Loading Now

PCS ਨਤੀਜਿਆਂ ‘ਚ ਵੱਡੀ ਗੜਬੜੀ ਦੇ ਦੋਸ਼ ! ਸੁਨੀਲ ਜਾਖੜ ਨੇ ਖੋਲ੍ਹਿਆ ਮੋਰਚਾ

PCS ਨਤੀਜਿਆਂ ‘ਚ ਵੱਡੀ ਗੜਬੜੀ ਦੇ ਦੋਸ਼ ! ਸੁਨੀਲ ਜਾਖੜ ਨੇ ਖੋਲ੍ਹਿਆ ਮੋਰਚਾ

ਚੰਡੀਗੜ੍ਹ, 5 ਨਵੰਬਰ – ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈ ਗਈ ਪੰਜਾਬ ਪੀ.ਸੀ.ਐਸ. ਮੁੱਖ ਪ੍ਰੀਖਿਆ 2026 ਦੇ ਨਤੀਜੇ ਬੁੱਧਵਾਰ ਦੇਰ ਰਾਤ ਐਲਾਨ ਦਿੱਤੇ ਗਏ । ਨਤੀਜੇ ਐਲਾਨੇ ਜਾਣ ਤੋਂ ਤੁਰੰਤ ਬਾਅਦ ਹੀ ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਬੇਨਿਯਮੀਆਂ ਅਤੇ ਧਾਂਦਲੀ ਦੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਪ੍ਰੀਖਿਆਰਥੀਆਂ ਮੁਤਾਬਕ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਇੱਕੋ ਪ੍ਰੀਖਿਆ ਹਾਲ ਵਿੱਚੋਂ 10 ਤੋਂ 11 ਉਮੀਦਵਾਰਾਂ ਦੀ ਚੋਣ ਅਤੇ ਇੱਕੋ ਕੇਂਦਰ ਵਿੱਚੋਂ 24.21 ਫ਼ੀਸਦੀ ਉਮੀਦਵਾਰਾਂ ਦੇ ਸ਼ਾਰਟਲਿਸਟ ਹੋਣ ਵਰਗੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਉਮੀਦਵਾਰਾਂ ਦਾ ਦੋਸ਼ ਹੈ ਕਿ ਉੱਤਰ-ਪੱਤਰੀਆਂ ਦੀ ਜਾਂਚ ਦੌਰਾਨ ਨਿਯਮਾਂ ਅਤੇ ਪਾਰਦਰਸ਼ਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ । ਇਸ ਤੋਂ ਇਲਾਵਾ, ਇਸ਼ਤਿਹਾਰ ਵਿੱਚ ਦਿੱਤੀਆਂ ਅਸਾਮੀਆਂ ਦੇ ਮੁਕਾਬਲੇ ਨਿਰਧਾਰਤ ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਨਾ ਬੁਲਾਏ ਜਾਣ ਕਾਰਨ ਵੀ ਉਮੀਦਵਾਰਾਂ ਵਿੱਚ ਰੋਸ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਨਤੀਜਿਆਂ ਵਿੱਚ ਕਈ ਗੈਰ-ਹਾਜ਼ਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਵੀ ਦਿਖਾਈ ਦੇ ਰਹੇ ਹਨ, ਜੋ ਗੰਭੀਰ ਗੜਬੜੀ ਵੱਲ ਇਸ਼ਾਰਾ ਕਰਦੇ ਹਨ।

ਇਨ੍ਹਾਂ ਸਾਰੀਆਂ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਸੀਬੀਆਈ ਨੂੰ ਮੰਗ ਪੱਤਰ ਸੌਂਪ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਜੇਕਰ ਸੰਤੋਸ਼ਜਨਕ ਕਾਰਵਾਈ ਨਾ ਹੋਈ ਤਾਂ ਉਹ ਇਸ ਮਾਮਲੇ ਨੂੰ ਹਾਈਕੋਰਟ ਵਿੱਚ ਲੈ ਕੇ ਜਾਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਸਾਹਮਣੇ ਆਇਆ ਕਿ ਚਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਇੱਕ-ਇੱਕ ਕਮਰੇ ਵਿੱਚੋਂ 10-10 ਉਮੀਦਵਾਰਾਂ ਦੀ ਚੋਣ ਹੋਈ ਹੈ। ਵਿਦਿਆਰਥੀਆਂ ਮੁਤਾਬਕ, ਸੈਂਟਰ-7 ਦੇ ਕਮਰਾ ਨੰਬਰ 8 ਵਿੱਚ ਬੈਠੇ 24 ਵਿੱਚੋਂ 11 ਉਮੀਦਵਾਰ (45.8 ਫ਼ੀਸਦੀ), ਸੈਂਟਰ-11 ਦੇ ਕਮਰਾ ਨੰਬਰ 14 ਵਿੱਚੋਂ 24 ਵਿੱਚੋਂ 10 ਉਮੀਦਵਾਰ (41.7 ਫ਼ੀਸਦੀ) ਅਤੇ ਸੈਂਟਰ-4 ਦੇ ਕਮਰਾ ਨੰਬਰ 19 ਵਿੱਚੋਂ ਵੀ 24 ਵਿੱਚੋਂ 10 ਉਮੀਦਵਾਰ (41.7 ਫ਼ੀਸਦੀ) ਸ਼ਾਰਟਲਿਸਟ ਹੋਏ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਇੱਕੋ ਕਮਰੇ ਵਿੱਚੋਂ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦਾ ਸਫ਼ਲ ਹੋਣਾ ਮਹਿਜ਼ ਇਤਫ਼ਾਕ ਨਹੀਂ ਹੋ ਸਕਦਾ।

ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚਕਾਰ ਚੋਣ ਦਰ ਵਿੱਚ ਕਾਫ਼ੀ ਅੰਤਰ ਪਾਇਆ ਗਿਆ ਹੈ। ਜਿੱਥੇ ਸੈਂਟਰ-8 ਵਿੱਚ ਕੁੱਲ ਸ਼ਾਰਟਲਿਸਟਿੰਗ ਦੀ ਦਰ 24.21 ਫ਼ੀਸਦੀ ਰਹੀ, ਉੱਥੇ ਹੀ ਸੈਂਟਰ-1 ਦੇ ਕਮਰਾ ਨੰਬਰ 1 ਤੋਂ 7 ਤੱਕ ਚੋਣ ਦਰ ਸਿਰਫ਼ 2.89 ਫ਼ੀਸਦੀ ਦਰਜ ਕੀਤੀ ਗਈ। ਜਦਕਿ ਕਮਰਾ ਨੰਬਰ 8 ਤੋਂ 18 ਤੱਕ ਇਹ ਦਰ ਅਚਾਨਕ ਵਧ ਕੇ 13.77 ਫ਼ੀਸਦੀ ਹੋ ਗਈ। ਤੀਜਿਆਂ ਵਿੱਚ ਇੱਕੋ ਲੜੀ ਵਿੱਚ ਆਉਣ ਵਾਲੇ, ਯਾਨੀ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੀ ਚੋਣ ਵੀ ਸਾਹਮਣੇ ਆਈ ਹੈ। ਉਮੀਦਵਾਰਾਂ ਦਾ ਦੋਸ਼ ਹੈ ਕਿ ਰੋਲ ਨੰਬਰ ਸੀਟਿੰਗ ਪਲਾਨ ਦੇ ਹਿਸਾਬ ਨਾਲ ਅਲਾਟ ਕੀਤੇ ਜਾਂਦੇ ਹਨ। ਅਜਿਹੇ ਵਿੱਚ ਇੱਕੋ ਕਤਾਰ ਜਾਂ ਲੜੀ ਦੇ ਵਿਦਿਆਰਥੀਆਂ ਦਾ ਇਕੱਠਿਆਂ ਚੁਣਿਆ ਜਾਣਾ ਪ੍ਰੀਖਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਭਰਤੀ ਨਿਯਮਾਂ ਮੁਤਾਬਕ, ਇਸ਼ਤਿਹਾਰ ਵਿੱਚ ਦਿੱਤੀਆਂ ਕੁੱਲ ਅਸਾਮੀਆਂ ਦੇ ਮੁਕਾਬਲੇ ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਉਣਾ ਲਾਜ਼ਮੀ ਹੁੰਦਾ ਹੈ। ਹਾਲਾਂਕਿ, ਉਮੀਦਵਾਰਾਂ ਦਾ ਦਾਅਵਾ ਹੈ ਕਿ ਕਮਿਸ਼ਨ ਵੱਲੋਂ ਜਾਰੀ ਸੂਚੀ ਵਿੱਚ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਗਿਣਤੀ ਨਿਰਧਾਰਤ ਅਨੁਪਾਤ ਨਾਲੋਂ ਕਾਫ਼ੀ ਘੱਟ ਹੈ ਅਤੇ ਇਸ ਬਾਰੇ ਕੋਈ ਅਧਿਕਾਰਤ ਸਪੱਸ਼ਟੀਕਰਨ ਵੀ ਨਹੀਂ ਦਿੱਤਾ ਗਿਆ। ਕੁੱਲ 331 ਅਸਾਮੀਆਂ ਲਈ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਹੈ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਉੱਤਰ-ਪੱਤਰੀਆਂ ਦੀ ਜਾਂਚ ਯੋਗ ਪ੍ਰੋਫੈਸਰਾਂ ਜਾਂ ਤਜਰਬੇਕਾਰ ਵਿਸ਼ਾ ਮਾਹਿਰਾਂ ਦੀ ਬਜਾਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਕਰਵਾਈ ਗਈ ਹੈ।

Share this content:

Post Comment