ ਸੀ। ਵਾਇਰਲ ਵੀਡੀਓ ਅਤੇ ਸਰੋਤਾਂ ਅਨੁਸਾਰ ਇੱਕ ਹਮਲਾਵਰ ਵੱਲੋਂ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕੀਤਾ ਗਿਆ, ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਾੜ੍ਹੀ ਵੀ ਪੁੱਟੀ ਗਈ। ਇਸ ਹਮਲੇ ਦੌਰਾਨ ਡਰਾਈਵਰ ਨੂੰ ਬੱਸ ਵਿੱਚੋਂ ਬਾਹਰ ਧੱਕਾ ਦੇ ਕੇ ਕੱਢ ਦਿੱਤਾ ਗਿਆ।
ਹਾਲਾਂਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਨਸਲੀ ਹਮਲਾ ਸੀ ਜਾਂ ਸਿੱਖ ਬੱਸ ਡਰਾਈਵਰ ਨੂੰ ਕੋਈ ਨਸਲੀ ਟਿੱਪਣੀ ਆਖੀ ਗਈ ਸੀ ਜਾਂ ਨਹੀਂ। ਇਸ ਘਟਨਾ ਨੂੰ ਲੈ ਕੇ ਯੂ.ਕੇ. ਸਮੇਤ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਵੱਡੇ ਪੱਧਰ ’ਤੇ ਭਾਰੀ ਰੋਹ ਅਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਅਤੇ ਪ੍ਰਮੁੱਖ ਆਗੂਆਂ ਨੇ ਇਸ ਨਫ਼ਰਤੀ ਅਪਰਾਧ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਵੈਸਟ ਮਰਸੀਆ ਪੁਲਿਸ ਨੇ ਦੱਸਿਆ ਕਿ ਹਮਲੇ ਦੌਰਾਨ ਡਰਾਈਵਰ ਨੂੰ ਬੱਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸਨੂੰ ਪਾਰਕ ਵੇਅ ਤੋਂ ਹਾਈ ਸਟ੍ਰੀਟ ਵੱਲ ਗਲਤ ਦਿਸ਼ਾ ਵਿੱਚ ਚਲਾਇਆ ਗਿਆ ਅਤੇ ਇਸਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ।
ਅਧਿਕਾਰੀਆਂ ਨੇ ਆਖਰਕਾਰ ਵਾਹਨ ਨੂੰ ਰੋਕ ਲਿਆ ਅਤੇ ਲੁੱਟਖੋਹ ਅਤੇ ਖ਼ਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ 20 ਸਾਲਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਜਾਰੀ ਰਹਿਣ ਦੌਰਾਨ ਉਹ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਦਾ ਪੈਰਾਮੈਡਿਕਸ ਵੱਲੋਂ ਮਾਮੂਲੀ ਸੱਟਾਂ ਲਈ ਇਲਾਜ ਕੀਤਾ ਗਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਨੂੰ ਸੱਟ ਨਹੀਂ ਲੱਗੀ। ਰਿਪੋਰਟ ਅਨੁਸਾਰ ਡੈਟ ਸੇਂਟ ਤਾਈਗ ਲਾਨੀ ਨੇ ਕਿਹਾ: “ਅਸੀਂ ਸਮਝਦੇ ਹਾਂ ਕਿ ਇਹ ਇਸ ਸ਼ਾਮ ਇਲਾਕੇ ਵਿੱਚ ਮੌਜੂਦ ਲੋਕਾਂ ਲਈ ਇੱਕ ਚਿੰਤਾਜਨਕ ਘਟਨਾ ਰਹੀ ਹੋਵੇਗੀ। “ਮੈਂ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਧਿਕਾਰੀਆਂ ਨੇ ਤੇਜ਼ੀ ਨਾਲ ਜਵਾਬ ਦਿੱਤਾ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਪੁਲੀਸ ਹਿਰਾਸਤ ਵਿੱਚ ਹੈ।”
Share this content:



Post Comment