SIT ਵੱਲੋਂ SGPC ਦੇ 6 ਮੌਜੂਦਾ ਮੁਲਾਜ਼ਮਾਂ ਤੋਂ ਅੰਮ੍ਰਿਤਸਰ ‘ਚ ਪੁੱਛਗਿੱਛ
ਅੰਮ੍ਰਿਤਸਰ, 31 ਜਨਵਰੀ – 328 ਪਵਿੱਤਰ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਚੱਲ ਰਹੀ ਪੁਲਿਸ ਜਾਂਚ ਦੇ ਹਿੱਸੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਸ਼ੁੱਕਰਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨਬੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਦਿਆਂ ਐਸਆਈਟੀ ਦੀ ਜਾਂਚ ਵਿੱਚ ਐਸਜੀਪੀਸੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੀ ਐਸਆਈਟੀ ਵੱਲੋਂ ਬੁਲਾਏ ਗਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਬਿਆਨ ਕਲਮਬੰਧ ਕਰਵਾਏ ਸਨ ਅਤੇ ਅੱਜ ਵੀ ਪੰਜ ਤੋਂ ਛੇ ਐਸਜੀਪੀਸੀ ਦੇ ਮੁਲਾਜ਼ਮ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਹਨ। ਇਸ ਮੌਕੇ ਅਮਨਬੀਰ ਸਿੰਘ ਨੇ ਕਿਹਾ ਕਿ “ਐਸਜੀਪੀਸੀ ਦੇ ਪ੍ਰਧਾਨ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਾਂਚ ਏਜੰਸੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਇਸ ਤਹਿਤ ਐਸਆਈਟੀ ਨੂੰ ਲੋੜੀਂਦੇ ਸਾਰੇ ਰਿਕਾਰਡ ਪਹਿਲਾਂ ਹੀ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਮੁਲਾਜ਼ਮ ਖੁਦ ਹਾਜ਼ਰ ਹੋ ਕੇ ਆਪਣੇ ਬਿਆਨ ਦਰਜ ਕਰਵਾ ਰਹੇ ਹਨ।”
ਹਾਈਕੋਰਟ ਨੇ ਦਿੱਤਾ ਜਵਾਬ
ਅਮਨਬੀਰ ਸਿੰਘ ਨੇ ਦੱਸਿਆ ਕਿ “ਇਹ ਮਾਮਲਾ ਸਾਲ 2020 ਨਾਲ ਸੰਬੰਧਤ ਹੈ ਅਤੇ ਉਸ ਸਮੇਂ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਸੀ। ਰਿਪੋਰਟ ਵਿੱਚ ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਖ਼ਿਲਾਫ਼ ਐਸਜੀਪੀਸੀ ਵੱਲੋਂ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਗਿਆ ਸੀ ਪਰ ਹਾਈਕੋਰਟ ਨੇ ਵੀ ਐੱਸਜੀਪੀਸੀ ਦੀ ਕਾਨੂੰਨੀ ਕਾਰਵਾਈ ਨੂੰ ਠੀਕ ਕਰਾਰ ਦਿੱਤਾ। “ਗੁਰਦੁਆਰਾ ਐਕਟ 1925 ਅਤੇ ਸਰਵਿਸ ਰੂਲਜ਼ ਅਨੁਸਾਰ ਪਹਿਲਾਂ ਹੀ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਨੈਚੂਰਲ ਜਸਟਿਸ ਦੇ ਸਿਧਾਂਤ ਤਹਿਤ ਇੱਕ ਵਿਅਕਤੀ ਨੂੰ 2 ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਪੰਜ ਸਾਲ ਬਾਅਦ ਐਫਆਈਆਰ ਦਰਜ ਕਰਨਾ ਅਤੇ ਚੋਣਾਂ ਦੇ ਸਮੇਂ ਇਸ ਮਾਮਲੇ ਵਿੱਚ ਮੁੜ ਕਾਰਵਾਈ ਕਰਨਾ, ਇਹ ਕਿਤੇ ਨਾ ਕਿਤੇ ਰਾਜਨੀਤਿਕ ਮਕਸਦਾਂ ਵੱਲ ਇਸ਼ਾਰਾ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।”- ਅਮਨਬੀਰ ਸਿੰਘ, ਲੀਗਲ ਐਡਵਾਈਜ਼ਰ, ਐਸਜੀਪੀਸੀ
‘ਕਿਸੇ ਨੂੰ ਪਰੇਸ਼ਾਨ ਨਾ ਕਰੇ ਸਿੱਟ’
328 ਸਰੂਪਾਂ ਦੇ ਮਾਮਲੇ ‘ਤੇ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ “ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਇਹ ਉਹੀ ਵਿਅਕਤੀ ਹਨ ਜਿਨ੍ਹਾਂ ਨੂੰ ਪਹਿਲਾਂ ਡਾਕਟਰ ਈਸ਼ਰ ਸਿੰਘ ਅਤੇ ਹੋਰਾਂ ਦੀ ਰਿਪੋਰਟ ਦੇ ਅਧਾਰ ’ਤੇ ਸੰਮਨ ਕੀਤੇ ਗਏ ਸਨ ਅਤੇ ਜਿਨ੍ਹਾਂ ਦੇ ਬਿਆਨ ਉਸ ਸਮੇਂ ਮਨਜ਼ੂਰ ਹੋ ਚੁੱਕੇ ਹਨ। ਹੁਣ ਐਸਆਈਟੀ ਵੱਲੋਂ ਉਨ੍ਹਾਂ ਨੂੰ ਮੁੜ ਸੰਮਨ ਕਰਕੇ ਦੁਬਾਰਾ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮਾਮਲੇ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਜਾਂਚ ਦੇ ਨਾਂ ’ਤੇ ਕਿਸੇ ਵੀ ਵਿਅਕਤੀ ਨਾਲ ਸਰੀਰਕ ਜਾਂ ਮਾਨਸਿਕ ਪੀੜਾ ਨਹੀਂ ਹੋਣੀ ਚਾਹੀਦੀ। ਜਾਂਚ ਪਾਰਦਰਸ਼ੀ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਸੱਚ ਸਾਹਮਣੇ ਆ ਸਕੇ।
Share this content:


Post Comment